ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪੀਐੱਮ ਕਿਸਾਨ ਸਨਮਾਨ ਨਿਧੀ ਅਧੀਨ ਵਿੱਤੀ ਲਾਭ ਦੀ ਅਗਲੀ ਕਿਸ਼ਤ ਜਾਰੀ ਕੀਤੀ


ਅਫ਼ਸੋਸ ਪ੍ਰਗਟਾਇਆ ਕਿ ਪੱਛਮ ਬੰਗਾਲ ਦੇ ਕਿਸਾਨ ਲਾਭ ਪ੍ਰਾਪਤ ਕਰਨ ਦੇ ਯੋਗ ਨਹੀਂ ਸਨ


9 ਕਰੋੜ ਕਿਸਾਨ ਪਰਿਵਾਰਾਂ ਨੂੰ ਲਾਭ, 18000 ਕਰੋੜ ਰੁਪਏ ਡੀਬੀਟੀ ਜ਼ਰੀਏ ਖਾਤਿਆਂ ਜਮ੍ਹਾਂ ਕੀਤੇ


ਸਰਕਾਰ ਦਾ ਉਦੇਸ਼ ਹੈ ਕਿ ਕਿਸਾਨਾਂ ਦੇ ਲਾਗਤ ਖਰਚਿਆਂ ਨੂੰ ਘਟਾਉਣਾ ਅਤੇ ਇਹ ਸੁਨਿਸ਼ਚਿਤ ਕਰਨਾ ਕਿ ਉਨ੍ਹਾਂ ਨੂੰ ਉਚਿਤ ਕੀਮਤ ਮਿਲੇ: ਪ੍ਰਧਾਨ ਮੰਤਰੀ


ਬ੍ਰਾਂਡ ਇੰਡੀਆ ਲਈ ਵਿਸ਼ਵ ਦੇ ਖੇਤੀਬਾੜੀ ਬਜ਼ਾਰਾਂ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨ ਦਾ ਸਮਾਂ ਆ ਗਿਆ ਹੈ: ਪ੍ਰਧਾਨ ਮੰਤਰੀ

Posted On: 25 DEC 2020 2:14PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਵਿੱਤੀ ਲਾਭ ਦੀ ਅਗਲੀ ਕਿਸ਼ਤ ਜਾਰੀ ਕੀਤੀ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇੱਕ ਬਟਨ ਦੇ ਕਲਿੱਕ ਉੱਤੇ ਦੇਸ਼ ਦੇ 9 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ 18000 ਕਰੋੜ ਰੁਪਏ ਸਿੱਧੇ ਜਮ੍ਹਾਂ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਇਹ ਸਕੀਮ ਸ਼ੁਰੂ ਹੋਈ ਹੈ, 1 ਲੱਖ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚ ਗਏ ਹਨ।

 

ਪ੍ਰਧਾਨ ਮੰਤਰੀ ਨੇ ਅਫ਼ਸੋਸ ਪ੍ਰਗਟਾਇਆ ਕਿ ਪੱਛਮ ਬੰਗਾਲ ਦੇ 70 ਲੱਖ ਤੋਂ ਵੱਧ ਕਿਸਾਨ ਇਸ ਲਾਭ ਨੂੰ ਪ੍ਰਾਪਤ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਬੰਗਾਲ ਦੇ 23 ਲੱਖ ਤੋਂ ਵੱਧ ਕਿਸਾਨਾਂ ਨੇ ਇਸ ਸਕੀਮ ਦਾ ਲਾਭ ਲੈਣ ਲਈ ਔਨਲਾਈਨ ਅਪਲਾਈ ਕੀਤਾ ਹੈ। ਪਰ ਰਾਜ ਸਰਕਾਰ ਨੇ ਲੰਬੇ ਸਮੇਂ ਤੋਂ ਤਸਦੀਕ ਪ੍ਰਕਿਰਿਆ ਨੂੰ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਪਾਰਟੀਆਂ ਪੱਛਮ ਬੰਗਾਲ ਵਿੱਚ ਕਿਸਾਨਾਂ ਦੇ ਹਿਤ ਵਿੱਚ ਗੱਲ ਨਹੀਂ ਕਰਦੀਆਂ, ਉਹ ਇੱਥੇ ਦਿੱਲੀ ਆ ਕੇ ਕਿਸਾਨੀ ਬਾਰੇ ਗੱਲ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਅੱਜ-ਕੱਲ੍ਹ ਏਪੀਐੱਮਸੀ-ਮੰਡੀਆਂ ਨੂੰ ਯਾਦ ਕਰ ਰਹੀਆਂ ਹਨ, ਪਰ ਇਹ ਪਾਰਟੀਆਂ ਵਾਰ-ਵਾਰ ਇਹ ਭੁੱਲ ਜਾਂਦੀਆਂ ਹਨ ਕਿ ਕੇਰਲ ਵਿੱਚ ਏਪੀਐੱਮਸੀ-ਮੰਡੀਆਂ ਨਹੀਂ ਹਨ ਅਤੇ ਇਹ ਲੋਕ ਕਦੇ ਵੀ ਕੇਰਲ ਵਿੱਚ ਅੰਦੋਲਨ ਨਹੀਂ ਕਰਦੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀ ਇਨਪੁਟ ਲਾਗਤ ਨੂੰ ਘਟਾਉਣ ਦੇ ਉਦੇਸ਼ ਨਾਲ ਕੰਮ ਕੀਤਾ ਹੈ। ਉਨ੍ਹਾਂ ਸਰਕਾਰ ਦੀਆਂ ਕੁਝ ਕਿਸਾਨ-ਕੇਂਦ੍ਰਿਤ ਪਹਿਲਕਦਮੀਆਂ ਜਿਵੇਂ ਕਿ ਭੂਮੀ ਸਿਹਤ ਕਾਰਡ, ਯੂਰੀਆ ਦੀ ਨਿੰਮ ਕੋਟਿੰਗ, ਸੋਲਰ ਪੰਪਾਂ ਦੀ ਵੰਡ ਦੀ ਸਕੀਮ ਦੀ ਸੂਚੀ ਦਿੱਤੀ ਜਿਸ ਨਾਲ ਕਿਸਾਨਾਂ ਲਈ ਖਰਚੇ ਘਟਾਉਣ ਵਿੱਚ ਮਦਦ ਮਿਲੀ। ਉਨ੍ਹਾਂ ਹੋਰ ਕਿਹਾ ਕਿ ਸਰਕਾਰ ਨੇ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਸਾਨਾਂ ਨੂੰ ਬਿਹਤਰ ਫਸਲ ਬੀਮਾ ਕਵਰ ਮਿਲੇ। ਅੱਜ, ਕਰੋੜਾਂ ਕਿਸਾਨ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਲਾਭ ਲੈ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਦੇਸ਼ ਦੇ ਕਿਸਾਨਾਂ ਨੂੰ ਫਸਲਾਂ ਦਾ ਢੁਕਵਾਂ ਮੁੱਲ ਮਿਲੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੰਬੇ ਸਮੇਂ ਤੋਂ ਚਲ ਰਹੀ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੀਆਂ ਸਿਫ਼ਾਰਸ਼ਾਂ ਅਨੁਸਾਰ ਕਿਸਾਨਾਂ ਲਈ ਉਤਪਾਦਨ ਲਾਗਤ ਦਾ ਡੇਢ ਗੁਣਾ ਨਿਰਧਾਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਫਸਲਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ ਜਿਨ੍ਹਾਂ ਲਈ ਐੱਮਐੱਸਪੀ ਉਪਲੱਬਧ ਹੈ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮੰਤਵ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਨਵੇਂ ਬਜ਼ਾਰ ਖੋਲ੍ਹਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦੇਸ਼ ਦੀਆਂ ਹਜ਼ਾਰਾਂ ਤੋਂ ਵੱਧ ਖੇਤੀ ਮੰਡੀਆਂ ਨੂੰ ਔਨਲਾਈਨ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਛੋਟੇ ਕਿਸਾਨਾਂ ਦੇ ਸਮੂਹ ਬਣਾਉਣ ਲਈ ਕੰਮ ਕੀਤਾ ਤਾਂ ਜੋ ਉਹ ਆਪਣੇ ਖੇਤਰ ਵਿੱਚ ਸਮੂਹਿਕ ਤਾਕਤ ਵਜੋਂ ਕੰਮ ਕਰ ਸਕਣ। ਅੱਜ, ਦੇਸ਼ ਵਿੱਚ 10000 ਤੋਂ ਵੱਧ ਕਿਸਾਨ ਉਤਪਾਦਕ ਸੰਗਠਨ (ਐੱਫਪੀਓ) ਬਣਾਉਣ ਲਈ ਇੱਕ ਮੁਹਿੰਮ ਚਲ ਰਹੀ ਹੈ, ਉਨ੍ਹਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕਿਸਾਨਾਂ ਨੂੰ ਪੱਕਾ ਘਰ, ਟਾਇਲਟ ਅਤੇ ਪੀਣ ਵਾਲਾ ਸਾਫ਼ ਪਾਣੀ ਮਿਲ ਰਿਹਾ ਹੈ। ਉਨ੍ਹਾਂ ਨੇ ਮੁਫ਼ਤ ਬਿਜਲੀ ਕਨੈਕਸ਼ਨ, ਮੁਫ਼ਤ ਗੈਸ ਕਨੈਕਸ਼ਨ ਦਾ ਬਹੁਤ ਫਾਇਦਾ ਲਿਆ ਹੈ। ਆਯੁਸ਼ਮਾਨ ਭਾਰਤ ਯੋਜਨਾ ਤਹਿਤ 5 ਲੱਖ ਰੁਪਏ ਦੇ ਮੁਫ਼ਤ ਇਲਾਜ ਨੇ ਕਿਸਾਨਾਂ ਦੀ ਜ਼ਿੰਦਗੀ ਦੀ ਵੱਡੀ ਚਿੰਤਾ ਨੂੰ ਘਟਾ ਦਿੱਤਾ ਹੈ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਤੀਬਾੜੀ ਸੁਧਾਰਾਂ ਰਾਹੀਂ ਕਿਸਾਨਾਂ ਨੂੰ ਬਿਹਤਰ ਵਿਕਲਪ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਕਾਨੂੰਨਾਂ ਤੋਂ ਬਾਅਦ ਕਿਸਾਨ ਆਪਣੀ ਉਪਜ ਨੂੰ ਕਿਧਰੇ ਵੀ ਵੇਚ ਸਕਦੇ ਹਨ। ਉਹ ਆਪਣੀਆਂ ਉਪਜਾਂ ਨੂੰ ਉੱਥੇ ਕਿਤੇ ਵੀ ਵੇਚ ਸਕਦੇ ਹਨ ਜਿੱਥੇ ਵੀ ਉਨ੍ਹਾਂ ਨੂੰ ਸਹੀ ਕੀਮਤ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਕਾਨੂੰਨਾਂ ਤੋਂ ਬਾਅਦ, ਕਿਸਾਨ ਆਪਣੀ ਪੈਦਾਵਾਰ ਐੱਮਐੱਸਪੀ ’ਤੇ ਵੇਚ ਸਕਦੇ ਹਨ ਜਾਂ ਇਸ ਨੂੰ ਮਾਰਕਿਟ ਵਿੱਚ ਵੇਚ ਸਕਦੇ ਹਨ ਜਾਂ ਵਪਾਰੀ ਨੂੰ ਵੇਚ ਸਕਦੇ ਹਨ, ਜਾਂ ਕਿਸੇ ਹੋਰ ਰਾਜ ਵਿੱਚ ਵੇਚ ਸਕਦੇ ਹਨ, ਜਾਂ ਇਸ ਨੂੰ ਐੱਫਪੀਓ ਦੁਆਰਾ ਵੇਚ ਸਕਦੇ ਹਨ ਜਾਂ ਬਿਸਕੁਟ, ਚਿਪਸ, ਜੈਮ, ਹੋਰ ਖਪਤਕਾਰਾਂ ਦੇ ਉਤਪਾਦਾਂ ਦੀ ਵੈਲਿਊ ਚੇਨ ਦਾ ਹਿੱਸਾ ਹੋ ਸਕਦੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹੋਰ ਖੇਤਰਾਂ ਵਿੱਚ ਨਿਵੇਸ਼ ਅਤੇ ਇਨੋਵੇਸ਼ਨ ਵਿੱਚ ਸੁਧਾਰ ਹੋਇਆ ਹੈ, ਆਮਦਨ ਵਿੱਚ ਵਾਧਾ ਹੋਇਆ ਅਤੇ ਉਨ੍ਹਾਂ ਖੇਤਰਾਂ ਵਿੱਚ ਬ੍ਰਾਂਡ ਇੰਡੀਆ ਸਥਾਪਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਬ੍ਰਾਂਡ ਇੰਡੀਆ ਬਰਾਬਰ ਵੱਕਾਰ ਨਾਲ ਵਿਸ਼ਵ ਦੇ ਖੇਤੀ ਬਜ਼ਾਰਾਂ ਵਿੱਚ ਆਪਣੇ ਆਪ ਨੂੰ ਸਥਾਪਿਤ ਕਰੇ।

 

ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਉਨ੍ਹਾਂ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਖੇਤੀਬਾੜੀ ਸੁਧਾਰਾਂ ਦਾ ਪੂਰਨ ਸਮਰਥਨ ਅਤੇ ਸੁਆਗਤ ਕੀਤਾ ਹੈ ਅਤੇ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਨੂੰ ਨਿਰਾਸ਼ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਅਸਾਮ, ਰਾਜਸਥਾਨ, ਜੰਮੂ-ਕਸ਼ਮੀਰ ਵਿੱਚ ਹਾਲ ਹੀ ਵਿੱਚ ਹੋਈਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਮੁੱਖ ਤੌਰ ’ਤੇ ਗ੍ਰਾਮੀਣ ਖੇਤਰ ਦੇ ਲੋਕਾਂ ਨੇ ਹਿੱਸਾ ਲਿਆ ਅਤੇ ਇੱਕ ਤਰ੍ਹਾਂ ਨਾਲ ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਰੱਦ ਕਰ ਦਿੱਤਾ ਜਿਨ੍ਹਾਂ ਨੇ ਕਿਸਾਨਾਂ ਨੂੰ ਗੁਮਰਾਹ ਕੀਤਾ ਸੀ।


 

***


 

ਡੀਐੱਸ/ਏਕੇ


(Release ID: 1683635) Visitor Counter : 312