ਪ੍ਰਧਾਨ ਮੰਤਰੀ ਦਫਤਰ

ਵਿਸ਼ਵ-ਭਾਰਤੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 24 DEC 2020 2:06PM by PIB Chandigarh

ਨਮਸਕਾਰ, 

 

ਹੇ ਵਿਧਾਤਾ, ਦਾਓ-ਦਾਓ ਮੋਦੇਰ ਗੌਰਬ ਦਾਓ... ਗੁਰੂਦੇਵ ਨੇ ਕਦੇ ਇਹ ਕਾਮਨਾ, ਵਿਦਿਆਰਥੀ-ਵਿਦਿਆਰਥਣਾਂ ਦੇ ਉੱਜਵਲ ਭਵਿੱਖ ਦੇ ਲਈ ਕੀਤੀ ਸੀ। ਅੱਜ ਵਿਸ਼ਵ ਭਾਰਤੀ ਦੇ ਗੌਰਵਮਈ 100 ਵਰ੍ਹੇ ‘ਤੇ,  ਮੇਰੀ ਤਰ੍ਹਾਂ ਪੂਰਾ ਦੇਸ਼ ਇਸ ਮਹਾਨ ਸੰਸਥਾਨ ਦੇ ਲਈ ਇਹੀ ਕਾਮਨਾ ਕਰਦਾ ਹੈ। ਹੇ ਵਿਧਾਤਾ, ਦਾਓ-ਦਾਓ ਮੋਦੇਰ ਗੌਰਬ ਦਾਓ... ਪੱਛਮ ਬੰਗਾਲ ਦੇ ਗਵਰਨਰ ਸ਼੍ਰੀ ਜਗਦੀਪ ਧਨਖੜ ਜੀ, ਕੇਂਦਰੀ ਸਿੱਖਿਆ ਮੰਤਰੀ ਡਾਕਟਰ ਰਮੇਸ਼ ਪੋਖਰਿਯਾਲ ਨਿਸ਼ੰਕ ਜੀ,  ਵਾਇਸ ਚਾਂਸਲਰ ਪ੍ਰੋਫੈਸਰ ਬਿਦਯੁਤ ਚਕਰਬਰਤੀ ਜੀ,  ਪ੍ਰੋਫੈਸਰਸ,  ਰਜਿਸਟ੍ਰਾਰ,  ਵਿਸ਼ਵ ਭਾਰਤੀ ਦੇ ਸਾਰੇ ਅਧਿਆਪਕ,  ਵਿਦਿਆਰਥੀ -ਵਿਦਿਆਰਥਣਾਂ,  Alumni,  ਦੇਵੀਓ ਅਤੇ ਸੱਜਣੋਂ।  ਵਿਸ਼ਵ ਭਾਰਤੀ ਇਸ ਯੂਨੀਵਰਸਿਟੀ  ਦੇ 100 ਵਰ੍ਹੇ ਹੋਣਾ,  ਹਰੇਕ ਭਾਰਤਵਾਸੀ ਲਈ ਬਹੁਤ ਹੀ ਮਾਣ ਦੀ ਗੱਲ ਹੈ।  ਮੇਰੇ ਲਈ ਵੀ ਇਹ ਬਹੁਤ ਸੁਖਦ ਹੈ ਕਿ ਅੱਜ ਦੇ ਦਿਨ ਇਸ ਤਪੋਭੂਮੀ ਦਾ ਪੁਣਯ ਸਮਰਣ ਕਰਨ ਦਾ ਅਵਸਰ ਮਿਲ ਰਿਹਾ ਹੈ। 

 

ਸਾਥੀਓ, 

 

ਵਿਸ਼ਵ ਭਾਰਤੀ ਦੀ ਸੌ ਵਰ੍ਹੇ ਦੀ ਯਾਤਰਾ ਬਹੁਤ ਵਿਸ਼ੇਸ਼ ਹੈ। ਵਿਸ਼ਵ ਭਾਰਤੀ,  ਮਾਂ ਭਾਰਤੀ ਦੇ ਲਈ ਗੁਰੂਦੇਵ ਦੇ ਚਿੰਤਨ,  ਦਰਸ਼ਨ ਅਤੇ ਮਿਹਨਤ ਦਾ ਇੱਕ ਸਾਕਾਰ ਅਵਤਾਰ ਹੈ। ਭਾਰਤ ਦੇ ਲਈ ਗੁਰੂਦੇਵ ਨੇ ਜੋ ਸੁਪਨਾ ਦੇਖਿਆ ਸੀ,  ਉਸ ਸੁਪਨੇ ਨੂੰ ਮੂਰਤ ਰੂਪ ਦੇਣ ਲਈ ਦੇਸ਼ ਨੂੰ ਨਿਰੰਤਰ ਊਰਜਾ ਦੇਣ ਵਾਲਾ ਇਹ ਇੱਕ ਤਰ੍ਹਾਂ ਨਾਲ ਪੂਜਨੀਕ ਸਥਲ ਹੈ। ਅਨੇਕਾਂ ਵਿਸ਼ਵ ਪ੍ਰਤਿਸ਼ਠਿਤ ਗੀਤਕਾਰ-ਸੰਗੀਤਕਾਰ,  ਕਲਾਕਾਰ-ਸਾਹਿਤਕਾਰ,  ਅਰਥਸ਼ਾਸਤਰੀ-ਸਮਾਜਸ਼ਾਸਤਰੀ,  ਵਿਗਿਆਨੀ ਅਨੇਕ ਵਿਤ ਪ੍ਰਤਿਭਾਵਾਂ ਦੇਣ ਵਾਲੀ ਵਿਸ਼ਵ ਭਾਰਤੀ,  ਨੂਤਨ ਭਾਰਤ ਦੇ ਨਿਰਮਾਣ ਲਈ ਨਿੱਤ ਨਵੇਂ ਯਤਨ ਕਰਦੀ ਰਹੀ ਹੈ। ਇਸ ਸੰਸਥਾ ਨੂੰ ਇਸ ਉਚਾਈ ‘ਤੇ ਪਹੁੰਚਾਉਣ ਵਾਲੇ ਹਰੇਕ ਵਿਅਕਤੀ ਨੂੰ ਮੈਂ ਆਦਰਪੂਵਰਕ ਨਮਨ ਕਰਦਾ ਹਾਂ,  ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਵਿਸ਼ਵ ਭਾਰਤੀ,  ਸ਼੍ਰੀਨਿਕੇਤਨ ਅਤੇ ਸ਼ਾਂਤੀਨਿਕੇਤਨ ਨਿਰੰਤਰ ਉਨ੍ਹਾਂ ਟੀਚਿਆਂ ਦੀ ਪ੍ਰਾਪਤੀ ਦਾ ਯਤਨ ਕਰ ਰਹੇ ਹਨ ਜੋ ਗੁਰੂਦੇਵ ਨੇ ਤੈਅ ਕੀਤੇ ਸਨ। ਵਿਸ਼ਵ ਭਾਰਤੀ ਦੁਆਰਾ ਅਨੇਕਾਂ ਪਿੰਡਾਂ ਵਿੱਚ ਵਿਕਾਸ ਦੇ ਕੰਮ ਇੱਕ ਤਰ੍ਹਾਂ ਨਾਲ ਗ੍ਰਾਮੋਦਯ ਦੇ ਕੰਮ ਤਾਂ ਹਮੇਸ਼ਾ ਤੋਂ ਪ੍ਰਸ਼ੰਸਾਯੋਗ ਰਹੇ ਹਨ।  

 

ਤੁਸੀਂ 2015 ਵਿੱਚ ਜਿਸ ਯੋਗ ਡਿਪਾਰਟਮੈਂਟ ਨੂੰ ਸ਼ੁਰੂ ਕੀਤਾ ਸੀ,  ਉਸ ਦੀ ਵੀ ਮਕਬੂਲੀਅਤ ਤੇਜ਼ੀ ਨਾਲ ਵਧ ਰਹੀ ਹੈ।  ਪ੍ਰਕਿਰਤੀ ਨਾਲ ਮਿਲ ਕੇ ਅਧਿਐਨ ਅਤੇ ਜੀਵਨ,  ਦੋਵਾਂ ਦੀ ਸਾਕਸ਼ਾਤ ਉਦਾਹਰਣ ਤੁਹਾਡਾ ਯੂਨੀਵਰਸਿਟੀ ਪਰਿਸਰ ਹੈ।  ਤੁਹਾਨੂੰ ਵੀ ਇਹ ਦੇਖ ਕੇ ਖੁਸ਼ੀ ਹੁੰਦੀ ਹੋਵੋਗੀ ਕਿ ਸਾਡਾ ਦੇਸ਼,  ਵਿਸ਼ਵ ਭਾਰਤੀ ਤੋਂ ਨਿਕਲੇ ਸੰਦੇਸ਼ ਨੂੰ ਪੂਰੇ ਵਿਸ਼ਵ ਤੱਕ ਪਹੁੰਚਾ ਰਿਹਾ ਹੈ। ਭਾਰਤ ਅੱਜ international solar alliance  ਦੇ ਮਾਧਿਅਮ ਰਾਹੀਂ ਵਾਤਾਵਰਣ ਸੰਭਾਲ਼ ਦੇ ਵਿਸ਼ੇ ਵਿੱਚ ਵਿਸ਼ਵ ਦੇ ਅੰਦਰ ਇੱਕ ਬਹੁਤ ਵੱਡੀ ਅਹਿਮ ਭੂਮਿਕਾ ਨਿਭਾ ਰਿਹਾ ਹੈ।  ਭਾਰਤ ਅੱਜ ਪੂਰੇ ਵਿਸ਼ਵ ਵਿੱਚ ਇਕਲੌਤਾ ਵੱਡਾ ਦੇਸ਼ ਹੈ ਜੋ Paris Accord ਦੇ ਵਾਤਾਵਰਣ  ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਸਹੀ ਮਾਰਗ ‘ਤੇ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। 

 

ਸਾਥੀਓ,  

 

ਅੱਜ ਜਦੋਂ ਅਸੀਂ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ 100 ਸਾਲ ਮਨਾ ਰਹੇ ਹਾਂ, ਤਾਂ ਉਨ੍ਹਾਂ ਪਰਿਸਥਿਤੀਆਂ ਨੂੰ ਵੀ ਯਾਦ ਕਰਨਾ ਜ਼ਰੂਰੀ ਹੈ ਜੋ ਇਸ ਦੀ ਸਥਾਪਨਾ ਦਾ ਅਧਾਰ ਬਣੀਆਂ ਸਨ।  ਇਹ ਪਰਿਸਥਿਤੀਆਂ ਸਿਰਫ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਹੀ ਉਪਜੀਆਂ ਹੋਣ, ਅਜਿਹਾ ਨਹੀਂ ਸੀ।  ਇਸ ਦੇ ਪਿੱਛੇ ਸੈਂਕੜੇ ਵਰ੍ਹਿਆਂ ਦਾ ਅਨੁਭਵ ਸੀ,  ਸੈਂਕੜੇ ਵਰ੍ਹਿਆਂ ਤੱਕ ਚਲੇ ਅੰਦੋਲਨਾਂ ਦਾ ਪਿਛੋਕੜ ਸੀ।  ਅੱਜ ਆਪ ਵਿਦਵਾਨਾਂ ਦੇ ਦਰਮਿਆਨ,  ਮੈਂ ਇਸ ਦੀ ਵਿਸ਼ੇਸ਼ ਚਰਚਾ ਇਸ ਲਈ ਕਰ ਰਿਹਾ ਹਾਂ,  ਕਿਉਂਕਿ ਇਸ ‘ਤੇ ਬਹੁਤ ਘੱਟ ਗੱਲ ਹੋਈ ਹੈ,  ਬਹੁਤ ਘੱਟ ਧਿਆਨ ਦਿੱਤਾ ਗਿਆ ਹੈ।  ਇਸ ਦੀ ਚਰਚਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਇਹ ਸਿੱਧੇ-ਸਿੱਧੇ ਭਾਰਤ ਦੇ ਸੁਤੰਤਰਤਾ ਅੰਦੋਲਨ ਅਤੇ ਵਿਸ਼ਵ ਭਾਰਤੀ  ਦੇ ਟੀਚਿਆਂ ਨਾਲ ਜੁੜੀ ਹੈ। 


 

ਸਾਥੀਓ,  

 

ਜਦੋਂ ਅਸੀਂ ਸੁਤੰਤਰਤਾ ਸੰਗ੍ਰਾਮ ਦੀ ਗੱਲ ਕਰਦੇ ਹਾਂ ਤਾਂ ਸਾਡੇ ਮਨ ਵਿੱਚ ਸਿੱਧੇ 19ਵੀਂ ਅਤੇ 20ਵੀਂ ਸਦੀ ਦਾ ਵਿਚਾਰ ਆਉਂਦਾ ਹੈ। ਲੇਕਿਨ ਇਹ ਵੀ ਇੱਕ ਤੱਥ ਹੈ ਕਿ ਇਨ੍ਹਾਂ ਅੰਦੋਲਨਾਂ ਦੀ ਨੀਂਹ ਬਹੁਤ ਪਹਿਲਾਂ ਰੱਖੀ ਗਈ ਸੀ।  ਭਾਰਤ ਦੀ ਆਜ਼ਾਦੀ ਦੇ ਅੰਦੋਲਨ ਨੂੰ ਸਦੀਆਂ ਪਹਿਲਾਂ ਤੋਂ ਚਲੇ ਆ ਰਹੇ ਅਨੇਕ ਅੰਦੋਲਨਾਂ ਤੋਂ ਊਰਜਾ ਮਿਲੀ ਸੀ। ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਏਕਤਾ ਨੂੰ ਭਗਤੀ ਅੰਦੋਲਨ ਨੇ ਮਜ਼ਬੂਤ ਕਰਨ ਦਾ ਕੰਮ ਕੀਤਾ ਸੀ।  ਭਗਤੀ ਯੁਗ ਵਿੱਚ,  ਹਿੰਦੁਸਤਾਨ ਦੇ ਹਰ ਖੇਤਰ,  ਹਰ ਇਲਾਕੇ,  ਪੂਰਬ-ਪੱਛਮ-ਉੱਤਰ-ਦੱਖਣ,  ਹਰ ਦਿਸ਼ਾ ਵਿੱਚ ਸਾਡੇ ਸੰਤਾਂ ਨੇ,  ਮਹੰਤਾਂ ਨੇ,  ਆਚਾਰੀਆਂ ਨੇ ਦੇਸ਼ ਦੀ ਚੇਤਨਾ ਨੂੰ ਜਾਗ੍ਰਤ ਰੱਖਣ ਦਾ ਅਵਿਰਤ, ਅਵਿਰਾਮ ਯਤਨ ਕੀਤਾ। ਅਗਰ ਦੱਖਣ ਦੀ ਗੱਲ ਕਰੀਏ ਤਾਂ ਮਧਵਾਚਾਰੀਆ,  ਨਿਮਬਾਰਕਾਚਾਰੀਆ,  ਵਲੱਭਾਚਾਰੀਆ,  ਰਾਮਾਨੁਜਾਚਾਰੀਆ ਹੋਏ,  ਅਗਰ ਪੱਛਮ ਦੀ ਤਰਫ ਨਜ਼ਰ ਕਰੀਏ,   ਤਾਂ ਮੀਰਾਬਾਈ,  ਏਕਨਾਥ,  ਤੁਕਾਰਾਮ,  ਰਾਮਦਾਸ,  ਨਰਸੀ ਮੇਹਤਾ,  ਅਗਰ ਉੱਤਰ ਦੀ ਤਰਫ ਨਜ਼ਰ ਮਾਰੀਏ, ਤਾਂ ਸੰਤ ਰਾਮਾਨੰਦ,  ਕਬੀਰਦਾਸ,  ਗੋਸੁਆਮੀ ਤੁਲਸੀਦਾਸ,  ਸੂਰਦਾਸ,  ਗੁਰੂ ਨਾਨਕ ਦੇਵ,  ਸੰਤ ਰੈਦਾਸ ਰਹੇ,  ਅਣਗਿਣਤ ਮਹਾਪੁਰਸ਼ ਪੂਰਬ ਦੀ ਤਰਫ ਦੇਖੀਏ,  ਇਤਨੇ ਸਾਰੇ ਨਾਮ ਹਨ,  ਚੈਤੰਯ ਮਹਾਪ੍ਰਭੁ,  ਅਤੇ ਸ਼੍ਰੀਮੰਤ ਸ਼ੰਕਰ ਦੇਵ ਜਿਹੇ ਸੰਤਾਂ ਦੇ ਵਿਚਾਰਾਂ ਤੋਂ ਸਮਾਜ ਨੂੰ ਊਰਜਾ ਮਿਲਦੀ ਰਹੀ।  

 

ਭਗਤੀ ਕਾਲ ਦੇ ਇਸੇ ਖੰਡ ਵਿੱਚ ਰਸਖਾਨ,  ਸੂਰਦਾਸ,  ਮਲਿਕ ਮੁਹੰਮਦ ਜਾਯਸੀ,  ਕੇਸ਼ਵਦਾਸ,  ਵਿਦਿਆਪਤੀ ਨਾ ਜਾਣੇ ਕਿਤਨੇ ਮਹਾਨ ਵਿਅਕਤਿੱਤਵ ਹੋਏ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਨਾਲ ਸਮਾਜ ਨੂੰ ਸੁਧਾਰਨ ਦਾ ਵੀ,  ਅੱਗੇ ਵਧਣ ਦਾ ਵੀ ਅਤੇ ਪ੍ਰਗਤੀ ਦਾ ਮਾਰਗ ਦਿਖਾਇਆ। ਭਗਤੀ ਕਾਲ ਵਿੱਚ ਇਨ੍ਹਾਂ ਪੁੰਨ ਆਤਮਾਵਾਂ ਨੇ ਜਨ-ਜਨ ਦੇ ਅੰਦਰ ਏਕਤਾ ਨਾਲ ਖੜ੍ਹੇ ਹੋਣ ਦਾ ਜ਼ਜਬਾ ਪੈਦਾ ਕੀਤਾ। ਇਸ ਦੇ ਕਾਰਨ ਇਹ ਅੰਦੋਲਨ ਹਰ ਖੇਤਰੀ ਸੀਮਾ ਤੋਂ ਬਾਹਰ ਨਿਕਲ ਕੇ ਭਾਰਤ ਦੇ ਕੋਨੇ – ਕੋਨੇ ਵਿੱਚ ਪਹੁੰਚਿਆ।  ਹਰ ਪੰਥ, ਹਰ ਵਰਗ,  ਹਰ ਜਾਤੀ ਦੇ ਲੋਕ,  ਭਗਤੀ ਦੇ ਅਧਿਸ਼ਠਾਨ ‘ਤੇ ਸਵੈਭਿਮਾਨ ਅਤੇ ਸੱਭਿਆਚਾਰਕ ਧਰੋਹਰ ਲਈ ਖੜ੍ਹੇ ਹੋ ਗਏ।  ਭਗਤੀ ਅੰਦੋਲਨ ਉਹ ਡੋਰ ਸੀ ਜਿਸ ਨੇ ਸਦੀਆਂ ਤੋਂ ਸੰਘਰਸ਼ਰਤ ਭਾਰਤ ਨੂੰ ਸਮੂਹਿਕ ਚੇਤਨਾ ਅਤੇ ‍ਆਤਮਵਿਸ਼ਵਾਸ ਨਾਲ ਭਰ ਦਿੱਤਾ।  

 

ਸਾਥੀਓ, 

 

ਭਗਤੀ ਦਾ ਇਹ ਵਿਸ਼ਾ ਤਦ ਤੱਕ ਅੱਗੇ ਨਹੀਂ ਵਧ ਸਕਦਾ ਜਦੋਂ ਤੱਕ ਮਹਾਨ ਕਾਲੀ ਭਗਤ ਸ਼੍ਰੀਰਾਮਕ੍ਰਿਸ਼ਣ ਪਰਮਹੰਸ ਦੀ ਚਰਚਾ ਨਾ ਹੋਵੇ।  ਉਹ ਮਹਾਨ ਸੰਤ,  ਜਿਨ੍ਹਾਂ  ਦੇ ਕਾਰਨ ਭਾਰਤ ਨੂੰ ਸੁਆਮੀ ਵਿਵੇਕਾਨੰਦ ਮਿਲੇ।  ਸੁਆਮੀ ਵਿਵੇਕਾਨੰਦ ਭਗਤੀ,  ਗਿਆਨ ਅਤੇ ਕਰਮ,  ਤਿੰਨਾਂ ਨੂੰ ਆਪਣੇ ਵਿੱਚ ਸਮਾਏ ਹੋਏ ਸਨ।  ਉਨ੍ਹਾਂ ਨੇ ਭਗਤੀ ਦਾ ਦਾਇਰਾ ਵਧਾਉਂਦੇ ਹੋਏ ਹਰ ਵਿਅਕਤੀ ਵਿੱਚ ਦਿਵਯਤਾ ਨੂੰ ਦੇਖਣਾ ਸ਼ੁਰੂ ਕੀਤਾ।  ਉਨ੍ਹਾਂ ਨੇ ਵਿਅਕਤੀ ਅਤੇ ਸੰਸਥਾਨ  ਦੇ ਨਿਰਮਾਣ ‘ਤੇ ਬਲ ਦਿੰਦੇ ਹੋਏ ਕਰਮ ਨੂੰ ਵੀ ਅਭਿਵਿਅਕਤੀ ਦਿੱਤੀ,  ਪ੍ਰੇਰਣਾ ਦਿੱਤੀ। 

 

ਸਾਥੀਓ, 

 

ਭਗਤੀ ਅੰਦੋਲਨ ਦੇ ਸੈਂਕੜੇ ਵਰ੍ਹਿਆਂ ਦੇ ਕਾਲਖੰਡ  ਦੇ ਨਾਲ-ਨਾਲ ਦੇਸ਼ ਵਿੱਚ ਕਰਮ ਅੰਦੋਲਨ ਵੀ ਚੱਲਿਆ।  ਸਦੀਆਂ ਤੋਂ ਭਾਰਤ ਦੇ ਲੋਕ ਗ਼ੁਲਾਮੀ ਅਤੇ ਸਾਮ੍ਰਾਜਵਾਦ ਨਾਲ ਲੜ ਰਹੇ ਸਨ।  ਚਾਹੇ ਉਹ ਛਤਰਪਤੀ ਸ਼ਿਵਾਜੀ ਮਹਾਰਾਜ ਹੋਣ,  ਮਹਾਰਾਣਾ ਪ੍ਰਤਾਪ ਹੋਣ,  ਝਾਂਸੀ ਦੀ ਰਾਣੀ ਲਕਸ਼ਮੀ ਬਾਈ ਹੋਣ,  ਕਿੱਤੂਰ ਦੀ ਰਾਣੀ ਚੇਨੰਮਾ ਹੋਣ,  ਜਾਂ ਫਿਰ ਭਗਵਾਨ ਬਿਰਸਾ ਮੁੰਡਾ ਦਾ ਸ਼ਾਸਤਰ ਸੰਗਰਾਮ ਹੋਵੇ।  ਅਨਿਆਂ ਅਤੇ ਸ਼ੋਸ਼ਣ  ਦੇ ਵਿਰੁੱਧ ਆਮ ਨਾਗਰਿਕਾਂ  ਦੇ ਤਪ-ਤਿਆਗ ਅਤੇ ਤਰਪਣ ਦੀ ਕਰਮ-ਕਠੋਰ ਸਾਧਨਾ ਆਪਣੇ ਚਰਮ ‘ਤੇ ਸੀ।  ਇਹ ਭਵਿੱਖ ਵਿੱਚ ਸਾਡੇ ਸੁਤੰਤਰਤਾ ਸੰਗ੍ਰਾਮ ਦੀ ਬਹੁਤ ਵੱਡੀ ਪ੍ਰੇਰਣਾ ਬਣੀ। 

 

ਸਾਥੀਓ, 

 

ਜਦੋਂ ਭਗਤੀ ਅਤੇ ਕਰਮ ਦੀਆਂ ਧਾਰਾਵਾਂ ਪੁਰਬਹਾਰ ਸਨ ਤਾਂ ਉਸ ਦੇ ਨਾਲ-ਨਾਲ ਗਿਆਨ ਦੀ ਸਰਿਤਾ ਦਾ ਇਹ ਨੂਤਨ ਤ੍ਰਿਵੇਣੀ ਸੰਗਮ, ਆਜ਼ਾਦੀ ਦੇ ਅੰਦੋਲਨ ਦੀ ਚੇਤਨਾ ਬਣ ਗਿਆ ਸੀ।  ਆਜ਼ਾਦੀ ਦੀ ਲਲਕ ਵਿੱਚ ਭਾਵ ਭਗਤੀ ਦੀ ਪ੍ਰੇਰਣਾ ਭਰਪੂਰ ਸੀ। ਸਮੇਂ ਦੀ ਮੰਗ ਸੀ ਕਿ ਗਿਆਨ  ਦੇ ਅਧਿਸ਼ਠਾਨ ‘ਤੇ ਆਜ਼ਾਦੀ ਦੀ ਜੰਗ ਜਿੱਤਣ ਦੇ ਲਈ ਵਿਚਾਰਿਕ ਅੰਦੋਲਨ ਵੀ ਖੜ੍ਹਾ ਕੀਤਾ ਜਾਵੇ ਅਤੇ ਨਾਲ ਹੀ ਉੱਜਵਲ ਭਾਵੀ ਭਾਰਤ ਦੇ ਨਿਰਮਾਣ ਦੇ ਲਈ ਨਵੀਂ ਪੀੜ੍ਹੀ ਨੂੰ ਤਿਆਰ ਵੀ ਕੀਤਾ ਜਾਵੇ ਅਤੇ ਇਸ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ, ਉਸ ਸਮੇਂ ਸਥਾਪਿਤ ਹੋਈ ਕਈ ਪ੍ਰਤਿਸ਼ਠਿਤ ਸਿੱਖਿਆ ਸੰਸਥਾਨਾਂ ਨੇ,  ਯੂਨੀਵਰਸਿਟੀਆਂ ਨੇ। ਵਿਸ਼ਵ ਭਾਰਤੀ ਯੂਨੀਵਰਸਿਟੀ ਹੋਵੇ, ਬਨਾਰਸ ਹਿੰਦੂ ਯੂਨੀਵਰਸਿਟੀ ਹੋਵੇ,  ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਹੋਵੇ,  ਨੈਸ਼ਨਲ ਕਾਲਜ ਹੋਵੇ ਜੋ ਹੁਣ ਲਾਹੌਰ ਵਿੱਚ ਹੈ,  ਮੈਸੂਰ ਯੂਨੀਵਰਸਿਟੀ ਹੋਵੇ,  ਤ੍ਰਿਚਿ ਨੈਸ਼ਨਲ ਕਾਲਜ ਹੋਵੇ,  ਮਹਾਤਮਾ ਗਾਂਧੀ ਕਾਸ਼ੀ ਵਿਦਿਆਪੀਠ ਹੋਵੇ,  ਗੁਜਰਾਤ ਵਿਦਿਆਪੀਠ ਹੋਵੇ,  ਵਿਲਿੰਗਡਨ ਕਾਲਜ ਹੋਵੇ, ਜਾਮਿਆ ਮਿਲੀਆ ਇਸਲਾਮੀਆ ਹੋਵੇ,  ਲਖਨਊ ਯੂਨੀਵਰਸਿਟੀ ਹੋਵੇ,  ਪਟਨਾ ਯੂਨੀਵਰਸਿਟੀ ਹੋਵੇ,  ਦਿੱਲੀ ਯੂਨੀਵਰਸਿਟੀ ਹੋਵੇ, ਆਂਧਰ ਯੂਨੀਵਰਸਿਟੀ ਹੋਵੇ,  ਅੰਨਾਮਲਾਈ ਯੂਨੀਵਰਸਿਟੀ ਹੋਵੇ, ਅਜਿਹੇ ਅਨੇਕ ਸੰਸਥਾਨ ਉਸੇ ਇੱਕ ਕਾਲਖੰਡ ਵਿੱਚ ਦੇਸ਼ ਵਿੱਚ ਸਥਾਪਿਤ ਹੋਏ।  

 

ਇਨ੍ਹਾਂ ਯੂਨਿਵਰਸਿਟੀਜ਼ ਵਿੱਚ ਭਾਰਤ ਦੀ ਇੱਕ ਬਿਲਕੁੱਲ ਨਵੀਂ ਵਿਦਵਤਾ ਦਾ ਵਿਕਾਸ ਹੋਇਆ।  ਇਨ੍ਹਾਂ ਸਿੱਖਿਆ ਸੰਸਥਾਵਾਂ ਨੇ ਭਾਰਤ ਦੀ ਆਜ਼ਾਦੀ ਲਈ ਚਲ ਰਹੇ ਵਿਚਾਰਿਕ ਅੰਦੋਲਨ ਨੂੰ ਨਵੀਂ ਊਰਜਾ ਦਿੱਤੀ,  ਨਵੀਂ ਦਿਸ਼ਾ ਦਿੱਤੀ,  ਨਵੀਂ ਉਚਾਈ ਦਿੱਤੀ।  ਭਗਤੀ ਅੰਦੋਲਨ ਨਾਲ ਅਸੀਂ ਇਕਜੁੱਟ ਹੋਏ, ਗਿਆਨ ਅੰਦੋਲਨ ਨੇ ਬੌਧਿਕ ਮਜ਼ਬੂਤੀ ਦਿੱਤੀ ਅਤੇ ਕਰਮ ਅੰਦੋਲਨ ਨੇ ਸਾਨੂੰ ਆਪਣੇ ਹੱਕ ਲਈ ਲੜਾਈ ਦਾ ਹੌਂਸਲਾ ਅਤੇ ਸਾਹਸ ਦਿੱਤਾ। ਸੈਂਕੜੇ ਵਰ੍ਹਿਆਂ ਦੇ ਕਾਲਖੰਡ ਵਿੱਚ ਚਲੇ ਇਹ ਅੰਦੋਲਨ ਤਿਆਗ, ਤਪੱਸਿਆ ਅਤੇ ਤਰਪਣ ਦੀ ਅਨੂਠੀ ਮਿਸਾਲ ਬਣ ਗਏ ਸਨ। ਇਨ੍ਹਾਂ ਅੰਦੋਲਨਾਂ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕ ਆਜ਼ਾਦੀ ਦੀ ਲੜਾਈ ਵਿੱਚ ਬਲੀਦਾਨ ਦੇਣ ਦੇ ਲਈ ਇੱਕ ਦੇ ਬਾਅਦ ਇੱਕ ਅੱਗੇ ਆਉਂਦੇ ਰਹੇ। 

 

ਸਾਥੀਓ, 

 

ਗਿਆਨ ਦੇ ਇਸ ਅੰਦੋਲਨ ਨੂੰ ਗੁਰੂਦੇਵ ਦੁਆਰਾ ਸਥਾਪਿਤ ਵਿਸ਼ਵ ਭਾਰਤੀ ਯੂਨੀਵਰਸਿਟੀ ਨੇ ਨਵੀਂ ਊਰਜਾ ਦਿੱਤੀ ਸੀ।  ਗੁਰੂਦੇਵ ਨੇ ਜਿਸ ਤਰ੍ਹਾਂ ਭਾਰਤ ਦੇ ਸੱਭਿਆਚਾਰ ਨਾਲ ਜੋੜਦੇ ਹੋਏ, ਆਪਣੀਆਂ ਪਰੰਪਰਾਵਾਂ ਨਾਲ ਜੋੜਦੇ ਹੋਏ ਵਿਸ਼ਵ ਭਾਰਤੀ ਨੂੰ ਜੋ ਸਰੂਪ ਦਿੱਤਾ,  ਉਸ ਨੇ  ਰਾਸ਼ਟਰਵਾਦ ਦੀ ਇੱਕ ਮਜ਼ਬੂਤ ਪਹਿਚਾਣ ਦੇਸ਼  ਦੇ ਸਾਹਮਣੇ ਰੱਖੀ।  ਨਾਲ-ਨਾਲ,  ਉਨ੍ਹਾਂ ਨੇ ਵਿਸ਼ਵ ਬੰਧੁਤਵ ‘ਤੇ ਵੀ ਉਤਨਾ  ਹੀ ਜ਼ੋਰ ਦਿੱਤਾ।  

 

 

ਸਾਥੀਓ, 

 

ਵੇਦ ਤੋਂ ਵਿਵੇਕਾਨੰਦ ਤੱਕ ਭਾਰਤ ਦੇ ਚਿੰਤਨ ਦੀ ਧਾਰਾ ਗੁਰੂਦੇਵ ਦੇ ਰਾਸ਼ਟਰਵਾਦ ਦੇ ਚਿੰਤਨ ਵਿੱਚ ਵੀ ਮੁਖਰ ਸੀ। ਅਤੇ ਇਹ ਧਾਰਾ ਅੰਤਰਮੁਖੀ ਨਹੀਂ ਸੀ। ਉਹ ਭਾਰਤ ਨੂੰ ਵਿਸ਼ਵ ਦੇ ਹੋਰ ਦੇਸ਼ਾਂ ਤੋਂ ਅੱਲਗ ਰੱਖਣ ਵਾਲੀ ਨਹੀਂ ਸੀ। ਉਨ੍ਹਾਂ ਦਾ ਵਿਜ਼ਨ ਸੀ ਕਿ ਜੋ ਭਾਰਤ ਵਿੱਚ ਸਰਬਸ਼੍ਰੇਸ਼ਠ ਹੈ,  ਉਸ ਤੋਂ ਵਿਸ਼ਵ ਨੂੰ ਵੀ ਲਾਭ ਹੋਵੇ ਅਤੇ ਜੋ ਦੁਨੀਆ ਵਿੱਚ ਅੱਛਾ ਹੈ,  ਭਾਰਤ ਉਸ ਤੋਂ ਵੀ ਸਿੱਖੇ। ਤੁਹਾਡੀ ਯੂਨੀਵਰਸਿਟੀ ਦਾ ਨਾਮ ਹੀ ਦੇਖੋ।  ਵਿਸ਼ਵ-ਭਾਰਤੀ।  ਮਾਂ ਭਾਰਤੀ  ਅਤੇ ਵਿਸ਼ਵ ਦੇ ਨਾਲ ਤਾਲਮੇਲ। ਗੁਰੂਦੇਵ,  ਸਰਬਸਮਾਵੇਸ਼ੀ ਅਤੇ ਸਰਬ ਸਪਰਸ਼ੀ,  ਸਹਿ-ਹੋਂਦ ਅਤੇ ਸਹਿਯੋਗ  ਦੇ ਮਾਧਿਅਮ ਨਾਲ ਮਾਨਵ ਕਲਿਆਣ  ਦੇ ਬ੍ਰਹੱਦ ਟੀਚੇ ਨੂੰ ਲੈ ਕੇ ਚਲ ਰਹੇ ਸਨ।  ਵਿਸ਼ਵ ਭਾਰਤੀ  ਲਈ ਗੁਰੂਦੇਵ ਦਾ ਇਹੀ ਵਿਜ਼ਨ ਆਤਮਨਿਰਭਰ ਭਾਰਤ ਦਾ ਵੀ ਸਾਰ ਹੈ। ਆਤਮਨਿਰਭਰ ਭਾਰਤ ਅਭਿਯਾਨ ਵੀ ਵਿਸ਼ਵ ਕਲਿਆਣ ਲਈ ਭਾਰਤ ਦੇ ਕਲਿਆਣ ਦਾ ਮਾਰਗ ਹੈ। ਇਹ ਅਭਿਯਾਨ,  ਭਾਰਤ ਨੂੰ ਸਸ਼ਕਤ ਕਰਨ ਦਾ ਅਭਿਯਾਨ ਹੈ,  ਭਾਰਤ ਦੀ ਸਮ੍ਰਿੱਧੀ ਨਾਲ ਵਿਸ਼ਵ ਵਿੱਚ ਸਮ੍ਰਿੱਧੀ ਲਿਆਉਣ ਦਾ ਅਭਿਯਾਨ ਹੈ।  ਇਤਿਹਾਸ ਗਵਾਹ ਹੈ ਕਿ ਇੱਕ ਸਸ਼ਕਤ ਅਤੇ ਆਤਮਨਿਰਭਰ ਭਾਰਤ ਨੇ ਹਮੇਸ਼ਾ,  ਪੂਰੇ ਵਿਸ਼ਵ ਸਮੁਦਾਏ ਦਾ ਭਲਾ ਕੀਤਾ ਹੈ।  

 

ਸਾਡਾ ਵਿਕਾਸ ਇਕਾਂਕੀ ਨਹੀਂ ਬਲਕਿ ਆਲਮੀ, ਸੰਪੂਰਨ ਅਤੇ ਇਤਨਾ ਹੀ ਨਹੀਂ ਸਾਡੀਆਂ ਰਗਾਂ ਵਿੱਚ ਜੋ ਭਰਿਆ ਹੋਇਆ ਹੈ।  ਸਰਵੇ ਭਵੰਤੁ ਸੁਖਿਨ: ਦਾ ਹੈ।  ਭਾਰਤੀ ਅਤੇ ਵਿਸ਼ਵ ਦਾ ਇਹ ਸਬੰਧ ਤੁਹਾਡੇ ਤੋਂ ਬਿਹਤਰ ਕੌਣ ਜਾਣਦਾ ਹੈ?  ਗੁਰੂਦੇਵ ਨੇ ਸਾਨੂੰ ‘ਸਵਦੇਸ਼ੀ ਸਮਾਜ’ ਦਾ ਸੰਕਲਪ ਦਿੱਤਾ ਸੀ।  ਉਹ ਸਾਡੇ ਪਿੰਡਾਂ ਨੂੰ,  ਸਾਡੀ ਖੇਤੀਬਾੜੀ ਨੂੰ ਆਤਮਨਿਰਭਰ ਦੇਖਣਾ ਚਾਹੁੰਦੇ ਸਨ,  ਉਹ ਵਣਜ ਅਤੇ ਵਪਾਰ ਨੂੰ ਆਤਮਨਿਰਭਰ ਦੇਖਣਾ ਚਾਹੁੰਦੇ ਸਨ,  ਉਹ ਆਰਟ ਅਤੇ ਲਿਟਰੇਚਰ ਨੂੰ ਆਤਮਨਿਰਭਰ ਦੇਖਣਾ ਚਾਹੁੰਦੇ ਸਨ।  ਉਨ੍ਹਾਂ ਨੇ ਆਤਮਨਿਰਭਰਤਾ  ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ‘ਆਤਮਸ਼ਕਤੀ’ ਦੀ ਗੱਲ ਕਹੀ ਸੀ।  ਆਤਮਸ਼ਕਤੀ ਦੀ ਊਰਜਾ ਤੋਂ ਰਾਸ਼ਟਰ ਨਿਰਮਾਣ ਨੂੰ ਲੈ ਕੇ ਉਨ੍ਹਾਂ ਨੇ ਜੋ ਗੱਲ ਕਹੀ ਸੀ,  ਉਹ ਅੱਜ ਵੀ ਉਤਨੀ ਹੀ ਅਹਿਮ ਹੈ।  ਉਨ੍ਹਾਂ ਨੇ ਕਿਹਾ ਸੀ- ‘ਰਾਸ਼ਟਰ ਦਾ ਨਿਰਮਾਣ’,  ਇੱਕ ਤਰ੍ਹਾਂ ਨਾਲ ਆਪਣੀ ਆਤਮਾ ਦੀ ਪ੍ਰਾਪਤੀ ਦਾ ਹੀ ਵਿਸਤਾਰ ਹੈ।  ਜਦੋਂ ਤੁਸੀਂ ਆਪਣੇ ਵਿਚਾਰਾਂ ਨਾਲ,  ਆਪਣੇ ਕਾਰਜਾਂ ਨਾਲ,  ਆਪਣੇ ਕਰਤੱਵਾਂ  ਦੇ ਨਿਰਵਹਨ ਨਾਲ ਦੇਸ਼ ਦਾ ਨਿਰਮਾਣ ਕਰਦੇ ਹੋ,  ਤਾਂ ਤੁਹਾਨੂੰ ਦੇਸ਼ ਦੀ ਆਤਮਾ ਵਿੱਚ ਹੀ ਆਪਣੀ ਆਤਮਾ ਨਜ਼ਰ  ਆਉਣ ਲਗਦੀ ਹੈ। 

 

ਸਾਥੀਓ, 

 

ਭਾਰਤ ਦੀ ਆਤਮਾ,  ਭਾਰਤ ਦੀ ਆਤਮਨਿਰਭਰਤਾ ਅਤੇ ਭਾਰਤ ਦਾ ਆਤਮ-ਸਨਮਾਨ ਇੱਕ ਦੂਸਰੇ ਨਾਲ ਜੁੜੇ ਹੋਏ ਹਨ।  ਭਾਰਤ  ਦੇ ਆਤਮਸਨਮਾਨ ਦੀ ਰੱਖਿਆ ਦੇ ਲਈ ਤਾਂ ਬੰਗਾਲ ਦੀਆਂ ਪੀੜ੍ਹੀਆਂ ਨੇ ਖੁਦ ਨੂੰ ਖਪਾ ਦਿੱਤਾ ਸੀ।  ਯਾਦ ਕਰੋ ਖੁਦੀਰਾਮ ਬੋਸ ਨੂੰ ਸਿਰਫ 18 ਸਾਲ ਦੀ ਉਮਰ ਵਿੱਚ ਫ਼ਾਂਸੀ ਚੜ੍ਹ ਗਏ।  ਪ੍ਰਫੁੱਲ ਚਾਕੀ 19 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਏ।  ਬੀਨਾ ਦਾਸ,  ਜਿਨ੍ਹਾਂ ਨੂੰ ਬੰਗਾਲ ਦੀ ਅਗਨਿਕੰਨਿਆ  ਦੇ ਰੂਪ ਵਿੱਚ ਜਾਣਿਆ ਜਾਂਦਾ ਹੈ,  ਸਿਰਫ 21 ਸਾਲ ਦੀ ਉਮਰ ਵਿੱਚ ਜੇਲ੍ਹ ਭੇਜ ਦਿੱਤੀ ਗਈ ਸੀ।  ਪ੍ਰੀਤੀਲਤਾ ਵੱਡੇਡਾਰ ਨੇ ਸਿਰਫ 21 ਸਾਲ ਦੀ ਉਮਰ ਵਿੱਚ ਆਪਣਾ ਜੀਵਨ ਨਿਛਾਵਰ ਕਰ ਦਿੱਤਾ ਸੀ।   ਅਜਿਹੇ ਅਣਗਣਿਤ ਲੋਕ ਹਨ ਸ਼ਾਇਦ ਜਿਨ੍ਹਾਂ  ਦੇ ਨਾਮ ਇਤਿਹਾਸ ਵਿੱਚ ਵੀ ਦਰਜ ਨਹੀਂ ਹੋ ਸਕੇ।  ਇਨ੍ਹਾਂ ਸਾਰਿਆਂ ਨੇ ਦੇਸ਼  ਦੇ ਆਤਮਸਨਮਾਨ ਦੇ ਲਈ ਹੱਸਦੇ-ਹੱਸਦੇ ਮੌਤ ਨੂੰ ਗਲੇ ਲਗਾ ਲਿਆ।  ਅੱਜ ਇਨ੍ਹਾਂ ਤੋਂ ਪ੍ਰੇਰਣਾ ਲੈ ਕੇ ਸਾਨੂੰ ਆਤਮਨਿਰਭਰ ਭਾਰਤ ਲਈ ਜੀਉਣਾ ਹੈ,  ਇਸ ਸੰਕਲਪ ਨੂੰ ਪੂਰਾ ਕਰਨਾ ਹੈ। 

 

ਸਾਥੀਓ, 

 

ਭਾਰਤ ਨੂੰ ਮਜ਼ਬੂਤ ਅਤੇ ਆਤਮਨਿਰਭਰ ਬਣਾਉਣ ਵਿੱਚ ਤੁਹਾਡਾ ਹਰ ਯੋਗਦਾਨ,  ਪੂਰੇ ਵਿਸ਼ਵ ਨੂੰ ਇੱਕ ਬਿਹਤਰ ਸਥਾਨ ਬਣਾਵੇਗਾ। ਸਾਲ 2022 ਵਿੱਚ ਦੇਸ਼ ਦੀ ਸੁਤੰਤਰਤਾ ਦੇ 75 ਸਾਲ ਪੂਰੇ ਹੋਣ ਜਾ ਰਹੇ ਹਨ।  ਵਿਸ਼ਵ ਭਾਰਤੀ ਦੀ ਸਥਾਪਨਾ ਦੇ 27 ਸਾਲ ਬਾਅਦ ਭਾਰਤ ਆਜ਼ਾਦ ਹੋ ਗਿਆ ਸੀ।  ਹੁਣ ਤੋਂ 27 ਸਾਲ ਬਾਅਦ ਭਾਰਤ ਆਪਣੀ ਆਜ਼ਾਦੀ ਦੇ 100 ਵਰ੍ਹੇ ਦਾ ਪੁਰਬ ਮਨਾਵੇਗਾ। ਸਾਨੂੰ ਨਵੇਂ ਟੀਚੇ ਗੱਡਣੇ ਹੋਣਗੇ,  ਨਵੀਂ ਊਰਜਾ ਜੁਟਾਉਣੀ ਹੋਵੇਗੀ, ਨਵੇਂ ਤਰੀਕੇ ਨਾਲ ਆਪਣੀ ਯਾਤਰਾ ਸ਼ੁਰੂ ਕਰਨੀ ਹੋਵੇਗੀ। ਅਤੇ ਇਸ ਯਾਤਰਾ ਵਿੱਚ ਸਾਡਾ ਮਾਰਗਦਰਸ਼ਨ ਕੋਈ ਹੋਰ ਨਹੀਂ,  ਬਲਕਿ ਗੁਰੂਦੇਵ ਦੀਆਂ ਹੀ ਗੱਲਾਂ ਕਰਨਗੀਆਂ,  ਉਨ੍ਹਾਂ ਦੇ ਵਿਚਾਰ ਕਰਨਗੇ। ਅਤੇ ਜਦੋਂ ਪ੍ਰੇਰਣਾ ਹੁੰਦੀ ਹੈ, ਸੰਕਲਪ ਹੁੰਦਾ ਹੈ,  ਤਾਂ ਟੀਚੇ ਵੀ ਆਪਣੇ-ਆਪ ਮਿਲ ਜਾਂਦੇ ਹਨ। ਵਿਸ਼ਵ ਭਾਰਤੀ ਦੀ ਹੀ ਗੱਲ ਕਰਾਂ ਤਾਂ ਇਸ ਸਾਲ ਇੱਥੇ ਇਤਿਹਾਸਿਕ ਪੌਸ਼ ਮੇਲੇ ਦਾ ਆਯੋਜਨ ਨਹੀਂ ਹੋ ਸਕਿਆ ਹੈ।  100 ਵਰ੍ਹੇ ਦੀ ਯਾਤਰਾ ਵਿੱਚ ਤੀਸਰੀ ਵਾਰ ਅਜਿਹਾ ਹੋਇਆ ਹੈ।  ਇਸ ਮਹਾਮਾਰੀ ਨੇ ਸਾਨੂੰ ਇਸ ਮੁੱਲ ਨੂੰ ਸਮਝਾਇਆ ਹੈ- vocal for local ਪੌਸ਼ ਮੇਲੇ  ਦੇ ਨਾਲ ਤਾਂ ਇਹ ਮੰਤਰ ਹਮੇਸ਼ਾ ਤੋਂ ਜੁੜਿਆ ਰਿਹਾ ਹੈ।  ਮਹਾਮਾਰੀ ਦੀ ਵਜ੍ਹਾ ਨਾਲ ਇਸ ਮੇਲੇ ਵਿੱਚ ਜੋ ਕਲਾਕਾਰ ਆਉਂਦੇ ਸਨ,  ਜੋ ਹੈਂਡੀਕ੍ਰਾਫਟ ਵਾਲੇ ਸਾਥੀ ਆਉਂਦੇ ਸਨ,  ਉਹ ਨਹੀਂ ਆ ਸਕੇ।  

 

ਜਦੋਂ ਅਸੀਂ ਆਤਮਸਨਮਾਨ ਦੀ ਗੱਲ ਕਰ ਰਹੇ ਹਾਂ,  ਆਤਮ ਨਿਰਭਰਤਾ ਦੀ ਗੱਲ ਕਰ ਰਹੇ ਹਾਂ,  ਤਾਂ ਸਭ ਤੋਂ ਪਹਿਲੀ ਮੇਰੀ ਇੱਕ ਤਾਕੀਦ ‘ਤੇ ਆਪ ਸਭ ਮੇਰੀ ਮਦਦ ਕਰੋ ਮੇਰਾ ਕੰਮ ਕਰੋ।  ਵਿਸ਼ਵ ਭਾਰਤੀ ਦੇ ਵਿਦਿਆਰਥੀ-ਦਿਆਰਥਣਾਂ,  ਪੌਸ਼ ਮੇਲੇ ਵਿੱਚ ਆਉਣ ਵਾਲੇ ਆਰਟਿਸਟਾਂ ਨਾਲ ਸੰਪਰਕ ਕਰੋ,  ਉਨ੍ਹਾਂ ਦੇ  ਉਤਪਾਦਾਂ ਬਾਰੇ ਜਾਣਕਾਰੀ ਇਕੱਠੀ ਕਰੋ ਅਤੇ ਇਨ੍ਹਾਂ ਗ਼ਰੀਬ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਔਨਲਾਈਨ ਕਿਵੇਂ ਵਿਕ ਸਕਦੀਆਂ ਹਨ,  ਸੋਸ਼ਲ ਮੀਡੀਆ ਦੀ ਇਸ ਵਿੱਚ ਕੀ ਮਦਦ ਲਈ ਜਾ ਸਕਦੀ ਹੈ,  ਇਸ ਨੂੰ ਦੇਖੋ,  ਇਸ ‘ਤੇ ਕੰਮ ਕਰੋ।  ਇਤਨਾ ਹੀ ਨਹੀਂ,  ਭਵਿੱਖ ਵਿੱਚ ਵੀ ਸਥਾਨਿਕ ਆਰਟਿਸਟ,  ਹੈਂਡੀਕ੍ਰਾਫਟ ਇਸ ਪ੍ਰਕਾਰ ਨਾਲ ਜੋ ਸਾਥੀ ਆਪਣੇ ਉਤਪਾਦ ਵਿਸ਼ਵ ਬਜ਼ਾਰ ਤੱਕ ਲਿਜਾ ਸਕਣ,   ਇਸ ਦੇ ਲਈ ਵੀ ਉਨ੍ਹਾਂ ਨੂੰ ਸਿਖਾਓ,  ਉਨ੍ਹਾਂ ਦੇ  ਲਈ ਮਾਰਗ ਬਣਾਓ।  ਇਸ ਤਰ੍ਹਾਂ  ਦੇ ਅਨੇਕ ਯਤਨਾਂ ਨਾਲ ਹੀ ਦੇਸ਼ ਆਤਮਨਿਰਭਰ ਬਣੇਗਾ,  ਅਸੀਂ ਗੁਰੂਦੇਵ ਦੇ ਸੁਪਨਿਆਂ ਨੂੰ ਪੂਰਾ ਕਰ ਸਕਾਂਗੇ।  ਤੁਹਾਨੂੰ ਗੁਰੂਦੇਵ ਦਾ ਸਭ ਤੋਂ ਪ੍ਰੇਰਣਾਦਾਈ ਮੰਤਰ ਵੀ ਯਾਦ ਹੀ ਹੈ- ਜਾੱਦਿ ਤੋਰ ਡਾਕ ਸ਼ੁਨੇ ਕੇਊ ਨ ਆਸ਼ੇ ਤੋਬੇ ਏਕਲਾ ਚਲੋ ਰੇ।  ਕੋਈ ਵੀ ਸਾਥ ਨਾ ਆਏ,  ਆਪਣੇ ਟੀਚੇ ਦੀ ਪ੍ਰਾਪਤੀ ਦੇ ਲਈ ਜੇਕਰ ਇਕੱਲੇ ਵੀ ਚਲਣਾ ਪਵੇ,  ਤਾਂ ਜਰੂਰ ਚਲੋ। 

 

ਸਾਥੀਓ,

 

ਗੁਰੂਦੇਵ ਕਹਿੰਦੇ ਸਨ- ‘ਬਿਨਾ ਸੰਗੀਤ ਅਤੇ ਕਲਾ ਦੇ ਰਾਸ਼ਟਰ ਆਪਣੀ ਅਭਿਵਿਅਕਤੀ ਦੀ ਵਾਸਤਵਿਕ ਸ਼ਕਤੀ ਖੋ ਦਿੰਦਾ ਹੈ ਅਤੇ ਉਸ ਦੇ ਨਾਗਰਿਕਾਂ ਦਾ ਉਤਕ੍ਰਿਸ਼ਠ ਬਾਹਰ ਨਹੀਂ ਆ ਪਾਉਂਦਾ ਹੈ’। ਗੁਰੂਦੇਵ ਨੇ ਸਾਡੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੀ ਸੰਭਾਲ਼, ਪੋਸ਼ਣ ਅਤੇ ਵਿਸਤਾਰ ਨੂੰ ਬਹੁਤ ਮਹੱਤਵਪੂਰਨ ਮੰਨਿਆ ਸੀ। ਜੇਕਰ ਅਸੀਂ ਉਸ ਸਮੇਂ ਦੇ ਬੰਗਾਲ ਨੂੰ ਦੇਖਿਏ ਤਾਂ ਇੱਕ ਹੋਰ ਅਦਭੁੱਤ ਗੱਲ ਨਜ਼ਰ ਆਉਂਦੀ ਹੈ। ਜਦੋਂ ਹਰ ਤਰਫ ਆਜ਼ਾਦੀ ਦਾ ਅੰਦੋਲਨ ਉਫਾਨ ‘ਤੇ ਸੀ, ਤਦ ਬੰਗਾਲ ਉਸ ਅੰਦੋਲਨ ਨੂੰ ਦਿਸ਼ਾ ਦੇਣ ਦੇ ਨਾਲ ਹੀ ਸੱਭਿਆਚਾਰ ਦਾ ਪੋਸ਼ਕ ਵੀ ਬਣ ਕੇ ਖੜ੍ਹਿਆ ਸੀ। ਬੰਗਾਲ ਵਿੱਚ ਹਰ ਤਰਫ ਸੱਭਿਆਚਾਰ, ਸਾਹਿਤ, ਸੰਗੀਤ ਦੀ ਅਨੁਭੂਤੀ ਵੀ ਇੱਕ ਤਰ੍ਹਾਂ ਨਾਲ ਆਜ਼ਾਦੀ ਦੇ ਅੰਦੋਲਨ ਨੂੰ ਸ਼ਕਤੀ ਪ੍ਰਦਾਨ ਕਰ ਰਹੀ ਸੀ।

 

ਸਾਥੀਓ,

 

ਗੁਰੂਦੇਵ ਨੇ ਦਹਾਕਿਆਂ ਪਹਿਲਾਂ ਵੀ ਭਵਿੱਖਬਾਣੀ ਕੀਤੀ ਸੀ-ਅਤੇ ਭਵਿੱਖਬਾਣੀ ਕੀ ਸੀ ਉਨ੍ਹਾਂ ਨੇ ਕਿਹਾ ਸੀ, ਓਰੇ ਨੋਤੂਨ ਜੁਗੇਰ ਭੋਰੇ, ਦੀਸ਼ ਨੇ ਸ਼ੋਮੋਯ ਕਾਰਿਯੇ ਬ੍ਰਿਥਾ, ਸ਼ੋਮੋਯ ਬਿਚਾਰ ਕੋਰੇ, ਓਰੇ ਨੋਤੂਨ ਜੁਗੇਰ ਭੋਰੇ, ਐਸ਼ੋ ਗਿਆਨੀ ਐਸ਼ੋ ਕੋਰਮੀ ਨਾਸ਼ੋ ਭਾਰਾਤੋ-ਲਾਜ ਹੇ, ਬੀਰੋ ਧੋਰਮੇ ਪੁੰਨੋਕੋਰਮ ਬਿਸ਼ਵੇ ਹ੍ਰਦਯ ਰਾਜਾ ਹੇ। (ओरे नोतून जुगेर भोरे, दीश ने शोमोय कारिये ब्रिथा, शोमोय बिचार कोरे, ओरे नोतून जुगेर भोरे, ऐशो ज्ञानी एशो कोर्मि नाशो भारोतो-लाज हे, बीरो धोरमे पुन्नोकोर्मे बिश्वे हृदय राजो हे।) ਗੁਰੂਦੇਵ ਦੇ ਇਸ ਉਪਦੇਸ਼ ਨੂੰ ਇਸ ਉਦੇਸ਼ ਨੂੰ ਸਾਕਾਰ ਕਰਨ ਦੀ ਜ਼ਿੰਮੇਦਾਰੀ ਸਾਡੀ ਸਭ ਦੀ ਹੈ।  

 

ਸਾਥੀਓ,

 

ਗੁਰੂਦੇਵ ਨੇ ਵਿਸ਼ਵ ਭਾਰਤੀ ਦੀ ਸਥਾਪਨਾ ਸਿਰਫ ਪੜ੍ਹਾਈ ਦੇ ਇੱਕ ਕੇਂਦਰ ਦੇ ਰੂਪ ਵਿੱਚ ਨਹੀਂ ਕੀਤੀ ਸੀ। ਉਹ ਇਸ ਨੂੰ 'seat of learning', ਸਿੱਖਣ ਦੇ ਇੱਕ ਪਵਿੱਤਰ ਸਥਾਨ ਦੇ ਤੌਰ ‘ਤੇ ਦੇਖਦੇ ਸੀ। ਪੜ੍ਹਾਈ ਅਤੇ ਸਿੱਖਣਾ, ਦੋਹਾਂ ਦੇ ਦਰਮਿਆਨ ਦਾ ਜੋ ਭੇਦ ਹੈ, ਉਸ ਨੂੰ ਗੁਰੂਦੇਵ ਦੇ ਸਿਰਫ ਇੱਕ ਵਾਕ ਨਾਲ ਸਮਝਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਸੀ- 'ਮੈਨੂੰ ਯਾਦ ਨਹੀਂ ਕਿ ਮੈਨੂੰ ਕੀ ਪੜ੍ਹਾਇਆ ਗਿਆ ਸੀ। ਮੈਨੂੰ ਸਿਰਫ ਉਹੀ ਯਾਦ ਹੈ ਜੋ ਮੈਂ ਸਿੱਖਿਆ ਹੈ'। ਇਸ ਨੂੰ ਹੋਰ ਵਿਸਤਾਰ ਦਿੰਦੇ ਹੋਏ, ਗੁਰੁਦੇਵ ਟੈਗੋਰ ਨੇ ਕਿਹਾ ਸੀ- 'ਸਭ ਤੋਂ ਵੱਡੀ ਸਿੱਖਿਆ ਉਹੀ ਹੈ ਜੋ ਸਾਨੂੰ ਨਾ ਸਿਰਫ ਜਾਣਕਾਰੀ ਦੇਵੇ, ਬਲਕਿ ਸਾਨੂੰ ਸਭ ਦੇ ਨਾਲ ਜੀਉਣਾ ਸਿਖਾਵੇ'। 

 

ਉਨ੍ਹਾਂ ਦਾ ਪੂਰੀ ਦੁਨੀਆ ਦੇ ਲਈ ਸੰਦੇਸ਼ ਸੀ ਕਿ ਸਾਨੂੰ knowledge ਨੂੰ areas ਵਿੱਚ limits ਵਿੱਚ ਬੰਨਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਯਜੁਰਵੇਦ ਦੇ ਮੰਤਰ ਨੂੰ ਵਿਸ਼ਵ ਭਾਰਤੀ ਦਾ ਮੰਤਰ ਬਣਾਇਆ। ‘ਯਤਰ ਵਿਸ਼ਵਮ ਭਵਤਯੇਕ ਨੀੜਮ’ ਜਿੱਥੇ ਪੂਰਾ ਵਿਸ਼ਵ ਇੱਕ ਨੀੜ੍ਹ ਬਣ ਜਾਵੇ, ਆਲ੍ਹਣਾ ਬਣ ਜਾਵੇ। ਉਹ ਸਥਾਨ ਜਿੱਥੇ ਨਿੱਤ ਨਵੀਆਂ ਖੋਜਾਂ ਹੋਣ, ਉਹ ਸਥਾਨ ਜਿੱਥੇ ਸਭ ਮਿਲ ਕੇ ਅੱਗੇ ਵਧਣ ਅਤੇ ਜਿਵੇਂ ਹੁਣੇ ਸਾਡੇ ਸਿੱਖਿਆ ਮੰਤਰੀ ਵਿਸਤਾਰ ਨਾਲ ਕਹਿ ਰਹੇ ਸਨ ਗੁਰੂਦੇਵ ਕਹਿੰਦੇ ਸਨ-'ਚਿੱਤੋ ਜੇਥਾ ਭਯ ਸ਼ੁੰਨੋ, ਉੱਚੋ ਜੇਥਾ ਸ਼ਿਰ, ਗਿਆਨ ਜੇਥਾ ਮੁਕਤੋ' ਯਾਨੀ, ਅਸੀਂ ਇੱਕ ਅਜਿਹੀ ਵਿਵਸਥਾ ਖੜ੍ਹੀ ਕਰੀਏ ਜਿੱਥੇ ਸਾਡੇ ਮਨ ਵਿੱਚ ਕੋਈ ਡਰ ਨਾ ਹੋਵੇ, ਸਾਡਾ ਸਿਰ ਉੱਚਾ ਹੋਵੇ, ਅਤੇ ਗਿਆਨ ਬੰਧਨਾਂ ਤੋਂ ਮੁਕਤ ਹੋਈਏ। ਅੱਜ ਦੇਸ਼ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਮਾਧਿਅਮ ਨਾਲ ਇਸ ਉਦੇਸ਼ ਨੂੰ ਪੂਰਾ ਕਰਨ ਦਾ ਵੀ ਪ੍ਰਯਤਨ ਕਰ ਰਿਹਾ ਹੈ। ਇਸ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਿੱਚ ਵਿਸ਼ਵ ਭਾਰਤੀ ਦੀ ਵੱਡੀ ਭੂਮਿਕਾ ਹੈ। ਤੁਹਾਡੇ ਪਾਸ 100 ਵਰ੍ਹਿਆਂ ਦਾ ਅਨੁਭਵ ਹੈ, ਵਿਦਵਤਾ, ਦਿਸ਼ਾ ਹੈ, ਦਰਸ਼ਨ ਹੈ, ਅਤੇ ਗੁਰੂਦੇਵ ਦਾ ਅਸ਼ੀਰਵਾਦ ਤਾਂ ਹੈ ਹੀ ਹੈ। ਜਿਤਨੇ ਜ਼ਿਆਦਾ ਸਿੱਖਿਆ ਸੰਸਥਾਂਵਾਂ ਤੋਂ ਵਿਸ਼ਵ ਭਾਰਤੀ ਦਾ ਇਸ ਬਾਰੇ ਵਿੱਚ ਸੰਵਾਦ ਹੋਵੇਗਾ, ਹੋਰ ਸੰਸਥਾਵਾਂ ਦੀ ਵੀ ਸਮਝ ਵਧੇਗੀ, ਉਨ੍ਹਾਂ ਨੂੰ ਅਸਾਨੀ ਹੋਵੇਗੀ।

 

ਸਾਥੀਓ,

 

ਮੈਂ ਜਦੋਂ ਗੁਰੁਦੇਵ ਦੇ ਬਾਰੇ ਗੱਲ ਕਰਦਾ ਹਾਂ, ਤਾਂ ਮੈਂ ਇੱਕ ਮੋਹ ਤੋਂ ਖੁਦ ਨੂੰ ਰੋਕ ਨਹੀਂ ਪਾਉਂਦਾ। ਪਿਛਲੀ ਬਾਰ ਤੁਹਾਡੇ ਇੱਥੇ ਆਇਆ ਸੀ, ਤਦ ਵੀ ਮੈਂ ਇਸ ਦਾ ਥੋੜ੍ਹਾ ਜਿਹਾ ਜ਼ਿਕਰ ਕੀਤਾ ਸੀ। ਮੈਂ ਫਿਰ ਤੋਂ, ਗੁਰੂਦੇਵ ਅਤੇ ਗੁਜਰਾਤ ਦੀ ਆਤਮੀਯਤਾ ਦਾ ਸਮਰਣ ਕਰ ਰਿਹਾ ਹਾਂ। ਇਹ ਬਾਰ-ਬਾਰ ਯਾਦ ਕਰਨਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਇਹ ਸਾਨੂੰ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ ਨਾਲ ਭਰਦਾ ਹੈ। ਇਹ ਦਿਖਾਉਂਦਾ ਹੈ ਕਿ ਅਲੱਗ-ਅਲੱਗ ਭਾਸ਼ਾਵਾਂ, ਬੋਲੀਆਂ, ਖਾਣ-ਪਾਣ, ਪਹਿਨਾਵੇ ਵਾਲਾ ਸਾਡਾ ਦੇਸ਼, ਇੱਕ ਦੂਸਰੇ ਨਾਲ ਕਿੰਨਾ ਜੁੜਿਆ ਹੋਇਆ ਹੈ। ਇਹ ਦਿਖਾਉਂਦਾ ਹੈ ਕਿ ਕਿਵੇਂ ਵਿਵਿਧਤਾਵਾਂ ਨਾਲ ਭਰਿਆ ਸਾਡਾ ਦੇਸ਼, ਇੱਕ ਹੈ, ਇੱਕ ਦੂਸਰੇ ਤੋਂ ਬਹੁਤ ਕੁਝ ਸਿੱਖਦਾ ਰਿਹਾ ਹੈ।

 

ਸਾਥੀਓ,

 

ਗੁਰੂਦੇਵ ਦੇ ਵੱਡੇ ਭਾਈ ਸਤਯੇਂਦ੍ਰਨਾਥ ਟੈਗੋਰ ਜਦੋਂ ICS ਵਿੱਚ ਸਨ ਤਾਂ ਉਨ੍ਹਾਂ ਦੀ ਨਿਯੁਕਤੀ ਗੁਜਰਾਤ ਵਿੱਚ ਅਹਿਮਦਾਬਾਦ ਵਿੱਚ ਵੀ ਹੋਈ ਸੀ। ਰਬਿੰਦ੍ਰਨਾਥ ਟੈਗੋਰ ਅਕਸਰ ਗੁਜਰਾਤ ਜਾਂਦੇ ਸਨ, ਅਤੇ ਉਨ੍ਹਾਂ ਨੇ ਉੱਥੇ ਕਾਫ਼ੀ ਲੰਬਾ ਸਮਾਂ ਵੀ ਬਿਤਾਇਆ ਸੀ। ਅਹਿਮਦਾਬਾਦ ਵਿੱਚ ਰਹਿੰਦੇ ਹੋਏ ਹੀ ਉਨ੍ਹਾਂ ਨੇ ਆਪਣੀਆਂ ਦੋ ਮਕਬੂਲ ਬਾਂਗਲਾ ਕਵਿਤਾਵਾਂ 'ਬੰਦੀ ਓ ਅਮਾਰ' ਅਤੇ 'ਨੀਰੋਬ ਰਜਨੀ ਦੇਖੋ' ਇਹ ਦੋਵੇਂ ਰਚਨਾਵਾਂ ਕੀਤੀਆਂ ਸਨ। ਆਪਣੀ ਪ੍ਰਸਿੱਧ ਰਚਨਾ 'ਕਸ਼ੁਦਿਤ ਪਾਸ਼ਾਨ' ਦਾ ਇੱਕ ਹਿੱਸਾ ਵੀ ਉਨ੍ਹਾਂ ਨੇ ਗੁਜਰਾਤ ਪ੍ਰਵਾਸ ਦੇ ਦੌਰਾਨ ਹੀ ਲਿਖਿਆ ਸੀ। ਇੰਨਾ ਹੀ ਨਹੀਂ ਗੁਜਰਾਤ ਦੀ ਇੱਕ ਬੇਟੀ, ਸ਼੍ਰੀਮਤੀ ਹਟਿਸਿੰਗ ਗੁਰੂਦੇਵ ਦੇ ਘਰ ਵਿੱਚ ਬਹੂ ਬਣ ਕੇ ਆਈ ਸੀ। ਇਸ ਦੇ ਇਲਾਵਾ, ਇੱਕ ਹੋਰ ਤੱਥ ਹੈ ਜਿਸ 'ਤੇ ਸਾਡੀ Women Empowerment ਨਾਲ ਜੁੜੇ ਸੰਗਠਨਾਂ ਨੂੰ ਅਧਿਐਨ ਕਰਨਾ ਚਾਹੀਦਾ ਹੈ। 

 

ਸਤਯੇਂਦ੍ਰਨਾਥ ਟੈਗੋਰ ਜੀ ਦੀ ਪਤਨੀ ਗਿਆਨੰਦਿਨੀ ਦੇਵੀ ਜੀ ਜਦੋਂ ਅਹਿਮਦਾਬਾਦ ਵਿੱਚ ਰਹਿੰਦੀ ਸੀ, ਤਾਂ ਉਨ੍ਹਾਂ ਨੇ ਦੇਖਿਆ ਕਿ ਸਥਾਨਕ ਮਹਿਲਾਵਾਂ ਆਪਣੇ ਸਾੜੀ ਦੇ ਪੱਲੂ ਨੂੰ ਸੱਜੇ ਮੌਢੇ 'ਤੇ ਰੱਖਦੀਆਂ ਹਨ। ਹੁਣ ਸੱਜੇ ਮੌਢੇ 'ਤੇ ਪੱਲੂ ਰਹਿੰਦਾ ਸੀ ਇਸ ਲਈ ਮਹਿਲਾਵਾਂ ਨੂੰ ਕੰਮ ਕਰਨ ਵਿੱਚ ਵੀ ਕੁਝ ਦਿਕੱਤ ਹੁੰਦੀ ਸੀ। ਇਹ ਦੇਖ ਕੇ ਗਿਆਨੰਦਿਨੀ ਦੇਵੀ ਜੀ ਨੇ ਆਈਡੀਆ ਕੱਢਿਆ ਕਿ ਕਿਉਂ ਨਾ ਸਾੜ੍ਹੀ ਦੇ ਪੱਲੂ ਨੂੰ ਖੱਬੇ ਮੌਢੇ ‘ਤੇ ਲਿਆਇਆ ਜਾਵੇ। ਹੁਣ ਮੈਨੂੰ ਠੀਕ-ਠੀਕ ਤਾਂ ਪਤਾ ਨਹੀਂ ਹੈ ਲੇਕਿਨ ਕਹਿੰਦੇ ਹਨ ਕਿ ਖੱਬੇ ਮੌਢੇ 'ਤੇ ਸਾੜੀ ਦਾ ਪੱਲੂ ਉਨ੍ਹਾਂ ਦੀ ਹੀ ਦੇਨ ਹੈ। ਇੱਕ ਦੂਸਰੇ ਤੋਂ ਸਿੱਖ ਕੇ, ਇੱਕ ਦੂਸਰੇ ਦੇ ਨਾਲ ਆਨੰਦ ਨਾਲ ਰਹਿੰਦੇ ਹੋਏ, ਇੱਕ ਪਰਿਵਾਰ ਦੀ ਤਰ੍ਹਾਂ ਰਹਿੰਦੇ ਹੋਏ ਹੀ ਅਸੀਂ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਾਂ ਜੋ ਦੇਸ਼ ਦੀ ਮਹਾਨ ਸ਼ਖਸੀਅਤਾਂ ਨੇ ਦੇਖੇ ਸਨ। ਇਹੀ ਸੰਸਕਾਰ ਗੁਰੂਦੇਵ ਨੇ ਵੀ ਵਿਸ਼ਵਭਾਰਤੀ ਨੂੰ  ਦਿੱਤੇ ਹਨ। ਇਨ੍ਹਾਂ ਸੰਸਕਾਰਾਂ ਨੂੰ ਸਾਨੂੰ ਮਿਲ ਕੇ ਨਿਰੰਤਰ ਮਜ਼ਬੂਤ ਕਰਨਾ ਹੈ। 

 

ਸਾਥੀਓ,

 

ਤੁਸੀਂ ਸਭ ਜਿੱਥੇ ਵੀ ਜਾਓਗੇ, ਜਿਸ ਵੀ ਫੀਲਡ ਵਿੱਚ ਜਾਓਗੇ ਤੁਹਾਡੇ ਮਿਹਨਤ ਨਾਲ ਹੀ ਇੱਕ ਨਵੇਂ ਭਾਰਤ ਦਾ ਨਿਰਮਾਣ ਹੋਵੇਗਾ। ਮੈਂ ਗੁਰੂਦੇਵ ਦੀਆਂ ਪੰਕਤੀਆਂ ਨਾਲ ਆਪਣੀ ਗੱਲ ਸਮਾਪਤ ਕਰਾਂਗਾ, ਗੁਰੁਦੇਵ ਨੇ ਕਿਹਾ, ਓਰੇ ਗ੍ਰਹੋ-ਬਾਸ਼ੀ ਖੋਲ ਦਾਰ ਖੋਲ, ਲਾਗਲੋ ਜੇ ਦੋਲ, ਸਥੋਲੇ, ਜੋਲੇ, ਮੋਬੋਤੋਲੇ ਲਾਗਲੋ ਜੇ ਦੋਲ, ਦਾਰ ਖੋਲ, ਦਾਰ ਖੋਲ! (ओरे गृहो-बाशी खोल दार खोल, लागलो जे दोल, स्थोले, जोले, मोबोतोले लागलो जे दोल, दार खोल, दार खोल!) ਦੇਸ਼ ਵਿੱਚ ਨਵੀਆਂ ਸੰਭਾਵਨਾਵਾਂ ਦੇ ਦੁਆਰ ਤੁਹਾਡਾ ਇੰਤਜ਼ਾਰ ਕਰ ਰਹੇ ਹਨ। ਤੁਸੀਂ ਸਭ ਸਫਲ ਹੋਵੋ, ਅੱਗੇ ਵਧੋ, ਅਤੇ ਦੇਸ਼ ਦੇ ਸੁਪਨਿਆਂ ਨੂੰ ਪੂਰਾ ਕਰੋ।

 

ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ, ਤੁਹਾਡਾ ਸਭ ਦਾ ਇੱਕ ਬਾਰ ਫਿਰ ਬਹੁਤ-ਬਹੁਤ ਧੰਨਵਾਦ ਅਤੇ ਇਹ ਸ਼ਤਾਬਦੀ ਵਰ੍ਹਾ ਸਾਡੀ ਅੱਗੇ ਦੀ ਯਾਤਰਾ ਦੇ ਲਈ ਇੱਕ ਮਜ਼ਬੂਤ ਮੀਲ ਦਾ ਪੱਥਰ ਬਣੇ, ਸਾਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇ ਅਤੇ ਵਿਸ਼ਵਭਾਰਤੀ ਜਿਨ੍ਹਾਂ ਸੁਪਨਿਆਂ ਨੂੰ ਲੈ ਕੇ ਜਨਮੀ ਸੀ, ਉਨ੍ਹਾਂ ਹੀ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਵਿਸ਼ਵ ਕਲਿਆਣ ਦੇ ਮਾਰਗ ਨੂੰ ਪ੍ਰਸ਼ਸਤ ਕਰਨ ਦੇ ਲਈ ਭਾਰਤ ਦੇ ਕਲਿਆਣ ਮਾਰਗ ਨੂੰ ਮਜ਼ਬੂਤ ਕਰਦੇ ਹੋਏ ਅੱਗੇ ਵਧੀਏ, ਇਹ ਮੇਰੀ ਆਪ ਸਭ ਨੂੰ ਸ਼ੁਭਕਾਮਨਾਵਾ ਹੈ। ਬਹੁਤ-ਬਹੁਤ ਧੰਨਵਾਦ।

 

  *****

 

ਡੀਐੱਸ/ਐੱਸਐੱਚ/ਬੀਐੱਮ/ਡੀਕੇ


(Release ID: 1683485) Visitor Counter : 276