ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਵੇਂ ਸੰਸਦ ਭਵਨ ਦਾ ਨੀਂਹ–ਪੱਥਰ ਰੱਖਿਆ
ਨਵੀਂ ਸੰਸਦ ਦੇਸ਼ ਦੀਆਂ ਖ਼ਾਹਿਸ਼ਾਂ ਪੂਰੀਆਂ ਕਰੇਗੀ: ਪ੍ਰਧਾਨ ਮੰਤਰੀ
ਲੋਕਤੰਤਰ ਸਾਡਾ ਸੱਭਿਆਚਾਰ ਹੈ: ਪ੍ਰਧਾਨ ਮੰਤਰੀ
ਨਵੀਂ ਸੰਸਦ ਹੋਵੇਗੀ ‘ਆਤਮਨਿਰਭਰ ਭਾਰਤ’ ਦੀ ਗਵਾਹੀ: ਪ੍ਰਧਾਨ ਮੰਤਰੀ
ਦੇਸ਼ ਦੇ ਹਿਤ ਨੂੰ ਸਰਬਉੱਚ ਰੱਖਣ ਦਾ ਸੰਕਲਪ ਲੈਣ ਦੀ ਕੀਤੀ ਬੇਨਤੀ
Posted On:
10 DEC 2020 4:00PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦਾ ਨੇ ਅੱਜ ਨਵੇਂ ਸੰਸਦ ਭਵਨ ਦਾ ਨੀਂਹ–ਪੱਥਰ ਰੱਖਿਆ। ਨਵੀਂ ਇਮਾਰਤ ‘ਆਤਮਨਿਰਭਰ ਭਾਰਤ’ ਦੀ ਦੂਰ–ਦ੍ਰਿਸ਼ਟੀ ਦਾ ਇੱਕ ਸੁਭਾਵਕ ਹਿੱਸਾ ਹੈ ਅਤੇ ਆਜ਼ਾਦੀ–ਪ੍ਰਾਪਤੀ ਤੋਂ ਬਾਅਦ ਪਹਿਲੀ ਵਾਰ ਲੋਕਾਂ ਦੀ ਅਜਿਹੀ ਸੰਸਦ ਦੀ ਊਸਾਰੀ ਕਰਨ ਦਾ ਇੱਕ ਇਤਿਹਾਸਿਕ ਮੌਕਾ ਹੋਵੇਗਾ, ਜੋ 2022 ’ਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ‘ਨਵੇਂ–ਭਾਰਤ’ ਦੀਆਂ ਜ਼ਰੂਰਤਾਂ ਤੇ ਖ਼ਾਹਿਸ਼ਾਂ ਦੇ ਮੇਚ ਦੀ ਹੋਵੇਗੀ।
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੇ ਜਮਹੂਰੀ ਇਤਿਹਾਸ ਵਿੱਚ ਇੱਕ ਮੀਲ–ਪੱਥਰ ਹੈ, ਜੋ ਭਾਰਤੀਅਤਾ ਦੇ ਵਿਚਾਰ ਨਾਲ ਭਰਪੂਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੇ ਸੰਸਦ ਭਵਨ ਦੀ ਉਸਾਰੀ ਦੀ ਸ਼ੁਰੂਆਤ ਸਾਡੀਆਂ ਜਮਹੂਰੀ ਰਵਾਇਤਾਂ ਦੇ ਸਭ ਤੋਂ ਵੱਧ ਅਹਿਮ ਪੜਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਭਾਰਤ ਦੀ ਜਨਤਾ ਨੂੰ ਮਿਲ ਕੇ ਸੰਸਦ ਦੀ ਇਸ ਨਵੀਂ ਇਮਾਰਤ ਦੀ ਉਸਾਰੀ ਕਰਨ ਦਾ ਸੱਦਾ ਦਿੱਤਾ। ਉਨ੍ਰਾਂ ਕਿਹਾ ਕਿ ਜਦੋਂ ਭਾਰਤ ਆਪਣੀ ਆਜ਼ਾਦੀ–ਪ੍ਰਾਪਤੀ ਦੇ 75–ਸਾਲਾ ਜਸ਼ਨ ਮਨਾਵੇਗਾ, ਤਦ ਸਾਡੀ ਸੰਸਦ ਦੀ ਨਵੀਂ ਇਮਾਰਤ ਤੋਂ ਵੱਧ ਸੁੰਦਰ ਜਾਂ ਸ਼ੁੱਧ ਹੋਰ ਕੁਝ ਨਹੀਂ ਹੋਵੇਗਾ।
ਪ੍ਰਧਾਨ ਮੰਤਰੀ ਨੇ ਉਸ ਛਿਣ ਨੂੰ ਚੇਤੇ ਕੀਤਾ, ਜਦੋਂ ਉਹ 2014 ’ਚ ਇੱਕ ਐੱਮਪੀ ਵਜੋਂ ਪਹਿਲੀ ਵਾਰ ਸੰਸਦ ਭਵਨ ਅੰਦਰ ਦਾਖ਼ਲ ਹੋਣ ਲੱਗੇ ਸਨ, ਤਦ ਇਸ ਵਿੱਚ ਪੈਰ ਧਰਨ ਤੋਂ ਪਹਿਲਾਂ ਉਨ੍ਹਾਂ ਜਮਹੂਰੀਅਤ ਦੇ ਇਸ ਮੰਦਰ ਵਿੱਚ ਆਪਣਾ ਸਿਰ ਝੁਕਾਇਆ ਸੀ ਤੇ ਨਮਨ ਕੀਤਾ ਸੀ। ਉਨ੍ਹਾਂ ਕਿਹਾ ਕਿ ਨਵੇਂ ਸੰਸਦ ਭਵਨ ਵਿੰਚ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਕੀਤੀਆਂ ਜਾ ਰਹੀਆਂ ਹਨ, ਜੋ ਸੰਸਦ ਮੈਂਬਰਾਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਨਗੀਆਂ ਤੇ ਉਨ੍ਹਾਂ ਦੇ ਕੰਮ–ਸੱਭਿਆਚਾਰ ਨੂੰ ਆਧੁਨਿਕ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਜੇ ਆਜ਼ਾਦੀ ਮਿਲਣ ਤੋਂ ਬਾਅਦ ਦੇ ਭਾਰਤ ਨੇ ਪੁਰਾਣੇ ਸੰਸਦ ਭਵਨ ਨੇ ਦਿਸ਼ਾ ਦਿੱਤੀ ਸੀ, ਤਾਂ ਨਵਾਂ ਭਵਨ ਇੱਕ ‘ਆਤਮਨਿਰਭਰ ਭਾਰਤ’ ਬਣਨ ਦਾ ਗਵਾਹ ਹੋਵੇਗਾ। ਜੇ ਪੁਰਾਣੇ ਸੰਸਦ ਭਵਨ ਵਿੱਚ ਦੇਸ਼ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕੰਮ ਕੀਤਾ ਗਿਆ ਸੀ, ਤਦ 21ਵੀਂ ਸਦੀ ਦੇ ਭਾਰਤ ਦੀਆਂ ਖ਼ਾਹਿਸ਼ਾਂ ਨਵੀਂ ਇਮਾਰਤ ਵਿੱਚ ਪੂਰੀਆਂ ਹੋਣਗੀਆਂ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਹੋਰ ਕਿਤੇ ਵੀ ਜਮਹੂਰੀਅਤ ਚੋਣ ਕਾਰਜ–ਵਿਧੀਆਂ, ਸ਼ਾਸਨ ਤੇ ਪ੍ਰਸ਼ਾਸਨ ਬਾਰੇ ਹੁੰਦੀਆਂ ਹਨ। ਪਰ ਭਾਰਤ ਵਿੱਚ ਜਮਹੂਰੀਅਤ ਜੀਵਨ ਦੀਆਂ ਕਦਰਾਂ–ਬਾਰੇ ਹੈ, ਇਹ ਜੀਵਨ ਦਾ ਮਾਰਗ ਹੈ ਤੇ ਇੱਕ ਰਾਸ਼ਟਰ ਦੀ ਆਤਮਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੀ ਜਮਹੂਰੀਅਤ ਇੱਕ ਅਜਿਹੀ ਪ੍ਰਣਾਲੀ ਹੈ, ਜੋ ਸਦੀਆਂ ਦੇ ਤਜਰਬੇ ਨਾਲ ਵਿਕਸਿਤ ਹੋਈ ਹੈ। ਇਹ ਜੀਵਨ ਦਾ ਮੰਤਰ ਵੀ ਹੈ, ਜੀਵਨ ਦਾ ਇੱਕ ਤੱਤ ਵੀ ਤੇ ਇਸ ਦੇ ਨਾਲ ਹੀ ਭਾਰਤ ਵਿੱਚ ਜਮਹੂਰੀਅਤ ਦੀ ਵਿਵਸਥਾ ਦੀ ਇੱਕ ਪ੍ਰਣਾਲੀ ਵੀ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਜਮਹੂਰੀ ਤਾਕਤ ਹੈ, ਜੋ ਦੇਸ਼ ਦੇ ਵਿਕਾਸ ਨੂੰ ਨਵੀਂ ਊਰਜਾ ਦੇ ਰਹੀ ਹੈ ਤੇ ਦੇਸ਼ ਵਾਸੀਆਂ ਨੂੰ ਨਵਾਂ ਵਿਸ਼ਵਾਸ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਲੋਕਤੰਤਰ ਹਰ ਸਾਲ ਨਿਰੰਤਰ ਨਵਿਆਇਆ ਜਾਂਦਾ ਹੈ ਅਤੇ ਇਹ ਵੇਖਿਆ ਜਾਂਦਾ ਹੈ ਕਿ ਹਰੇਕ ਚੋਣ ਵਿੱਚ ਵੋਟਰਾਂ ਦੀ ਗਿਣਤੀ ਵਧ ਰਹੀ ਹੈ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਸਦਾ ਸ਼ਾਸਨ ਨਾਲ ਮਤਭੇਦ ਹੱਲ ਕਰਨ ਦਾ ਇੱਕ ਸਾਧਨ ਰਿਹਾ ਹੈ। ਵਿਭਿੰਨ ਵਿਚਾਰ, ਵੱਖੋ–ਵੱਖਰੇ ਪਰਿਪੇਖ ਇੱਕ ਗੁੰਜਾਇਮਾਨ ਲੋਕਤੰਤਰ ਨੂੰ ਸਸ਼ਕਤ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਜਮਹੂਰੀਅਤ ਇਸ ਟੀਚੇ ਨਾਲ ਅੱਗੇ ਵਧੀ ਹੈ ਕਿ ਇੱਥੇ ਮਤਭੇਦਾਂ ਲਈ ਉਦੋਂ ਤੱਕ ਸਦਾ ਜਗ੍ਹਾ ਹੈ, ਜਦੋਂ ਤੱਕ ਪ੍ਰਕਿਰਿਆ ਹੀ ਪੂਰੀ ਤਰ੍ਹਾਂ ਸੰਪਰਕ ’ਚੋਂ ਬਾਹਰ ਹੋ ਜਾਵੇ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਨੀਤੀਆਂ ਤੇ ਸਿਆਸਤ ਵੱਖੋ–ਵੱਖ ਹੋ ਸਕਦੀਆਂ ਹਨ ਪਰ ਅਸੀਂ ਜਨਤਾ ਦੀ ਸੇਵਾ ਲਈ ਹਾਂ ਅਤੇ ਇਸ ਅੰਤਿਮ ਟੀਚੇ ਵਿੱਚ ਕੋਈ ਮਤਭੇਦ ਨਹੀਂ ਹੋਣੇ ਚਾਹੀਦੇ। ਉਨ੍ਹਾਂ ਅੱਗੇ ਕਿਹਾ ਕਿ ਬਹਿਸ–ਮੁਬਾਹਿਸੇ ਭਾਵੇਂ ਸੰਸਦ ਦੇ ਅੰਦਰ ਹੋਣ ਤੇ ਚਾਹੇ ਬਾਹਰ, ਰਾਸ਼ਟਰੀ ਸੇਵਾ ਤੇ ਰਾਸ਼ਟਰੀ ਹਿਤ ਪ੍ਰਤੀ ਸਮਰਪਣ ਲਈ ਦ੍ਰਿੜ੍ਹ ਇਰਾਦਾ ਉਨ੍ਹਾਂ ਵਿੱਚ ਨਿਰੰਤਰ ਝਲਕਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਹ ਚੇਤੇ ਰੱਖਣ ਦੀ ਬੇਨਤੀ ਕੀਤੀ ਕਿ ਇਹ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਜਮਹੂਰੀਅਤ ਪ੍ਰਤੀ ਆਸ਼ਾਵਾਦ ਨੂੰ ਜਗਾ ਕੇ ਰੱਖਣ, ਜੋ ਸੰਸਦ ਭਵਨ ਦੀ ਹੋਂਦ ਦਾ ਆਧਾਰ ਹੈ। ਉਨ੍ਹਾਂ ਯਾਦ ਕਰਵਾਇਆ ਕਿ ਹਰੇਕ ਮੈਂਬਰ ਜੋ ਸੰਸਦ ਅੰਦਰ ਦਾਖ਼ਲ ਹੁੰਦਾ ਹੈ, ਉਸ ਦੀ ਜਨਤਾ ਦੇ ਨਾਲ–ਨਾਲ ਸੰਵਿਧਾਨ ਪ੍ਰਤੀ ਵੀ ਜਵਾਬਦੇਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਂਝ ਤਾਂ ਜਮਹੂਰੀਅਤ ਦੇ ਇਸ ਮੰਦਰ ਨੂੰ ਪਵਿੱਤਰ ਬਣਾਉਣ ਲਈ ਕੋਈ ਰੀਤਾਂ–ਰਸਮਾਂ ਨਹੀਂ ਹਨ। ਇਹ ਲੋਕਾਂ ਦੇ ਨੁਮਾਇੰਦੇ ਹਨ, ਜੋ ਇਸ ਮੰਦਰ ਵਿੱਚ ਆਉਂਦੇ ਹਨ, ਉਹੀ ਇਸ ਨੂੰ ਪਵਿੱਤਰ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਮਰਪਣ, ਉਨ੍ਹਾਂ ਦੀ ਸੇਵਾ, ਆਚਾਰ, ਵਿਚਾਰ ਤੇ ਵਿਵਹਾਰ ਇਸ ਮੰਦਰ ਦਾ ਜੀਵਨ ਬਣੇਗਾ। ਭਾਰਤ ਦੀ ਏਕਤਾ ਤੇ ਅਖੰਡਤਾ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਉਹ ਊਰਜਾ ਬਣਨਗੀਆਂ, ਜੋ ਇਸ ਮੰਦਰ ਨੂੰ ਜੀਵਨ ਦਿੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਹਰੇਕ ਲੋਕ ਨੁਮਾਇੰਦਾ ਆਪਣਾ ਗਿਆਨ, ਸੂਝਬੂਝ, ਸਿੱਖਿਆ ਤੇ ਅਨੁਭਵ ਪੂਰੀ ਤਰ੍ਹਾਂ ਇੱਥੇ ਦੇਵੇਗਾ, ਤਦ ਨਵਾਂ ਸੰਸਦ ਭਵਨ ਪਵਿੱਤਰਤਾ ਹਾਸਲ ਕਰੇਗਾ।
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਭਾਰਤ ਨੂੰ ਪਹਿਲਾਂ ਰੱਖਣ, ਸਿਰਫ਼ ਭਾਰਤ ਦੀ ਪ੍ਰਗਤੀ ਅਤੇ ਭਾਰਤ ਦੇ ਵਿਕਾਸ ਲਈ ਅਰਦਾਸ ਕਰਨ, ਹਰੇਕ ਫ਼ੈਸਲੇ ਨਾਲ ਦੇਸ਼ ਦੀ ਤਾਕਤ ਵਧਣੀ ਚਾਹੀਦੀ ਹੈ ਅਤੇ ਦੇਸ਼ ਦਾ ਹਿਤ ਹੀ ਸਰਬਉੱਚ ਹੈ। ਉਨ੍ਹਾਂ ਹਰੇਕ ਨੂੰ ਇਹ ਸੰਕਲਪ ਲੈਣ ਲਈ ਕਿਹਾ ਕਿ ਉਨ੍ਹਾਂ ਲਈ ਰਾਸ਼ਟਰੀ ਹਿਤ ਤੋਂ ਵਧ ਕੇ ਹੋਰ ਕੋਈ ਹਿਤ ਨਹੀਂ ਹੋਵੇਗਾ। ਦੇਸ਼ ਲਈ ਉਨ੍ਹਾਂ ਦੀ ਚਿੰਤਾ ਉਨ੍ਹਾਂ ਦੀਆਂ ਆਪਣੀਆਂ ਨਿਜੀ ਚਿੰਤਾਵਾਂ ਤੋਂ ਵੱਧ ਹੋਵੇਗੀ। ਉਨ੍ਹਾਂ ਲਈ ਦੇਸ਼ ਦੀ ਏਕਤਾ, ਅਖੰਡਤਾ ਤੋਂ ਵੱਧ ਅਹਿਮ ਹੋਰ ਕੁਝ ਨਹੀਂ ਹੋਵੇਗਾ। ਉਨ੍ਹਾਂ ਦੇ ਜੀਵਨ ਲਈ ਦੇਸ਼ ਦੇ ਸੰਵਿਧਾਨ ਦੇ ਮਾਣ–ਸਨਮਾਨ ਤੇ ਉਸ ਦੀ ਪਾਲਣਾ ਤੋਂ ਵਧ ਕੇ ਹੋਰ ਕੋਈ ਟੀਚਾ ਨਹੀਂ ਹੋਵੇਗਾ।
***
ਡੀਐੱਸ/ਏਕੇ
(Release ID: 1679709)
Visitor Counter : 336
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam