ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਗਡਕਰੀ ਨੇ ਨਾਗਾਲੈਂਡ ਵਿੱਚ ਇੱਕ ਵੱਡੇ ਐੱਨਐੱਚ ਪ੍ਰੋਜੈਕਟ ਦਾ ਉਦਘਾਟਨ ਕੀਤਾ ਅਤੇ ਤਕਰੀਬਨ 266 ਕਿਲੋਮੀਟਰ ਦੀ ਲੰਬਾਈ ਅਤੇ ਲਗਭਗ 4127 ਕਰੋੜ ਰੁਪਏ ਦੀ ਲਾਗਤ ਵਾਲੇ 14 ਹੋਰ ਰਾਸ਼ਟਰੀ ਰਾਜਮਾਰਗ (ਐੱਨਐੱਚ) ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
ਨਾਗਾਲੈਂਡ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ ਵਿਕਾਸ ਅਤੇ ਸੁਧਾਰ ਲਈ ਪਿਛਲੇ 6 ਸਾਲਾਂ ਵਿੱਚ 1063.41 ਕਿਲੋਮੀਟਰ ਦੀ ਕੁੱਲ ਲੰਬਾਈ ਅਤੇ 11,711 ਕਰੋੜ ਰੁਪਏ ਦੀ ਕੁੱਲ ਲਾਗਤ ਦੇ 55 ਕੰਮਾਂ ਦੀ ਪ੍ਰਵਾਨਗੀ ਦਿੱਤੀ ਗਈ: ਸ਼੍ਰੀ ਗਡਕਰੀ
Posted On:
04 DEC 2020 1:44PM by PIB Chandigarh
ਕੇਂਦਰੀ ਰੋਡ ਟਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਨਾਗਾਲੈਂਡ ਵਿੱਚ 15 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਵਰਚੁਅਲੀ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖੇ। ਇਸ ਮੌਕੇ ਮੁੱਖ ਮੰਤਰੀ ਸ਼੍ਰੀ ਨੇਫਿਊ ਰਿਓ, ਕੇਂਦਰੀ ਰਾਜ ਮੰਤਰੀ, ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ, ਜਨਰਲ (ਡਾ) ਵੀ ਕੇ ਸਿੰਘ, ਸੰਸਦ ਮੈਂਬਰ, ਵਿਧਾਇਕ, ਕੇਂਦਰ ਅਤੇ ਰਾਜ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। * ਇਨ੍ਹਾਂ ਐੱਨਐੱਚ ਪ੍ਰੋਜੈਕਟਾਂ ਦੀ ਲੰਬਾਈ ਤਕਰੀਬਨ 266 ਕਿਲੋਮੀਟਰ ਹੈ ਜਿਸ ‘ਤੇ ਲਗਭਗ 4127 ਕਰੋੜ ਰੁਪਏ ਦੀ ਲਾਗਤ ਆਏਗੀ। *
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਗਡਕਰੀ ਨੇ ਕਿਹਾ ਕਿ ਕੇਂਦਰ ਸਰਕਾਰ ਉੱਤਰ-ਪੂਰਬ ਅਤੇ ਨਾਗਾਲੈਂਡ ਦੇ ਵਿਕਾਸ ਲਈ ਪ੍ਰਤੀਬੱਧ ਹੈ ਅਤੇ ਦੱਸਿਆ ਕਿ ਪਿਛਲੇ 6 ਸਾਲਾਂ ਦੌਰਾਨ ਨਾਗਾਲੈਂਡ ਵਿੱਚ ਐੱਨਐੱਚ ਨੈੱਟਵਰਕ ਵਿੱਚ 667 ਕਿਲੋਮੀਟਰ ਜੋੜਿਆ ਗਿਆ ਹੈ, ਜਿਸ ਨਾਲ ਲਗਭਗ 76 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਰਾਜ ਵਿੱਚ ਐੱਨਐੱਚ ਨੈੱਟਵਰਕ ਨੂੰ 2014 ਵਿਚਲੇ 880.68 ਕਿਲੋਮੀਟਰ ਤੋਂ ਵਧਾ ਕੇ ਅੱਜ 1,547 ਕਿਲੋਮੀਟਰ ਤੱਕ ਵਧਾ ਦਿੱਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਨਾਗਾਲੈਂਡ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਨੂੰ ਹੁਣ ਕੁੱਝ ਨੂੰ ਛੱਡ ਕੇ, ਰਾਸ਼ਟਰੀ ਰਾਜਮਾਰਗਾਂ ਦੇ ਇੱਕ ਮਜਬੂਤ ਨੈੱਟਵਰਕ ਨਾਲ ਜੋੜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, ਐੱਨਐੱਚ ਨੈੱਟਵਰਕ ਦੀ ਘਣਤਾ ਹੁਣ ਕੌਮੀ ਔਸਤ 39.90 ਕਿਮੀ / 1000 ਵਰਗ ਕਿਲੋਮੀਟਰ ਦੇ ਮੁਕਾਬਲੇ 93.30 ਕਿਮੀ / 1000 ਵਰਗ ਕਿਲੋਮੀਟਰ ਹੈ। ਰਾਜ ਵਿੱਚ ਆਬਾਦੀ ਅਨੁਸਾਰ ਐੱਨਐੱਚ ਨੈੱਟਵਰਕ ਦੀ ਘਣਤਾ 77.73 ਕਿਲੋਮੀਟਰ / ਲੱਖ ਆਬਾਦੀ ਹੈ, ਜੋ ਕਿ ਰਾਸ਼ਟਰੀ ਔਸਤ 10.80 ਕਿਮੀ / ਲੱਖ ਆਬਾਦੀ ਹੈ।
ਸ਼੍ਰੀ ਗਡਕਰੀ ਨੇ ਅੱਗੇ ਦੱਸਿਆ ਕਿ ਪਿਛਲੇ 6 ਸਾਲਾਂ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ ਵਿਕਾਸ ਅਤੇ ਸੁਧਾਰ ਲਈ ਕੁਲ 1063.41 ਕਿਲੋਮੀਟਰ ਲੰਬਾਈ ਅਤੇ ਕੁੱਲ 11,711 ਕਰੋੜ ਰੁਪਏ ਦੀ ਲਾਗਤ ਦੇ 55 ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਵਿੱਚ ਤਕਰੀਬਨ 1,598 ਕਰੋੜ ਰੁਪਏ ਦੀ ਲਾਗਤ ਨਾਲ ਦੀਮਾਪੁਰ ਸ਼ਹਿਰ (ਨਾਗਾਲੈਂਡ ਦਾ ਸਭ ਤੋਂ ਵੱਡਾ ਸ਼ਹਿਰ) ਦੇ ਸੁਧਾਰ ਦੇ ਹਿੱਸੇ ਵਜੋਂ ਲਗਭਗ 48 ਕਿਲੋਮੀਟਰ ਦੇ 3 ਪ੍ਰੋਜੈਕਟ ਦੀਆਂ ਕੰਕਰੀਟ ਸੜਕਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ 7,955 ਕਰੋੜ ਰੁਪਏ ਦੀ ਲਾਗਤ ਦੇ 690 ਕਿਲੋਮੀਟਰ ਲੰਬਾਈ ਦੇ 16 ਕੰਮ ਚਲ ਰਹੇ ਹਨ। 966.75 ਕਰੋੜ ਰੁਪਏ ਦੀ ਲਾਗਤ ਵਾਲੇ 105 ਕਿਲੋਮੀਟਰ ਦੇ ਸੱਤ ਹੋਰ ਕੰਮ ਟੈਂਡਰਿੰਗ ਪੜਾਅ ਵਿੱਚ ਹਨ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ 2020-21 ਦੇ ਦੌਰਾਨ 2,127 ਕਰੋੜ ਰੁਪਏ ਦੀ ਲਾਗਤ ਵਾਲੇ 178 ਕਿਲੋਮੀਟਰ ਲੰਬਾਈ ਦੇ 11 ਕੰਮਾਂ ਨੂੰ ਵਧੀਆਂ ਲਾਗਤ ਹੱਦਾਂ ਨਾਲ ਮਨਜ਼ੂਰ ਕੀਤਾ ਜਾਣਾ ਹੈ। 6000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ 524 ਕਿਲੋਮੀਟਰ ਦੇ ਪੰਜ ਕੰਮ ਡੀਪੀਆਰ ਪੜਾਅ ਵਿੱਚ ਹਨ।
ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਸੀਆਰਐੱਫ ਤਹਿਤ 2002 ਤੋਂ ਹੁਣ ਤੱਕ ਕੁੱਲ ਮਨਜ਼ੂਰੀ 1,334.3 ਕਰੋੜ ਰੁਪਏ ਹੈ, ਜਿਸ ਵਿਚੋਂ 487.14 ਕਰੋੜ ਰੁਪਏ ਜਾਰੀ ਕੀਤੇ ਜਾ ਚੁਕੇ ਹਨ। ਉਨ੍ਹਾਂ ਐਲਾਨ ਕੀਤਾ ਕਿ ਨਾਗਾਲੈਂਡ ਲਈ ਜਲਦੀ ਹੀ 45 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਰਾਜ ਦਾ ਬੀਓਐੱਸ ਅਨੁਪਾਤ 11.5% ਹੈ, ਜੋ ਕਿ ਬਹੁਤ ਉੱਚਾ ਹੈ।
ਸ਼੍ਰੀ ਗਡਕਰੀ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਕੋਹਿਮਾ ਬਾਈਪਾਸ ਦੇ ਸਬੰਧ ਵਿੱਚ ਜ਼ਮੀਨੀ ਅਤੇ ਨੁਕਸਾਨ ਦੇ ਮੁਆਵਜ਼ੇ ਲਈ ਅਨੁਮਾਨ ਤੁਰੰਤ ਭੇਜਿਆ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਐੱਨਐੱਚਆਈਡੀਸੀਐੱਲ ਨੇ ਨਾਗਾਲੈਂਡ ਵਿੱਚ ਕੋਹਿਮਾ-ਮਾਓ ਸੜਕ ਨੂੰ ਦੋ- ਮਾਰਗੀ ਕਰਨ ਦਾ ਕੰਮ ਸ਼ੁਰੂ ਕੀਤਾ ਹੈ ਅਤੇ ਸਿਵਲ ਕੰਮ ਪਹਿਲਾਂ ਹੀ 30.09.2020 ਨੂੰ ਦਿੱਤਾ ਜਾ ਚੁੱਕਾ ਹੈ।
ਨਿਯੁਕਤੀ ਦੀ ਮਿਤੀ 20 ਅਕਤੂਬਰ, 2020 ਐਲਾਨੀ ਗਈ ਹੈ ਅਤੇ ਠੇਕੇਦਾਰ ਸਾਈਟ ‘ਤੇ ਲਾਮਬੰਦ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਨੁਕਸਾਨ ਦੇ ਮੁਆਵਜ਼ੇ ਲਈ ਅਨੁਮਾਨਾਂ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਇਸ ਨੂੰ ਤੇਜ਼ੀ ਨਾਲ ਕਰੇ ਤਾਂ ਜੋ ਸਿਵਲ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾ ਸਕੇ।
ਮੁੱਖ ਮੰਤਰੀ ਸ਼੍ਰੀ ਨੈਫਿਊ ਰਿਓ ਨੇ ਕੇਂਦਰੀ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਰਾਜ ਵਿੱਚ ਪਹਾੜੀ ਤਲਹਟੀ ਸੜਕਾਂ ਦੇ ਵਿਕਾਸ ‘ਤੇ ਵਿਚਾਰ ਕਰੇ। ਸ਼੍ਰੀ ਗਡਕਰੀ ਨੇ ਦੱਸਿਆ ਕਿ ਇਹ ਵਿਚਾਰ ਅਧੀਨ ਹੈ। ਮੁੱਖ ਮੰਤਰੀ ਨੇ ਦੀਮਾਪੁਰ-ਕੋਹਿਮਾ ਰੋਡ ਦਾ ਮੁੱਦਾ ਵੀ ਉਠਾਇਆ, ਜਿਸ ਨੂੰ ਨਾਗਾਲੈਂਡ ਦੀ ਜੀਵਨ-ਰੇਖਾ ਕਿਹਾ ਜਾਂਦਾ ਹੈ। ਸ਼੍ਰੀ ਗਡਕਰੀ ਨੇ ਜਵਾਬ ਦਿੱਤਾ ਕਿ ਕੰਮ ਜਾਰੀ ਹੈ, ਅਤੇ ਇਸ ਸੜਕ ਦਾ 70-80 ਪ੍ਰਤੀਸ਼ਤ ਕੰਮ ਪੂਰਾ ਹੋ ਗਿਆ ਹੈ।
ਐੱਨਐੱਚਆਈਡੀਸੀਐੱਲ ਨੇ ਪ੍ਰੋਜੈਕਟਾਂ ਨੂੰ ਟਰੈਕ 'ਤੇ ਲਿਆਉਣ ਅਤੇ ਕੰਮ ਦੀ ਪ੍ਰਗਤੀ ਨੂੰ ਤੇਜ਼ ਕਰਨ ਲਈ ਭਰਪੂਰ ਯਤਨ ਕੀਤੇ ਹਨ। ਜ਼ਮੀਨੀ ਤੌਰ 'ਤੇ ਕੰਮ ਦੀ ਪ੍ਰਗਤੀ ਨੂੰ ਤੇਜ਼ ਕਰਨ ਲਈ ਉੱਚ ਪੱਧਰ ‘ਤੇ ਨਿਯਮਿਤ ਮੀਟਿੰਗਾਂ ਕੀਤੀਆਂ ਗਈਆਂ ਹਨ। ਸ਼੍ਰੀ ਗਡਕਰੀ ਨੇ ਮੁੱਖ ਮੰਤਰੀ ਨੂੰ ਵੀ ਇਸ ਮੁੱਦੇ ਦੇ ਹੱਲ ਲਈ ਐੱਨਐੱਚ ਦੇ ਕੰਮਾਂ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ।
ਅੱਜ 26.25 ਕਿਲੋਮੀਟਰ ਕੋਹਿਮਾ - ਮਾਓ ਰੋਡ ਦੀ ਨੀਂਹ ਰੱਖੀ ਗਈ, ਜਿਸ ਦੇ ਬਾਰੇ ਵਿੱਚ ਬੋਲਦਿਆਂ ਸ਼੍ਰੀ ਗਡਕਰੀ ਨੇ ਦੱਸਿਆ ਕਿ ਇਹ ਹਿੱਸਾ ਮਿਆਂਮਾਰ ਨੂੰ ਜੋੜਨ ਵਾਲੇ ਏਸ਼ੀਅਨ ਹਾਈਵੇ (ਏਐੱਚ-1) ਦਾ ਵੀ ਇੱਕ ਮਹੱਤਵਪੂਰਨ ਹਿੱਸਾ ਹੈ ਕਿਉਂਕਿ ਇਸ ਨਾਲ ਕੋਹਿਮਾ ਸ਼ਹਿਰ ਦੇ ਮਣੀਪੁਰ ਸਰਹੱਦ ਨਾਲ ਸੰਪਰਕ ਵਿੱਚ ਬਹੁਤ ਸੁਧਾਰ ਹੋਏਗਾ। ਨਾਗਾਲੈਂਡ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਵੀ ਇਸਦਾ ਮਹੱਤਵ ਹੈ। ਬਿਹਤਰ ਸੜਕਾਂ ਨਾਲ ਵਿਭਿੰਨ ਸੰਸਾਧਨਾਂ ਜਿਵੇਂ ਕਿ ਬਾਂਸ ਆਦਿ ਤੋਂ ਲੈ ਕੇ ਉਦਯੋਗ ਅਤੇ ਵਪਾਰ ਅਤੇ ਸਥਾਨਕ ਉਤਪਾਦਾਂ ਦੀ ਮਾਰਕਿਟਿੰਗ ਦੇ ਵਾਧੇ ਵਿੱਚ ਸੁਧਾਰ ਕਰਨ ਵਿੱਚ ਸਹਾਇਤਾ ਮਿਲੇਗੀ।
ਐੱਮਓਐੱਸ-ਆਰਟੀਐੱਚ ਜਨਰਲ (ਡਾ) ਵੀ ਕੇ ਸਿੰਘ ਨੇ ਕਿਹਾ, ਨਾਗਾਲੈਂਡ ਇੱਕ ਖੂਬਸੂਰਤ ਜਗ੍ਹਾ ਹੈ, ਅਤੇ ਉਮੀਦ ਕੀਤੀ ਕਿ ਨਵੇਂ ਐੱਨਐੱਚ ਪ੍ਰੋਜੈਕਟਾਂ ਜ਼ਰੀਏ ਰਾਜ ਵਿੱਚ ਸੈਲਾਨੀਆਂ ਦੀ ਆਵਾਜਾਈ ਹੋਰ ਆਕਰਸ਼ਿਤ ਹੋਵੇਗੀ। ਉਨ੍ਹਾਂ ਦੱਸਿਆ ਕਿ 14 ਪ੍ਰੋਜੈਕਟਾਂ, ਜਿਨ੍ਹਾਂ ਦੀ ਅੱਜ ਨੀਂਹ ਰੱਖੀ ਗਈ ਹੈ, ਵਿਚੋਂ 11 ਦਾ ਕੰਮ ਐੱਨਐੱਚਆਈਡੀਸੀਐੱਲ ਅਤੇ 3 ਦਾ ਰਾਜ ਪੀਡਬਲਿਊਡੀ ਦੁਆਰਾ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਦੇ ਰੋਡ ਵਿੰਗ ਦੁਆਰਾ ਕੀਤਾ ਜਾਏਗਾ।
ਯੂਟਿਊਬ: https://youtu.be/Ig9MAINaInc
*********
ਆਰਸੀਜੇ / ਐੱਮਐੱਸ
(Release ID: 1678358)
Visitor Counter : 218