ਪ੍ਰਧਾਨ ਮੰਤਰੀ ਦਫਤਰ

15ਵਾਂ ਜੀ–20 ਆਗੂਆਂ ਦਾ ਸਿਖ਼ਰ ਸੰਮੇਲਨ

Posted On: 22 NOV 2020 11:26PM by PIB Chandigarh

 

1. ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 21–22 ਨਵੰਬਰ, 2020 ਨੂੰ ਸਊਦੀ ਅਰਬ ਦੁਆਰਾ ਸੱਦੇ ਗਏ 15ਵੇਂ ਜੀ–20 ਸਿਖ਼ਰ ਸੰਮੇਲਨ ਵਿੱਚ ਵਰਚੁਅਲ ਤਰੀਕੇ ਨਾਲ ਹਿੱਸਾ ਲਿਆ। ਜੀ–20 ਸਿਖ਼ਰ ਸੰਮੇਲਨ ਦੇ ਦੂਜੇ ਦਿਨ ਦਾ ਏਜੰਡਾ ‘ਇੱਕ ਸਮਾਵੇਸ਼ੀ, ਚਿਰ–ਸਥਾਈ ਤੇ ਮਜ਼ਬੂਤ ਭਵਿੱਖ ਦੀ ਉਸਾਰੀ’ ਵਿਸ਼ੇ ਬਾਰੇ ਇੱਕ ਸੈਸ਼ਨ ਅਤੇ ‘ਧਰਤੀ ਦੀ ਸੁਰੱਖਿਆ’ ਵਿਸ਼ੇ ਉੱਤੇ ਇੱਕ ਹੋਰ ਵੱਖਰੇ ਸਮਾਰੋਹ ਉੱਤੇ ਕੇਂਦ੍ਰਿਤ ਸੀ।

 

2. ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਕੋਵਿਡ ਤੋਂ ਬਾਅਦ ਦੇ ਵਿਸ਼ਵ ’ਚ ਸਮਾਵੇਸ਼ੀ, ਮਜ਼ਬੂਤ ਤੇ ਚਿਰ–ਸਥਾਈ ਬਹਾਲੀ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਸ਼ਵ ਪੱਧਰ ਉੱਤੇ ਪ੍ਰਭਾਵਸ਼ਾਲੀ ਸ਼ਾਸਨ ਅਤੇ ਚਰਿੱਤਰ ਵਿੱਚ ਸੁਧਰਿਆ ਹੋਇਆ ਬਹੁਪੱਖਵਾਦ, ਸ਼ਾਸਨ ਤੇ ਬਹੁਪੱਖੀ ਸੰਸਥਾਨ ਜ਼ਰੂਰੀ ਅਤੇ ਸਮੇਂ ਦੀ ਲੋੜ ਹਨ।

 

3. ਪ੍ਰਧਾਨ ਮੰਤਰੀ ਨੇ ‘ਕੋਈ ਵੀ ਪਿੱਛੇ ਨਾ ਰਹੇ’ ਦੇ ਉਦੇਸ਼ ਵਾਲੇ ‘ਚਿਰ–ਸਥਾਈ ਵਿਕਾਸ ਦੇ ਟੀਚਿਆਂ’ ਵਾਲੇ 2030 ਦੇ ਏਜੰਡੇ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਬਿਲਕੁਲ ਇਸੇ ਸਿਧਾਂਤ ਦੀ ਪਾਲਣਾ ਕਰਦਾ ਹੋਇਆ ‘ਰੀਫ਼ੌਰਮ–ਪਰਫ਼ਾਰਮ–ਟ੍ਰਾਂਸਫ਼ਾਰਮ’ (ਸੁਧਾਰ–ਕਾਰਗੁਜ਼ਾਰੀ–ਪਰਿਵਰਤਨ) ਦੀ ਰਣਨੀਤੀ ਨਾਲ ਅੱਗੇ ਵਧ ਰਿਹਾ ਹੈ ਅਤੇ ਸਮਾਵੇਸ਼ੀ ਵਿਕਾਸ ਯਤਨਾਂ ਵਿੱਚ ਸਾਰੇ ਸ਼ਾਮਲ ਹਨ।

 

4. ਕੋਵਿਡ–19 ਮਹਾਮਾਰੀ ਕਾਰਣ ਬਦਲੇ ਹਾਲਾਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੇ ‘ਆਤਮਨਿਰਭਰ ਭਾਰਤ’ ਪਹਿਲ ਨੂੰ ਅਪਣਾਇਆ ਹੈ। ਸਮਰੱਥਾ ਤੇ ਨਿਰਭਰਤਾ ਦੇ ਅਧਾਰ ਉੱਤੇ ਇਸ ਦੂਰ–ਦ੍ਰਿਸ਼ਟੀ ਉੱਤੇ ਚਲਦਿਆਂ ਭਾਰਤ ਸਮੁੱਚੇ ਵਿਸ਼ਵ ਦੀ ਅਰਥਵਿਵਸਥਾ ਤੇ ਵਿਸ਼ਵ ਸਪਲਾਈ–ਲੜੀਆਂ ਦਾ ਇੱਕ ਅਹਿਮ ਤੇ ਭਰੋਸੇਯੋਗ ਥੰਮ੍ਹ ਬਣੇਗਾ। ਵਿਸ਼ਵ ਪੱਧਰ ਉੱਤੇ ਵੀ ਭਾਰਤ ਨੇ ‘ਇੰਟਰਨੈਸ਼ਨਲ ਸੋਲਰ ਅਲਾਇੰਸ’ ਅਤੇ ‘ਕੁਲੀਸ਼ਨ ਫ਼ਾਰ ਡਿਜ਼ਾਸਟਰ ਰੀਜ਼ੀਲੀਅੰਟ ਇਨਫ਼੍ਰਾਸਟ੍ਰਕਚਰ’ ਜਿਹੇ ਸੰਸਥਾਨ ਕਾਇਮ ਕਰਨ ਦੀ ਪਹਿਲਕਦਮੀ ਕੀਤੀ ਹੈ।

 

5. ਸਿਖ਼ਰ ਸੰਮੇਲਨ ਦੇ ਚਲਦਿਆਂ ਆਯੋਜਿਤ ਇੱਕ ਹੋਰ ਸਮਾਰੋਹ ‘ਧਰਤੀ ਦੀ ਸੁਰੱਖਿਆ’ ਦੌਰਾਨ ਪ੍ਰਧਾਨ ਮੰਤਰੀ ਨੇ ਪਹਿਲਾਂ ਤੋਂ ਰਿਕਾਰਡ ਕੀਤੇ ਆਪਣੇ ਸੰਦੇਸ਼ ਵਿੱਚ ਜਲਵਾਯੂ ਪਰਿਵਰਤਨ ਨਾਲ ਇੱਕ ਸੰਗਠਤ, ਵਿਆਪਕ ਤੇ ਸਮੂਹਕ ਤਰੀਕੇ ਨਾਲ ਲੜਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਨਾ ਸਿਰਫ਼ ਪੈਰਿਸ ਸਮਝੌਤੇ ਦੇ ਟੀਚਿਆਂ ਦੀ ਪੂਰਤੀ ਕਰ ਰਿਹਾ ਹੈ, ਬਲਕਿ ਉਨ੍ਹਾਂ ਤੋਂ ਅਗਾਂਹ ਵੀ ਚਲਾ ਜਾਵੇਗਾ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਭਾਰਤ ਦੇ ਲੋਕਾਂ ਦੀ ਰਹਿਣੀ–ਬਹਿਣੀ ਰਵਾਇਤੀ ਤੌਰ ਉੱਤੇ ਵਾਤਾਵਰਣ ਤੋਂ ਪ੍ਰੇਰਿਤ ਰਹੀ ਹੈ ਤੇ ਇਸੇ ਲਈ ਦੇਸ਼ ਨੇ ਘੱਟ ਕਾਰਬਨ ਤੇ ਜਲਵਾਯੂ ਝੱਲਣ ਦੀ ਵਿਕਾਸ ਪਹੁੰਚ ਨੂੰ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਨੂੰ ਖ਼ੁਸ਼ਹਾਲ ਬਣਾਉਣ ਲਈ ਹਰੇਕ ਵਿਅਕਤੀ ਨੂੰ ਹਰ ਹਾਲਤ ’ਚ ਖ਼ੁਸ਼ਹਾਲ ਹੋਣਾ ਹੋਵੇਗਾ ਅਤੇ ਸਾਨੂੰ ਮਜ਼ਦੂਰਾਂ ਨੂੰ ਸਿਰਫ਼ ਉਤਪਾਦਨ ਦੇ ਕਿਸੇ ਸਾਧਨ ਵਜੋਂ ਹੀ ਨਹੀਂ ਵੇਖਣਾ ਚਾਹੀਦਾ। ਸਗੋਂ, ਇਸ ਦੀ ਥਾਂ ਸਾਨੂੰ ਹਰੇਕ ਕਰਮਚਾਰੀ ਦੇ ਮਨੁੱਖੀ ਸਵੈਮਾਣ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਪਹੁੰਚ ਸਾਡੀ ਧਰਤੀ ਦੀ ਸੁਰੱਖਿਆ ਲਈ ਸਰਬੋਤਮ ਗਰੰਟੀ ਹੋਵੇਗੀ।

 

6. ਪ੍ਰਧਾਨ ਮੰਤਰੀ ਨੇ ਇੱਕ ਸਫ਼ਲ ਰਿਆਧ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਲਈ ਸਊਦੀ ਅਰਬ ਦਾ ਸ਼ੁਕਰੀਆ ਅਦਾ ਕੀਤਾ ਅਤੇ ਇਟਲੀ ਦਾ ਸੁਆਗਤ ਕੀਤਾ ਕਿਉਂਕਿ ਉਹ 2021 ਲਈ ਜੀ20 ਦੀ ਪ੍ਰਧਾਨਗੀ ਸੰਭਾਲੇਗਾ। ਇਹ ਫ਼ੈਸਲਾ ਕੀਤਾ ਗਿਆ ਕਿ 2022 ’ਚ ਜੀ20 ਦੀ ਪ੍ਰਧਾਨਗੀ ਇੰਡੋਨੇਸ਼ੀਆ ਕੋਲ, 2023 ’ਚ ਭਾਰਤ ਅਤੇ 2024 ’ਚ ਬ੍ਰਾਜ਼ੀਲ ਕੋਲ ਰਹੇਗੀ।

 

7. ਇਸ ਸਿਖ਼ਰ ਸੰਮੇਲਨ ਦੇ ਅੰਤ ’ਚ ਜੀ20 ਆਗੂਆਂ ਦਾ ਐਲਾਨਨਾਮਾ ਜਾਰੀ ਕੀਤਾ ਗਿਆ, ਜਿਸ ਵਿੱਚ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਲੋਕਾਂ ਨੂੰ ਸਸ਼ੱਕਤ ਬਣਾ ਕੇ, ਧਰਤੀ ਨੂੰ ਸੁਰੱਖਿਅਤ ਰੱਖ ਕੇ ਅਤੇ ਨਵੇਂ ਮੋਰਚਿਆਂ ਨੂੰ ਲੋੜੀਂਦਾ ਆਕਾਰ ਦੇ ਕੇ ਸਭਨਾਂ ਵਾਸਤੇ 21ਵੀਂ ਸਦੀ ਦੇ ਮੌਕਿਆਂ ਦਾ ਲਾਭ ਲੈਣ ਲਈ ਸਮੁੱਚੇ ਵਿਸ਼ਵ ’ਚ ਤਾਲਮੇਲ ਨਾਲ ਕਾਰਵਾਈ ਕਰਨ, ਇੱਕਸੁਰਤਾ ਕਾਇਮ ਰੱਖਣ ਦਾ ਸੱਦਾ ਦਿੱਤਾ।

 

 

*****

 

ਡੀਐੱਸ/ਐੱਸਐੱਚ(Release ID: 1675011) Visitor Counter : 7