ਪ੍ਰਧਾਨ ਮੰਤਰੀ ਦਫਤਰ

15ਵਾਂ ਜੀ20 ਆਗੂਆਂ ਦਾ ਸਿਖ਼ਰ–ਸੰਮੇਲਨ

Posted On: 21 NOV 2020 10:35PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 21–22 ਨਵੰਬਰ, 2020 ਨੂੰ ਸਊਦੀ ਅਰਬ ਦੁਆਰਾ ਸੱਦੇ 15ਵੇਂ ਜੀ20 ਦੇਸ਼ਾਂ ਦੇ ਸਿਖ਼ਰ ਸੰਮੇਲਨ ਵਿੱਚ ਹਿੱਸਾ ਲਿਆ। ਕੋਵਿਡ–19 ਮਹਾਮਾਰੀ ਕਾਰਨ ਵਰਚੁਅਲ ਫ਼ਾਰਮੈਟ ਵਿੱਚ ਆਯੋਜਿਤ ਕੀਤੇ ਗਏ ਇਸ ਸਿਖ਼ਰ ਸੰਮੇਲਨ, ਜਿਸ ਵਿੱਚ 19 ਮੈਂਬਰ ਦੇਸ਼ਾਂ ਦੇ ਸਬੰਧਿਤ ਸਟੇਟ/ਸਰਕਾਰਾਂ, ਯੂਰੋਪੀਅਨ ਯੂਨੀਅਨ, ਸੱਦੇ ਗਏ ਹੋਰ ਦੇਸ਼ਾਂ, ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀਆਂ ਨੇ ਭਾਗ ਲਿਆ।

 

2. ਪ੍ਰਧਾਨ ਮੰਤਰੀ ਨੇ ਸਊਦੀ ਅਰਬ ਰਾਜ ਤੇ ਉਸ ਦੀ ਲੀਡਰਸ਼ਿਪ ਨੂੰ ਇਸ ਵਰ੍ਹੇ ਜੀ20 ਦੀ ਸਫ਼ਲ ਪ੍ਰਧਾਨਗੀ ਅਤੇ ਕੋਵਿਡ–19 ਮਹਾਮਾਰੀ ਕਾਰਨ ਦਰਪੇਸ਼ ਚੁਣੌਤੀਆਂ ਤੇ ਅੜਿੱਕਿਆਂ ਦੇ ਬਾਵਜੂਦ ਸਾਲ 2020 ਦੌਰਾਨ ਦੂਜੀ ਵਾਰ ਵਰਚੁਅਲ ਤਰੀਕੇ ਨਾਲ ਦੂਜਾ ਜੀ20 ਸਿਖ਼ਰ ਸੰਮੇਲਨ ਆਯੋਜਿਤ ਕਰਨ ਲਈ ਮੁਬਾਰਕਬਾਦ ਦਿੱਤੀ।

 

3. ਸਊਦੀ ਪ੍ਰਧਾਨਗੀ ਅਧੀਨ ਇਹ ਸਿਖ਼ਰ ਸੰਮੇਲਨ ‘21ਵੀਂ ਸਦੀ ਦੇ ਮੌਕੇ ਸਭ ਦੇ ਲਈ ਸਾਕਾਰ ਕਰਨਾ’ ਵਿਸ਼ੇ ਉੱਤੇ ਕੇਂਦ੍ਰਿਤ ਸੀ, ਜਿਸ ਨੇ ਕੋਵਿਡ–19 ਦੀ ਚਲ ਰਹੀ ਮਹਾਮਾਰੀ ਕਾਰਨ ਵੱਡੀ ਅਹਿਮੀਅਤ ਅਖ਼ਤਿਆਰ ਕਰ ਲਈ ਹੈ। ਇਹ ਸਿਖ਼ਰ ਸੰਮੇਲਨ ਦੋ ਦਿਨ ਚਲਣਾ ਹੈ ਤੇ ਇਸ ਦੇ ਦੋ ਸੈਸ਼ਨਾਂ ਦਾ ਏਜੰਡਾ – ਮਹਾਮਾਰੀ ਉੱਤੇ ਕਾਬੂ ਪਾਉਣ, ਮੁੜ ਆਰਥਿਕ ਪ੍ਰਗਤੀ ਲਿਆਉਣ ਤੇ ਨੌਕਰੀਆਂ ਬਹਾਲ ਕਰਨ ਅਤੇ ਇੱਕ ਸਮਾਵੇਸ਼ੀ, ਚਿਰ–ਸਥਾਈ ਅਤੇ ਮਜ਼ਬੂਤ ਭਵਿੱਖ ਉੱਤੇ ਕੇਂਦ੍ਰਿਤ ਹੈ। ਇਸ ਦੇ ਨਾਲ–ਨਾਲ ਹੀ ਦੋ ਦਿਨਾਂ ਵਾਸਤੇ ਹੋਰ ਸਮਾਰੋਹ ਵੀ ਯੋਜਨਾਬੱਧ ਕੀਤੇ ਗਏ ਹਨ, ਜੋ ਮਹਾਮਾਰੀ ਨਾਲ ਸਬੰਧਿਤ ਤਿਆਰੀ ਅਤੇ ਧਰਤੀ ਨੂੰ ਸੁਰੱਖਿਅਤ ਰੱਖਣ ਬਾਰੇ ਹਨ।

 

4. ਪ੍ਰਧਾਨ ਮੰਤਰੀ ਨੇ ਕੋਵਿਡ–19 ਮਹਾਮਾਰੀ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਅਹਿਮ ਡੂੰਘਾ ਮੋੜ ਅਤੇ ਵਿਸ਼ਵ ਦੀ ਸਭ ਤੋਂ ਵੱਡੀ ਚੁਣੌਤੀ ਕਰਾਰ ਦਿੱਤਾ। ਉਨ੍ਹਾਂ ਜੀ20 ਦੁਆਰਾ ਕੋਈ ਅਜਿਹੀ ਫ਼ੈਸਲਾਕੁੰਨ ਕਾਰਵਾਈ ਕਰਨ ਦਾ ਸੱਦਾ ਦਿੱਤਾ ਕਿ ਜੋ ਆਰਥਿਕ ਪ੍ਰਗਤੀ ਨੂੰ ਮੁੜ ਲੀਹ ਉੱਤੇ ਲਿਆਉਣ, ਨੌਕਰੀਆਂ ਤੇ ਵਪਾਰ ਤੱਕ ਹੀ ਸੀਮਤ ਨਾ ਹੋਵੇ, ਬਲਕਿ ਇਸ ਧਰਤੀ ਨੂੰ ਸੁਰੱਖਿਅਤ ਰੱਖਣ ਉੱਤੇ ਵੀ ਕੇਂਦ੍ਰਿਤ ਹੋਵੇ ਕਿਉਂਕਿ ਅਸੀਂ ਸਾਰੇ ਮਨੁੱਖਤਾ ਦੇ ਭਵਿੱਖ ਦੇ ਟ੍ਰੱਸਟੀਜ਼ ਹਾਂ।

 

5. ਪ੍ਰਧਾਨ ਮੰਤਰੀ ਨੇ ਕੋਰੋਨਾ ਤੋਂ ਬਾਅਦ ਦੇ ਵਿਸ਼ਵ ਲਈ ਇੱਕ ਨਵਾਂ ਵਿਸ਼ਵ ਸੂਚਕ–ਅੰਕ ਲਿਆਉਣ ਦਾ ਸੱਦਾ ਦਿੱਤਾ, ਜਿਸ ਵਿੱਚ ਇਹ ਚਾਰ ਮੁੱਖ ਤੱਤ ਹੋਣ – ਇੱਕ ਵਿਸ਼ਾਲ ਪ੍ਰਤਿਭਾ ਪੂਲ ਦੀ ਸਿਰਜਣਾ; ਸਮਾਜ ਦੇ ਸਾਰੇ ਵਰਗਾਂ ਤੱਕ ਟੈਕਨੋਲੋਜੀ ਦੀ ਪਹੁੰਚ ਯਕੀਨੀ ਬਣਾਉਣਾ; ਸ਼ਾਸਨ ਦੀਆਂ ਪ੍ਰਣਾਲੀਆਂ ਵਿੱਚ ਪਾਰਦਰਸ਼ਤਾ; ਅਤੇ ਧਰਤੀ ਮਾਂ ਨਾਲ ਸਬੰਧਿਤ ਮਾਮਲੇ ਟ੍ਰੱਸਟੀਸ਼ਿਪ ਦੀ ਭਾਵਨਾ ਨਾਲ ਹੱਲ ਕਰਨਾ। ਇਸ ਦੇ ਅਧਾਰ ਉੱਤੇ ਜੀ20 ਇੱਕ ਨਵੇਂ ਵਿਸ਼ਵ ਦੀ ਨੀਂਹ ਰੱਖ ਸਕਦਾ ਹੈ।

 

6. ਪ੍ਰਧਾਨ ਮੰਤਰੀ ਨੇ ਆਪਣੇ ਨੁਕਤੇ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਦੌਰਾਨ ਪੂੰਜੀ ਅਤੇ ਵਿੱਤ ਉੱਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ, ਪਰ ਹੁਣ ਇੱਕ ਵਿਸ਼ਾਲ ਮਨੁੱਖੀ ਪ੍ਰਤਿਭਾ ਪੂਲ ਕਾਇਮ ਕਰਨ ਲਈ ਬਹੁ–ਹੁਨਰ ਤੇ ਮੁੜ–ਹੁਨਰ ਹਾਸਲ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਨ ਦਾ ਵੇਲਾ ਆ ਗਿਆ ਹੈ। ਇਸ ਨਾਲ ਨਾ ਸਿਰਫ਼ ਨਾਗਰਿਕਾਂ ਦੇ ਸਵੈਮਾਣ ਵਿੱਚ ਵਾਧਾ ਹੋਵੇਗਾ, ਬਲਕਿ ਸਾਡੇ ਨਾਗਰਿਕ ਵੀ ਸੰਕਟਾਂ ਦਾ ਸਾਹਮਣਾ ਕਰਨ ਲਈ ਵਧੇਰੇ ਮਜ਼ਬੂਤ ਹੋ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਨਵੀਂ ਟੈਕਨੋਲੋਜੀ ਦੇ ਮੁੱਲਾਂਕਣ ਦਾ ਅਸਰ ਜੀਵਨ ਜਿਊਣਾ ਅਸਾਨ ਬਣਾਉਣ ਤੇ ਜੀਵਨ ਨੂੰ ਮਿਆਰੀ ਬਣਾਉਣ ਉੱਤੇ ਅਧਾਰਿਤ ਹੋਣਾ ਚਾਹੀਦਾ ਹੈ।

 

7. ਉਨ੍ਹਾਂ ਸ਼ਾਸਨ ਪ੍ਰਣਾਲੀਆਂ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਦਾ ਸੱਦਾ ਦਿੱਤਾ, ਜਿਸ ਨਾਲ ਸਾਡੇ ਨਾਗਰਿਕ ਸਾਂਝੀਆਂ ਚੁਣੌਤੀਆਂ ਨਾਲ ਨਿਪਟਣ ਅਤੇ ਆਪਣੇ ਆਤਮ–ਵਿਸ਼ਵਾਸ ਵਿੱਚ ਵਾਧਾ ਕਰਨ ਲਈ ਪ੍ਰੇਰਿਤ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜਲਵਾਯੂ ਤੇ ਕੁਦਰਤ ਨਾਲ ਸਬੰਧਿਤ ਮਾਮਲੇ ਮਾਲਕਾਂ ਵਜੋਂ ਨਹੀਂ, ਬਲਕਿ ਟ੍ਰੱਸਟੀਜ਼ ਵਜੋਂ ਨਿਬੇੜਨ ਨਾਲ ਅਸੀਂ ਇੱਕ ਸਮੂਹਕ ਤੇ ਤੰਦਰੁਸਤ ਜੀਵਨ–ਸ਼ੈਲੀ ਕਾਇਮ ਕਰਨ ਵਾਸਤੇ ਪ੍ਰੇਰਿਤ ਹੋਵਾਂਗੇ, ਜੋ ਇੱਕ ਅਜਿਹਾ ਸਿਧਾਂਤ ਹੈ, ਜਿਸ ਦਾ ਮਾਪਦੰਡ ‘ਪ੍ਰਤੀ ਵਿਅਕਤੀ ਕਾਰਬਨ–ਨਿਕਾਸੀ’ ਤੈਅ ਕਰਨਾ ਹੋ ਸਕਦਾ ਹੈ।

 

8. ਪ੍ਰਧਾਨ ਮੰਤਰੀ ਨੇ ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ ‘ਕਿਤੇ ਰਹਿ ਕੇ ਵੀ ਕੰਮ ਕਰਨ’ ਨੂੰ ਇੱਕ ਨਵਾਂ ਆਮ ਜੀਵਨ ਦੱਸਦਿਆਂ ਅਗਲੇਰੀ ਕਾਰਵਾਈ ਵਜੋਂ ਇੱਕ ਜੀ20 ਵਰਚੁਅਲ ਸਕੱਤਰੇਤ ਦਸਤਾਵੇਜ਼ਾਂ ਦਾ ਭੰਡਾਰ ਕਾਇਮ ਕਰਨ ਦਾ ਸੁਝਾਅ ਵੀ ਦਿੱਤਾ।

 

9. ਜੀ20 ਦੇਸ਼ਾਂ ਦਾ 15ਵਾਂ ਸਿਖ਼ਰ ਸੰਮੇਲਨ 22 ਨਵੰਬਰ, 2020 ਨੂੰ ਵੀ ਜਾਰੀ ਰਹੇਗਾ ਤੇ ਅੰਤ ਵਿੱਚ ਆਗੂਆਂ ਦਾ ਐਲਾਨਨਾਮਾ ਅਪਣਾਇਆ ਜਾਵੇਗਾ ਅਤੇ ਫਿਰ ਸਊਦੀ ਅਰਬ ਇਸ ਦੀ ਪ੍ਰਧਾਨਗੀ ਇਟਲੀ ਨੂੰ ਸੌਂਪ ਦੇਵੇਗਾ।

 

***

 

ਏਐੱਮ



(Release ID: 1674836) Visitor Counter : 173