ਰਾਸ਼ਟਰਪਤੀ ਸਕੱਤਰੇਤ
ਸਮਾਵੇਸ਼, ਵਿਭਿੰਨਤਾ ਅਤੇ ਉੱਤਮਤਾ ਦੇ ਸੁਮੇਲ ਦੀ ਪ੍ਰਤੀਨਿਧਤਾ ਕਰਦੀ ਹੈ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) : ਰਾਸ਼ਟਰਪਤੀ ਕੋਵਿੰਦ
ਰਾਸ਼ਟਰਪਤੀ ਨੇ ਇੱਕ ਵੀਡਿਓ ਸੰਦੇਸ਼ ਜ਼ਰੀਏ ਜੇਐੱਨਯੂ ਦੀ ਚੌਥੀ ਸਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ
Posted On:
18 NOV 2020 4:15PM by PIB Chandigarh
ਭਾਰਤ ਦੇ ਸਾਰੇ ਹਿੱਸਿਆਂ ਤੋਂ ਅਤੇ ਸਮਾਜ ਦੇ ਸਾਰੇ ਵਰਗਾਂ ਤੋਂ ਆਉਣ ਵਾਲੇ ਵਿਦਿਆਰਥੀ ਉੱਤਤਮਾ ਲਈ ਸਮਾਨ ਅਵਸਰ ਦੇ ਮਾਹੌਲ ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿੱਚ ਅਧਿਐਨ ਕਰਦੇ ਹਨ। ਅਲੱਗ ਤਰ੍ਹਾਂ ਦੇ ਕਰੀਅਰ ਦੇ ਇਛੁੱਕ ਵਿਦਿਆਰਥੀ ਜੇਐੱਨਯੂ ਵਿੱਚ ਇਕੱਠੇ ਆਉਂਦੇ ਹਨ। ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਇੱਕ ਵੀਡਿਓ ਸੰਦੇਸ਼ ਜ਼ਰੀਏ ਅੱਜ (18 ਨਵੰਬਰ, 2020) ਜੇਐੱਨਯੂ ਦੀ ਚੌਥੀ ਕਨਵੋਕੇਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਯੂਨੀਵਰਸਿਟੀ ਸਮਾਵੇਸ਼, ਵਿਭਿੰਨਤਾ ਅਤੇ ਉੱਤਮਤਾ ਦੇ ਸੁਮੇਲ ਦੀ ਪ੍ਰਤੀਨਿਧਤਾ ਕਰਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਜੇਐੱਨਯੂ ਵਿੱਚ ਭਾਰਤੀ ਸੰਸਕ੍ਰਿਤੀ ਦੇ ਸਾਰੇ ਰੰਗ ਦਿਖਾਈ ਦਿੰਦੇ ਹਨ। ਯੂਨੀਵਰਸਿਟੀ ਕੈਂਪਸ ਵਿੱਚ ਸਥਿਤ ਇਮਾਰਤਾਂ, ਹੋਸਟਲਾਂ, ਸੜਕਾਂ ਅਤੇ ਸੰਸਥਾਨਾਂ ਦੇ ਨਾਮ ਭਾਰਤੀ ਵਿਰਾਸਤ ਤੋਂ ਲਏ ਗਏ ਹਨ। ਇਹ ਭਾਰਤ ਦੀ ਸੱਭਿਆਚਾਰਕ ਅਤੇ ਭੂਗੋਲਿਕ ਤਸਵੀਰ ਦੀ ਪ੍ਰਤੀਨਿਧਤਾ ਕਰਦੀ ਹੈ। ਇਹ ਭਾਰਤੀਅਤਾ ਜੇਐੱਨਯੂ ਦੀ ਵਿਰਾਸਤ ਹੈ ਅਤੇ ਇਸ ਨੂੰ ਮਜ਼ਬੂਤ ਕਰਨਾ ਇਸ ਦਾ ਕਰਤੱਵ ਹੈ।
ਉਨ੍ਹਾਂ ਨੇ ਕਿਹਾ ਕਿ ਜੇਐੱਨਯੂ ਦੀ ਉੱਤਮ ਫੈਕਲਟੀ ਖੁੱਲ੍ਹੀ ਬਹਿਸ ਅਤੇ ਵਿਚਾਰਾਂ ਦਾ ਸਨਮਾਨ ਕਰਨ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਦੀ ਰਹੀ ਹੈ। ਵਿਦਿਆਰਥੀਆਂ ਨੂੰ ਸਿੱਖਣ ਦੀ ਪ੍ਰਕਿਰਿਆ ਵਿੱਚ ਭਾਗੀਦਾਰ ਮੰਨਿਆ ਜਾਂਦਾ ਹੈ ਅਤੇ ਉੱਚ ਸਿੱਖਿਆ ਵਿੱਚ ਅਜਿਹਾ ਹੋਣਾ ਹੀ ਚਾਹੀਦਾ ਹੈ। ਯੂਨੀਵਰਸਿਨੀ ਜੀਵੰਤ ਚਰਚਾਵਾਂ ਲਈ ਜਾਣੀ ਜਾਂਦੀ ਹੈ ਜੋ ਕਲਾਸਾਂ ਦੇ ਬਾਹਰ, ਕੈਫੇਟੇਰੀਆ ਅਤੇ ਢਾਬਿਆਂ ਵਿੱਚ ਹਰ ਸਮੇਂ ਹੁੰਦੀ ਰਹਿੰਦੀ ਹੈ।
ਰਾਸ਼ਟਰਪਤੀ ਨੇ ਪ੍ਰਾਚੀਨ ਭਾਰਤ ਦੇ ਅਧਿਆਪਨ ਅਤੇ ਖੋਜ ਦੇ ਗੌਰਵਸ਼ਾਲੀ ਅਤੀਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅਸੀਂ ਤਕਸ਼ਿਲਾ, ਨਾਲੰਦਾ, ਵਿਕਰਮਸ਼ਿਲਾ ਅਤੇ ਵੱਲਭੀ ਯੂਨੀਵਰਸਿਟੀਆਂ ਤੋਂ ਪ੍ਰੇਰਣਾ ਲੈ ਸਕਦੇ ਹਾਂ ਜਿਨ੍ਹਾਂ ਨੇ ਅਧਿਆਪਨ ਅਤੇ ਖੋਜ ਦੇ ਉੱਚ ਪੱਧਰ ਨਿਰਧਾਰਿਤ ਕੀਤੇ ਸਨ। ਵਿਸ਼ੇਸ਼ ਗਿਆਨ ਪ੍ਰਾਪਤ ਕਰਨ ਲਈ ਦੁਨੀਆ ਭਰ ਦੇ ਵਿਦਵਾਨ ਅਤੇ ਵਿਦਿਆਰਥੀ ਇਨ੍ਹਾਂ ਕੇਂਦਰਾਂ ਵਿੱਚ ਆਏ। ਉਸ ਪ੍ਰਾਚੀਨ ਪ੍ਰਣਾਲੀ ਵਿੱਚ ਆਧੁਨਿਕਤਾ ਦੇ ਕਈ ਤੱਤ ਸਨ ਅਤੇ ਉਸ ਨੇ ਚਰਕ, ਆਰੀਆਭੱਟ, ਚਾਣਕਿਆ, ਪਾਣਿਨੀ, ਪਤੰਜਲੀ, ਗਾਰਗੀ, ਮੈਤਰੇਯੀ ਅਤੇ ਥਿਰੂਵਲੁਵਰ ਜਿਹੇ ਮਹਾਨ ਵਿਦਵਾਨਾਂ ਨੂੰ ਜਨਮ ਦਿੱਤਾ। ਉਨ੍ਹਾਂ ਨੇ ਮੈਡੀਕਲ, ਵਿਗਿਆਨ, ਗਣਿਤ, ਖਗੋਲ ਵਿਗਿਆਨ, ਵਿਆਕਰਨ ਅਤੇ ਸਮਾਜਿਕ ਵਿਕਾਸ ਵਿੱਚ ਅਮੁੱਲ ਯੋਗਦਾਨ ਦਿੱਤਾ। ਦੁਨੀਆ ਦੇ ਹੋਰ ਹਿੱਸਿਆਂ ਦੇ ਲੋਕਾਂ ਨੇ ਭਾਰਤੀ ਵਿਦਵਾਨਾਂ ਦੇ ਕਾਰਜਾਂ ਦਾ ਅਨੁਵਾਦ ਕੀਤਾ ਅਤੇ ਗਿਆਨ ਦੇ ਹੋਰ ਵਿਕਾਸ ਲਈ ਉਨ੍ਹਾਂ ਦੀਆ ਸਿੱਖਿਆਵਾਂ ਦੀ ਵਰਤੋਂ ਕੀਤੀ। ਅੱਜ ਦੇ ਭਾਰਤੀ ਵਿਦਵਾਨਾਂ ਨੂੰ ਇਸ ਤਰ੍ਹਾਂ ਦੇ ਮੂਲ ਗਿਆਨ ਦੀ ਸਿਰਜਣਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਦੀ ਵਰਤੋਂ ਸਮਕਾਲੀ ਆਲਮੀ ਚੁਣੌਤੀਆਂ ਨਾਲ ਨਜਿੱਠਣ ਲਈ ਕੀਤੀ ਜਾਵੇ। ਜੇਐੱਨਯੂ ਉੱਚ ਸਿੱਖਿਆ ਦੇ ਉਨ੍ਹਾਂ ਚੋਣਵੇਂ ਸੰਸਥਾਨਾਂ ਵਿੱਚੋਂ ਇੱਕ ਹੈ ਜੋ ਆਲਮੀ ਰੂਪ ਨਾਲ ਤੁਲਨਾਤਮਕ ਉੱਤਮਤਾ ਤੱਕ ਪਹੁੰਚ ਸਕਦੇ ਹਨ।
ਰਾਸ਼ਟਰਪਤੀ ਨੇ ਕੋਵਿਡ-19 ਮਹਾਮਾਰੀ ਦੀ ਚਰਚਾ ਕਰਦੇ ਕਿਹਾ ਕਿ ਅੱਜ ਦੁਨੀਆ ਇਸ ਮਹਾਮਾਰੀ ਕਾਰਨ ਸੰਕਟ ਦੀ ਸਥਿਤੀ ਵਿੱਚ ਹੈ। ਮਹਾਮਾਰੀ ਦੇ ਮੌਜੂਦਾ ਦ੍ਰਿਸ਼ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020 ਦੱਸਦੀ ਹੈ ਕਿ ਉੱਚ ਸਿੱਖਿਆ ਸੰਸਥਾਨਾਂ ਲਈ ਸੰਕ੍ਰਮਣ ਰੋਗਾਂ, ਮਹਾਮਾਰੀ ਵਿਗਿਆਨ, ਵਾਇਰੋਲੋਜੀ, ਡਾਇਗਨੌਸਟਿਕਸ, ਇੰਸਟਰੂਮੈਂਟੇਸ਼ਨ, ਵੈਕਸੀਨੋਲੋਜੀ ਅਤੇ ਹੋਰ ਪ੍ਰਾਸੰਗਿਕ ਖੇਤਰਾਂ ਵਿੱਚ ਖੋਜ ਕਰਨ ਦਾ ਬੀੜਾ ਚੁੱਕਣਾ ਮਹੱਤਵਪੂਰਨ ਹੈ। ਸਬੰਧਿਤ ਸਮਾਜਿਕ ਮੁੱਦਿਆਂ ਦਾ ਵੀ ਅਧਿਐਨ ਕਰਨ ਦੀ ਜ਼ਰੂਰਤ ਹੈ, ਵਿਸ਼ੇਸ਼ ਕਰਕੇ ਬਹੁ-ਅਨੁਸ਼ਾਸਨੀ ਦ੍ਰਿਸ਼ਟੀਕੋਣ ਨਾਲ ਅਜਿਹਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕੋਸ਼ਿਸ਼ ਵਿੱਚ ਜੇਐੱਨਯੂ ਵਰਗੀਆਂ ਯੂਨੀਵਰਸਿਟੀਆਂ ਨੂੰ ਵਿਸ਼ੇਸ਼ ਸਹਾਇਤਾ ਤੰਤਰ ਵਿਕਸਿਤ ਕਰਨ ਅਤੇ ਵਿਦਿਆਰਥੀ ਸਮੁਦਾਇਆਂ ਵਿਚਕਾਰ ਇਨੋਵੇਸ਼ਵਨ ਨੂੰ ਪ੍ਰੋਤਸਾਹਨ ਦੇਣ ਲਈ ਸਭ ਤੋਂ ਅੱਗੇ ਹੋਣਾ ਚਾਹੀਦਾ ਹੈ।
ਰਾਸ਼ਟਰਪਤੀ ਦਾ ਪੂਰਾ ਭਾਸ਼ਣ ਸੁਣਨ ਲਈ ਇੱਥੇ ਕਲਿੱਕ ਕਰੋ
***
ਡੀਐੱਸ/ਏਕੇਪੀ
(Release ID: 1673869)
Visitor Counter : 181