ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜੈਨ ਆਚਾਰੀਆ ਸ਼੍ਰੀ ਵਿਜੈ ਵੱਲਭ ਸੁਰੀਸ਼ਵਰ ਜੀ ਮਹਾਰਾਜ ਦੀ 151ਵੀਂ ਜਯੰਤੀ ਦੇ ਅਵਸਰ ‘ਤੇ ਸ਼ਾਂਤੀ ਦੀ ਪ੍ਰਤਿਮਾ (ਸਟੈਚੂ ਆਵ੍ ਪੀਸ ) ਤੋਂ ਪਰਦਾ ਉਠਾਇਆ

ਅਧਿਆਤਮਕ ਆਗੂਆਂ ਨੂੰ ਵੋਕਲ ਫਾਰ ਲੋਕਲ ਦਾ ਸਮਰਥਨ ਕਰਕੇ ਆਤਮਨਿਰਭਰ ਭਾਰਤ ਅਭਿਯਾਨ ਨੂੰ ਪ੍ਰੋਤਸਾਹਿਤ ਕਰਨ ਦੀ ਬੇਨਤੀ ਕੀਤੀ

Posted On: 16 NOV 2020 1:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਜੈਨ ਆਚਾਰੀਆ ਸ਼੍ਰੀ ਵਿਜੈ ਵੱਲਭ ਸੁਰੀਸ਼ਵਰ ਜੀ ਮਹਾਰਾਜ ਦੀ 151ਵੀਂ ਜਯੰਤੀ ਦੇ ਸਬੰਧ ਵਿੱਚ ਸ਼ਾਂਤੀ ਦੀ ਪ੍ਰਤਿਮਾ (ਸਟੈਚੂ ਆਵ੍ ਪੀਸ ) ਤੋਂ ਪਰਦਾ ਉਠਾਇਆ। ਜੈਨ ਆਚਾਰੀਆ ਦੇ ਸਨਮਾਨ ਵਿੱਚ ਬਣਾਈ ਗਈ ਇਸ ਪ੍ਰਤਿਮਾ ਨੂੰ ਸ਼ਾਂਤੀ ਦੀ ਪ੍ਰਤਿਮਾ (ਸਟੈਚੂ ਆਵ੍ ਪੀਸ ) ਦਾ ਨਾਮ ਦਿੱਤਾ ਗਿਆ ਹੈ। ਅਸ਼ਟਧਾਤੂ ਨਾਲ ਬਣਾਈ ਗਈ 151 ਇੰਚ ਉੱਚੀ ਇਹ ਪ੍ਰਤਿਮਾ ਅੱਠ ਧਾਤਾਂ ਨਾਲ ਬਣਾਈ ਗਈ ਹੈ ਜਿਸ ਵਿੱਚ ਤਾਂਬਾ ਮੁੱਖ ਧਾਤੂ ਹੈ। ਇਹ ਪ੍ਰਤਿਮਾ ਰਾਜਸਥਾਨ ਦੇ ਪਾਲੀ ਵਿੱਚ ਜੇਤਪੁਰਾ ਵਿੱਚ ਵਿਜੈ ਵੱਲਭ ਸਾਧਨਾ ਕੇਂਦਰ ਵਿੱਚ ਸਥਾਪਿਤ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਨੇ ਜੈਨ ਆਚਾਰੀਆ ਦੇ ਇਲਾਵਾ ਸਮਾਗਮ ਵਿੱਚ ਮੌਜੂਦ ਸਾਰੇ ਅਧਿਆਤਮਕ ਆਗੂਆਂ ਪ੍ਰਤੀ ਸਨਮਾਨ ਪ੍ਰਦਰਸ਼ਿਤ ਕੀਤਾ। ਉਨ੍ਹਾਂ ਨੇ ਇਸ ਅਵਸਰ ਤੇ ਸਰਦਾਰ ਪਟੇਲ ਅਤੇ ਜੈਨ ਆਚਾਰੀਆ ਵਿਜੈ ਵੱਲਭ ਸੁਰੀਸ਼ਵਰ ਜੀ ਮਹਾਰਾਜ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਸਰਦਾਰ ਪਟੇਲ ਨੂੰ ਵਿਸ਼ਵ ਦੀ ਸਭ ਤੋਂ ਉੱਚੀ ਪ੍ਰਤਿਮਾ ਸਟੈਚੂ ਆਵ੍ ਯੂਨਿਟੀ ਸਮਰਪਿਤ ਕਰਨ ਦੇ ਬਾਅਦ ਹੁਣ ਜੈਨ ਆਚਾਰੀਆ ਦੇ ਨਾਮ ਤੇ ਸ਼ਾਂਤੀ ਦੀ ਪ੍ਰਤਿਮਾ (ਸਟੈਚੂ ਆਵ੍ ਪੀਸ ) ਤੋਂ ਪਰਦਾ ਉਠਾਉਣ ਦਾ ਅਵਸਰ ਪ੍ਰਾਪਤ ਕਰ ਕੇ ਖੁਦ ਨੂੰ ਮਾਣਮੱਤਾ ਮਹਿਸੂਸ ਕਰ ਰਹੇ ਹਨ।

ਵੋਕਲ ਫਾਰ ਲੋਕਲ ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਸੁਤੰਤਰਤਾ ਅੰਦੋਲਨ ਦੌਰਾਨ ਹੋਇਆ ਸੀ, ਉਸੇ ਤਰ੍ਹਾਂ ਨਾਲ ਇਸ ਸਮੇਂ ਵੀ ਸਾਰੇ ਅਧਿਆਤਮਕ ਆਗੂਆਂ ਨੂੰ ਆਤਮਨਿਰਭਰ ਭਾਰਤ ਦੇ ਲਾਭਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦੀਵਾਲੀ ਦੇ ਅਵਸਰ ਤੇ ਜਿਸ ਤਰ੍ਹਾਂ ਨਾਲ ਦੇਸ਼ ਨੇ ਸਵਦੇਸ਼ੀ ਵਸਤਾਂ ਦੇ ਪ੍ਰਤੀ ਆਪਣਾ ਸਮਰਥਨ ਵਿਅਕਤ ਕੀਤਾ ਹੈ, ਉਹ ਕਾਫ਼ੀ ਉਤਸ਼ਾਹਜਨਕ ਅਨੁਭਵ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਦੁਨੀਆ ਨੂੰ ਹਮੇਸ਼ਾ ਸ਼ਾਂਤੀ, ਅਹਿੰਸਾ ਅਤੇ ਭਾਈਚਾਰੇ ਦਾ ਮਾਰਗ ਦਿਖਾਇਆ ਹੈ। ਅੱਜ ਪੂਰਾ ਵਿਸ਼ਵ ਫਿਰ ਤੋਂ ਅਜਿਹੇ ਪਥ ਪ੍ਰਦਰਸ਼ਨ ਦੇ ਲਈ ਭਾਰਤ ਵੱਲ ਦੇਖ ਰਿਹਾ ਹੈ। ਅਗਰ ਅਸੀਂ ਇਤਿਹਾਸ ਨੂੰ ਦੇਖੀਏ ਤਾਂ ਦੇਖਾਂਗੇ ਕਿ ਜਦੋਂ ਕਦੇ ਜ਼ਰੂਰਤ ਹੋਈ ਸਮਾਜ ਨੂੰ ਰਸਤਾ ਦਿਖਾਉਣ ਲਈ ਕਿਸੇ ਨਾ ਕਿਸੇ ਸੰਤ ਦਾ ਉਦੈ ਹੋਇਆ। ਆਚਾਰੀਆ ਵਿਜੈ ਵੱਲਭ ਇਨ੍ਹਾਂ ਮਹਾਪੁਰਖਾਂ ਵਿੱਚੋਂ ਇੱਕ ਸਨ। ਜੈਨ ਆਚਾਰੀਆ ਦੁਆਰਾ ਸਥਾਪਿਤ ਸਿੱਖਿਆ ਸੰਸਥਾਵਾਂ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਸਿੱਖਿਆ ਦੇ ਖੇਤਰ ਵਿੱਚ ਦੇਸ਼ ਨੂੰ ਆਤਮਨਿਰਭਰ ਬਣਾਉਣ ਦੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜੈਨ ਆਚਾਰੀਆ ਨੇ ਪੰਜਾਬ, ਗੁਜਰਾਤ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਭਾਰਤੀ ਕਦਰਾਂ-ਕੀਮਤਾਂ ਨਾਲ ਇਨ੍ਹਾਂ ਸੰਸਥਾਵਾਂ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਨੇ ਦੇਸ਼ ਨੂੰ ਇੱਕ ਤੋਂ ਇੱਕ ਉਦਯੋਗਪਤੀ, ਜੱਜ, ਡਾਕਟਰ ਅਤੇ ਇੰਜੀਨੀਅਰ ਦਿੱਤੇ ਹਨ ਜਿਨ੍ਹਾਂ ਨੇ ਰਾਸ਼ਟਰ ਪ੍ਰਤੀ ਆਪਣੀਆਂ ਵੱਡੀਆਂ ਸੇਵਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਨੇ ਮਹਿਲਾਵਾਂ ਦੀ ਸਿੱਖਿਆ ਦੇ ਖੇਤਰ ਵਿੱਚ ਵੀ ਵੱਡਾ ਯੋਗਦਾਨ ਦਿੱਤਾ ਹੈ। ਇਨ੍ਹਾਂ ਸੰਸਥਾਵਾਂ ਨੇ ਮੁਸ਼ਕਿਲ ਵਕਤ ਵਿੱਚ ਵੀ ਮਹਿਲਾਵਾਂ ਦੀ ਸਿੱਖਿਆ ਦੀ ਅਲਖ ਨੂੰ ਜਗਾਈ ਰੱਖਿਆ। ਉਨ੍ਹਾਂ ਨੇ ਕਿਹਾ ਕਿ ਜੈਨ ਆਚਾਰੀਆ ਨੇ ਬਾਲੜੀਆਂ ਲਈ ਵੀ ਕਈ ਸਿੱਖਿਆ ਸੰਸਥਾਵਾਂ ਖੋਲ੍ਹੀਆਂ ਅਤੇ ਮਹਿਲਾਵਾਂ ਨੂੰ ਮੁੱਖ ਧਾਰਾ ਨਾਲ ਜੋੜਨ ਦਾ ਯਤਨ ਕੀਤਾ। ਉਨ੍ਹਾਂ ਨੇ ਕਿਹਾ ਕਿ ਆਚਾਰੀਆ ਵਿਜੈ ਵੱਲਭ ਜੀ ਦੇ ਹਿਰਦੇ ਵਿੱਚ ਸਾਰੇ ਜੀਵਾਂ ਲਈ ਦਇਆ, ਸਹਿਣਸ਼ੀਲਤਾ ਅਤੇ ਪ੍ਰੇਮ ਦੀ ਭਾਵਨਾ ਸੀ। ਉਨ੍ਹਾਂ ਦੇ ਅਸ਼ੀਰਵਾਦ ਨਾਲ ਹੀ ਅੱਜ ਦੇਸ਼ ਭਰ ਵਿੱਚ ਪੰਛੀਆਂ ਦੇ ਹਸਪਤਾਲ ਅਤੇ ਗਊਸ਼ਾਲਾਵਾਂ ਚਲ ਰਹੀਆਂ ਹਨ। ਇਹ ਆਮ ਸੰਸਥਾਵਾਂ ਨਹੀਂ ਹਨ। ਇਹ ਸੰਸਥਾਵਾਂ ਭਾਰਤੀ ਕਦਰਾਂ-ਕੀਮਤਾਂ ਅਤੇ ਭਾਵਨਾਵਾਂ ਦੀ ਸਹੀ ਪ੍ਰਤੀਨਿਧਤਾ ਕਰਦੀਆਂ ਹਨ।

***

ਡੀਐੱਸ/ਏਕੇ


(Release ID: 1673245) Visitor Counter : 230