ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਈਆਈਟੀ ਦਿੱਲੀ ਦੀ 51ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ

ਗ੍ਰੈਜੂਏਟਸ ਨੂੰ ਕਿਹਾ ਕਿ ਉਹ ਦੇਸ਼ ਦੀਆਂ ਜ਼ਰੂਰਤਾਂ ਪਛਾਣਨ ਤੇ ਅਸਲ ’ਚ ਹੋਈਆਂ ਤਬਦੀਲੀਆਂ ਨਾਲ ਜੁੜਨ

ਭਾਰਤ ਆਪਣੇ ਨੌਜਵਾਨਾਂ ਨੂੰ ‘ਕਾਰੋਬਾਰ ਕਰਨ ’ਚ ਸੌਖ’ ਮੁਹੱਈਆ ਕਰਵਾਉਣ ਲਈ ਪ੍ਰਤੀਬੱਧ ਹੈ, ਤਾਂ ਜੋ ਉਹ ਦੇਸ਼ਵਾਸੀਆਂ ਦਾ ‘ਜੀਵਨ ਬਤੀਤ ਕਰਨਾ’ ਸੌਖਾ ਬਣਾਉਣ ’ਤੇ ਧਿਆਨ ਕੇਂਦ੍ਰਿਤ ਕਰ ਸਕਣ: ਪ੍ਰਧਾਨ ਮੰਤਰੀ

ਆਈਆਈਟੀ ਦੇ ਗ੍ਰੈਜੂਏਟਸ ਨੂੰ ਦਿੱਤਾ ਗੁਣਵੱਤਾ, ਗਿਣਤਾਤਮਕਤਾ, ਭਰੋਸੇਯੋਗਤਾ, ਅਨੁਕੂਲਣਸ਼ੀਲਤਾ ਦਾ ਮੰਤਰ

Posted On: 07 NOV 2020 2:19PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਈਆਈਟੀ ਦੇ ਤਾਜ਼ਾ ਗ੍ਰੈਜੂਏਟਸ ਨੂੰ ਕਿਹਾ ਹੈ ਕਿ ਉਹ ਦੇਸ਼ ਦੀਆਂ ਜ਼ਰੂਰਤਾਂ ਪਛਾਣਨ ਤੇ ਅਸਲ ਚ ਹੋਈਆਂ ਤਬਦੀਲੀਆਂ ਨਾਲ ਜੁੜਨ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਆਤਮਨਿਰਭਰ ਭਾਰਤਦੇ ਸੰਦਰਭ ਵਿੱਚ ਆਮ ਲੋਕਾਂ ਦੀਆਂ ਖ਼ਾਹਿਸ਼ਾਂ ਦੀ ਸ਼ਨਾਖ਼ਤ ਕਰਨ। ਪ੍ਰਧਾਨ ਮੰਤਰੀ ਅੱਜ ਇੱਥੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਆਈਆਈਟੀ ਦਿੱਲੀ ਦੇ 51ਵੇਂ ਸਲਾਨਾ ਕਨਵੋਕੇਸ਼ਨ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ।

 

ਆਈਆਈਟੀ ਦੇ 2,000 ਤਾਜ਼ਾ ਗ੍ਰੈਜੂਏਟਸ ਨੂੰ ਉਨ੍ਹਾਂ ਦੇ ਇਸ ਕਨਵੋਕੇਸ਼ਨ ਸਮਾਰੋਹ ਦੀਆਂ ਵਧਾਈਆਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮਨਿਰਭਰਅਭਿਯਾਨ ਇੱਕ ਅਜਿਹਾ ਮਿਸ਼ਨ ਹੈ, ਜੋ ਦੇਸ਼ ਦੇ ਨੌਜਵਾਨਾਂ, ਟੈਕਨੋਕ੍ਰੈਟਸ ਤੇ ਤਕਨੀਕੀ ਉੱਦਮੀ ਆਗੂਆਂ ਨੂੰ ਮੌਕੇ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਟੈਕਨੋਕ੍ਰੈਟਸ ਦੇ ਵਿਚਾਰਾਂ ਤੇ ਨਵਾਚਾਰ ਨੂੰ ਲਾਗੂ ਕਰਨ, ਉਨ੍ਹਾਂ ਨੂੰ ਅੱਗੇ ਵਧਾਉਣ ਤੇ ਉਨ੍ਹਾਂ ਦੀ ਮਾਰਕਿਟਿੰਗ ਲਈ ਢੁਕਵਾਂ ਮਾਹੌਲ ਤਿਆਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਜੋਕਾ ਭਾਰਤ ਆਪਣੇ ਨੌਜਵਾਨਾਂ ਨੂੰ ਕਾਰੋਬਾਰ ਕਰਨ ਦੀ ਸੌਖਮੁਹੱਈਆ ਕਰਵਾਉਣ ਲਈ ਪ੍ਰਤੀਬੱਧ ਹੈ, ਤਾਂ ਜੋ ਉਹ ਆਪਣੀ ਇਨੋਵੇਸ਼ਨ ਰਾਹੀਂ ਕਰੋੜਾਂ ਦੇਸ਼ਵਾਸੀਆਂ ਦੇ ਜੀਵਨਾਂ ਵਿੱਚ ਤਬਦੀਲੀਆਂ ਲਿਆ ਸਕਣ। ਸ਼੍ਰੀ ਮੋਦੀ ਨੇ ਕਿਹਾ,‘ਦੇਸ਼ ਤੁਹਾਨੂੰ ਕਾਰੋਬਾਰ ਕਰਨ ਵਿੱਚ ਸੌਖਦੇਵੇਗਾ, ਤੁਸੀਂ ਸਿਰਫ਼ ਦੇਸ਼ ਦੇ ਲੋਕਾਂ ਦੇ ਜੀਵਨ ਆਸਾਨਬਣਾਉਣ ਲਈ ਕੰਮ ਕਰੋ।ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਲਗਭਗ ਹਰੇਕ ਖੇਤਰ ਵਿੱਚ ਕੀਤੇ ਗਏ ਵੱਡੇ ਸੁਧਾਰਾਂ ਪਿਛਲੀ ਵਿਚਾਰਪ੍ਰਕਿਰਿਆ ਇਹੋ ਹੈ। ਉਨ੍ਹਾਂ ਅਜਿਹੇ ਖੇਤਰਾਂ ਦੀ ਸੂਚੀ ਗਿਣਵਾਈ, ਜਿੱਥੇ ਸੁਧਾਰਾਂ ਕਾਰਨ ਪਹਿਲੀ ਵਾਰ ਇਨੋਵੇਸ਼ਨ (ਨਵਾਚਾਰ) ਅਤੇ ਨਵੇਂ ਸਟਾਰਟਅੱਪਸ ਲਈ ਮੌਕੇ ਪੈਦਾ ਕੀਤੇ ਗਏ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੱਛੇ ਜਿਹੇ ਹੋਰ ਸੇਵਾ ਪ੍ਰਦਾਤਾ’ (OSP – ਅਦਰ ਸਰਵਿਸ ਪ੍ਰੋਵਾਈਡਰ) ਦਿਸ਼ਾਨਿਰਦੇਸ਼ਾਂ ਨੂੰ ਸਰਲ ਬਣਾ ਦਿੱਤਾ ਗਿਆ ਹੈ ਅਤੇ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ; ਜਿਸ ਨਾਲ ਬੀਪੀਓ ਉਦਯੋਗਾਂ ਲਈ ਕਾਨੂੰਨ ਦੀ ਪਾਲਣਾ ਦਾ ਬੋਝਘਟ ਜਾਵੇਗਾ। ਉਨ੍ਹਾਂ ਕਿਹਾ ਕਿ ਬੀਪੀਓ ਉਦਯੋਗ ਨੂੰ ਵੀ ਬੈਂਕ ਗਰੰਟੀ ਜਿਹੀਆਂ ਵਿਭਿੰਨ ਆਵਸ਼ਕਤਾਵਾਂ ਦੀ ਪੂਰਤੀ ਕਰਨ ਤੋਂ ਛੋਟ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਰਕ ਫ਼੍ਰੌਮ ਹੋਮ’ (ਘਰ ਤੋਂ ਕੰਮ ਕਰਨ) ਜਾਂ ਵਰਕ ਫ਼੍ਰੌਮ ਐਨੀਵੇਅਰ’ (ਕਿਤੇ ਬੈਠ ਕੇ ਵੀ ਕੰਮ ਕਰਨ) ਜਿਹੀਆਂ ਸੁਵਿਧਾਵਾਂ ਤੋਂ ਟੈੱਕ ਉਦਯੋਗ ਨੂੰ ਰੋਕਣ ਵਾਲੀਆਂ ਸਾਰੀਆਂ ਵਿਵਸਥਾਵਾਂ ਵੀ ਹਟਾ ਦਿੱਤੀਆਂ ਗਈਆਂ ਹਨ। ਇਸ ਨਾਲ ਦੇਸ਼ ਦਾ ਸੂਚਨਾ ਟੈਕਨੋਲੋਜੀ (ਆਈਟੀ) ਖੇਤਰ ਸਮੁੱਚੇ ਵਿਸ਼ਵ ਚ ਪ੍ਰਤੀਯੋਗੀ ਬਣ ਜਾਵੇਗਾ ਤੇ ਨੌਜਵਾਨ ਪ੍ਰਤਿਭਾ ਨੂੰ ਵਧੇਰੇ ਮੌਕੇ ਮੁਹੱਈਆ ਹੋਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਅਜਿਹੇ ਦੇਸ਼ਾਂ ਵਿੱਚ ਸ਼ਾਮਲ ਹੈ, ਜਿੱਥੇ ਕਾਰਪੋਰੇਟ ਟੈਕਸ ਸਭ ਤੋਂ ਘੱਟ ਹੈ। ਸਟਾਰਟਅੱਪ ਮੁਹਿੰਮ ਸ਼ੁਰੂ ਹੋਣ ਦੇ ਬਾਅਦ ਤੋਂ ਭਾਰਤ ਵਿੱਚ 50 ਹਜ਼ਾਰ ਤੋਂ ਵੀ ਵੱਧ ਸਟਾਰਟਅੱਪਸ (ਨਵੀਆਂ ਛੋਟੀਆਂ ਕੰਪਨੀਆਂ) ਸ਼ੁਰੂ ਹੋਈਆਂ ਹਨ। ਉਨ੍ਹਾਂ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਨਾਲ ਸਬੰਧਿਤ ਸਰਕਾਰ ਦੇ ਯਤਨਾਂ ਸਦਕਾ ਸਾਹਮਣੇ ਆਉਣ ਵਾਲੇ ਨਤੀਜਿਆਂ ਦੀ ਸੂਚੀ ਗਿਣਵਾਈ; ਜਿਵੇਂ ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ਵਿੱਚ ਪੇਟੈਂਟਸ ਦੀ ਗਿਣਤੀ ਵਿੱਚ 4–ਗੁਣਾ ਵਾਧਾ ਦਰਜ ਹੋਇਆ ਹੈ, ਟਰੇਡਮਾਰਕ ਰਜਿਸਟ੍ਰੇਸ਼ਨਾਂ ਵਿੱਚ 5–ਗੁਣਾ ਵਾਧਾ ਦਰਜ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ 20 ਤੋਂ ਵੱਧ ਭਾਰਤੀ ਯੂਨੀਕੌਰਨਜ਼ ਸਥਾਪਿਤ ਹੋਈਆਂ ਹਨ ਅਤੇ ਅਗਲੇ ਇੱਕ ਜਾਂ ਦੋ ਸਾਲਾਂ ਵਿੱਚ ਇਸ ਗਿਣਤੀ ਵਿੱਚ ਹੋਰ ਵਾਧਾ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅੱਜ ਸਟਾਰਟਅੱਪਸ ਨੂੰ ਇਨਕਿਊਬੇਸ਼ਨ ਤੋਂ ਲੈ ਕੇ ਫ਼ੰਡਿੰਗ ਤੱਕ ਦੀ ਮਦਦ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਟਾਰਅੱਪਸ ਦੀ ਫ਼ੰਡੰਗ ਲਈ 10 ਹਜਾਰ ਕਰੋੜ ਰੁਪਏ ਦੀ ਰਕਮ ਨਾਲ ਫ਼ੰਡ ਆਵ੍ ਫ਼ੰਡਸਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 3 ਸਾਲਾਂ ਦੇ ਸਮੇਂ ਲਈ ਸਟਾਰਟਅੱਪਸ ਨੂੰ ਟੈਕਸ ਵਿੱਚ ਛੋਟ, ਸਵੈਪ੍ਰਮਾਣਿਕਤਾ ਤੇ ਛੇਤੀ ਛੱਡ ਕੇ ਜਾਣ ਜਿਹੀਆਂ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨਅਧੀਨ 1 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਦੀ ਯੋਜਨਾ ਉਲੀਕੀ ਗਈ ਹੈ। ਇਸ ਨਾਲ ਸਮੁੱਚੇ ਦੇਸ਼ ਵਿੱਚ ਅਤਿਆਧੁਨਿਕ ਬੁਨਿਆਦੀ ਢਾਂਚੇ ਦੀ ਸਥਾਪਨਾ ਹੋਵੇਗੀ, ਜਿਸ ਨਾਲ ਵਰਤਮਾਨ ਤੇ ਭਵਿੱਖ ਦੋਵਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਹਰੇਕ ਖੇਤਰ ਵਿੱਚ ਵੱਧ ਤੋਂ ਵੱਧ ਸੰਭਾਵਨਾ ਨੂੰ ਸਾਕਾਰ ਕਰਨ ਲਈ ਨਵੇਂ ਤਰੀਕਿਆਂ ਨਾਲ ਕੰਮ ਕਰ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਆਪਣੇ ਕਾਰਜਸਥਾਨ ਲਈ ਚਾਰ ਮੰਤਰ ਦਿੱਤੇ:

 

1.        ਗੁਣਵੱਤਾ ਉੱਤੇ ਫ਼ੋਕਸ; ਕਦੇ ਸਮਝੌਤਾ ਨਾ ਕਰੋ।

 

2.        ਗਿਣਾਤਮਕਤਾ ਯਕੀਨੀ ਬਣਾਓ; ਆਪਣੇ ਨਵਾਚਾਰਕ ਕੰਮ ਵੱਡੇ ਪੱਧਰ ਉੱਤੇ ਤਿਆਰ ਕਰੋ।

 

3.        ਭਰੋਸੇਯੋਗਤਾ ਯਕੀਨੀ ਬਣਾਓ; ਬਾਜ਼ਾਰ ਵਿੱਚ ਲੰਮੇ ਸਮੇਂ ਲਈ ਭਰੋਸਾ ਬਣਾਓ।

 

4.        ਅਨੁਕੂਲਣਸ਼ੀਲਤਾ ਲਿਆਓ; ਹਰ ਤਰ੍ਹਾਂ ਦੀ ਤਬਦੀਲੀ ਲਈ ਤਿਆਰ ਰਹੋ ਅਤੇ ਅਨਿਸ਼ਚਤਤਾ ਦੀ ਸੰਭਾਵਨਾ ਨੂੰ ਜੀਵਨਮਾਰਗ ਬਣਾਓ।

 

ਉਨ੍ਹਾਂ ਕਿਹਾ ਕਿ ਇਨ੍ਹਾਂ ਬੁਨਿਆਦੀ ਮੰਤਰਾਂ ਉੱਤੇ ਕੰਮ ਕਰਨ ਨਾਲ ਜਿੱਥੇ ਹਰੇਕ ਦੀ ਵੱਖਰੀ ਸ਼ਨਾਖ਼ਤ ਬਣੇਗੀ, ਉੱਥੇ ਬ੍ਰਾਂਡ ਇੰਡੀਆ ਵੀ ਵਿਕਸਤ ਹੋਵੇਗਾ ਕਿਉਂਕਿ ਵਿਦਿਆਰਥੀ ਹੀ ਭਾਰਤ ਦੇ ਸਭ ਤੋਂ ਵੱਡੇ ਬ੍ਰਾਂਡਅੰਬੈਸਡਰ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਕੰਮ ਨਾਲ ਦੇਸ਼ ਦੇ ਉਤਪਾਦ ਨੂੰ ਵਿਸ਼ਵ ਪੱਧਰ ਉੱਤੇ ਮਾਨਤਾ ਮਿਲੇਗੀ ਅਤੇ ਦੇਸ਼ ਦੇ ਯਤਨਾਂ ਦੀ ਰਫ਼ਤਾਰ ਵਿੱਚ ਤੇਜ਼ੀ ਆਵੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦਾ ਵਿਸ਼ਵ ਬਹੁਤ ਵੱਖਰੀ ਕਿਸਮ ਦਾ ਹੋਣ ਜਾ ਰਿਹਾ ਹੈ ਤੇ ਇਸ ਵਿੱਚ ਟੈਕਨੋਲੋਜੀ ਸਭ ਤੋਂ ਵੱਡੀ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਵਰਚੁਅਲ ਰੀਐਲਿਟੀਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਪਰ ਹੁਣ ਵਰਚੁਅਲ ਰੀਐਲਿਟੀਅਤੇ ਔਗਮੈਂਟਿਡ (ਵਿਸਤਾਰਿਤ) ਰੀਐਲਿਟੀਹੀ ਵਰਕਿੰਗ ਰੀਐਲਿਟੀਬਣ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਮੌਜੂਦਾ ਬੈਚ ਨੂੰ ਸਭ ਤੋਂ ਪਹਿਲਾਂ ਕੰਮਕਾਜ ਵਾਲੀ ਥਾਂ ਉੱਤੇ ਉੱਭਰ ਰਹੇ ਨਵੇਂ ਨਿਯਮਾਂ ਨੂੰ ਸਿੱਖਣ ਤੇ ਉਨ੍ਹਾਂ ਮੁਤਾਬਕ ਢਲਣ ਦਾ ਫ਼ਾਇਦਾ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਇਨ੍ਹਾਂ ਨਿਯਮਾਂ ਉੱਤੇ ਚਲਣ। ਉਨ੍ਹਾਂ ਕਿਹਾ ਕਿ ਕੋਵਿਡ–19 ਨੇ ਇਹ ਸਿਖਾ ਦਿੱਤਾ ਹੈ ਕਿ ਆਤਮਨਿਰਭਰਤਾ ਵੀ ਸੰਸਾਰੀਕਰਣ ਜਿੰਨੀ ਹੀ ਅਹਿਮ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਹਾਲ ਹੀ ਵਿੱਚ ਇਹ ਦਰਸਾ ਦਿੱਤਾ ਹੈ ਕਿ ਪ੍ਰਸ਼ਾਸਨ ਦੇ ਗ਼ਰੀਬ ਤੋਂ ਗ਼ਰੀਬ ਲੋਕਾਂ ਤੱਕ ਪੁੱਜਣ ਲਈ ਟੈਕਨੋਲੋਜੀ ਹੀ ਸਭ ਤੋਂ ਵੱਧ ਤਾਕਤਵਰ ਸਾਧਨ ਹੋ ਸਕਦੀ ਹੈ। ਉਨ੍ਹਾਂ ਨੇ ਸਰਕਾਰ ਦੀਆਂ ਅਜਿਹੀਆਂ ਯੋਜਨਾਵਾਂ ਦੀ ਸੂਚੀ ਗਿਣਵਾਈ ਜੋ ਟੈਕਨੋਲੋਜੀ ਦੀ ਮਦਦ ਨਾਲ ਗ਼ਰੀਬ ਤੋਂ ਗ਼ਰੀਬ ਵਿਅਕਤੀ ਤੱਕ ਪੁੱਜੀਆਂ ਹਨ; ਜਿਵੇਂ ਪਖਾਨਿਆਂ ਦਾ ਨਿਰਮਾਣ, ਗੈਸ ਕਨੈਕਸ਼ਨ ਆਦਿ। ਉਨ੍ਹਾਂ ਕਿਹਾ ਕਿ ਸੇਵਾਵਾਂ ਦੀ ਡਿਜੀਟਲ ਡਿਲਿਵਰੀ ਵਿੱਚ ਦੇਸ਼ ਤੇਜ਼ੀ ਨਾਲ ਪੁਲਾਂਘਾਂ ਪੁੱਟ ਰਿਹਾ ਹੈ ਅਤੇ ਆਮ ਨਾਗਰਿਕਾਂ ਦੇ ਜੀਵਨ ਸੁਖਾਲੇ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟੈਕਨੋਲੋਜੀ ਨੇ ਹਰੇਕ ਸਰਕਾਰੀ ਸੇਵਾ ਨੂੰ ਦੇਸ਼ ਦੇ ਆਖ਼ਰੀ ਕੋਣੇ ਤੱਕ ਕਾਰਜਕੁਸ਼ਲਤਾ ਨਾਲ ਪਹੁੰਚਾਉਣਾ ਸੰਭਵ ਬਣਾਇਆ ਹੈ ਅਤੇ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਘਟਾਈ ਹੈ। ਡਿਜੀਟਲ ਲੈਣਦੇਣ ਦੇ ਮਾਮਲੇ ਵਿੱਚ ਵੀ ਭਾਰਤ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਤੋਂ ਅੱਗੇ ਹੈ ਅਤੇ ਵਿਕਾਸਸ਼ੀਲ ਦੇਸ਼ ਵੀ ਯੂਪੀਆਈ ਜਿਹੇ ਭਾਰਤੀ ਪਲੈਟਫ਼ਾਰਮਾਂ ਨੂੰ ਅਪਨਾਉਣਾ ਚਾਹੁੰਦੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਸਵਾਮੀਤਵ ਯੋਜਨਾਵਿੱਚ ਟੈਕਨੋਲੋਜੀ ਇੱਕ ਵੱਡੀ ਭੂਮਿਕਾ ਨਿਭਾ ਰਹੀ ਹੈ। ਇਸ ਅਧੀਨ, ਪਹਿਲੀ ਵਾਰ ਰਿਹਾਇਸ਼ੀ ਤੇ ਜ਼ਮੀਨੀ ਸੰਪਤੀਆਂ ਦੇ ਨਕਸ਼ੇ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਕੰਮ ਮੇਨੁਏਲ ਤਰੀਕੇ ਨਾਲ ਕੀਤਾ ਜਾਂਦਾ ਸੀ ਤੇ ਜਿਸ ਕਾਰਨ ਸ਼ੰਕੇ ਤੇ ਖ਼ਦਸ਼ੇ ਸੁਭਾਵਕ ਹੀ ਪੈਦਾ ਹੋ ਜਾਂਦੇ ਸਨ। ਅੱਜ, ਡ੍ਰੋਨ ਟੈਕਨੋਲੋਜੀ ਦੀ ਵਰਤੋਂ ਕਰਦਿਆਂ, ਇਹ ਮੈਪਿੰਗ ਕੀਤੀ ਜਾ ਰਹੀ ਹੈ ਤੇ ਪਿੰਡਾਂ ਦੇ ਵਾਸੀ ਇਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਇਸ ਤੋਂ ਪਤਾ ਲਗਦਾ ਹੈ ਕਿ ਭਾਰਤ ਦੇ ਆਮ ਨਾਗਰਿਕਾਂ ਨੂੰ ਟੈਕਨੋਲੋਜੀ ਵਿੱਚ ਕਿੰਨਾ ਜ਼ਿਆਦਾ ਭਰੋਸਾ ਹੈ। ਉਨ੍ਹਾਂ ਅਜਿਹੀਆਂ ਚੁਣੌਤੀਆਂ ਗਿਣਵਾਈਆਂ ਜਿਨ੍ਹਾਂ ਦੇ ਹੱਲ ਟੈਕਨੋਲੋਜੀ ਦੇ ਸਕਦੀ ਹੈ ਜਿਵੇਂ ਤਬਾਹੀ ਤੋਂ ਬਾਅਦ ਦੇ ਪ੍ਰਬੰਧਨ, ਧਰਤੀ ਹੇਠਲੇ ਪਾਣੀ ਦਾ ਪੱਧਰ ਬਰਕਰਾਰ ਰੱਖਣਾ, ਟੈਲੀਮੈਡੀਸਨ ਦੀ ਟੈਕਨੋਲੋਜੀ ਅਤੇ ਰਿਮੋਟ ਸਰਜਰੀ, ਬਿੱਗ ਡਾਟਾ ਐਨਾਲਾਇਸਿਸ ਆਦਿ।

 

ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਬੇਮਿਸਾਲ ਯੋਗਤਾਵਾਂ ਦੀ ਸ਼ਲਾਘਾ ਕੀਤੀ ਕਿਉਂਕਿ ਉਨ੍ਹਾਂ ਨੇ ਇੰਨੀ ਨਿੱਕੀ ਉਮਰੇ ਹੀ ਇੰਨੀਆਂ ਔਖੀਆਂ ਪਰੀਖਿਆਵਾਂ ਵਿੱਚੋਂ ਇੱਕ ਪਾਸ ਕਰ ਲਈ ਹੈ। ਨਾਲ ਹੀ ਉਨ੍ਹਾਂ ਨੇ ਉਨ੍ਹਾਂ ਨੂੰ ਇਹ ਨਸੀਹਤ ਵੀ ਕੀਤੀ ਕਿ ਉਹ ਆਪਣੀ ਯੋਗਤਾ ਨੂੰ ਹੋਰ ਵਧਾਉਣ ਲਈ ਲਚਕਦਾਰ ਤੇ ਸਨਿਮਰ ਬਣਨ। ਲਚਕਦਾਰ ਹੋਣ ਤੋਂ ਉਨ੍ਹਾਂ ਦਾ ਇਹ ਮਤਲਬ ਨਹੀਂ ਸੀ ਕਿ ਕੋਈ ਕਿਸੇ ਵੇਲੇ ਆਪਣੀ ਸ਼ਨਾਖ਼ਤ ਹੀ ਤਿਆਗ ਦੇਵੇ, ਸਗੋਂ ਉਹ ਅਜਿਹੇ ਹੋਣ ਕਿ ਉਨ੍ਹਾਂ ਨੂੰ ਕਿਸੇ ਵੀ ਟੀਮ ਵਿੱਚ ਫ਼ਿੱਟ ਬੈਠਣ ਵਿੱਚ ਕਦੇ ਕੋਈ ਝਿਜਕ ਨਾ ਹੋਵੇ। ਸਨਿਮਰਤਾ ਤੋਂ ਉਨ੍ਹਾਂ ਦਾ ਮਤਲਬ ਸੀ ਕਿ ਕੋਈ ਆਪਣੀ ਸਫ਼ਲਤਾ ਅਤੇ ਪ੍ਰਾਪਤੀਆਂ ਉੱਤੇ ਮਾਣ ਕਰਦਿਆਂ ਹੰਕਾਰ ਨਾ ਕਰੇ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਕਨਵੋਕੇਸ਼ਨ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਮਾਰਗਦਰਸ਼ਕਾਂ ਤੇ ਅਧਿਆਪਕ ਵਰਗ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਆਈਆਈਟੀ ਦਿੱਲੀ ਨੂੰ ਉਸ ਦੇ ਡਾਇਮੰਡ ਜੁਬਲੀ ਜਸ਼ਨਾਂ ਲਈ ਵੀ ਸ਼ੁਭਕਾਮਨਾ ਦਿੱਤੀ ਤੇ ਉਨ੍ਹਾਂ ਨੂੰ ਇਸ ਦਹਾਕੇ ਲਈ ਸੰਸਥਾਨ ਦੀ ਦੂਰਦ੍ਰਿਸ਼ਟੀ ਮੁਤਾਬਕ ਟੀਚਿਆਂ ਦੀ ਪ੍ਰਾਪਤੀ ਲਈ ਸ਼ੁਭਕਾਮਨਾਵਾਂ ਦਿੱਤਾਂ।

 

****

 

ਡੀਐੱਸ/ਏਕੇ



(Release ID: 1670969) Visitor Counter : 209