ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਐੱਲਐੱਨਜੀ ਦੇ ਲਾਭਾਂ ਬਾਰੇ ਉਪਭੋਗਤਾਵਾਂ ਨੂੰ ਜਾਗਰੂਕ ਕਰਨ ਲਈ ਇੱਕ ਮੁਹਿੰਮ ਸ਼ੁਰੂ ਕਰਨ ਦਾ ਸੱਦਾ ਦਿੱਤਾ

Posted On: 06 NOV 2020 2:24PM by PIB Chandigarh

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਤਰਲ ਕੁਦਰਤੀ ਗੈਸ (ਐੱਲਐੱਨਜੀ) ਸੈਕਟਰ ਦੇ ਵਿਭਿੰਨ ਹਿਤਧਾਰਕਾਂ ਨੂੰ ਇਸ ਈਂਧਣ ਦੇ ਫਾਇਦਿਆਂ ਬਾਰੇ ਲੋਕਾਂ ਉਪਭੋਗਤਾਵਾਂ ਨੂੰ ਜਾਗਰੂਕ ਕਰਨ ਲਈ ਇੱਕ ਮੁਹਿੰਮ ਸ਼ੁਰੂ ਕਰਨ ਦਾ ਸੱਦਾ ਦਿੱਤਾ। ਅੱਜ ਇੱਥੇ “ਟਰਾਂਸਪੋਰਟ ਈਂਧਣ ਦੇ ਰੂਪ ਵਿੱਚ ਐੱਲਐੱਨਜੀ” ਉੱਤੇ ਇੱਕ ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਐੱਲਐੱਨਜੀ ਭਵਿੱਖ ਦਾ ਇੱਕ ਈਂਧਣ ਹੈ, ਅਤੇ ਇਸ ਦੇ ਹੋਰ ਈਂਧਣਾਂ ਦੇ ਮੁਕਾਬਲੇ ਲਾਗਤ ਖਰਚਿਆਂ ਵਿੱਚ ਬਚਤ ਅਤੇ ਹੋਰ ਫਾਇਦੇ ਜ਼ੋਰਦਾਰ ਅਤੇ ਖ਼ਾਸ ਢੰਗ ਨਾਲ ਦੱਸੇ ਜਾਣੇ ਚਾਹੀਦੇ ਹਨ।  ਉਨ੍ਹਾਂ ਕਿਹਾ ਕਿ ਜੇ ਸੰਦੇਸ਼ ਸਹੀ ਢੰਗ ਨਾਲ ਪਹੁੰਚਾਇਆ ਜਾ ਸਕੇ ਤਾਂ ਐੱਲਐੱਨਜੀ ਦੀ ਘੱਟ ਕੀਮਤ ਹੋਣ ਕਰਕੇ ਇਹ ਥੋਕ ਅਤੇ ਵੱਡੇ ਖਪਤਕਾਰਾਂ ਨੂੰ ਆਕਰਸ਼ਤ ਕਰੇਗੀ।

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਐੱਲਐੱਨਜੀ ਭਰਪੂਰ ਮਾਤਰਾ ਵਿੱਚ ਉਪਲਬਧ ਹੈ ਅਤੇ ਸਰਕਾਰ ਇਸ ਦੀ ਖਪਤ ਵਧਾਉਣ ਲਈ ਸਾਰੀਆਂ ਸੁਵਿਧਾਵਾਂ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐੱਲਐੱਨਜੀ ਨੂੰ ਤਰਜੀਹੀ ਈਂਧਣ ਵਜੋਂ ਉਤਸ਼ਾਹਿਤ ਕਰਨ ਦੇ ਅਵਸਰ  ਨੂੰ ਜਲਦੀ ਵਰਤਿਆ ਜਾਣਾ ਚਾਹੀਦਾ ਹੈ ਅਤੇ ਐੱਲਐੱਨਜੀ ਦੀ ਵਰਤੋਂ ਨਾਲ ਜੁੜੇ ਵਾਤਾਵਰਣਿਕ ਲਾਭ, ਆਰਥਿਕ ਲਾਭਅੰਸ਼ ਅਤੇ ਸੁਵਿਧਾ ਪੱਖ ਨੂੰ ਉਜਾਗਰ ਕੀਤਾ ਜਾਣਾ ਚਾਹੀਦਾ ਹੈ।

ਮੰਤਰੀ ਨੇ ਕਿਹਾ ਕਿ ਸਰਕਾਰ, ਦੇਸ਼ ਨੂੰ ਗੈਸ ਅਧਾਰਿਤ ਅਰਥਵਿਵਸਥਾ ਵੱਲ ਲਿਜਾਣ 'ਤੇ ਧਿਆਨ ਕੇਂਦ੍ਰਿਤ ਕਰਦਿਆਂ, ਗੈਸ ਬੁਨਿਆਦੀ ਢਾਂਚੇ- ਟਰਮੀਨਲ, ਪਾਈਪ ਲਾਈਨਾਂ, ਸਟੇਸ਼ਨਾਂ ਅਤੇ ਸੀਜੀਡੀ ਨੈੱਟਵਰਕ ਵਿੱਚ ਭਾਰੀ ਨਿਵੇਸ਼ ਕਰ ਰਹੀ ਹੈ, ਅਤੇ ਐੱਲਐੱਨਜੀ ਇਸ ਫੋਕਸ ਦਾ ਅਟੁੱਟ ਅੰਗ ਹੈ। "ਸਾਡਾ ਧਿਆਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਭਾਰਤ ਨੂੰ ਗੈਸ ਅਧਾਰਿਤ ਅਰਥਵਿਵਸਥਾ ਵਿੱਚ ਬਦਲਣ ਦੇ ਸੰਕਲਪ ਨੂੰ ਸਕਾਰ ਕਰਨ 'ਤੇ ਕੇਂਦ੍ਰਿਤ ਹੈ ਅਤੇ ਅਸੀਂ ਇਸ ਤਬਦੀਲੀ ਵਿੱਚ ਸਹਾਇਤਾ ਲਈ ਲੋੜੀਂਦੇ ਹਰ ਸਮਰਥਨ ਨੂੰ ਵਧਾ ਰਹੇ ਹਾਂ।"

ਮੰਤਰੀ ਨੇ ਉਦਯੋਗ ਨੂੰ ਸਬਸਿਡੀ ਅਧਾਰਿਤ ਮਾਡਲ ਤੋਂ ਬਾਹਰ ਆਉਣ ਅਤੇ ਐੱਲਐੱਨਜੀ ਦੀ ਵਪਾਰਕ ਵਿਵਹਾਰਕਤਾ 'ਤੇ ਧਿਆਨ ਕੇਂਦ੍ਰਿਤ ਕਰਦਿਆਂ, ਕੰਮਕਾਜ ਦੇ ਪੱਧਰ ਨੂੰ ਅੱਗੇ ਵਧਾਉਣ ਲਈ ਕਿਹਾ।  ਐੱਲਐੱਨਜੀ ਨੂੰ ਜੀਐੱਸਟੀ ਦੇ ਦਾਇਰੇ ਵਿੱਚ ਲਿਆਉਣ ਦੇ ਮੁੱਦੇ ‘ਤੇ ਮੰਤਰੀ ਨੇ ਕਿਹਾ ਕਿ ਇਹ ਇੱਕ ਵਾਜਬ ਮੰਗ ਹੈ ਅਤੇ ਇਸ ‘ਤੇ ਜਲਦੀ ਸਹਿਮਤੀ ਬਣਨ ਦੀ ਸੰਭਾਵਨਾ ਹੈ। ਭਾਰਤ ਵਿੱਚ ਐੱਲਐੱਨਜੀ ਮਾਰਕੀਟਾਂ ਦੇ ਵਿਸਤਾਰ ਲਈ ਉਨ੍ਹਾਂ ਉਦਯੋਗ ਨੂੰ, ਐੱਲਐੱਨਜੀ ਸੈਕਟਰ ਦੀਆਂ ਖ਼ਾਸ ਜ਼ਰੂਰਤਾਂ ਦੀ ਪੜਤਾਲ ਅਤੇ ਪਹਿਚਾਣ ਕਰਨ ਲਈ ਕਿਹਾ।  ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਗੈਸ ਵੈਲਿਊ ਚੇਨ ਵਿੱਚ ਫਲੀਟ ਮਾਲਕਾਂ, ਵਾਹਨ ਨਿਰਮਾਤਾਵਾਂ ਅਤੇ ਹਿਤਧਾਰਕਾਂ ਸਾਰਿਆਂ ਲਈ ਇੱਕ ਜਿੱਤ ਦੀ ਸਥਿਤੀ ਪੈਦਾ ਕਰੇਗਾ ਅਤੇ ਬਿਹਤਰ ਵਾਤਾਵਰਣ ਨੂੰ ਵੀ ਸੁਨਿਸ਼ਚਿਤ ਬਣਾਵੇਗਾ।

ਵੈਬੀਨਾਰ ਨੂੰ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸੱਕਤਰ, ਸ਼੍ਰੀ ਤਰੁਣ ਕਪੂਰ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਐੱਲਐੱਨਜੀ ਦੀ ਵਰਤੋਂ ਸਬੰਧੀ ਵਿਸ਼ਵ ਪੱਧਰੀ ਨਜ਼ਰੀਏ ਵਿੱਚ ਭਾਰੀ ਤਬਦੀਲੀ ਆਈ ਹੈ, ਕਿਉਂਕਿ ਉੱਚ ਦਬਾਅ ਅਤੇ ਘੱਟ ਤਾਪਮਾਨ ਦੇ ਤਹਿਤ ਈਂਧਣ ਨੂੰ ਲੰਬੀ ਦੂਰੀ 'ਤੇ ਲਿਜਾਇਆ ਜਾ ਸਕਦਾ ਹੈ, ਜਿਸ ਨਾਲ ਪਾਈਪ ਲਾਈਨਾਂ ਪਾਉਣ ਦੀ ਜ਼ਰੂਰਤ ਨਹੀਂ ਰਹਿੰਦੀ।  ਵੈਬੀਨਾਰ ਦੌਰਾਨ ਗੇਲ, ਵਿਸਫੋਟਕ ਕੰਟਰੋਲਰ ਦੇ ਅਧਿਕਾਰੀਆਂ, ਅਤੇ ਸਿਆਮ (SIAM), ਵਾਹਨ ਕੰਪਨੀਆਂ ਅਤੇ ਹੋਰ ਹਿਤਧਾਰਕਾਂ ਦੇ ਸੀਨੀਅਰ ਅਹੁਦੇਦਾਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

********

ਵਾਈਬੀ / ਐੱਸਕੇ


(Release ID: 1670689) Visitor Counter : 132