ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸੋਲਾਂਗ ਵਿਖੇ ਅਭਿਨੰਦਨ ਪ੍ਰੋਗਰਾਮ ’ਚ ਭਾਗ ਲਿਆ

ਹਮੀਰਪੁਰ ’ਚ 66 ਮੈਗਾਵਾਟ ਦੇ ਧੌਲਾਸਿੱਧ ਪਣ ਪ੍ਰੋਜੈਕਟ ਦਾ ਕੀਤਾ ਐਲਾਨ

Posted On: 03 OCT 2020 5:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਦੀ ਸੋਲਾਂਗ ਵਾਦੀ ’ਚ ਅਭਿਨੰਦਨ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਰੋਹਤਾਂਗ ’ਚ ਦੁਨੀਆ ਦੀ ਸਭ ਤੋਂ ਲੰਮੀ ਅਟਲ ਟਨਲ (ਸੁਰੰਗ) ਰਾਸ਼ਟਰ ਨੂੰ ਸਮਰਪਿਤ ਕੀਤੀ ਸੀ ਤੇ ਹਿਮਾਚਲ ਪ੍ਰਦੇਸ਼ ਦੇ ਸਿੱਸੂ ਵਿਖੇ ਆਭਾਰ ਸਮਾਰੋਹ ’ਚ ਸ਼ਮੂਲੀਅਤ ਕੀਤੀ ਸੀ।

ਸੁਰੰਗ ਦਾ ਕਾਇਆ–ਕਲਪ ਵਰਗਾ ਅਸਰ

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਨਾਲੀ ਵਾਸਤੇ ਅਟਲ ਜੀ ਦਾ ਪਿਆਰ ਤੇ ਇਸ ਖੇਤਰ ਦੇ ਬੁਨਿਆਦੀ ਢਾਂਚੇ, ਕੁਨੈਕਟੀਵਿਟੀ ਤੇ ਸੈਰ–ਸਪਾਟਾ ਉਦਯੋਗ ਵਿੱਚ ਸੁਧਾਰ ਲਿਆਉਣ ਦੀ ਉਨ੍ਹਾਂ ਦੀ ਇੱਛਾ ਕਾਰਣ ਹੀ ਉਨ੍ਹਾਂ ਸੁਰੰਗ ਦੇ ਨਿਰਮਾਣ ਦਾ ਫ਼ੈਸਲਾ ਲਿਆ ਸੀ।

ਸ਼੍ਰੀ ਮੋਦੀ ਨੇ ਕਿਹਾ ਕਿ ਅਟਲ ਸੁਰੰਗ ਹਿਮਾਚਲ ਪ੍ਰਦੇਸ਼, ਲੇਹ, ਲੱਦਾਖ ਅਤੇ ਜੰਮੂ ਤੇ ਕਸ਼ਮੀਰ ਦੇ ਲੋਕਾਂ ਦੇ ਜੀਵਨਾਂ ਦਾ ਕਾਇਆ–ਕਲਪ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਸੁਰੰਗ ਨੇ ਆਮ ਲੋਕਾਂ ਦਾ ਬੋਝ ਘਟਾ ਦਿੱਤਾ ਹੈ ਤੇ ਹੁਣ ਸਾਰਾ ਸਾਲ ਲਾਹੌਲ ਤੇ ਸਪਿਤੀ ਤੱਕ ਆਸਾਨ ਪਹੁੰਚ ਮੁਹੱਈਆ ਕਰਵਾ ਦਿੱਤੀ ਹੈ। ਇਸ ਸੁਰੰਗ ਨਾਲ ਖੇਤਰੀ ਅਰਥਵਿਵਸਥਾ ਤੇ ਸੈਰ–ਸਪਾਟੇ ਵਿੱਚ ਵਾਧਾ ਹੋਵੇਗਾ।

ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੈਲਾਨੀ ਕੁੱਲੂ–ਮਨਾਲੀ ਵਿੱਚ ਸਿੱਡੂ ਘਿਓ ਦਾ ਨਾਸ਼ਤਾ ਕਰਿਆ ਕਰਨਗੇ ਅਤੇ ਲਾਹੌਲ ਜਾ ਕੇ ‘ਦੋ–ਮਾਰ’ ਅਤੇ ‘ਚਿਲਾੜੇ’ ਨਾਲ ਦੁਪਹਿਰ ਦਾ ਭੋਜਨ ਕਰ ਸਕਣਗੇ।

ਹਮੀਰਪੁਰ ’ਚ ਧੌਲਾਸਿੱਧ ਪ੍ਰਣ ਪ੍ਰੋਜੈਕਟ

ਪ੍ਰਧਾਨ ਮੰਤਰੀ ਨੇ ਹਮੀਰਪੁਰ ਵਿਖੇ 66 ਮੈਗਾਵਾਟ (MW) ਦੇ ਧੌਲਾਸਿੱਧ ਪਣ ਪ੍ਰੋਜੈਕਟ ਦੇ ਨਿਰਮਾਣ ਦਾ ਐਲਾਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾ ਸਿਰਫ਼ ਬਿਜਲੀ ਮਿਲੇਗੀ, ਸਗੋਂ ਇਲਾਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੀ ਕਈ ਮੌਕੇ ਮੁਹੱਈਆ ਹੋਣਗੇ।

ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਸਮੁੱਚੇ ਦੇਸ਼ ਵਿੱਚ ਆਧੁਨਿਕ ਬੁਨਿਆਦੀ ਢਾਂਚੇ; ਖ਼ਾਸ ਤੌਰ ’ਤੇ ਦਿਹਾਤੀ ਸੜਕਾਂ, ਰਾਜਮਾਰਗ, ਬਿਜਲੀ ਪ੍ਰੋਜੈਕਟ, ਰੇਲ ਕੁਨੈਕਟੀਵਿਟੀ ਤੇ ਹਵਾਈ ਕੁਨੈਕਟੀਵਿਟੀ ਦੇ ਨਿਰਮਾਣ ਲਈ ਸਰਕਾਰ ਦੇ ਜਤਨਾਂ ਵਿੱਚ ਹਿਮਾਚਲ ਪ੍ਰਦੇਸ਼ ਵੀ ਇੱਕ ਅਹਿਮ ਸਬੰਧਤ ਧਿਰ ਹੈ।

ਹਿਮਾਚਲ ਪ੍ਰਦੇਸ਼ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੀਰਤਪੁਰ–ਕੁੱਲੂ–ਮਨਾਲੀ ਸੜਕ ਲਾਂਘਾ, ਜ਼ੀਰਕਪੁਰ–ਪਰਵਾਣੂ–ਸੋਲਨ–ਕੈਥਲੀਘਾਟ ਸੜਕ ਲਾਂਘਾ, ਨੰਗਲ ਬੰਨ੍ਹ – ਤਲਵਾੜਾ ਰੇਲ ਰੂਟ, ਭਾਨੂਪਾਲੀ – ਬਿਲਾਸਪੁਰ ਰੇਲ ਰੂਟ ਉੱਤੇ ਕੰਮ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਹੈ ਅਤੇ ਇਨ੍ਹਾਂ ਪ੍ਰੋਜੈਕਟਾਂ ਨੂੰ ਜਿੰਨਾ ਛੇਤੀ ਸੰਭਵ ਹੋ ਸਕੇ, ਮੁਕੰਮਲ ਕਰਨ ਦੇ ਜਤਨ ਜਾਰੀ ਹਨ, ਤਾਂ ਜੋ ਇਨ੍ਹਾਂ ਰਾਹੀਂ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀ ਸੇਵਾ ਸ਼ੁਰੂ ਹੋ ਸਕੇ।

ਉਨ੍ਹਾਂ ਕਿਹਾ ਕਿ ਲੋਕਾਂ ਦੇ ਜੀਵਨ ਸੁਵਿਧਾਜਨਕ ਬਣਾਉਣ ਲਈ ਸੜਕ, ਰੇਲ ਤੇ ਬਿਜਲੀ, ਮੋਬਾਇਲ ਤੇ ਇੰਟਰਨੈੱਟ ਕੁਨੈਕਟੀਵਿਟੀ ਜਿਹੀਆਂ ਬੁਨਿਆਦੀ ਸਹੂਲਤਾਂ ਬੇਹੱਦ ਅਹਿਮ ਹਨ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਦੇ 6 ਲੱਖ ਪਿੰਡਾਂ ਵਿੱਚ ਔਪਟੀਕਲ ਫ਼ਾਈਬਰ ਵਿਛਾਉਣ ਦਾ ਕੰਮ ਚੱਲ ਰਿਹਾ ਹੈ। ਜੋ ਇਸ ਵਰ੍ਹੇ 15 ਅਗਸਤ ਤੋਂ 1,000 ਦਿਨਾਂ ਅੰਦਰ ਮੁਕੰਮਲ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਅਧੀਨ,ਪਿੰਡਾਂ’ਚ Wi-Fi (ਵਾਇ–ਫ਼ਾਇ) ਹੌਟ–ਸਪੌਟਸ ਸਥਾਪਤ ਕੀਤੇ ਜਾਣਗੇ ਅਤੇ ਘਰ ਵੀ ਇੰਟਰਨੈੱਟ ਕੁਨੇਕਸ਼ਨ ਲੈਣ ਦੇ ਯੋਗ ਹੋਣਗੇ। ਇਸ ਨਾਲ, ਸਿੱਖਿਆ, ਦਵਾਈਆਂ ਤੇ ਮਰੀਜ਼ਾਂ ਦੇ ਟੂਰਿਜ਼ਮ ਜਿਹੇ ਮਾਮਲਿਆਂ ਵਿੱਚ ਹਿਮਾਚਲ ਪ੍ਰਦੇਸ਼ ਦੇ ਬੱਚਿਆਂ ਨੂੰ ਹਰ ਤਰੀਕੇ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਲੋਕਾਂ ਦੇ ਜੀਵਨ ਯਕੀਨੀ ਤੌਰ ਉੱਤੇ ਆਸਾਨ ਬਣਾਉਣ ਅਤੇ ਇਹ ਵੇਖਣ ਲਈ ਕਿ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਦੇ ਸਾਰੇ ਲਾਭ ਮਿਲਣ – ਬਾਰੇ ਸਰਕਾਰ ਦਾ ਨਿਰੰਤਰ ਜਤਨ ਹੈ। ਤਨਖਾਹ, ਪੈਨਸ਼ਨ, ਬੈਂਕਿੰਗ ਸੇਵਾਵਾਂ, ਬਿਜਲੀ ਤੇ ਟੈਲੀਫ਼ੋਨ ਬਿੱਲਾਂ ਦੀ ਅਦਾਇਗੀ ਆਦਿ ਜਿਹੀਆਂ ਲਗਭਗ ਸਾਰੀਆਂ ਸੇਵਾਵਾਂ ਦਾ ਡਿਜੀਟਲਕਰਣ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਹੁਤ ਸਾਰੇ ਸੁਧਾਰ ਸਮੇਂ, ਧਨ ਦੀ ਬੱਚਤ ਕਰ ਰਹੇ ਹਨ ਅਤੇ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਖ਼ਤਮ ਕਰ ਰਹੇ ਹਨ।

ਕੋਰੋਨਾ ਦੇ ਸਮੇਂ ਵੀ ਹਿਮਾਚਲ ਪ੍ਰਦੇਸ਼ ਦੇ 5 ਲੱਖ ਤੋਂ ਵੀ ਵੱਧ ਪੈਨਸ਼ਨਰਾਂ ਤੇ ਲਗਭਗ 6 ਲੱਖ ਲਾਭਪਾਤਰੀਆਂ ਦੇ ਜਨ–ਧਨ ਖਾਤਿਆਂ ਵਿੱਚ ਸੈਂਕੜੇ ਕਰੋੜ ਰੁਪਏ ਜਮ੍ਹਾ ਕਰਵਾਏ ਗਏ ਹਨ।

ਖੇਤੀ ਸੁਧਾਰ

ਹਾਲ ਹੀ ਵਿੰਚ ਖੇਤੀ ਸੁਧਾਰਾਂ ਦਾ ਵਿਰੋਧ ਕਰਨ ਵਾਲਿਆਂ ਦੀ ਆਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਤੋਂ ਉਹ ਲੋਕ ਪਰੇਸ਼ਾਨ ਹੋ ਰਹੇ ਹਨ, ਜਿਹੜੇ ਸਿਰਫ਼ ਆਪਣੇ ਖ਼ੁਦ ਦੇ ਸਿਆਸੀ ਹਿਤਾਂ ਲਈ ਹੀ ਕੰਮ ਕਰਦੇ ਹਨ। ਅਜਿਹੇ ਲੋਕ ਪਰੇਸ਼ਾਨ ਹਨ ਕਿਉਂਕਿ ਇਨ੍ਹਾਂ ਨਾਲ ਵਿਚੋਲਿਆਂ ਤੇ ਦਲਾਲਾਂ ਦੇ ਕੰਮ ਵਿੱਚ ਵਿਘਨ ਪੈਂਦਾ ਹੈ ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਨੇ ਹੀ ਪੈਦਾ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਵਰਨਣ ਕੀਤਾ ਕਿ ਕਿਵੇਂ ਕੁੱਲੂ, ਸ਼ਿਮਲਾ ਜਾਂ ਕਿੰਨੌਰ ਦੇ ਕਿਸਾਨਾਂ ਤੋਂ ਸੇਬ 40–50 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਲਿਆ ਕੇ ਉਨ੍ਹਾਂ ਨੂੰ ਗਾਹਕਾਂ ਨੂੰ 100–150 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕੀਮਤ ਉੱਤੇ ਵੇਚਿਆ ਜਾਂਦਾ ਹੈ। ਇਸ ਨਾਲ ਨਾ ਤਾਂ ਕਿਸਾਨ ਨੂੰ ਕੋਈ ਲਾਭ ਹੁੰਦਾ ਹੈ ਤੇ ਨਾ ਹੀ ਖ਼ਰੀਦਦਾਰਾਂ ਨੂੰ। ਸਿਰਫ਼ ਇਹੋ ਨਹੀਂ, ਜਿਉਂ–ਜਿਉਂ ਸੇਬਾਂ ਦੇ ਸੀਜ਼ਨ ਵਿੱਚ ਤੇਜ਼ੀ ਆਉਣ ਲੱਗਦੀ ਹੈ, ਕੀਮਤਾਂ ਡਿੱਗਣ ਲੱਗ ਪੈਂਦੀਆਂ ਹਨ ਤੇ ਛੋਟੇ ਬਗ਼ੀਚਿਆਂ ਵਾਲੇ ਕਿਸਾਨਾਂ ਨੂੰ ਇਸ ਦਾ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ ਦੇ ਵਿਕਾਸ ਲਈ ਕਾਨੂੰਨਾਂ ਵਿੱਚ ਇਤਿਹਾਸਕ ਸੁਧਾਰ ਕੀਤੇ ਗਏ ਹਨ। ਹੁਣ ਜੇ ਛੋਟੇ ਕਿਸਾਨ ਚਾਹੁਣ, ਉਹ ਆਪਣੀਆਂ ਐਸੋਸ਼ੀਏਸ਼ਨਾਂ ਬਣਾਉਣ ਤੇ ਦੇਸ਼ ਵਿੱਚ ਕਿਤੇ ਵੀ ਅਤੇ ਸੇਬ ਕਿਸੇ ਨੂੰ ਵੀ ਵੇਚਣ ਲਈ ਆਜ਼ਾਦ ਹਨ।

ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਪ੍ਰਤੀਬੱਧ ਹੈ। ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਅਧੀਨ ਹੁਣ ਤੱਕ ਦੇਸ਼ ਦੇ ਲਗਭਗ 10.25 ਕਰੋੜ ਕਿਸਾਨ ਪਰਿਵਾਰਾਂ ਦੇ ਖਾਤਿਆਂ ਵਿੱਚ ਤਕਰੀਬਨ 1 ਲੱਖ ਕਰੋੜ ਰੁਪਏ ਜਮ੍ਹਾ ਕਰਵਾਏ ਗਏ ਹਨ। ਉਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ ਦੇ 9 ਲੱਖ ਕਿਸਾਨ ਪਰਿਵਾਰ ਵੀ ਸ਼ਾਮਲ ਹਨ, ਜਿਨ੍ਹਾਂਨੂੰ ਲਗਭਗ 1,000 ਕਰੋੜ ਰੁਪਏ ਮਿਲੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੱਛੇ ਜਿਹੇ ਸਮੇਂ ਤੱਕ ਦੇਸ਼ ਵਿੱਚ ਅਜਿਹੇ ਬਹੁਤ ਸਾਰੇ ਖੇਤਰ ਸਨ, ਜਿਨ੍ਹਾਂ ਵਿੱਚ ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ ਪਰ ਹਾਲੀਆ ਕਿਰਤ ਸੁਧਾਰ ਲਾਗੂ ਕਰ ਕੇ ਅਜਿਹਾ ਸਭ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਔਰਤਾਂ ਨੂੰ ਵੀ ਆਦਮੀਆਂ ਵਾਂਗ ਕੰਮ ਕਰਨ ਤੇ ਇੱਕਸਾਰ ਤਨਖ਼ਾਹ ਲੈਣ ਦਾ ਅਧਿਕਾਰ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਹਰੇਕ ਨਾਗਰਿਕ ਦੇ ਆਤਮ–ਵਿਸ਼ਵਾਸ ਨੂੰ ਜਗਾਉਣ ਅਤੇ ਭਾਰਤ ਨੂੰ ਆਤਮ–ਨਿਰਭਰ ਬਣਾਉਣ ਲਈ ਸੁਧਾਰਾਂ ਦੀ ਪ੍ਰਕਿਰਿਆ ਜਾਰੀ ਰਹੇਗੀ।

ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਦੇਸ਼ ਦੇ ਹਰੇਕ ਨੌਜਵਾਨ ਦੇ ਸੁਫ਼ਨੇ ਤੇ ਇੱਛਾਵਾਂ ਸਭ ਤੋਂ ਉੱਤੇ ਹਨ।

***

ਵੀਆਰਆਰਕੇ/ਏਕੇ



(Release ID: 1661414) Visitor Counter : 211