ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ’ਚ ਸਿੱਸੂ ਵਿਖੇ ‘ਆਭਾਰ ਸਮਾਰੋਹ’ ਵਿੱਚ ਕੀਤੀ ਸ਼ਿਰਕਤ

ਅਟਲ ਟਨਲ ਇਸ ਖੇਤਰ ਦੇ ਲੋਕਾਂ ਦੇ ਜੀਵਨਾਂ ਦਾ ਕਾਇਆ–ਕਲਪ ਕਰ ਦੇਵੇਗੀ: ਪ੍ਰਧਾਨ ਮੰਤਰੀ

ਅਟਲ ਟਨਲ, ਸਰਕਾਰ ਦੀ ਇਸ ਪ੍ਰਤੀਬੱਧਤਾ ਦੀ ਪ੍ਰਤੀਕ ਹੈ ਕਿ ਵਿਕਾਸ ਦੇ ਲਾਭ ਯਕੀਨੀ ਤੌਰ ’ਤੇ ਹਰੇਕ ਨਾਗਰਿਕ ਤੱਕ ਪਹੁੰਚਾਏ ਜਾਣਗੇ: ਪ੍ਰਧਾਨ ਮੰਤਰੀ

ਹੁਣ ਨੀਤੀਆਂ ਵੋਟਾਂ ਦੀ ਗਿਣਤੀ ਦੇ ਆਧਾਰ ਉੱਤੇ ਨਹੀਂ ਉਲੀਕੀਆਂ ਜਾਂਦੀਆਂ, ਸਗੋਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਰਹਿੰਦੀ ਹੈ ਕਿ ਕੋਈ ਵੀ ਭਾਰਤੀ ਪਿੱਛੇ ਨਾ ਰਹਿ ਜਾਵੇ: ਪ੍ਰਧਾਨ ਮੰਤਰੀ

ਦੇਵ ਦਰਸ਼ਨ ਅਤੇ ਬੁੱਧ ਦਰਸ਼ਨ ਦੇ ਸੁਮੇਲ ਵਜੋਂ ਲਾਹੌਲ–ਸਪਿਤੀ ਨਾਲ ਇੱਕ ਨਵਾਂ ਪਾਸਾਰ ਜੁੜਨ ਜਾ ਰਿਹਾ ਹੈ: ਪ੍ਰਧਾਨ ਮੰਤਰੀ

Posted On: 03 OCT 2020 1:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ’ਚ ਸਿੱਸੂ, ਲਾਹੌਲ ਤੇ ਸਪਿਤੀ ਵਿਖੇ ‘ਆਭਾਰ ਸਮਾਰੋਹ’ ਵਿੱਚ ਭਾਗ ਲਿਆ।

ਸੁਰੰਗ ਦਾ ਕਾਇਆ–ਕਲਪ ਵਾਲਾ ਅਸਰ

ਪ੍ਰਧਾਨ ਮੰਤਰੀ ਨੇ ਉੱਥੇ ਜਾਣ ਬਾਰੇ ਚੇਤੇ ਕਰਦਿਆਂ ਦੱਸਿਆ ਕਿ ਉਹ ਜਦੋਂ ਕਾਰਜਕਰਤਾ ਵਜੋਂ ਕੰਮ ਕਰਦੇ ਸਨ, ਤਦ ਉਹ ਰੋਹਤਾਂਗ ਰਸਤੇ ਲੰਮੇ ਰੂਟ ਤੋਂ ਯਾਤਰਾ ਕਰਦੇ ਹੋਏ ਜਾਂਦੇ ਸਨ ਅਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਰੋਹਤਾਂਗ ਦੱਰੇ ਵਾਲਾ ਰਸਤਾ ਸਰਦੀਆਂ ਵਿੱਚ ਬੰਦ ਹੋ ਜਾਂਦਾ ਸੀ। ਉਨ੍ਹਾਂ ਨੇ ਉਨ੍ਹੀਂ ਦਿਨੀਂ ਸ਼੍ਰੀ ਠਾਕੁਰ ਸੇਨ ਨੇਗੀ ਨਾਲ ਹੋਣ ਵਾਲੀ ਆਪਣੀ ਗੱਲਬਾਤ ਨੂੰ ਵੀ ਚੇਤੇ ਕੀਤਾ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਇਨ੍ਹਾਂ ਔਕੜਾਂ ਤੋਂ ਭਲੀਭਾਂਤ ਜਾਣੂ ਸਨ, ਇਸੇ ਲਈ ਸਾਲ 2000 ’ਚ ਉਨ੍ਹਾਂ ਇਸ ਸੁਰੰਗ ਦੇ ਨਿਰਮਾਣ ਦਾ ਐਲਾਨ ਕੀਤਾ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ 9 ਕਿਲੋਮੀਟਰ ਲੰਮੀ ਇਸ ਸੁਰੰਗ ਨਾਲ ਲਗਭਗ 45–46 ਕਿਲੋਮੀਟਰ ਦੀ ਦੂਰੀ ਘਟ ਗਈ ਹੈ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਇਸ ਖੇਤਰ ਦੇ ਲੋਕਾਂ ਦੇ ਜੀਵਨ ਇਸ ਸੁਰੰਗ ਦੇ ਕਾਇਆ–ਕਲਪ ਵਾਲੇ ਪ੍ਰਭਾਵ ਕਾਰਣ ਬਿਲਕੁਲ ਬਦਲ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸੁਰੰਗ ਲਾਹੌਲ–ਸਪਿਤੀ ਤੇ ਪਾਂਗੀ ਦੇ ਅਨੇਕ ਲੋਕਾਂ ਦੇ ਨਾਲ–ਨਾਲ ਕਿਸਾਨਾਂ, ਬਾਗ਼ਬਾਨੀ ਤੇ ਪਸ਼ੂ–ਪਾਲਣ ਨਾਲ ਜੁੜੇ ਲੋਕਾਂ, ਵਿਦਿਆਰਥੀਆਂ, ਵਪਾਰੀਆਂ ਆਦਿ ਲਈ ਲਾਹੇਵੰਦ ਸਿੱਧ ਹੋਵੇਗੀ। ਇਸ ਨਾਲ ਇਸ ਖੇਤਰ ਦੀਆਂ ਖੇਤੀ–ਉਪਜਾਂ ਬਰਬਾਦ ਹੋਣ ਤੋਂ ਬਚਣਗੀਆਂ ਕਿਉਂਕਿ ਉਨ੍ਹਾਂ ਨੂੰ ਛੇਤੀ ਮੰਡੀਆਂ/ਬਾਜ਼ਾਰਾਂ ਤੱਕ ਪਹੁਚਾਇਆ ਜਾ ਸਕੇਗਾ। ਇਸ ਨਾਲ ਇਸ ਖੇਤਰ ਦੇ ਚੰਦਰਮੁਖੀ ਆਲੂਆਂ ਦੇ ਨਵੀਂਆਂ ਮੰਡੀਆਂ ਤੇ ਨਵੇਂ ਖ਼ਰੀਦਦਾਰਾਂ ਤੱਕ ਪੁੱਜਣ ਵਿੱਚ ਮਦਦ ਮਿਲੇਗੀ। ਇਹ ਸੁਰੰਗ ਲਾਹੌਲ–ਸਪਿਤੀ ’ਚ ਉੱਗਣ ਵਾਲੀ ਔਸ਼ਧੀ ਵਾਲੀਆਂ ਜੜ੍ਹੀਆਂ–ਬੂਟੀਆਂ, ਪੌਦਿਆਂ ਤੇ ਮਸਾਲਿਆਂ ਦੇ ਬਾਹਰਲੇ ਇਲਾਕਿਆਂ ਤੱਕ ਪੁੱਜਣ ਵਿੱਚ ਮਦਦ ਮਿਲੇਗੀ ਤੇ ਇਹ ਖੇਤਰ ਸਮੁੱਚੇ ਵਿਸ਼ਵ ਵਿੱਚ ਆਪਣੀ ਛਾਪ ਛੱਡ ਸਕੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਸ ਸੁਰੰਗ ਕਾਰਣ ਹੁਣ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੀ ਸਿੱਖਿਆ ਲਈ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ।

ਸੈਰ–ਸਪਾਟੇ ਤੇ ਰੋਜ਼ਗਾਰ ਦੇ ਮੌਕਿਆਂ ਵਿੱਚ ਵਾਧਾ

ਪ੍ਰਧਾਨ ਮੰਤਰੀ ਨੇ ਇਸ ਖੇਤਰ ਵਿੱਚ ਸੈਰ–ਸਪਾਟੇ ਦੀ ਅਥਾਹ ਸੰਭਾਵਨਾ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਦੇਵ ਦਰਸ਼ਨ ਤੇ ਬੁੱਧ ਦਰਸ਼ਨ ਦੇ ਸੁਮੇਲ ਵਜੋਂ ਲਾਹੌਲ–ਸਪਿਤੀ ਨਾਲ ਹੁਣ ਇੱਕ ਨਵਾਂ ਪਾਸਾਰ ਜੁੜਨ ਜਾ ਰਿਹਾ ਹੈ। ਹੁਣ ਸਮੁੱਚੇ ਵਿਸ਼ਵ ਦੇ ਲੋਕਾਂ ਲਈ ਸਪਿਤੀ ਵਾਦੀ ਵਿੱਚ ਸਥਿਤ ਟੈਬੋ ਬੋਧੀ ਮੱਠ ਤੱਕ ਪਹੁੰਚ ਕਰਨੀ ਆਸਾਨ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਮੁੱਚਾ ਖੇਤਰ ਪੂਰਬੀ ਏਸ਼ੀਆ ਅਤੇ ਵਿਸ਼ਵ ਦੇ ਹੋਰਨਾਂ ਦੇਸ਼ਾਂ ਦੇ ਬੋਧੀਆਂ ਲਈ ਇੱਕ ਵੱਡਾ ਕੇਂਦਰ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸੈਰ–ਸਪਾਟਾ ਵਧਣ ਨਾਲ ਨੌਜਵਾਨਾਂ ਲਈ ਵੀ ਰੋਜ਼ਗਾਰ ਦੇ ਕਈ ਮੌਕੇ ਪੈਦਾ ਹੋਣਗੇ।

ਆਖ਼ਰੀ ਮੀਲ ਤੱਕ ਪਹੁੰਚ

ਪ੍ਰਧਾਨ ਮੰਤਰੀ ਨੇ ਇਸ ਨੁਕਤੇ ’ਤੇ ਜ਼ੋਰ ਦਿੱਤਾ ਕਿ ਇਹ ਅਟਲ ਟਨਲ ਸਰਕਾਰ ਦੀ ਉਸ ਪ੍ਰਤੀਬੱਧਤਾ ਦੀ ਪ੍ਰਤੀਕ ਹੈ ਕਿ ਵਿਕਾਸ ਦੇ ਫ਼ਾਇਦੇ ਯਕੀਨੀ ਤੌਰ ’ਤੇ ਹਰੇਕ ਨਾਗਰਿਕ ਤੱਕ ਪਹੁੰਚਾਏ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਲਾਹੌਲ–ਸਪਿਤੀ ਤੇ ਹੋਰ ਅਜਿਹੇ ਬਹੁਤ ਸਾਰੇ ਖੇਤਰਾਂ ਨੂੰ ਆਪਣੇ ਹਾਲ ਉੱਤੇ ਛੱਡ ਦਿੱਤਾ ਗਿਆ ਸੀ ਕਿਉਂਕਿ ਇਹ ਇਲਾਕੇ ਕੁਝ ਲੋਕਾਂ ਦੀਆਂ ਸਿਆਸੀ ਤੌਰ ਉੱਤੇ ਸਵਾਰਥੀ ਇੱਛਾਵਾਂ ਦੀ ਪੂਰਤੀ ਨਹੀਂ ਕਰ ਸਕਦੇ। ਪਰ ਦੇਸ਼ ਹੁਣ ਨਵੀਂ ਸੋਚ ਨਾਲ ਕੰਮ ਕਰ ਰਿਹਾ ਹੈ ਅਤੇ ਨੀਤੀਆਂ ਹੁਣ ਵੋਟਾਂ ਦੇ ਆਧਾਰ ਉੱਤੇ ਨਹੀਂ ਉਲੀਕੀਆਂ ਜਾਂਦੀਆਂ, ਸਗੋਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੋਈ ਵੀ ਭਾਰਤੀ ਪਿੱਛੇ ਨਾ ਰਹਿ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲਾਹੌਲ–ਸਪਿਤੀ ਇਸ ਤਬਦੀਲੀ ਦੀ ਇੱਕ ਵੱਡੀ ਮਿਸਾਲ ਹੈ, ਜਿਵੇਂ ਕਿ ਉਨ੍ਹਾਂ ਜ਼ਿਲ੍ਹਿਆਂ ਵਿੱਚੋਂ ਇੱਕ ਤੋਂ ਹੀ ਸਪੱਸ਼ਟ ਹੈ ਜਿੱਥੇ ‘ਹਰ ਘਰ ਪਾਈਪ ਸੇ ਜਲ’ ਯਕੀਨੀ ਬਣਾਇਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਦਲਿਤਾਂ, ਕਬਾਇਲੀਆਂ, ਪੀੜਤਾਂ ਅਤੇ ਵਾਂਝੇ ਲੋਕਾਂ ਲਈ ਸਾਰੀਆਂ ਲੋੜੀਂਦੀਆਂ ਬੁਨਿਆਦੀ ਜ਼ਰੂਰਤਾਂ ਉਪਲਬਧ ਕਰਵਾਉਣ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉਨ੍ਹਾਂ ਪਿੰਡਾਂ ਵਿੱਚ ਬਿਜਲੀ ਪਹੁੰਚਾਉਣ, ਐੱਲਪੀਜੀ ਗੈਸ ਕੁਨੈਕਸ਼ਨ ਉਪਲਬਧ ਕਰਵਾਉਣ, ਪਖਾਨਿਆਂ, ਆਯੁਸ਼ਮਾਨ ਭਾਰਤ ਯੋਜਨਾ ਅਧੀਨ ਇਲਾਜ ਦੀਆਂ ਸੁਵਿਧਾਵਾਂ ਲਈ ਕੀਤੀਆਂ ਜਾਣ ਵਾਲੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਗਿਣਵਾਈਆਂ। ਉਨ੍ਹਾਂ ਆਪਣਾ ਭਾਸ਼ਣ ਲੋਕਾਂ ਨੂੰ ਕੋਰੋਨਾ–ਵਾਇਰਸ ਤੋਂ ਸਦਾ ਚੌਕਸ ਰਹਿਣ ਦੀ ਅਪੀਲ ਨਾਲ ਖ਼ਤਮ ਕੀਤਾ।

*****

ਏਪੀ/ਐੱਸਐੱਚ



(Release ID: 1661317) Visitor Counter : 204