ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਮਿਡ-ਡੇਅ ਮੀਲ ਸਕੀਮ ਵਿੱਚ ਦੁੱਧ ਸ਼ਾਮਲ ਕਰਨ ਦਾ ਸੁਝਾਅ ਦਿੱਤਾ
ਉਪ ਰਾਸ਼ਟਰਪਤੀ ਨੂੰ ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ ਪੋਲਟਰੀ ਅਤੇ ਡੇਅਰੀ ਸੈਕਟਰ ਦੀ ਸੁਰੱਖਿਆ ਲਈ ਉਠਾਏ ਗਏ ਕਦਮਾਂ ਦੀ ਜਾਣਕਾਰੀ ਦਿੱਤੀ
Posted On:
07 SEP 2020 1:50PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਸੁਝਾਅ ਦਿੱਤਾ ਕਿ ਬੱਚਿਆਂ ਦੇ ਪੋਸ਼ਕ ਪੱਧਰ ਨੂੰ ਸੁਧਾਰਨ ਲਈ ਨਾਸ਼ਤੇ ਜਾਂ ਮਿਡ-ਡੇਅ ਮੀਲ ਦੇ ਹਿੱਸੇ ਵਜੋਂ ਉਨ੍ਹਾਂ ਨੂੰ ਦੁੱਧ ਦਿੱਤਾ ਜਾ ਸਕਦਾ ਹੈ।
ਸ਼੍ਰੀ ਨਾਇਡੂ ਨੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਨਾਲ ਇਸ ਸਬੰਧੀ ਗੱਲ ਕੀਤੀ ਅਤੇ ਇਹ ਸੁਝਾਅ ਦਿੱਤਾ। ਮੰਤਰੀ ਨੇ ਉਪ ਰਾਸ਼ਟਰਪਤੀ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਸਾਰੇ ਰਾਜਾਂ ਨੂੰ ਮਿਡ-ਡੇਅ ਮੀਲ ਸਕੀਮ ਵਿੱਚ ਦੁੱਧ ਸ਼ਾਮਲ ਕਰਨ ਦੀ ਸਿਫ਼ਾਰਸ਼ ਕਰਨ ‘ਤੇ ਵਿਚਾਰ ਕਰੇਗੀ।
ਇਸ ਤੋਂ ਪਹਿਲਾਂ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਸਕੱਤਰ, ਸ਼੍ਰੀ ਅਤੁਲ ਚਤੁਰਵੇਦੀ ਨੇ ਅੱਜ ਸਵੇਰੇ ਉਪ-ਰਾਸ਼ਟਰਪਤੀ ਨਿਵਾਸ ਵਿਖੇ ਉਪਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕੋਵਿਡ-19 ਮਹਾਮਾਰੀ ਦੇ ਕਾਰਨ ਪੋਲਟਰੀ ਅਤੇ ਡੇਅਰੀ ਸੈਕਟਰ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਲਈ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਬਾਰੇ ਜਾਣੂ ਕਰਾਇਆ।
ਉਨ੍ਹਾਂ ਉਪ ਰਾਸ਼ਟਰਪਤੀ ਨੂੰ ਦੱਸਿਆ ਕਿ ਸਰਕਾਰ ਪੋਲਟਰੀ ਸੈਕਟਰ ਵਿੱਚ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਪ੍ਰੋਤਸਾਹਨ ਤੇ ਨੀਤੀਗਤ ਕਾਰਵਾਈ ਦੇ ਮਾਧਿਅਮ ਨਾਲ ਸਹਾਇਤਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਸ਼ੂ ਪਾਲਣ ਵਿਭਾਗ, ਵਿੱਤ ਮੰਤਰਾਲੇ ਨੂੰ ਪੋਲਟਰੀ ਉਦਯੋਗ ਲਈ ਕਰਜ਼ਿਆਂ ਦੇ ਪੁਨਰਗਠਨ ਦੀ ਸਿਫਾਰਸ਼ ਕਰਨ ਬਾਰੇ ਵੀ ਵਿਚਾਰ ਕਰੇਗਾ।
ਉਨ੍ਹਾਂ ਸ਼੍ਰੀ ਨਾਇਡੂ ਨੂੰ ਇਹ ਵੀ ਦੱਸਿਆ ਕਿ ਸੰਗਠਿਤ ਸੈਕਟਰ ਵਿੱਚ ਦੁੱਧ ਸਹਿਕਾਰੀ ਸਭਾਵਾਂ ਦੁਆਰਾ ਖਰੀਦ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਗਿਆ ਹੈ। ਸਰਕਾਰ ਕਾਰਜਸ਼ੀਲ ਪੂੰਜੀ ਕਰਜ਼ਿਆਂ 'ਤੇ ਸਹਿਕਾਰੀ ਸਮੂਹਾਂ ਨੂੰ ਦੋ ਪ੍ਰਤੀਸ਼ਤ ਸਲਾਨਾ ਵਿਆਜ ਸਹਾਇਤਾ ਪ੍ਰਦਾਨ ਕਰ ਰਹੀ ਹੈ। ਨਾਲ ਹੀ ਸਮੇਂ ਸਿਰ ਪੁਨਰ ਭੁਗਤਾਨ ਕਰਨ ਦੀ ਸਥਿਤੀ ਵਿੱਚ ਦੋ ਪ੍ਰਤੀਸ਼ਤ ਵਿਆਜ ਆਰਥਿਕ ਸਹਾਇਤਾ ਦਾ ਅਤਿਰਿਕਤ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਉਪਰਾਸ਼ਟਰਪਤੀ ਦੇ ਸੁਝਾਅ 'ਤੇ, ਸਕੱਤਰ ਨੇ ਪ੍ਰਾਈਵੇਟ ਡੇਅਰੀਆਂ ਨੂੰ ਵੀ ਸਮਾਨ ਸੁਵਿਧਾ ਪ੍ਰਦਾਨ ਕਰਨ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।
ਉਪਰਾਸ਼ਟਰਪਤੀ ਨੂੰ ਉਪਲੱਬਧ ਬੁਨਿਆਦੀ ਢਾਂਚੇ ਦਾ ਬਿਹਤਰ ਉਪਯੋਗ ਕਰਕੇ ਪਬਲਿਕ-ਪ੍ਰਾਈਵੇਟ ਪਾਰਟਰਸ਼ਿਪ ਮਾਡਲ ਰਾਹੀਂ ਪਸ਼ੂ ਪਾਲਣ, ਭੇਡਾਂ ਅਤੇ ਬੱਕਰੀਆਂ ਪਾਲਣ ਵਾਲੇ ਫਾਰਮਾਂ ਅਤੇ ਖੇਤਰੀ ਚਾਰਾ ਸਟੇਸ਼ਨਾਂ ਦੇ ਵਿਕਾਸ ਲਈ ਵਿਭਾਗ ਦੀਆਂ ਯੋਜਨਾਵਾਂ ਬਾਰੇ ਵੀ ਦੱਸਿਆ ਗਿਆ। ਉਨ੍ਹਾਂ ਨੇ ਉਪ ਰਾਸ਼ਟਰਪਤੀ ਨੂੰ ਆਧੁਨਿਕ ਇਨ-ਵਿਟਰੋ (ਪਰਖ-ਨਲੀ ਵਿੱਚ) ਫਰਟੀਲਾਈਜ਼ੇਸ਼ਨ ਟੈਕਨੋਲੋਜੀ ਰਾਹੀਂ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਕਰਨ ਦੀਆਂ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ।
****
ਵੀਆਰਆਰਕੇ / ਐੱਮਐੱਸ / ਐੱਮਐੱਸਵਾਈ / ਡੀਪੀ
(Release ID: 1651993)
Visitor Counter : 210