ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਇੱਕ ਹੋਰ ਚੋਟੀ ਸਰ ਕੀਤੀ: ਠੀਕ ਹੋਣ ਵਾਲਿਆਂ ਦੀ ਕੁੱਲ ਸੰਖਿਆ 20 ਲੱਖ ਤੋਂ ਵਧੀ
ਪਿਛਲੇ 24 ਘੰਟਿਆਂ ’ਚ, ਹੁਣ ਤੱਕ ਇੱਕੋ ਦਿਨ ਵਿੱਚ ਠੀਕ ਹੋਣ ਵਾਲਿਆਂ ਦੀ ਸਭ ਤੋਂ ਵੱਧ ਸੰਖਿਆ 60,091
ਭਾਰਤ ਦੀ ਰਿਕਵਰੀ ਦਰ ਨੇ ਵੀ ਇੱਕ ਚੋਟੀ ਸਰ ਕੀਤੀ, 73% ਤੋਂ ਵਧੀ
Posted On:
19 AUG 2020 11:24AM by PIB Chandigarh
ਤੇਜ਼ੀ ਨਾਲ ਕੁੱਲ 3 ਕਰੋੜ ਟੈਸਟਾਂ ਨੂੰ ਪਾਰ ਕਰਨ ਦੀਆਂ ਤਿਆਰੀਆਂ ’ਚ ਭਾਰਤ ਨੇ ਇੱਕ ਹੋਰ ਰਿਕਾਰਡ ਕਾਇਮ ਕਰ ਦਿੱਤਾ ਹੈ। ਠੀਕ ਹੋਣ ਵਾਲੇ ਕੁੱਲ ਵਿਅਕਤੀਆਂ ਦੀ ਸੰਖਿਆ ਅੱਜ 20 ਲੱਖ ਨੂੰ ਪਾਰ ਕਰ ਗਈ ਹੈ (20,37,870)।
ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ 60,091 ਵਿਅਕਤੀ ਠੀਕ ਹੋਏ ਹਨ, ਜੋ ਕਿ ਇੱਕੋ ਦਿਨ ਵਿੱਚ ਠੀਕ ਹੋਣ ਵਾਲਿਆਂ ਦੀ ਇੱਕ ਹੋਰ ਰਿਕਾਰਡ ਪ੍ਰਾਪਤੀ ਹੈ। ਇੰਝ ਹੁਣ ਕੋਵਿਡ–19 ਦੇ ਮਰੀਜ਼ ਵੱਧ ਸੰਖਿਆ ਵਿੱਚ ਠੀਕ ਹੋਏ ਹਨ ਤੇ ਉਨ੍ਹਾਂ ਨੂੰ ਹਸਪਤਾਲਾਂ ਤੇ ਘਰਾਂ ਵਿੱਚ ਏਕਾਂਤਵਾਸ (ਮਾਮੂਲੀ ਤੇ ਦਰਮਿਆਨੇ ਲੱਛਣਾਂ ਵਾਲੇ ਕੇਸਾਂ ਦੇ ਮਾਮਲੇ ਵਿੱਚ) ਤੋਂ ਛੁੱਟੀ ਦਿੱਤੀ ਜਾ ਰਹੀ ਹੈ, ਜਿਸ ਕਰਕੇ ਦੇਸ਼ ਦੀ ਰਿਕਵਰੀ ਦਰ 73% ਨੂੰ ਪਾਰ ਕਰ ਗਈ ਹੈ (73.64%)। ਇਸੇ ਕਾਰਨ ਕੇਸ ਮੌਤ ਦਰ ਵੀ ਘਟ ਗਈ ਹੈ, ਜੋ ਅੱਜ ਹੋਰ ਵੀ ਘਟ ਕੇ 1.91% ’ਤੇ ਆ ਗਈ ਹੈ।
ਰਿਕਾਰਡ ਪੱਧਰ ’ਤੇ ਵਧੇਰੇ ਲੋਕਾਂ ਦੇ ਠੀਕ ਹੋਣ ਨਾਲ ਦੇਸ਼ ਦਾ ਅਸਲ ਕੇਸ ਲੋਡ ਭਾਵ ਐਕਟਿਵ ਕੇਸਾਂ ਦੀ ਸੰਖਿਆ ਘਟੀ ਹੈ ਅਤੇ ਇਸ ਵੇਲੇ ਇਹ ਕੁੱਲ ਪਾਜ਼ਿਟਿਵ ਕੇਸਾਂ ਦੇ ¼ ਤੋਂ ਵੀ ਘੱਟ ਹੈ (ਸਿਰਫ਼ 24.45%)। ਵਧੇਰੇ ਸੰਖਿਆ ’ਚ ਠੀਕ ਹੋ ਰਹੇ ਲੋਕਾਂ ਤੇ ਡਿਗਦੀ ਜਾ ਰਹੀ ਮੌਤ ਦਰ ਨੇ ਦਰਸਾ ਦਿੱਤਾ ਹੈ ਕਿ ਭਾਰਤ ਦੀ ਦਰਜਾਬੰਦ ਰਣਨੀਤੀ ਕੰਮ ਕਰ ਰਹੀ ਹੈ। ਭਾਰਤ ਵਿੱਚ ਐਕਟਿਵ ਕੇਸਾਂ (6,76,514) ਦੇ ਮੁਕਾਬਲੇ ਠੀਕ ਹੋਣ ਵਾਲਿਆਂ ਦੀ ਦੀ ਸੰਖਿਆ 13,61,356 ਵੱਧ ਹੈ।
ਕੁੱਲ ਕੇਸਾਂ ’ਚੋਂ ਇੱਕ–ਚੌਥਾਈ (25%) ਤੋਂ ਵੀ ਘੱਟ ਸਰਗਰਮ ਹਨ
ਜਨਵਰੀ 2020 ਦੀ ਸ਼ੁਰੂਆਤ ਤੋਂ ਹੀ, ਭਾਰਤ ਸਰਕਾਰ ਨੇ ਦੇਸ਼ ਵਿੱਚ ਕੋਵਿਡ–19 ਪ੍ਰਤੀ ਬਹੁਤ ਹੀ ਧਿਆਨ ਤੇ ਦ੍ਰਿੜ੍ਹਤਾਪੂਰਬਕ ਇੱਕ ਦਰਜਾਬੰਦ, ਰੋਕਥਾਮ ਭਰਪੂਰ ਤੇ ਸਰਗਰਮ ਹੁੰਗਾਰਾ ਦਿੱਤਾ ਸੀ ਅਤੇ ਉਸ ਨਾਲ ਨਿਪਟਣ ਲਈ ਬਾਕਾਇਦਾ ਇੱਕ ਰਣਨੀਤੀ ਉਲੀਕੀ ਸੀ। ਉਸੇ ਕੇਂਦਰੀਕ੍ਰਿਤ, ਤਾਲਮੇਲ ਭਰਪੂਰ ਤੇ ‘ਸਮੁੱਚੀ ਸਰਕਾਰ’ ਦੀ ਇਕਜੁੱਟ ਪਹੁੰਚ ਦੇ ਵਧੀਆ ਨਤੀਜੇ ਹੁਣ ਵੇਖਣ ਨੂੰ ਮਿਲ ਰਹੇ ਹਨ।
ਲਗਾਤਾਰ ਧਿਆਨ ਰੱਖਣ ਦੀ ਪਹੁੰਚ ਅਪਣਾਉਂਦਿਆਂ, ਤੇਜ਼ੀ ਨਾਲ ਟੈਸਟਿੰਗ, ਵਿਆਪਕ ਤੌਰ ’ਤੇ ਟ੍ਰੈਕਿੰਗ (ਸੰਕ੍ਰਮਿਤ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭਣ) ਤੇ ਪ੍ਰਭਾਵਿਤ ਲੋਕਾਂ ਦਾ ਕਾਰਜਕੁਸ਼ਲ ਢੰਗ ਨਾਲ ਇਲਾਜ ਕਰਨ ਦੀ ਨੀਤੀ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨਾਲ ਮਿਲ ਕੇ ਲਾਗੂ ਕੀਤਾ ਜਾ ਰਿਹਾ ਹੈ। ਪ੍ਰਭਾਵਸ਼ਾਲੀ ਢੰਗ ਨਾਲ ਚੌਕਸੀ ਰੱਖਣ ਅਤੇ ਘਰੋਂ–ਘਰੀਂ ਜਾ ਕੇ ਸੰਕ੍ਰਮਿਤ ਲੋਕਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭਣ ਉੱਤੇ ਧਿਆਨ ਕੇਂਦ੍ਰਿਤ ਕਰਨ ਕਰਕੇ ਹੀ ਕੋਵਿਡ–19 ਨਾਲ ਸਬੰਧਿਤ ਮਾਮਲਿਆਂ ਦਾ ਛੇਤੀ ਪਤਾ ਲਾ ਕੇ ਉਨ੍ਹਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਮਾਮੂਲੀ ਤੇ ਦਰਮਿਆਨੇ ਲੱਛਣਾਂ ਵਾਲੇ ਕੇਸਾਂ ਦਾ ਇਲਾਜ ਉਨ੍ਹਾਂ ਦੇ ਆਪਣੇ ਘਰਾਂ ਵਿੱਚ ਏਕਾਂਤਵਾਸ ਅਧੀਨ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਧਿਆਨ ਰੱਖਣ ਦੇ ਸਮੂਹਕ ਮਿਆਰ ਨਾਲ ਸਬੰਧਿਤ ਪਹੁੰਚ ਦੇ ਅਧਾਰ ਉੱਤੇ ਇੱਕ ਸਟੈਂਡਰਡਾਈਜ਼ਡ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ ਅਨੁਸਾਰ ਨਾਜ਼ੁਕ ਤੇ ਗੰਭੀਰ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਸਰਬੋਤਮ ਮੈਡੀਕਲ ਦੇਖਭਾਲ਼ ਮੁਹੱਈਆ ਕਰਵਾਈ ਜਾ ਰਹੀ ਹੈ।
ਭਾਰਤ ਸਰਕਾਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਜਤਨਾਂ ਨਾਲ ਪੂਰੇ ਦੇਸ਼ ਵਿੱਚ ਹਸਪਤਾਲਾਂ ਵਿੱਚ ਦੇਖਭਾਲ਼ ਦੇ ਬੁਨਿਆਦੀ ਢਾਂਚੇ ਵਿੱਚ ਵਾਧਾ ਕੀਤਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਾਜ਼ਿਟਿਵ ਕੇਸਾਂ ਦੇ ਵਿਭਿੰਨ ਵਰਗਾਂ ਦੀ ਮੈਡੀਕਲ ਦੇਖਭਾਲ਼ ਸਮਰਪਿਤ ਕੋਵਿਡ ਕੇਅਰ ਸੈਂਟਰ (DCCC), ਸਮਰਪਿਤ ਕੋਵਿਡ ਸਿਹਤ ਕੇਂਦਰ (DCHC) ਅਤੇ ਸਮਰਪਿਤ ਕੋਵਿਡ ਹਸਪਤਾਲ (DCH) ਵਿੱਚ ਹੋ ਸਕੇ। ਉਨ੍ਹਾਂ ਦੀ ਸੰਖਿਆ ਵਿੱਚ ਵੀ ਚੋਖਾ ਵਾਧਾ ਹੋਇਆ ਹੈ। ਅੱਜ ਦੇਸ਼ ਵਿੱਚ 1,667 DCH, 3,455 DCHC ਅਤੇ 11,597 DCCC ਹਨ। ਉਹ ਸਾਰੇ ਕੁੱਲ ਮਿਲਾ ਕੇ 15,45,206 ਆਈਸੋਲੇਸ਼ਨ ਬਿਸਤਰੇ, ਆਕਸੀਜਨ ਦੀ ਸੁਵਿਧਾ ਵਾਲੇ 2,03,959 ਬਿਸਤਰੇ ਅਤੇ 53,040 ਆਈਸੀਯੂ (ICU) ਬਿਸਤਰੇ ਮੁਹੱਈਆ ਕਰਵਾਉਂਦੇ ਹਨ।
ਕੋਵਿਡ–19 ਰੋਗੀਆਂ ਦਾ ਬੇਰੋਕ ਤੇ ਹਰੇਕ ਨੁਕਤੇ ਲਈ ਇਹ ਸਾਰਾ ਮੈਡੀਕਲ ਪ੍ਰਬੰਧ ਐਂਬੂਲੈਂਸ ਦੀਆਂ ਪ੍ਰਭਾਵਸ਼ਾਲੀ ਸੇਵਾਵਾਂ ਜ਼ਰੀਏ ਸੰਭਵ ਬਣਾਇਆ ਗਿਆ ਹੈ; ਜੇ ਕੋਈ ਵੀ ਐਂਬੂਲੈਂਸ ਸੇਵਾ ਕਿਸੇ ਮਰੀਜ਼ ਨੂੰ ਆਪਣੀ ਸੇਵਾ ਦੇਣ ਤੇ ਉਸ ਦੀ ਦੇਖਭਾਲ਼ ਕਰਨ ਤੋਂ ਇਨਕਾਰ ਕਰਦੀ ਹੈ, ਤਾਂ ਅਜਿਹੀ ਸਥਿਤੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ ਅਤੇ ਜਾਂਚਾਤਮਕ ਥੈਰਾਪੀਆਂ ਦੀ ਵਰਤੋਂ ਨਾਲ ਨੌਨ–ਇਨਵੇਸਿਵ ਆਕਸੀਜਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਨਵੀਂ ਦਿੱਲੀ ਸਥਿਤ ਏਮਸ (AIIMS) ਕੇਸਾਂ ਦੀ ਮੌਤ ਦਰ ਨੂੰ ਘਟਾਉਣ ਦੇ ਉਦੇਸ਼ ਨਾਲ ਰਾਜਾਂ ਦੇ ਹਸਪਤਾਲਾਂ ਵਿੱਚ ਆਈਸੀਯੂਜ਼ (ICUs) ਵਿੱਚ ਤਾਇਨਾਤ ਡਾਕਟਰਾਂ ਨੂੰ ਮਾਹਿਰਾਂ ਦਾ ਮਾਰਗ–ਦਰਸ਼ਨ ਤੇ ਨਵੀਂ ਜਾਣਕਾਰੀ ਦੀ ਸਾਰੀ ਮਦਦ ਮੁਹੱਈਆ ਕਰਵਾਉਂਦਾ ਹੈ।
ਇਨ੍ਹਾਂ ਕੋਸ਼ਿਸ਼ਾਂ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਸ਼ਾ (ASHA) ਵਰਕਰਾਂ ਦਾ ਨਿਰੰਤਰ ਵਰਨਣਯੋਗ ਯੋਗਦਾਨ ਰਿਹਾ ਹੈ। ਉਹ ਸਦਾ ਸਰਗਰਮੀ ਨਾਲ ਕੇਸਾਂ ਦੀ ਭਾਲ਼ ਕਰਨ ਵਾਲੀਆਂ ਟੀਮਾਂ ਦਾ ਹਿੱਸਾ ਬਣੇ ਰਹੇ ਹਨ, ਉਨ੍ਹਾਂ ਨੇ ਪੂਰੀ ਚੌਕਸੀ ਨਾਲ ਸੰਕ੍ਰਮਿਤ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਭਾਲ਼ ਕਰਨ ਤੇ ਘਰਾਂ ਵਿੱਚ ਏਕਾਂਤਵਾਸ ਸਮੇਂ ਮਰੀਜ਼ਾਂ ਦੀ ਨਿਗਰਾਨੀ ਕਰਨ ਦੇ ਪ੍ਰਬੰਧ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਨਾਜ਼ੁਕ ਹਾਲਤ ’ਚ ਮਰੀਜ਼ਾਂ ਦੇ ਸਮੇਂ–ਸਿਰ ਢੁਕਵੇਂ ਇਲਾਜ ਹਿਤ ਹਸਪਤਾਲ ਪਹੁੰਚਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕੋਵਿਡ–19 ਦੀ ਰੋਕਥਾਮ ਅਤੇ ਉਸ ਉੱਤੇ ਕਾਬੂ ਪਾਉਣ ਨਾਲ ਸਬੰਧਿਤ ਉਪਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰ ਕੇ ਵੀ ਸਮਾਜਿਕ ਭਾਈਚਾਰਿਆਂ ਦੀ ਮਦਦ ਕੀਤੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਲੋੜਵੰਦਾਂ ਨੂੰ ਸਿਹਤ–ਸੰਭਾਲ਼ ਸੇਵਾਵਾਂ ਤੱਕ ਪਹੁੰਚ ਕਾਇਮ ਕਰਨ ਵਿੱਚ ਵੀ ਸਦਾ ਸਹਾਇਤਾ ਕੀਤੀ ਹੈ।
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
****
ਐੱਮਵੀ/ਐੱਸਆਈ
(Release ID: 1646998)
Visitor Counter : 196
Read this release in:
English
,
Urdu
,
Hindi
,
Marathi
,
Bengali
,
Manipuri
,
Gujarati
,
Odia
,
Tamil
,
Telugu
,
Malayalam