ਉਪ ਰਾਸ਼ਟਰਪਤੀ ਸਕੱਤਰੇਤ

ਕੋਰੋਨਾ ਸੰਕ੍ਰਮਿਤ ਲੋਕਾਂ ਪ੍ਰਤੀ ਭੇਦਭਾਵ ਵਰਤਣ, ਸੰਕ੍ਰਮਿਤ ਵਿਅਕਤੀ ਦਾ ਆਦਰਪੂਰਵਕ ਅੰਤਿਮ ਸੰਸਕਾਰ ਨਾ ਕੀਤੇ ਜਾਣ ’ਤੇ ਉਪ ਰਾਸ਼ਟਰਪਤੀ ਨੇ ਖੇਦ ਪ੍ਰਗਟਾਇਆ

ਉਪ ਰਾਸ਼ਟਰਪਤੀ ਨੇ ਚੇਤਾਵਨੀ ਦਿੱਤੀ ਕਿ ਪੱਖਪਾਤ ਜਾਅਲੀ ਖ਼ਬਰਾਂ ਅਤੇ ਗ਼ਲਤ ਸੂਚਨਾ ਤੋਂ ਅਧਿਕ ਜ਼ਹਿਰੀਲਾ ਹੋ ਸਕਦਾ ਹੈ ਅਤੇ ਇਸ ਖ਼ਿਲਾਫ਼ ਲੜਨ ਦਾ ਸੱਦਾ ਦਿੱਤਾ





ਮੀਡੀਆ ਅਤੇ ਸਿਹਤ ਪ੍ਰਸ਼ਾਸਨ ਨੂੰ ਇਸ ਸੰਕ੍ਰਮਣ ਬਾਰੇ ਲੋਕਾਂ ਨੂੰ ਪ੍ਰਮਾਣਿਕ ਜਾਣਕਾਰੀ ਦੇਣ ਲਈ ਕਿਹਾ





ਕਿਸਾਨਾਂ ਸਹਿਤ ਕੋਵਿਡ-19 ਜੋਧਿਆਂ ਦੇ ਸਮਰਪਿਤ ਪ੍ਰਯਤਨਾਂ ਵਿੱਚ ਲੋਕਾਂ ਨੂੰ ਸਹਿਯੋਗ ਦੇਣ ਨੂੰ ਕਿਹਾ

Posted On: 26 JUL 2020 12:23PM by PIB Chandigarh
 

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕੋਰੋਨਾ ਸੰਕ੍ਰਮਿਤ ਵਿਅਕਤੀਆਂ ਪ੍ਰਤੀ ਭੇਦਭਾਵ ਅਤੇ ਸੰਕ੍ਰਮਿਤ ਵਿਅਕਤੀ ਦੀ ਮੌਤ ਹੋ ਜਾਣ ਤੇ ਉਸ ਦਾ ਆਦਰਪੂਰਵਕ ਅੰਤਮ ਸੰਸਕਾਰ ਤੱਕ ਨਾ ਕੀਤੇ ਜਾਣ ਦੀਆਂ ਘਟਨਾਵਾਂ ਤੇ ਗਹਿਰਾ ਖੇਦ ਜਤਾਇਆ।

 

ਉਨ੍ਹਾਂ ਨੇ ਅਜਿਹੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਦੁਰਭਾਗਪੂਰਨ ਦੱਸਿਆ ਅਤੇ ਸਥਾਨਕ ਭਾਈਚਾਰਿਆਂ ਤੇ ਸਮਾਜ ਨੂੰ ਵੱਡੇ ਪੱਧਰ ਤੇ ਅਜਿਹੀਆਂ ਘਟਨਾਵਾਂ ਦੇ ਦੁਹਰਾਅ ਨੂੰ ਰੋਕਣ ਦੀ ਤਾਕੀਦ ਕੀਤੀ।

 

ਆਪਣੀ ਫੇਸਬੁੱਕ ਪੋਸਟ ਵਿੱਚ ਸ਼੍ਰੀ ਨਾਇਡੂ ਨੇ ਕਿਹਾ ਕਿ ਅਜਿਹੀਆਂ ਕੁਪ੍ਰਥਾਵਾਂ ਨੂੰ ਜੜ੍ਹ ਤੋਂ ਸਮਾਪਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਸੰਕ੍ਰਮਿਤ ਵਿਅਕਤੀ ਸਹਾਇਤਾ ਅਤੇ ਸੰਵੇਦਨਾ ਦੀ ਉਮੀਦ ਕਰਦਾ ਹੈ। ਕੋਈ ਵੀ ਇਸ ਸੰਕ੍ਰਮਣ ਤੋਂ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਨਹੀਂ ਹੈ, ਇਹ ਅਦ੍ਰਿਸ਼ ਵਾਇਰਸ ਕਿਸੇ ਨੂੰ ਵੀ ਸੰਕ੍ਰਮਿਤ ਕਰ ਸਕਦਾ ਹੈ।

 

ਉਨ੍ਹਾਂ ਨੇ ਕਿਹਾ ਅਜਿਹਾ ਖੇਦਜਨਕ ਅਸੰਵੇਦਨਸ਼ੀਲ ਭੇਦਭਾਵ ਭਾਰਤ ਦੀ ਉਸ ਸਹਿਣਸ਼ੀਲਤਾ ਦੀ ਪਰੰਪਰਾ ਦੇ ਵਿਰੁੱਧ ਹੈ ਜਿਸ ਨੇ ਸਮੇਂ-ਸਮੇਂ ਤੇ ਦੁਖੀ ਮਾਨਵਤਾ ਪ੍ਰਤੀ ਦਇਆ ਅਤੇ ਕਰੁਣਾ ਦਾ ਵਿਵਹਾਰ ਕੀਤਾ ਹੈ।

 

ਸੰਕ੍ਰਮਿਤ ਵਿਅਕਤੀ ਦੇ ਅੰਤਿਮ ਸੰਸਕਾਰ ਦੇ ਮਨਾਹੀ ਦੀਆਂ ਘਟਨਾਵਾਂ ਤੇ ਦੁਖ ਵਿਅਕਤ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਇਹ ਭਾਰਤੀ ਕਦਰਾਂ-ਕੀਮਤਾਂ ਦੇ ਵਿਰੁੱਧ ਹੈ ਜਿੱਥੇ ਦੁਖੀ ਪਰਿਵਾਰ ਪ੍ਰਤੀ ਸੰਵੇਦਨਾ ਰੱਖੀ ਜਾਂਦੀ ਹੈ, ਦਿਲਾਸਾ ਅਤੇ ਭਰੋਸਾ ਦਿੱਤਾ ਜਾਂਦਾ ਹੈ।

 

ਉਨ੍ਹਾਂ ਨੇ ਕਿਹਾ ਅਜਿਹੇ ਵਿਵਹਾਰ ਦਾ ਮੂਲ ਕਾਰਨ ਲੋਕਾਂ ਵਿੱਚ ਜਾਣਕਾਰੀ ਦਾ ਨਾ ਹੋਣਾ ਹੈ, ਇਸ ਦੇ ਲਈ ਜ਼ਰੂਰੀ ਹੈ ਕਿ ਸਿਹਤ ਪ੍ਰਸ਼ਾਸਨ ਅਤੇ ਮੀਡੀਆ ਲੋਕਾਂ ਤੱਕ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕਰਨ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮਾਂ ਚਲਾਉਣ। ਪ੍ਰਮਾਣਿਕ ਜਾਣਕਾਰੀ ਦੇ ਅਭਾਵ ਵਿੱਚ ਅੰਧ ਵਿਸ਼ਵਾਸ ਅਤੇ ਅਫ਼ਵਾਹਾਂ ਫੈਲਦੀਆਂ ਹਨ। ਜਦਕਿ ਜਾਣਕਾਰੀ ਹੋਣ ਨਾਲ ਵਿਵਹਾਰ ਵਿੱਚ ਸਕਾਰਾਤਮਕ ਪਰਿਵਰਤਨ ਆਉਂਦੇ ਹਨ।

 

ਸ਼੍ਰੀ ਨਾਇਡੂ ਨੇ ਆਸ ਪ੍ਰਗਟਾਈ ਹੈ ਕਿ ਆਪਣੇ ਸਾਂਝੇ ਪ੍ਰਯਤਨ ਨਾਲ ਅਸੀਂ ਇਸ ਮਹਾਮਾਰੀ ਦੇ ਪ੍ਰਭਾਵਾਂ ਤੋਂ ਉੱਬਰਨ ਵਿੱਚ ਸਫ਼ਲ ਹੋਵਾਂਗੇ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਸਾਨੂੰ ਵਧਦੇ ਗ੍ਰਾਫ ਨੂੰ ਸਮਤਲ ਕਰਨ ਤੇ ਜ਼ੋਰ ਦੇਣਾ ਹੈ ਜਿਸ ਦੇ ਲਈ ਨਾਗਰਿਕਾਂ ਨੂੰ ਜ਼ਿੰਮੇਦਾਰੀਪੂਰਵਕ ਆਚਰਣ ਕਰਨਾ ਹੋਵੇਗਾ, ਮਾਸਕ ਲਗਾਉਣਾ, ਹੱਥ ਧੋਣਾ, ਸਮਾਜਿਕ ਦੂਰੀ ਜਿਹੀਆਂ ਸਾਵਧਾਨੀਆਂ ਦਾ ਪਾਲਣ ਕਰਨਾ ਹੋਵੇਗਾ। ਉਨ੍ਹਾਂ ਨੇ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਯੋਗ ਦੇ ਅਭਿਆਸ ਦੀ ਸਲਾਹ ਵੀ ਦਿੱਤੀ।

 

ਆਪਣੀ ਫੇਸਬੁੱਕ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਅੱਜ ਕਰਗਿਲ ਵਿਜੈ ਦਿਵਸ ਤੇ, ਯੁੱਧ ਵਿੱਚ ਵੀਰਗਤੀ ਨੂੰ ਪ੍ਰਾਪਤ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਲਿਖਿਆ ਹੈ ਕਿ ਮਾਤ੍ਰਭੂਮੀ ਦੀ ਏਕਤਾ, ਅਖੰਡਤਾ ਅਤੇ ਸੰਪ੍ਰਭੂਤਾ ਦੀ ਰੱਖਿਆ ਕਰਨ ਲਈ, ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ, ਸਾਹਸ, ਦੇਸ਼ਭਗਤੀ ਅਤੇ ਉਨ੍ਹਾਂ ਦੇ ਬਲੀਦਾਨਾਂ ਦੇ ਪ੍ਰਤੀ ਸੰਪੂਰਨ ਰਾਸ਼ਟਰ ਸਦਾ ਕ੍ਰਿਤੱਗ ਰਹੇਗਾ।

 

ਉਨ੍ਹਾਂ ਨੇ ਕਿਸਾਨਾਂ ਜਿਹੇ ਗੁਮਨਾਮ ਕੋਰੋਨਾ ਜੋਧਿਆਂ ਪ੍ਰਤੀ ਆਭਾਰ ਵਿਅਕਤ ਕਰਨ ਦਾ ਸੱਦਾ ਵੀ ਦਿੱਤਾ, ਜੋ ਨਿਰਸੁਆਰਥ ਭਾਵ ਨਾਲ ਹੈਲਥਕੇਅਰ ਕਰਮੀਆਂ, ਪੁਲਿਸ, ਮੀਡੀਆ, ਸਫਾਈ ਕਰਮੀਆਂ ਅਤੇ ਸਮਾਨ ਪਹੁੰਚਾਉਣ ਵਾਲੇ ਕਰਮੀਆਂ ਜਿਹੇ ਕੋਰੋਨਾ ਜੋਧਿਆਂ ਦੇ ਪ੍ਰਯਤਨਾਂ ਵਿੱਚ ਸਹਿਯੋਗ ਅਤੇ ਸਮਰਥਨ ਦੇ ਰਹੇ ਹਨ।

 

*****

 

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ


(Release ID: 1641452)