ਪ੍ਰਧਾਨ ਮੰਤਰੀ ਦਫਤਰ

ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ਦੇ ਈਸੀਓਐੱਸਓਸੀ (ECOSOC) ਯਾਦਗਾਰੀ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ

Posted On: 17 JUL 2020 8:49PM by PIB Chandigarh

ਸਮੂਹ ਮਹਾਮਹਿਮ

 

ਦੇਵੀਓ ਅਤੇ ਸੱਜਣੋ,

 

ਇਸ ਵਰ੍ਹੇ ਅਸੀਂ ਸੰਯੁਕਤ ਰਾਸ਼ਟਰ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਇਹ ਸੰਯੁਕਤ ਰਾਸ਼ਟਰ ਦੇ ਮਾਨਵ ਦੀ ਪ੍ਰਗਤੀ ਵਿੱਚ ਬਹੁਤ ਸਾਰੇ ਯੋਗਦਾਨਾਂ ਨੂੰ ਮਾਨਤਾ ਦੇਣ ਦਾ ਮੌਕਾ ਹੈ, ਇਹ ਸੰਯੁਕਤ ਰਾਸ਼ਟਰ ਦੀ ਭੂਮਿਕਾ ਅਤੇ ਅਜੋਕੇ ਵਿਸ਼ਵ ਵਿੱਚ ਇਸ ਦੀ ਪ੍ਰਾਸੰਗਿਕਤਾ ਦਾ ਮੁੱਲਾਂਕਣ ਕਰਨ ਅਤੇ ਇਸ ਦੇ ਇੱਕ ਬਿਹਤਰ ਭਵਿੱਖ ਨੂੰ ਆਕਾਰ ਦੇਣ ਦਾ ਵੀ ਇੱਕ ਮੌਕਾ ਹੈ।

 

ਸਮੂਹ ਮਹਾਮਹਿਮ,

 

ਦੂਜੇ ਵਿਸ਼ਵ ਯੁੱਧ ਦੇ ਤੁਰੰਤ ਬਾਅਦ ਭਾਰਤ, ਸੰਯੁਕਤ ਰਾਸ਼ਟਰ ਦੇ 50 ਬਾਨੀ ਮੈਂਬਰਾਂ ਵਿੱਚ ਸ਼ਾਮਲ ਸੀ। ਤਦ ਤੋਂ ਹੁਣ ਤੱਕ ਬਹੁਤ ਕੁਝ ਬਦਲ ਚੁੱਕਾ ਹੈ। ਅੱਜ ਸੰਯੁਕਤ ਰਾਸ਼ਟਰ ਨੇ 193 ਮੈਂਬਰ ਦੇਸ਼ਾਂ ਨੂੰ ਇਕਜੁੱਟ ਕਰ ਲਿਆ ਹੈ। ਇਸ ਦੀ ਮੈਂਬਰਸ਼ਿਪ ਦੇ ਨਾਲ, ਇਸ ਸੰਗਠਨ ਤੋਂ ਆਸਾਂ ਵੀ ਵਧ ਗਈਆਂ ਹਨ। ਇਸ ਦੇ ਨਾਲ ਹੀ ਬਹੁਪੱਖਵਾਦ ਅੱਜ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।

 

ਸਮੂਹ ਮਹਾਮਹਿਮ,

 

ਸ਼ੁਰੂਆਤ ਤੋਂ ਹੀ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਵਿਕਾਸ ਕਾਰਜ ਅਤੇ ਈਸੀਓਐੱਸਓਸੀ (ECOSOC) ਦਾ ਸਰਗਰਮੀ ਨਾਲ ਸਮਰਥਨ ਕੀਤਾ ਹੈ। ਈਸੀਓਐੱਸਓਸੀ (ECOSOC) ਦੇ ਪਹਿਲੇ ਪ੍ਰਧਾਨ ਭਾਰਤੀ ਸਨ। ਭਾਰਤ ਨੇ ਵੀ ਟਿਕਾਊ ਵਿਕਾਸ ਦੇ ਟੀਚਿਆਂ ਸਮੇਤ ਈਸੀਓਐੱਸਓਸੀ (ECOSOC) ਦੇ ਏਜੰਡੇ ਨੂੰ ਆਕਾਰ ਦੇਣ ਵਿੱਚ ਆਪਣਾ ਯੋਗਦਾਨ ਪਾਇਆ ਹੈ। ਅੱਜ ਸਾਡੀਆਂ ਘਰੇਲੂ ਕੋਸ਼ਿਸ਼ਾਂ ਜ਼ਰੀਏ, ਅਸੀਂ ਇੱਕ ਵਾਰ ਫਿਰ ਏਜੰਡਾ 2030 ਅਤੇ ਟਿਕਾਊ ਵਿਕਾਸ ਦੇ ਟੀਚੇ ਹਾਸਲ ਕਰਨ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਾਂ। ਅਸੀਂ ਵੀ ਹੋਰ ਵਿਕਾਸਸ਼ੀਲ ਦੇਸ਼ਾਂ ਦੀ ਉਨ੍ਹਾਂ ਦੇ ਟਿਕਾਊ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ ਵਿੱਚ ਮਦਦ ਕਰ ਰਹੇ ਹਾਂ।

 

ਸਮੂਹ ਮਹਾਮਹਿਮ,

 

ਸਮੁੱਚੀ ਮਾਨਵਤਾ ਦਾ 1/6ਵਾਂ ਹਿੱਸਾ ਭਾਰਤ ਚ ਵਸਦਾ ਹੈ। ਸਾਨੂੰ ਆਪਣੇ ਵਜ਼ਨ ਤੇ ਜ਼ਿੰਮੇਵਾਰੀ ਬਾਰੇ ਪੂਰੀ ਜਾਣਕਾਰੀ ਹੈ। ਸਾਨੂੰ ਪਤਾ ਹੈ ਕਿ ਜੇ ਭਾਰਤ ਆਪਣੇ ਵਿਕਾਸ ਦੇ ਉਦੇਸ਼ਾਂ ਦੀ ਪ੍ਰਾਪਤੀ ਵਿੱਚ ਸਫ਼ਲ ਹੁੰਦਾ ਹੈ, ਤਾਂ ਇਹ ਲੰਬੇ ਸਮੇਂ ਤੱਕ ਵਿਸ਼ਵਟੀਚਿਆਂ ਦੀ ਪ੍ਰਾਪਤੀ ਵੀ ਕਰੇਗਾ। ਇਸੇ ਲਈ ਅਸੀਂ ਆਪਣੇ ਰਾਜਾਂ, ਆਪਣੀਆਂ ਸਥਾਨਕ ਸਰਕਾਰਾਂ, ਆਪਣੀ ਸਿਵਲ ਸੁਸਾਇਟੀ, ਭਾਈਚਾਰਿਆਂ ਤੇ ਸਾਡੀ ਜਨਤਾ ਨੂੰ ਸ਼ਾਮਲ ਕਰ ਕੇ ਸਮੁੱਚੇ ਸਮਾਜਦੀ ਪਹੁੰਚ ਅਪਣਾਈ ਹੈ।

 

ਸਾਡਾ ਉਦੇਸ਼ ਹੈ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ – ਜਿਸ ਦਾ ਮਤਲਬ ਹੈ ਇਕਜੁੱਟ, ਹਰੇਕ ਦੇ ਵਿਕਾਸ ਲਈ, ਹਰੇਕ ਦੇ ਭਰੋਸੇ ਨਾਲ।ਇਸ ਨਾਲ ਕਿਸੇ ਨੂੰ ਵੀ ਪਿੱਛੇ ਨਾ ਛੱਡਣ ਦਾ ਐੱਸਡੀਜੀ (SDG) ਦਾ ਪ੍ਰਮੁੱਖ ਸਿਧਾਂਤ ਗੁੰਜਾਇਮਾਨ ਹੁੰਦਾ ਹੈ। ਭਾਵੇਂ ਇਹ ਸੰਤੁਲਿਤ ਭੋਜਨ, ਸਿਹਤ ਸਿੱਖਿਆ, ਬਿਜਲੀ ਜਾਂ ਆਵਾਸ ਤੱਕ ਪਹੁੰਚ ਦੀ ਗੱਲ ਹੋਵੇ ਅਸੀਂ ਆਪਣੇ ਸਮਾਵੇਸ਼ੀ ਪ੍ਰੋਗਰਾਮਾਂ ਦੁਆਰਾ ਮਹਾਨ ਤਰੱਕੀ ਕਰ ਰਹੇ ਹਾਂ।

 

ਸਮੂਹ ਮਹਾਮਹਿਮ,

 

ਪਿਛਲੇ ਵਰ੍ਹੇ, ਅਸੀਂ ਆਪਣੇ ਛੇ ਲੱਖ ਪਿੰਡਾਂ ਵਿੱਚ ਮੁਕੰਮਲ ਸਵੱਛਤਾ ਕਵਰੇਜ ਹਾਸਲ ਕਰ ਕੇ ਆਪਣੇ ਰਾਸ਼ਟਰਪਿਤਾ, ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਢ ਮਨਾਈ ਸੀ।

 

ਪੰਜ ਸਾਲਾਂ ਵਿੱਚ, ਅਸੀਂ 11 ਕਰੋੜ ਘਰਾਂ ਵਿੰਚ ਪਖਾਨੇ ਬਣਾਏ, ਜਿਸ ਨਾਲ ਸਾਡੇ ਗ੍ਰਾਮੀਣ ਸਵੱਛਤਾ ਕਵਰ ਵਿੱਚ ਸੁਧਾਰ ਹੋਇਆ ਤੇ ਇਹ 38% ਤੋਂ 100% ਹੋ ਗਿਆ। ਸਾਡੇ ਵਿਸ਼ਾਲ ਜਾਗਰੂਕਤਾ ਪ੍ਰੋਗਰਾਮ ਸਾਡੀਆਂ ਔਰਤਾਂ ਨੂੰ ਸਸ਼ੱਕਤ ਬਣਾ ਰਹੇ ਹਨ। ਅਸੀਂ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਵਿੱਚ ਲਿੰਗਕ ਸਮਾਨਤਾ ਹਾਸਲ ਕਰ ਲਈ ਹੈ। ਦਿਹਾਤੀ ਭਾਰਤ ਵਿੱਚ ਸਾਡੇ ਉਪਜੀਵਕਾ ਮਿਸ਼ਨ ਅਧੀਨ ਲਗਭਗ 7 ਕਰੋੜ ਔਰਤਾਂ ਸੈਲਫ਼ਹੈਲਪ ਗਰੁੱਪਾਂ ਦਾ ਹਿੱਸਾ ਹਨ। ਉਹ ਵੱਡੇ ਪੱਧਰ ਉੱਤੇ ਜੀਵਨ ਅਤੇ ਉਪਜੀਵਕਾਵਾਂ ਦੀ ਕਾਇਆਪਲਟ ਕਰ ਰਹੀਆਂ ਹਨ। ਦਸ ਲੱਖ ਤੋਂ ਵੱਧ ਔਰਤਾਂ ਸਾਡੀਆਂ ਸਥਾਨਕ ਸਰਕਾਰਾਂ ਦੀਆਂ ਚੁਣੀਆਂ ਹੋਈਆਂ ਪ੍ਰਤੀਨਿਧ ਹਨ ਅਤੇ ਸਮਾਵੇਸ਼ੀ ਵਿਕਾਸ ਦੀ ਪ੍ਰਕਿਰਿਆ ਦੀ ਅਗਵਾਈ ਕਰ ਰਹੀਆਂ ਹਨ। ਪਿਛਲੇ ਛੇ ਸਾਲਾਂ ਵਿੱਚ, ਅਸੀਂ ਹੁਣ ਤੱਕ ਬੈਂਕਾਂ ਤੋਂ ਵਾਂਝੇ ਰਹੇ ਲੋਕਾਂ ਦੇ 40 ਕਰੋੜ ਬੈਂਕ ਖਾਤੇ ਖੋਲ੍ਹੇ ਹਨ, ਜਿਨ੍ਹਾਂ ਵਿੱਚੋਂ 22 ਕਰੋੜ ਖਾਤੇ ਔਰਤਾਂ ਦੇ ਹਨ। ਅਸੀਂ ਵਿੱਤੀ ਸ਼ਮੂਲੀਅਤ ਲਈ ਟੈਕਨੋਲੋਜੀ ਦੀ ਤਾਕਤ ਨੂੰ ਵਧਾਇਆ ਹੈ। ਇਹ ਇੱਕ ਵਿਲੱਖਣ ਸ਼ਨਾਖ਼ਤੀ ਨੰਬਰ, ਇੱਕ ਬੈਂਕ ਖਾਤੇ ਅਤੇ ਹਰੇਕ ਲਈ ਇੱਕ ਮੋਬਾਈਲ ਕਨੈਕਸ਼ਨ ਦੀ ਤ੍ਰਿਮੂਰਤੀ ਉੱਤੇ ਅਧਾਰਿਤ ਹੈ। ਇਸੇ ਨਾਲ ਸਾਨੂੰ 70 ਕਰੋੜ ਤੋਂ ਵੱਧ ਲੋਕਾਂ ਨੂੰ 150 ਅਰਬ ਡਾਲਰ ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰਜ਼ਕਰਨ ਦੀ ਪ੍ਰਾਨਗੀ ਮਿਲੀ। ਸਾਡੇ ਅਨਾਜ ਸੁਰੱਖਿਆ ਪ੍ਰੋਗਰਾਮ 81.30 ਕਰੋੜ ਨਾਗਰਿਕਾਂ ਤੱਕ ਪੁੱਜਦੇ ਹਨ।

 

ਸਾਡਾ ਸਭ ਲਈ ਆਵਾਸਪ੍ਰੋਗਰਾਮ ਇਹ ਯਕੀਨੀ ਬਣਾਏਗਾ ਕਿ ਹਰੇਕ ਭਾਰਤੀ ਸਾਲ 2022 ਤੱਕ ਆਪਣੇ ਸਿਰ ਉੱਤੇ ਇੱਕ ਸੁਰੱਖਿਅਤ ਛੱਤ ਰੱਖੇ; ਜਦੋਂ ਭਾਰਤ ਇੱਕ ਆਜ਼ਾਦ ਰਾਸ਼ਟਰ ਵਜੋਂ ਆਪਣੇ 75 ਵਰ੍ਹੇ ਮੁਕੰਮਲ ਕਰ ਲਵੇਗਾ। ਤਦ ਤੱਕ, 4 ਕਰੋੜ ਨਵੇਂ ਘਰ ਇਸ ਪ੍ਰੋਗਰਾਮ ਅਧੀਨ ਬਣਾਏ ਜਾ ਚੁੱਕੇ ਹੋਣਗੇ ਇਹ ਗਿਣਤੀ ਬਹੁਤ ਸਾਰੇ ਦੇਸ਼ਾਂ ਵਿੱਚ ਮੌਜੂਦ ਪਰਿਵਾਰਾਂ ਦੀ ਕੁੱਲ ਗਿਣਤੀ ਤੋਂ ਵੱਧ ਹੈ। ਅੱਜ ਸਾਡੀ ਆਯੁਸ਼ਮਾਨ ਭਾਰਤਯੋਜਨਾ ਵਿਸ਼ਵ ਦਾ ਸਭ ਤੋਂ ਵਿਸ਼ਾਲ ਸਿਹਤ ਸੁਰੱਖਿਆ ਪ੍ਰੋਗਰਾਮ ਹੈ, ਜਿਸ ਅਧੀਨ 50 ਕਰੋੜ ਵਿਅਕਤੀ ਕਵਰ ਹੁੰਦੇ ਹਨ। ਕੋਵਿਡ ਵਿਰੁੱਧ ਜੰਗ ਵਿੱਚ, ਸਾਡੀ ਬੁਨਿਆਦੀ ਸਿਹਤ ਪ੍ਰਣਾਲੀ ਹੀ ਵਿਸ਼ਵ ਦੀਆਂ ਸਰਬੋਤਮ ਸਿਹਤਯਾਬੀ ਦਰਾਂ ਵਿੱਚੋਂ ਇੱਕ ਵਜੋਂ ਯਕੀਨੀ ਬਣਾਉਣ ਵਿੱਚ ਭਾਰਤ ਦੀ ਮਦਦ ਕਰ ਰਹੀ ਹੈ। ਅਸੀਂ ਸਾਲ 2025 ਤੱਕ ਟੀਬੀ (ਤਪੇਦਿਕ) ਦਾ ਖ਼ਾਤਮਾ ਕਰਨ ਦੀ ਲੀਹ ਉੱਤੇ ਵੀ ਹਾਂ। ਹੋਰ ਵਿਕਾਸਸ਼ੀਲ ਦੇਸ਼ ਭਾਰਤ ਦੇ ਵਿਕਾਸ ਪ੍ਰੋਗਰਾਮਾਂ ਦੇ ਪੱਧਰ ਤੇ ਸਫ਼ਲਤਾ ਤੋਂ ਸਿੱਖ ਸਕਦੇ ਹਨ। ਅਤੇ ਅਸੀਂ ਟੈਕਨੋਲੋਜੀਆਂ ਤੇ ਨਵੀਂਆਂ ਖੋਜਾਂ ਨੂੰ ਤਾਇਨਾਤ ਕੀਤਾ ਹੈ। ਇਹੋ ਇਹ ਅਹਿਸਾਸ ਹੈ, ਜੋ ਵਿਸ਼ਵਦੱਖਣ ਨਾਲ ਭਾਰਤ ਦੀ ਆਪਣੀ ਵਿਕਾਸ ਭਾਈਵਾਲੀ ਨੂੰ ਮਜ਼ਬੂਤ ਕਰਦਾ ਹੈ।

 

ਸਮੂਹ ਮਹਾਮਹਿਮ,

 

ਅਸੀਂ ਵਿਕਾਸ ਦੇ ਪੱਥ ਉੱਤੇ ਅੱਗੇ ਵਧਦੇ ਜਾ ਰਹੇ ਹਾਂ, ਅਸੀਂ ਆਪਣੇ ਗ੍ਰਹਿ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਭੁਲਾ ਰਹੇ। ਪਿਛਲੇ ਕੁਝ ਸਾਲਾਂ ਦੌਰਾਨ, ਅਸੀਂ ਸਾਲਾਨਾ 3.80 ਕਰੋੜ ਟਨ ਕਾਰਬਨ ਨਿਕਾਸੀਆਂ ਘਟਾਈਆਂ ਹਨ। ਅਜਿਹਾ ਸਾਡੇ ਪਿੰਡਾਂ ਦਾ ਬਿਜਲੀਕਰਨ ਕਰ ਕੇ ਸੰਭਵ ਹੋ ਸਕਿਆ ਹੈ, 8 ਕਰੋੜ ਗ਼ਰੀਬ ਪਰਿਵਾਰਾਂ ਨੂੰ ਖਾਣਾ ਪਕਾਉਣ ਦਾ ਸਾਫ਼ ਈਂਧਣ ਮੁਹੱਈਆ ਹੋਇਆ ਹੈ ਅਤੇ ਊਰਜਾ ਬਚਾਉਣ ਦੇ ਉਪਾਅ ਲਾਗੂ ਕੀਤੇ ਗਏ ਹਨ। ਅਸੀਂ ਸਾਲ 2030 ਤੱਕ 450 ਗੀਗਾਵਾਟ ਅਖੁੱਟ ਊਰਜਾ ਸਥਾਪਿਤ ਕਰਨ ਦਾ ਟੀਚਾ ਮਿਥਿਆ ਹੈ ਅਤੇ 2.60 ਕਰੋੜ ਹੈਕਟੇਅਰ ਬੇਕਾਰ ਪਈ ਜ਼ਮੀਨ ਨੂੰ ਬਹਾਲ ਕੀਤਾ ਹੈ। ਸਾਡੀ ਕੁਦਰਤ ਨਾਲ ਪੂਰੀ ਇੱਕਸੁਰਤਾ ਨਾਲ ਜੀਵਨ ਜਿਊਣ ਦੀ ਜੁੱਗਾਂ ਪੁਰਾਣੀ ਪਰੰਪਰਾ ਰਹੀ ਹੈ। ਅਸੀਂ ਸਵੱਛਤਾ ਲਈ ਵਿਸ਼ਾਲ ਮੁਹਿੰਮਾਂ ਵਿੱਚੋਂ ਇੱਕ ਦੀ ਸ਼ੁਰੂਆਤ ਕੀਤੀ ਸੀ ਅਤੇ ਇਕਹਿਰੀ ਵਰਤੋਂ ਵਾਲੇ ਪਲਾਸਟਿਕ ਦੇ ਇਸਤੇਮਾਲ ਨੂੰ ਨਿਰਉਤਸ਼ਾਹਿਤ ਕੀਤਾ ਹੈ। ਅੰਤਰਰਾਸ਼ਟਰੀ ਪੱਧਰ ਉੱਤੇ ਇੰਟਰਨੈਸ਼ਨਲ ਸੋਲਰ ਅਲਾਇੰਸ ਸਥਾਪਿਤ ਕਰਨ ਦੀ ਸਾਡੀ ਪਹਿਲ ਵਾਤਾਵਰਣਕ ਕਾਰਵਾਈ ਦੀ ਇੱਕ ਵਿਵਹਾਰਕ ਉਦਾਹਰਣ ਹੈ। ਇਸੇ ਤਰ੍ਹਾਂ, ‘ਕੁਲੀਸ਼ਨ ਫ਼ਾਰ ਡਿਜ਼ਾਸਟਰ ਰਿਜ਼ੀਲੀਅੰਸ ਇਨਫ਼੍ਰਾਸਟਰਕਚਰ’ (ਆਪਦਾ ਪ੍ਰਤੀ ਲਚਕਤਾ ਬੁਨਿਆਦੀ ਢਾਂਚੇ ਲਈ ਗੱਠਜੋੜ) ਇੱਕ ਵਿਆਪਕ ਪਹੁੰਚ ਲਈ ਸਾਰੀਆਂ ਵਾਜਬ ਸਬੰਧਿਤ ਧਿਰਾਂ ਨੂੰ ਇਕਜੁੱਟ ਕਰਦਾ ਹੈ। ਸਾਨੂੰ ਮਾਣ ਹੈ ਕਿ ਅਸੀਂ ਲੋੜ ਪੈਣ ਤੇ ਸਦਾ ਆਪਣੇ ਖੇਤਰ ਵਿੱਚ ਸਭ ਤੋਂ ਪਹਿਲਾਂ ਹੁੰਗਾਰਾ ਦਿੱਤਾ ਹੈ ਦੋਸਤ ਉਹੀ ਜੋ ਲੋੜ ਪੈਣ ਤੇ ਕੰਮ ਆਵੇ। ਭਾਵੇਂ ਭੂਚਾਲ ਆਏ ਹੋਣ, ਚਾਹੇ ਚੱਕਰਵਾਤੀ ਤੂਫ਼ਾਨ ਜਾਂ ਹੋਰ ਕੁਦਰਤੀ ਜਾਂ ਮਨੁੱਖੀ ਸੰਕਟ ਪੈਦਾ ਹੋਇਆ ਹੋਵੇ, ਭਾਰਤ ਨੇ ਸਦਾ ਤੇਜ਼ਰਫ਼ਤਾਰ ਤੇ ਮੁਕੰਮਲ ਏਕਤਾ ਨਾਲ ਹੁੰਗਾਰਾ ਭਰਿਆ ਹੈ। ਕੋਵਿਡ ਵਿਰੁੱਧ ਸਾਡੀ ਸਾਂਝੀ ਜੰਗ ਵਿੱਚ, ਅਸੀਂ 150 ਤੋਂ ਵੱਧ ਦੇਸ਼ਾਂ ਤੱਕ ਮੈਡੀਕਲ ਅਤੇ ਹੋਰ ਸਹਾਇਤਾ ਪਹੁੰਚਾਈ ਹੈ। ਅਸੀਂ ਆਪਣੇ ਗੁਆਂਢ ਵਿੱਚ ਸਾਰਕ ਕੋਵਿਡ ਐਮਰਜੈਂਸੀ ਫ਼ੰਡ ਕਾਇਮ ਕਰਨ ਵਿੱਚ ਵੀ ਮਦਦ ਕੀਤੀ ਹੈ।

 

ਸਮੂਹ ਮਹਾਮਹਿਮ,

 

ਕੋਵਿਡ–19 ਮਹਾਮਾਰੀ ਨੇ ਸਾਰੇ ਦੇਸ਼ਾਂ ਦੀ ਸਹਿਣਸ਼ੀਲਤਾ ਨੂੰ ਬਹੁਤ ਗੰਭੀਰਤਾ ਨਾਲ ਪਰਖਿਆ ਹੈ। ਭਾਰਤ ਵਿੱਚ, ਅਸੀਂ ਸਰਕਾਰ ਅਤੇ ਸਮਾਜ ਨੂੰ ਜੋੜ ਕੇ ਲੋਕਲਹਿਰ ਨਾਲ ਵਿਸ਼ਵਮਹਾਮਾਰੀ ਵਿਰੁੱਧ ਜੰਗ ਲੜਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਗ਼ਰੀਬ ਪਰਿਵਾਰਾਂ ਨੂੰ ਲਾਭ ਪਹੁੰਚਾਉਣ ਨੂੰ ਸਪ ਤੋਂ ਵੱਧ ਤਰਜੀਹ ਦਿੱਤੀ ਹੈ। ਅਸੀਂ 300 ਅਰਬ ਡਾਲਰ ਤੋਂ ਵੱਧ ਦੇ ਪੈਕੇਜ ਦਾ ਐਲਾਨ ਕੀਤਾ ਹੈ। ਇਸ ਨਾਲ ਅਰਥਵਿਵਸਥਾ ਮੁੜ ਲੀਹ ਉੱਤੇ ਆਵੇਗੀ, ਆਧੁਨਿਕ ਢਾਂਚੇ ਦਾ ਨਿਰਮਾਣ ਹੋਵੇਗਾ ਅਤੇ ਟੈਕਨੋਲੋਜੀ ਦੁਆਰਾ ਸੰਚਾਲਿਤ ਪ੍ਰਣਾਲੀ ਲਾਗੂ ਹੋਵੇਗੀ। ਅਸੀਂ ਵਿਸ਼ਵ ਅਰਥਵਿਵਸਥਾ ਨਾਲ ਸੰਗਠਿਤ ਆਤਮਨਿਰਭਰ ਭਾਰਤਅਤੇ ਸਹਿਣਸ਼ੀਲ ਭਾਰਤ ਦੀ ਦੂਰਦ੍ਰਿਸ਼ਟੀ ਨੂੰ ਅੱਗੇ ਰੱਖਿਆ ਹੈ।

 

ਸਮੂਹ ਮਹਾਮਹਿਮ,

 

ਭਾਰਤ ਦਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਚਿਰਸਥਾਈ ਸ਼ਾਂਤੀ ਅਤੇ ਖ਼ੁਸ਼ਹਾਲੀ ਹਾਸਲ ਕਰਨ ਦਾ ਰਾਹ ਬਹੁਪੱਖਵਾਦ ਵਿੱਚੋਂ ਦੀ ਗੁਜਰਦਾ ਹੈ। ਧਰਤੀ ਮਾਂ ਦੇ ਬੱਚਿਆਂ ਦੇ ਤੌਰ ਤੇ, ਸਾਨੂੰ ਜ਼ਰੂਰ ਹੀ ਆਪਣੀਆਂ ਸਾਂਝੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਹੱਥ ਮਿਲਾ ਲੈਣੇ ਚਾਹੀਦੇ ਹਨ ਅਤੇ ਸਾਂਝੇ ਟੀਚੇ ਹਾਸਲ ਕਰਨੇ ਚਾਹੀਦੇ ਹਨ। ਉਂਝ, ਬਹੁਪੱਖਵਾਦ ਨੂੰ ਸਮਕਾਲੀ ਵਿਸ਼ਵ ਦੀ ਸੱਚਾਈ ਦੀ ਨੁਮਾਇੰਦਗੀ ਕਰਨ ਦੀ ਜ਼ਰੂਰਤ ਹੈ। ਸਿਰਫ਼ ਸੁਧਾਰਾਂ ਦੀ ਪ੍ਰਕਿਰਿਆ ਵਿੱਚੋਂ ਲੰਘੇ ਸੰਯੁਕਤ ਰਾਸ਼ਟਰ ਨਾਲ ਸੁਧਰਿਆ ਹੋਇਆ ਬਹੁਪੱਖਵਾਦ ਹੀ ਇਸ ਕੇ ਕੇਂਦਰ ਵਿੱਚ ਰਹਿ ਕੇ ਮਾਨਵਤਾ ਦੀਆਂ ਇੱਛਾਵਾਂ ਪੂਰੀਆਂ ਕਰ ਸਕਦਾ ਹੈ। ਅੱਜ, ਸੰਯੁਕਤ ਰਾਸ਼ਟਰ ਦੇ 75 ਸਾਲਾਂ ਦੇ ਜਸ਼ਨ ਮਨਾਉਦਿਆਂ, ਆਓ ਅਸੀਂ ਵਿਸ਼ਵ ਬਹੁਪੱਖੀ ਪ੍ਰਣਾਲੀ ਨੂੰ ਸੁਧਾਰਨ ਦਾ ਸੰਕਲਪ ਲਈਏ। ਇਸ ਦੀ ਪ੍ਰਾਸੰਗਿਕਤਾ ਵਿੱਚ ਵਾਧਾ ਕਰੀਏ, ਇਸ ਦੀ ਪ੍ਰਭਾਵਕਤਾ ਨੂੰ ਸੁਧਾਰੀਏ ਅਤੇ ਇਸ ਨੂੰ ਨਵੇਂ ਕਿਸਮ ਦੇ ਮਾਨਵਕੇਂਦ੍ਰਿਤ ਵਿਸ਼ਵੀਕਰਨ ਦਾ ਅਧਾਰ ਬਣਾਈਏ। ਸੰਯੁਕਤ ਰਾਸ਼ਟਰ ਮੂਲ ਰੂਪ ਵਿੱਚ ਦੂਜੇ ਵਿਸ਼ਵ ਯੁੱਧ ਕਾਰਨ ਪੈਦਾ ਹੋਏ ਭਾਰੀ ਰੋਹ ਸਦਕਾ ਪੈਦਾ ਹੋਇਆ ਸੀ। ਅੱਜ, ਵਿਸ਼ਵਪੱਧਰੀ ਮਹਾਮਾਰੀ ਦਾ ਰੋਹ ਇਸ ਦੇ ਪੁਨਰਜਨਮ ਤੇ ਸੁਧਾਰ ਲਈ ਸੰਦਰਭ ਮੁਹੱਈਆ ਕਰਵਾਉਂਦਾ ਹੈ। ਆਓ ਆਪਾਂ ਇਹ ਮੌਕਾ ਨਾ ਗੁਆਈਏ।

 

ਸਮੂਹ ਮਹਾਮਹਿਮ,

 

ਭਾਰਤ ਇਸ ਅਹਿਮ ਸਮੇਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦਾ ਮੈਂਬਰ ਚੁਣਿਆ ਗਿਆ ਹੈ। ਵਿਸ਼ਵ ਇੱਕਸੁਰਤਾ ਨੂੰ ਕਾਇਮ ਰੱਖਣ ਦੀ ਆਪਣੀ ਡੂੰਘੀ ਪ੍ਰਤੀਬੱਧਤਾ ਨਾਲ, ਸਮਾਜਿਕਆਰਥਿਕ ਸਮਾਨਤਾ ਵਿੱਚ ਸੁਧਾਰ ਲਿਆ ਕੇ ਅਤੇ ਕੁਦਰਤ ਦਾ ਸੰਤੁਲਨ ਕਾਇਮ ਰੱਖ ਕੇ ਭਾਰਤ ਸੰਯੁਕਤ ਰਾਸ਼ਟਰ ਦੇ ਏਜੰਡੇ ਨੂੰ ਪੂਰਨ ਸਮਰਥਨ ਦੇਣ ਵਿੱਚ ਆਪਣੀ ਭੂਮਿਕਾ ਨਿਭਾਏਗਾ।

 

ਨਮਸਕਾਰ।

ਤੁਹਾਡਾ ਧੰਨਵਾਦ।

 

*****

 

ਵੀਆਰਆਰਕੇ/ਐੱਸਐੱਚ(Release ID: 1639537) Visitor Counter : 246