ਜਹਾਜ਼ਰਾਨੀ ਮੰਤਰਾਲਾ

ਜਹਾਜ਼ਰਾਨੀ ਮੰਤਰਾਲੇ ਨੇ ਜਨਤਕ ਮਸ਼ਵਰੇ ਲਈ “ਏਡਸ ਟੂ ਨੇਵੀਗੇਸ਼ਨ ਬਿਲ 2020” ਦਾ ਡਰਾਫਟ ਜਾਰੀ ਕੀਤਾ

ਬਿਲ ਦਾ ਉਦੇਸ਼ 90 ਸਾਲ ਤੋਂ ਵੱਧ ਪੁਰਾਣੇ ਲਾਈਟਹਾਊਸ ਐਕਟ, 1927 ਨੂੰ ਪ੍ਰਤੀਸਥਾਪਿਤ ਕਰਨਾ ਹੈ

Posted On: 10 JUL 2020 12:01PM by PIB Chandigarh

ਸ਼ਾਸਨ ਵਿੱਚ ਲੋਕਾਂ ਦੀ ਭਾਗੀਦਾਰੀ ਅਤੇ ਪਾਰਦਰਸ਼ਤਾ ਵਧਾਉਣ ਲਈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੋਚ ਦੇ ਅਨੁਰੂਪ ਜਹਾਜ਼ਰਾਨੀ ਮੰਤਰਾਲੇ ਨੇ ਹਿਤਧਾਰਕਾਂ ਅਤੇ ਆਮ ਜਨਤਾ ਦੇ ਸੁਝਾਅ ਸੱਦਣ ਲਈ ਏਡਸ ਟੂ ਨੇਵੀਗੇਸ਼ਨ ਬਿਲ 2020” ਦਾ ਡਰਾਫਟ ਜਾਰੀ ਕੀਤਾ ਹੈ।

 

ਬਿਲ ਦਾ ਇਹ ਡਰਾਫਟ ਲਗਭਗ ਨੌਂ ਦਹਾਕੇ ਪੁਰਾਣੇ ਲਾਈਟਹਾਊਸ ਐਕਟ, 1927 ਨੂੰ ਬਦਲਣ ਲਈ ਲਿਆਂਦਾ ਗਿਆ, ਤਾਕਿ ਇਸ ਵਿੱਚ ਬਿਹਤਰੀਨ ਆਲਮੀ ਪਿਰਤਾਂ, ਤਕਨੀਕੀ ਵਿਕਾਸ ਅਤੇ ਸਮੁੰਦਰੀ ਜਹਾਜ਼ਾਂ ਦੇ ਖੇਤਰ ਵਿੱਚ ਭਾਰਤ ਦੀਆਂ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਨੂੰ ਸ਼ਾਮਲ ਕੀਤਾ ਜਾ ਸਕੇ।

 

ਕੇਂਦਰੀ ਜਹਾਜ਼ਰਾਨੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ ਕਿ ਇਹ ਪਹਿਲ ਉਨ੍ਹਾਂ ਦੇ ਮੰਤਰਾਲੇ ਦੁਆਰਾ ਪੁਰਾਤਨ ਬਸਤੀਵਾਦੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਉਨ੍ਹਾਂ ਦੇ ਸਥਾਨ ਤੇ ਸਮੁੰਦਰੀ ਆਵਾਜਾਈ ਖੇਤਰ ਦੀਆਂ ਆਧੁਨਿਕ ਅਤੇ ਸਮਕਾਲੀਨ ਜ਼ਰੂਰਤਾਂ ਦੇ ਅਨੁਰੂਪ ਨਵੀਂ ਵਿਵਸਥਾ ਕਰਨ ਦੇ ਸਰਗਰਮ ਦ੍ਰਿਸ਼ਟੀਕੋਣ ਦਾ ਹਿੱਸਾ ਹੈ। ਸ਼੍ਰੀ ਮਾਂਡਵੀਯਾ ਨੇ ਕਿਹਾ ਕਿ ਜਨਤਾ ਅਤੇ ਹਿਤਧਾਰਕਾਂ ਦੇ ਸੁਝਾਅ ਕਾਨੂੰਨ ਦੇ ਪ੍ਰਾਵਧਾਨਾਂ ਨੂੰ ਮਜ਼ਬੂਤ ਕਰਨਗੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਬਿਲ ਦਾ ਉਦੇਸ਼ ਸਮੁੰਦਰੀ ਨੇਵੀਗੇਸ਼ਨ ਦੀਆਂ ਆਧੁਨਿਕ ਤਕਨੀਕਾਂ ਨੂੰ ਨਿਯਮਿਤ ਕਰਨਾ ਹੈ ਜੋ ਪਹਿਲਾਂ ਲਾਈਟਹਾਊਸ ਐਕਟ, 1927 ਦੇ ਕਾਨੂੰਨੀ ਪ੍ਰਾਵਧਾਨਾਂ ਵਿੱਚ ਉਲਝੀ ਹੋਈ ਸੀ।

 

ਡਰਾਫਟ ਬਿਲ ਵੈਸਲ ਟ੍ਰੈਫਿਕ ਸੇਵਾਵਾਂ, ਰੇਕ ਫਲੈਗਿੰਗ, ਟ੍ਰੇਨਿੰਗ ਅਤੇ ਪ੍ਰਮਾਣਨ ਅਤੇ ਅੰਤਰਰਾਸ਼ਟਰੀ ਸੰਧੀਆਂ ਜਿਨ੍ਹਾਂ ਤੇ ਭਾਰਤ ਦਸਤਖ਼ਤ ਕਰ ਚੁੱਕਿਆ ਹੈ, ਦੇ ਤਹਿਤ ਹੋਰ ਜ਼ਿੰਮੇਵਾਰੀਆਂ ਦੇ ਨਿਭਾਅ ਲਈ ਲਾਈਟਹਾਊਸ ਅਤੇ ਲਾਈਟਸ਼ਿਪ ਡਾਇਰੈਕਟੋਰੇਟ ਜਨਰਲ ਨੂੰ ਹੋਰ ਅਧਿਕਾਰ ਅਤੇ ਸ਼ਕਤੀਆਂ ਪ੍ਰਦਾਨ ਕਰਦਾ ਹੈ। ਇਸ ਵਿੱਚ ਪ੍ਰਾਚੀਨ ਵਿਰਾਸਤ ਦੇ ਰੂਪ ਵਿੱਚ ਮੌਜੂਦ ਲਾਈਟਹਾਊਸਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦਾ ਵਿਕਾਸ ਕਰਨ ਦੀ ਵੀ ਵਿਵਸਥਾ ਹੈ।

 

ਡਰਾਫਟ ਬਿਲ ਵਿੱਚ ਨੇਵੀਗੇਸ਼ਨ ਵਿੱਚ ਰੁਕਾਵਟ ਪਾਉਣ ਅਤੇ ਕਿਸੇ ਤਰ੍ਹਾਂ ਦੇ ਨੁਕਸਾਨ ਪਹੁੰਚਾਉਣ ਤੇ ਕੇਂਦਰ ਸਰਕਾਰ ਅਤੇ ਹੋਰ ਸੰਸਥਾਵਾਂ ਦੁਆਰਾ ਜਾਰੀ ਨਿਰਦੇਸ਼ਾਂ ਦਾ ਪਾਲਣਾ ਨਾ ਕੀਤੇ ਜਾਣ ਤੇ ਦੰਡਾਤਮਕ ਵਿਵਸਥਾਵਾਂ ਅਤੇ ਅਜਿਹੇ ਕਾਰਜਾਂ ਨੂੰ ਅਪਰਾਧ ਦੀ ਸ਼੍ਰੇਣੀ ਵਿੱਚ ਰੱਖਣ ਲਈ ਇੱਕ ਨਵੀਂ ਸੂਚੀ ਬਣਾਈ ਗਈ ਹੈ।

 

ਸਮੁੰਦਰੀ ਨੇਵੀਗੇਸ਼ਨ ਦੇ ਲਈ ਉੱਨਤ ਆਧੁਨਿਕ ਤਕਨੀਕੀ ਨਾਲ ਲੈਸ ਸਹਾਇਕ ਉਪਕਰਣਾਂ ਦੇ ਆ ਜਾਣ ਨਾਲ ਸਮੁੰਦਰੀ ਨੇਵੀਗੇਸ਼ਨ ਨੂੰ ਨਿਯਮਿਤ ਕਰਨ ਅਤੇ ਸੰਚਾਲਿਤ ਕਰਨ ਵਾਲੇ ਅਧਿਕਾਰੀਆਂ ਦੀ ਭੂਮਿਕਾ ਵੀ ਕਾਫੀ ਬਦਲ ਗਈ ਹੈ। ਇਸ ਲਈ ਪ੍ਰਸਤਾਵਿਤ ਨਵੇਂ ਕਾਨੂੰਨ ਵਿੱਚ ਲਾਈਟਹਾਊਸ ਦੇ ਸਥਾਨ 'ਤੇ ਨੇਵੀਗੇਸ਼ਨ ਲਈ ਆਧੁਨਿਕ ਸਹਾਇਕ ਸਮੱਗਰੀ ਦੇ ਇਸਤੇਮਾਲ ਤੇ ਜ਼ੋਰ ਦਿੱਤਾ ਗਿਆ ਹੈ।

 

ਬਿਲ ਦਾ ਡਰਾਫਟ ਲਾਈਟਹਾਊਸ ਅਤੇ ਲਾਈਟਸ਼ਿਪ ਡਾਇਰੈਕਟੋਰੇਟ ਜਨਰਲ ਦੀ ਵੈੱਬਸਾਈਟ, http://www.dgll.nic.in/Content/926_3_dgll.gov.in.aspx  'ਤੇ ਅੱਪਲੋਡ ਕੀਤਾ ਗਿਆ ਹੈ, ਜਿੱਥੇ ਆਮ ਨਾਗਰਿਕ ਬਿਲ ਦੇ ਡਰਾਫਟ ਬਾਰੇ ਆਪਣੇ ਸੁਝਾਅ ਅਤੇ ਰਾਏ ਈ-ਮੇਲ ਪਤੇ atonbill2020[at]gmail[dot]com  ਉੱਤੇ 24.07.2020 ਤੱਕ ਭੇਜ ਸਕਦੇ ਹਨ।

 

****

 

 

ਵਾਈਬੀ/ਏਪੀ/ਜੇਕੇ



(Release ID: 1637841) Visitor Counter : 187