ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਾਰਾਣਸੀ ਸਥਿਤ ਗ਼ੈਰ–ਸਰਕਾਰੀ ਸੰਗਠਨਾਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕੀਤੀ
Posted On:
09 JUL 2020 1:42PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਵਾਰਾਣਸੀ ਦੇ ਅਜਿਹੇ ਵਿਭਿੰਨ ਗ਼ੈਰ–ਸਰਕਾਰੀ ਸੰਗਠਨਾਂ ਨਾਲ ਗੱਲਬਾਤ ਕੀਤੀ, ਜਿਹੜੇ ਕੋਵਿਡ–19 ਦੇ ਮੌਜੂਦਾ ਸੰਕਟ ਦੌਰਾਨ ਰਾਹਤ ਮੁਹੱਈਆ ਕਰਵਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਪਵਿੱਤਰ ਅਤੇ ਮੁਬਾਰਕ ਨਗਰੀ ਵਾਰਾਣਸੀ ਦੇ ਲੋਕਾਂ ਦੀ ਸ਼ਲਾਘਾ ਕੀਤੀ, ਜੋ ਕੋਰੋਨਾ ਮਹਾਮਾਰੀ ਦੇ ਬਾਵਜੂਦ ਆਸ ਅਤੇ ਉਤਸ਼ਾਹ ਨਾਲ ਭਰਪੂਰ ਰਹੇ।
ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਅਜਿਹੀ ਜਾਣਕਾਰੀ ਮਿਲਦੀ ਰਹੀ ਹੈ ਕਿ ਲੋਕ ਕਿਵੇਂ ਸੇਵਾ ਭਾਵਨਾ ਅਤੇ ਹੌਸਲੇ ਨਾਲ ਲੋੜਵੰਦਾਂ ਦੀ ਨਿਰੰਤਰ ਮਦਦ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਛੂਤ ਦੀ ਰੋਕਥਾਮ, ਵਿਭਿੰਨ ਹਸਪਤਾਲਾਂ ਦੀ ਹਾਲਤ, ਕੁਆਰੰਟੀਨ ਦੇ ਇੰਤਜ਼ਾਮਾਂ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਭਲਾਈ ਲਈ ਚੁੱਕੇ ਜਾ ਰਹੇ ਵੱਖੋ–ਵੱਖਰੇ ਕਦਮਾਂ ਬਾਰੇ ਜਾਣਕਾਰੀ ਮਿਲਦੀ ਰਹੀ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਾਚੀਨ ਸਮਿਆਂ ਤੋਂ ਅਜਿਹਾ ਵਿਸ਼ਵਾਸ ਚੱਲਿਆ ਆ ਰਿਹਾ ਹੈ ਕਿ ਕਾਸ਼ੀ ਵਿੱਚ ਕੋਈ ਵੀ ਭੁੱਖਾ ਨਹੀਂ ਸੌਂਵੇਗਾ ਕਿਉਂਕਿ ਇਸ ਨਗਰ ਨੂੰ ਮਾਂ ਅੰਨਪੂਰਣਾ ਅਤੇ ਬਾਬਾ ਵਿਸ਼ਵਨਾਥ ਦਾ ਅਸ਼ੀਰਵਾਦ ਪ੍ਰਾਪਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੇ ਸਭਨਾ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਵੇਲੇ ਈਸ਼ਵਰ ਨੇ ਸਾਨੂੰ ਗ਼ਰੀਬਾਂ ਦੀ ਸੇਵਾ ਲਈ ਸਾਧਨ ਬਣਾਇਆ ਹੈ।
ਉਨ੍ਹਾਂ ਕਿਹਾ ਕਿ ਇਸ ਪਵਿੱਤਰ ਨਗਰੀ ਵਿੱਚ ਵਿਭਿੰਨ ਧਾਰਮਿਕ ਗਤੀਵਿਧੀਆਂ ਰੁਕੀਆਂ ਹੋਣ ਦੇ ਬਾਵਜੂਦ ਵਾਰਾਣਸੀ ਦੀ ਜਨਤਾ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਕੋਰੋਨਾ ਵਿਰੁੱਧ ਜੰਗ ਵਿੱਚ ਕਿਸੇ ਤੋਂ ਘੱਟ ਨਹੀਂ ਹਨ ਅਤੇ ਗ਼ਰੀਬਾਂ ਤੇ ਲੋੜਵੰਦਾਂ ਦੀ ਅਨਾਜ ਅਤੇ ਮੈਡੀਕਲ ਸਪਲਾਈ ਨਾਲ ਲਗਾਤਾਰ ਮਦਦ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਇਸ ਮਾਮਲੇ ਵਿੱਚ ਕੰਮ ਕਰ ਰਹੀਆਂ ਇੱਕ ਤੋਂ ਬਾਅਦ ਇੱਕ ਵਿਭਿੰਨ ਸਰਕਾਰੀ ਅਤੇ ਸਥਾਨਕ ਪ੍ਰਸ਼ਾਸਨਿਕ ਇਕਾਈਆਂ ਦੇ ਜਤਨਾਂ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਫ਼ੂਡ ਹੈਲਪਲਾਈਨਸ ਅਤੇ ਸਮੂਹਕ ਲੰਗਰਾਂ ਦਾ ਵਿਆਪਕ ਨੈੱਟਵਰਕ ਸਥਾਪਿਤ ਕੀਤਾ ਗਿਆ ਹੈ, ਹੈਲਪਲਾਈਨਜ਼ ਵਿਕਸਿਤ ਕੀਤੀਆਂ ਗਈਆਂ ਹਨ, ਡਾਟਾ ਸਾਇੰਸ ਦੀ ਮਦਦ ਲਈ ਗਈ ਹੈ, ਸਮਾਰਟ ਸਿਟੀ ਵਾਰਾਣਸੀ ਦੇ ਕੰਟਰੋਲ ਅਤੇ ਕਮਾਂਡ ਸੈਂਟਰ ਦੀ ਪੂਰੀ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਹਰੇਕ ਵਿਅਕਤੀ ਹਰੇਕ ਪੱਧਰ ਉੱਤੇ ਗ਼ਰੀਬਾਂ ਦੀ ਪੂਰੀ ਤਰ੍ਹਾਂ ਮਦਦ ਕਰਨ ਦੇ ਯੋਗ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਡਾਕ ਵਿਭਾਗ ਉਸ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਲਈ ਅੱਗੇ ਆਇਆ ਸੀ, ਜਦੋਂ ਉਨ੍ਹਾਂ ਕੋਲ ਅਨਾਜ ਵੰਡਣ ਲਈ ਰੇਹੜਿਆਂ ਦੀ ਕਮੀ ਹੋ ਗਈ ਸੀ। ਸੰਤ ਕਬੀਰਦਾਸ ਦੀਆਂ ਤੁਕਾਂ ਦੇ ਹਵਾਲੇ ਨਾਲ ਸ਼੍ਰੀ ਮੋਦੀ ਨੇ ਕਿਹਾ ਕਿ ਜਿਹੜਾ ਵਿਅਕਤੀ ਸੇਵਾ ਕਰਦਾ ਹੈ, ਉਹ ਉਸ ਸੇਵਾ ਦੇ ਫਲ ਬਾਰੇ ਨਹੀਂ ਪੁੱਛਦਾ, ਉਹ ਦਿਨ ਰਾਤ ਸਿਰਫ਼ ਨਿਸ਼ਕਾਮ ਸੇਵਾ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵੱਧ ਆਬਾਦੀ ਅਤੇ ਹੋਰ ਬਹੁਤ ਸਾਰੀਆਂ ਚੁਣੌਤੀਆਂ ਕਾਰਨ ਕਈ ਮਾਹਿਰਾਂ ਨੇ ਇਸ ਮਹਾਮਾਰੀ ਨਾਲ ਲੜਨ ਦੀਆਂ ਭਾਰਤ ਦੀਆਂ ਸਮਰੱਥਾਵਾਂ ਉੱਤੇ ਸੁਆਲ ਖੜ੍ਹੇ ਕੀਤੇ ਸਨ। ਉਨ੍ਹਾਂ ਕਿਹਾ ਕਿ 23–24 ਕਰੋੜ ਦੀ ਆਬਾਦੀ ਵਾਲੇ ਉੱਤਰ ਪ੍ਰਦੇਸ਼ ਬਾਰੇ ਵੀ ਅਜਿਹਾ ਡਰ ਸੀ ਕਿ ਇੱਥੇ ਛੂਤ ਘਟਾਈ ਨਹੀਂ ਜਾ ਸਕਦੀ ਪਰ ਇਸ ਰਾਜ ਦੀ ਜਨਤਾ ਦੇ ਆਪਸੀ ਸਹਿਯੋਗ ਅਤੇ ਸਖ਼ਤ ਮਿਹਨਤ ਕਾਰਨ ਅਜਿਹੇ ਖ਼ਦਸ਼ੇ ਖ਼ਤਮ ਹੋ ਗਏ। ਉਨ੍ਹਾਂ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਹੁਣ ਉੱਤਰ ਪ੍ਰਦੇਸ਼ ਵਿੱਚ ਨਾ ਸਿਰਫ਼ ਛੂਤ ਲੱਗਣ ਦੀ ਰਫ਼ਤਾਰ ਉੱਤੇ ਕਾਬੂ ਪਾ ਲਿਆ ਗਿਆ ਹੈ, ਬਲਕਿ ਕੋਰੋਨਾ ਦੀ ਲਪੇਟ ਵਿੱਚ ਆਏ ਵਿਅਕਤੀ ਵੀ ਤੇਜ਼ੀ ਨਾਲ ਠੀਕ ਹੋ ਰਹੇ ਹਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਲੋੜਵੰਦਾਂ ਨੂੰ ਵਿਭਿੰਨ ਸੁਵਿਧਾਵਾਂ ਮੁਹੱਈਆ ਕਰਵਾ ਰਹੀ ਹੈ ਅਤੇ ਲਗਭਗ 80 ਕਰੋੜ ਲੋਕਾਂ ਨੂੰ ਉਨ੍ਹਾਂ ਯੋਜਨਾਵਾਂ ਦਾ ਲਾਭ ਮਿਲਣ ਜਾ ਰਿਹਾ ਹੈ, ਜਿਨ੍ਹਾਂ ਅਧੀਨ ਮੁਫ਼ਤ ਰਾਸ਼ਨ ਹੀ ਨਹੀਂ, ਬਲਕਿ ਮੁਫ਼ਤ ਸਿਲੰਡਰ ਵੀ ਮੁਹੱਈਆ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਦੁੱਗਣੀ ਵੱਧ ਆਬਾਦੀ ਵਾਲਾ ਭਾਰਤ ਉਨ੍ਹਾਂ ਤੋਂ ਇੱਕ ਪੈਸਾ ਲਏ ਬਗ਼ੈਰ ਉਨ੍ਹਾਂ ਦੀ ਸੇਵਾ ਕਰ ਰਿਹਾ ਹੈ। ਹੁਣ ਇਹ ਯੋਜਨਾ ਨਵੰਬਰ ਮਹੀਨੇ ਦੇ ਅੰਤ ਭਾਵ ਦੀਵਾਲੀ ਅਤੇ ਛਠ ਪੂਜਾ ਤੱਕ ਅੱਗੇ ਵਧਾ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਭਿੰਨ ਕਾਰੀਗਰਾਂ, ਖ਼ਾਸ ਤੌਰ ’ਤੇ ਬੁਣਕਰਾਂ ਦੇ ਨਾਲ–ਨਾਲ ਵਾਰਾਣਸੀ ਦੇ ਕਾਰੋਬਾਰੀਆਂ ਤੇ ਵਪਾਰੀਆਂ ਦੀਆਂ ਵਿਭਿੰਨ ਔਕੜਾਂ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ 8,000 ਕਰੋੜ ਰੁਪਏ ਲਾਗਤ ਵਾਲੇ ਵਿਭਿੰਨ ਬੁਨਿਆਦੀ ਢਾਂਚਾ ਅਤੇ ਹੋਰ ਪ੍ਰੋਜੈਕਟ ਤੇਜ਼ ਰਫ਼ਤਾਰ ਨਾਲ ਲਾਗੂ ਕੀਤੇ ਜਾ ਰਹੇ ਹਨ।
***
ਵੀਆਰਆਰਕੇ/ਏਕੇ
(Release ID: 1637663)
Visitor Counter : 221
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam