ਖੇਤੀਬਾੜੀ ਮੰਤਰਾਲਾ

ਹਾਲ ਹੀ ਵਿੱਚ ਹੋਏ ਖੇਤੀਬਾੜੀ ਸੁਧਾਰਾਂ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਖੇਤੀ ਉਪਜ ਲਈ ਰੁਕਾਵਟ-ਰਹਿਤ ਵਪਾਰ ਅਤੇ ਲਾਭਕਾਰੀ ਕੀਮਤਾਂ ਦਾ ਮਿਲਿਆ ਭਰੋਸਾ: ਸ਼੍ਰੀ ਨਰੇਂਦਰ ਸਿੰਘ ਤੋਮਰ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ

ਸ਼੍ਰੀ ਤੋਮਰ ਨੇ ਬਦਾਯੂੰ ਵਿੱਚ ਕੇਵੀਕੇ ਦਾਤਾਗੰਜ ਦੇ ਪ੍ਰਸ਼ਾਸਨਿਕ ਭਵਨ ਦਾ ਨੀਂਹ ਪੱਥਰ ਰੱਖਦੇ ਹੋਏ ਖੇਤੀਬਾੜੀ ਦੀ ਪ੍ਰਗਤੀ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ

Posted On: 07 JUL 2020 5:03PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ, ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਸਹੀ ਮੁੱਲ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ ਲਈ ਹਰ ਸੰਭਵ ਕਦਮ ਉਠਾ ਰਹੀ ਹੈ। ਉੱਤਰ ਪ੍ਰਦੇਸ਼ ਵਿੱਚ ਦਾਤਾਗੰਜ, ਬਦਾਯੂੰ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਦੇ ਪ੍ਰਸ਼ਾਸਨਿਕ ਭਵਨ ਦਾ ਵੀਡੀਓ ਕਾਨਫਰੰਸਿੰਗ ਜ਼ਰੀਏ ਨੀਂਹ ਪੱਥਰ ਰੱਖਦੇ ਹੋਏ ਸ਼੍ਰੀ ਤੋਮਰ ਨੇ ਕਿਹਾ ਕਿ ਦੋ ਨਵੇਂ ਆਰਡੀਨੈਂਸਾਂ ਦੇ ਲਾਗੂਕਰਨ ਅਤੇ ਖੇਤੀਬਾੜੀ ਸੈਕਟਰ ਵਿੱਚ ਹੋਰ ਕਾਨੂੰਨੀ ਵਿਵਸਥਾਵਾਂ ਨਾਲ ਕਿਸਾਨ ਹੁਣ ਦੇਸ਼ ਵਿੱਚ ਕਿਸੇ ਵੀ ਜਗ੍ਹਾ 'ਤੇ ਲਾਭਕਾਰੀ ਕੀਮਤ  'ਤੇ ਆਪਣੀ ਫਸਲ ਵੇਚ ਸਕਦੇ ਹਨ ਅਤੇ ਇਸ ਉੱਤੇ ਸਾਰੇ ਤਰ੍ਹਾਂ ਦੀਆਂ ਪਾਬੰਦੀਆਂ ਖਤਮ ਹੋ ਗਈਆਂ ਹਨ। ਮੁੱਲ ਭਰੋਸੇ ਤੇ ਕਿਸਾਨ (ਸਸ਼ਕਤੀਕਰਨ ਅਤੇ ਸੁਰੱਖਿਆ) ਸਮਝੌਤਾ ਅਤੇ ਫਾਰਮ ਸੇਵਾਵਾਂ ਆਰਡੀਨੈਂਸ2020 ਨਾਲ ਖੇਤੀ ਉਪਜ ਦੀ ਖਰੀਦ ਤੇ ਵਪਾਰੀਆਂ ਨਾਲ ਸਮਝੌਤੇ ਦੇ ਨਾਲ ਹੀ ਕਿਸਾਨਾਂ ਲਈ ਉਨ੍ਹਾਂ ਦੀ ਉਤਪਾਦਨ ਲਾਗਤ 'ਤੇ ਵੀ ਗਰੰਟੀਸ਼ੁਦਾ ਰਿਟਰਨ ਵੀ ਸੁਨਿਸ਼ਚਿਤ ਹੋਵੇਗੀ।

 

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਖੇਤੀਬਾੜੀ ਅਤੇ ਹੋਰ ਖੇਤਰਾਂ ਦਰਮਿਆਨ ਦੇ ਅੰਤਰ ਨੂੰ ਦੂਰ ਕਰਨ ਦੀ ਦਿਸ਼ਾ ਵਿੱਚ ਯਤਨ ਕੀਤੇ ਗਏ ਹਨ। ਦੇਸ਼ ਅਨਾਜ ਦੇ ਉਤਪਾਦਨ ਦੇ ਮਾਮਲੇ ਵਿੱਚ ਨਾ ਸਿਰਫ ਆਤਮ-ਨਿਰਭਰ ਹੈ, ਬਲਕਿ ਅਤਿਰਿਕਤ ਉਤਪਾਦਨ ਵੀ ਕਰ ਰਿਹਾ ਹੈ। ਦੇਸ਼ ਵਿੱਚ 86 ਪ੍ਰਤੀਸ਼ਤ ਛੋਟੇ ਅਤੇ ਸੀਮਾਂਤ ਕਿਸਾਨ ਹਨ, ਜਿਨ੍ਹਾਂ ਦੀ ਸਰਕਾਰੀ ਯੋਜਨਾਵਾਂ, ਪ੍ਰੋਗਰਾਮਾਂ ਅਤੇ ਸੁਵਿਧਾਵਾਂ ਤੱਕ ਪਹੁੰਚ ਹੋਣੀ ਚਾਹੀਦੀ ਹੈ। ਇਹ ਸੁਨਿਸ਼ਚਿਤ ਕਰਨ ਵਿੱਚ ਕੇਵੀਕੇ ਅਤੇ ਵਿਗਿਆਨੀਆਂ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ।

 

ਕੇਂਦਰੀ ਮੰਤਰੀ ਨੇ ਕਿਸਾਨਾਂ ਨੂੰ ਭੂਮੀ ਸਿਹਤ ਜਾਂਚ ਤੇ ਜ਼ਿਆਦਾ ਧਿਆਨ ਦੇਣ, ਕੀਟਨਾਸ਼ਕਾਂ ਦੇ ਅਤਿਅਧਿਕ ਇਸਤੇਮਾਲ ਤੋਂ ਬਚਣ, ਪਾਣੀ ਦੀ ਬੱਚਤ ਦੇ ਨਾਲ ਖੇਤੀ ਕਰਨ ਤੇ ਉਤਪਾਦਕਤਾ ਵਧਾਉਣ ਦੀ ਅਪੀਲ ਕੀਤੀ, ਉੱਥੇ ਹੀ ਇਸ ਦਿਸ਼ਾ ਵਿੱਚ ਕੇਵੀਕੇ ਦੀ ਅਹਿਮ ਭੂਮਿਕਾ ਉੱਤੇ ਵੀ ਜ਼ੋਰ ਦਿੱਤਾ। ਸ਼੍ਰੀ ਤੋਮਰ ਨੇ ਕਿਹਾ ਕਿ ਕਲਸਟਰ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਅਤੇ ਖੇਤਰ ਦੀ ਜਲਵਾਯੂ ਦੇ ਅਨੁਰੂਪ ਫਸਲਾਂ ਦੇ ਵਿਕਾਸ ਵਿੱਚ ਵੀ ਕੇਵੀਕੇ ਨੂੰ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਕੇਵੀਕੇ ਦੀ ਇਸ ਨਵੀਂ ਭੂਮਿਕਾ ਦਾ ਲਾਭ ਪੂਰੇ ਖੇਤਰ ਨੂੰ ਮਿਲੇਗਾ

 

ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ 86 ਕੇਵੀਕੇ ਹਨ, ਜੋ ਚੰਗਾ ਕੰਮ ਕਰ ਰਹੇ ਹਨ। ਉੱਤਰ ਪ੍ਰਦੇਸ਼ ਵਿੱਚ 20 ਨਵੇਂ ਕੇਵੀਕੇ ਖੋਲ੍ਹੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਸੀ, ਜਿਨ੍ਹਾਂ ਵਿੱਚੋਂ 17 ਖੋਲ੍ਹੇ ਜਾ ਚੁੱਕੇ ਹਨ। ਬਾਕੀ ਤਿੰਨ ਕੇਵੀਕੇ ਪ੍ਰਯਾਗਰਾਜ, ਰਾਏਬਰੇਲੀ ਅਤੇ ਆਜ਼ਮਗੜ੍ਹ ਵਿੱਚ ਛੇਕੀ ਹੀ ਖੁੱਲ੍ਹ ਜਾਣਗੇ। ਇੱਕ ਕੇਵੀਕੇ ਮੁਰਾਦਾਬਾਦ ਵਿੱਚ ਵੀ ਖੋਲ੍ਹਣ ਦਾ ਪ੍ਰਸਤਾਵ ਹੈ।

 

ਇਸ ਪ੍ਰੋਗਰਾਮ ਵਿੱਚ ਕੇਂਦਰੀ ਖੇਤੀਬਾੜੀ ਰਾਜ ਮੰਤਰੀ, ਸ਼੍ਰੀ ਕੈਲਾਸ਼ ਚੌਧਰੀ, ਉੱਤਰ ਪ੍ਰਦੇਸ਼ ਦੇ ਕਈ ਮੰਤਰੀ ਅਤੇ ਵਿਧਾਇਕਆਈਸੀਏਆਰ ਦੇ ਡਾਇਰੈਕਟਰ ਜਨਰਲ, ਡਾ: ਤ੍ਰਿਲੋਚਨ ਮਹਾਪਾਤਰਾ, ਆਈਏਆਰਆਈ ਦੇ ਡਾਇਰੈਕਟਰ ਡਾ. ਏਕੇ ਸਿੰਘ, ਸਰਦਾਰ ਪਟੇਲ ਖੇਤੀਬਾੜੀ ਯੂਨੀਵਰਸਿਟੀ, ਮੇਰਠ ਦੇ ਵਾਈਸ ਚਾਂਸਲਰ, ਡਾ. ਆਰ.ਕੇ. ਮਿੱਤਲ ਅਤੇ ਹੋਰ ਅਧਿਕਾਰੀ ਤੇ ਵਿਗਿਆਨੀ ਵੀਡੀਓ ਕਾਨਫਰੰਸ ਜ਼ਰੀਏ ਮੌਜੂਦ ਰਹੇ। ਦੇਸ਼ ਵਿੱਚ ਇਸ ਵੇਲੇ 720 ਕੇਵੀਕੇ ਅਤੇ 151 ਕਲਾਈਮੇਟ ਸਮਾਰਟ ਵਿਲੇਜ ਬਣਾਏ ਗਏ ਹਨ, ਜੋ ਵਿਭਿੰਨ ਸਥਿਤੀਆਂ ਲਈ ਤਕਨੀਕੀ ਮਾਡਲ ਪੇਸ਼ ਕਰ ਰਹੇ ਹਨ। ਕੇਵੀਕੇ ਦੁਆਰਾ ਹਰ ਸਾਲ ਲਗਭਗ 15 ਲੱਖ ਕਿਸਾਨਾਂ ਅਤੇ ਨੌਜਵਾਨਾਂ ਦੀ ਸਿਖਲਾਈ ਦੇਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ

 

 

***

 

ਏਪੀਸੀ/ਸੀਜੀ


(Release ID: 1637131) Visitor Counter : 135