ਪ੍ਰਧਾਨ ਮੰਤਰੀ ਦਫਤਰ

ਧਰਮ ਚੱਕ੍ਰ ਦਿਵਸ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ

Posted On: 04 JUL 2020 10:43AM by PIB Chandigarh

ਸਤਿਕਾਰਯੋਗ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਜੀ, ਹੋਰ ਪਤਵੰਤੇ ਮਹਿਮਾਨ। ਮੈਂ ਆਸ਼ਾੜ੍ਹ ਪੂਰਣਿਮਾ ਮੌਕੇ ਆਪਣੀਆਂ ਮੁਬਾਰਕਾਂ ਤੋਂ ਸ਼ੁਰੂਆਤ ਕਰਨੀ ਚਾਹੁੰਦਾ ਹਾਂ। ਇਸ ਨੂੰ ਗੁਰੂ ਪੂਰਣਿਮਾ ਵੀ ਕਿਹਾ ਜਾਂਦਾ ਹੈ। ਇਸ ਦਿਨ ਸਾਡੇ ਉਨ੍ਹਾਂ ਗੁਰੂਆਂ ਨੂੰ ਚੇਤੇ ਕੀਤਾ ਜਾਂਦਾ ਹੈ, ਜਿਹੜੇ ਸਾਨੂੰ ਗਿਆਨ ਦਿੰਦੇ ਹਨ। ਉਸੇ ਭਾਵਨਾ ਵਿੱਚ ਅਸੀਂ ਭਗਵਾਨ ਬੁੱਧ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ।

ਮੈਨੂੰ ਖ਼ੁਸ਼ੀ ਹੈ ਕਿ ਮੰਗੋਲਿਆਈ ਕੰਜੂਰਦੀਆਂ ਕਾਪੀਆਂ ਮੰਗੋਲੀਆ ਸਰਕਾਰ ਨੂੰ ਭੇਟ ਕੀਤੀਆਂ ਜਾ ਰਹੀਆਂ ਹਨ। ਮੰਗੋਲਿਆਈ ਕੰਜੂਰਦਾ ਮੰਗੋਲੀਆ ਚ ਬਹੁਤ ਸਤਿਕਾਰ ਹੈ। ਬਹੁਤ ਸਾਰੇ ਮੱਠਾਂ ਕੋਲ ਇਸ ਦੀ ਇੱਕ ਕਾਪੀ ਹੈ।

ਦੋਸਤੋ, ਭਗਵਾਨ ਬੁੱਧ ਦਾ ਅਸ਼ਟਾਂਗਿਕ ਮਾਰਗ ਬਹੁਤ ਸਾਰੇ ਸਮਾਜਾਂ ਤੇ ਦੇਸ਼ਾਂ ਦੀ ਸਲਾਮਤੀ ਦਾ ਰਾਹ ਦਰਸਾਉਂਦਾ ਹੈ। ਇਹ ਕਰੁਣਾ ਅਤੇ ਦਇਆ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। ਭਗਵਾਨ ਬੁੱਧ ਦੀਆਂ ਸਿੱਖਿਆਵਾਂ ਵਿਚਾਰਾਂ ਤੇ ਅਮਲ ਦੋਵਾਂ ਵਿੱਚ ਸਾਦਗੀ ਦਾ ਪ੍ਰਚਾਰ ਕਰਦੀਆਂ ਹਨ। ਬੁੱਧ ਧਰਮ ਸਤਿਕਾਰ ਸਿਖਾਉਂਦਾ ਹੈ। ਲੋਕਾਂ ਦਾ ਆਦਰ ਕਰਨਾ ਸਿਖਾਉਂਦਾ ਹੈ। ਗ਼ਰੀਬਾਂ ਲਈ ਕਦਰ। ਔਰਤਾਂ ਲਈ ਸਤਿਕਾਰ। ਸ਼ਾਂਤੀ ਅਤੇ ਅਹਿੰਸਾ ਲਈ ਆਦਰ। ਇੰਝ ਬੁੱਧ ਧਰਮ ਦੀਆਂ ਸਿੱਖਿਆਵਾਂ ਚਿਰਸਥਾਈ ਗ੍ਰਹਿ ਦੀ ਸਥਾਪਨਾ ਕਰ ਸਕਦੀਆਂ ਹਨ।

ਦੋਸਤੋ, ਸਾਰਨਾਥ ਚ ਭਗਵਾਨ ਬੁੱਧ ਨੇ ਆਪਣੇ ਪਹਿਲੇ ਉਪਦੇਸ਼ ਅਤੇ ਉਸ ਤੋਂ ਬਾਅਦ ਦੀਆਂ ਆਪਣੀਆਂ ਸਿੱਖਿਆਵਾਂ ਵਿੱਚ ਦੋ ਚੀਜ਼ਾਂ ਆਸ ਤੇ ਉਦੇਸ਼ ਦੀ ਗੱਲ ਕੀਤੀ। ਉਨ੍ਹਾਂ ਨੇ ਇਨ੍ਹਾਂ ਦੋਵਾਂ ਵਿਚਾਲੇ ਇੱਕ ਮਜ਼ਬੂਤ ਸਬੰਧ ਵੇਖਿਆ। ਆਸ ਤੋਂ ਉਦੇਸ਼ ਦੀ ਇੱਕ ਭਾਵਨਾ ਆਉਂਦੀ ਹੈ। ਭਗਵਾਨ ਬੁੱਧ ਲਈ ਇਹ ਮਨੁੱਖੀ ਦੁਖਾਂ ਦਾ ਖ਼ਾਤਮਾ ਸੀ। ਸਾਨੂੰ ਮੌਕੇ ਦਾ ਲਾਭ ਉਠਾ ਕੇ ਲੋਕਾਂ ਵਿੱਚ ਆਸ ਵਧਾਉਣ ਲਈ ਕੰਮ ਕਰਨੇ ਚਾਹੀਦੇ ਹਨ।

ਦੋਸਤੋ, ਮੈਂ 21ਵੀਂ ਸਦੀ ਤੋਂ ਬਹੁਤ ਆਸਵੰਦ ਹਾਂ। ਇਹ ਆਸ ਮੇਰੇ ਨੌਜਵਾਨ ਦੋਸਤਾਂ ਸਾਡੇ ਯੁਵਾ ਵਰਗ ਤੋਂ ਹੈ। ਜੇ ਤੁਸੀਂ ਆਸ ਦੀ ਇੱਕ ਮਹਾਨ ਮਿਸਾਲ ਦੇਖਣੀ ਚਾਹੁੰਦੇ ਹੋ ਕਿ ਕਿਵੇਂ ਆਸ, ਨਵੀਨ ਖੋਜ ਤੇ ਦਇਆ ਨਾਲ ਦੁੱਖਾਂ ਦਾ ਖ਼ਾਤਮਾ ਹੋ ਸਕਦਾ ਹੈ, ਤਾਂ ਸਾਡੇ ਸਟਾਰਟਅੱਪ ਖੇਤਰ ਨੂੰ ਦੇਖੋ। ਹੋਣਹਾਰ ਨੌਜਵਾਨ ਦਿਮਾਗ਼ ਵਿਸ਼ਵਪੱਧਰੀ ਸਮੱਸਿਆਵਾਂ ਦੇ ਹੱਲ ਲੱਭ ਰਹੇ ਹਨ। ਦੁਨੀਆ ਦੇ ਵਿਸ਼ਾਲ ਸਟਾਰਟਅੱਪ ਈਕੋਸਿਸਟਮਜ਼ ਵਿੱਚੋਂ ਇੱਕ ਭਾਰਤ ਵਿੱਚ ਹੈ।

ਮੈਂ ਆਪਣੇ ਨੌਜਵਾਨ ਦੋਸਤਾਂ ਨੂੰ ਬੇਨਤੀ ਕਰਾਂਗਾ ਕਿ ਉਹ ਭਗਵਾਨ ਬੁੱਧ ਦੇ ਵਿਚਾਰਾਂ ਨਾਲ ਵੀ ਜੁੜੇ ਰਹਿਣ। ਇਹ ਵਿਚਾਰ ਪ੍ਰੇਰਿਤ ਕਰਨਗੇ ਅਤੇ ਅੱਗੇ ਵਧਣ ਦਾ ਰਾਹ ਦਿਖਾਉਣਗੇ। ਲੋੜ ਪੈਣ ਤੇ ਇਹ ਤੁਹਾਨੂੰ ਸ਼ਾਂਤ ਵੀ ਕਰਨਗੇ ਅਤੇ ਖ਼ੁਸ਼ ਵੀ। ਦਰਅਸਲ, ਭਗਵਾਨ ਬੁੱਧ ਦੀ ਸਿੱਖਿਆ अप्प: दीपो भव:  , ਭਾਵ ਖ਼ੁਦ ਆਪਣੇ ਲਈ ਮਾਰਗਦਰਸ਼ਕ ਦੀਪਬਣੋ, ਪ੍ਰਬੰਧਨ ਦਾ ਇੱਕ ਅਦਭੁਤ ਸਬਕ ਹੈ।

ਦੋਸਤੋ, ਅੱਜ ਵਿਸ਼ਵ ਅਸਾਧਾਰਣ ਚੁਣੌਤੀਆਂ ਨਾਲ ਜੂਝ ਰਿਹਾ ਹੈ। ਇਨ੍ਹਾਂ ਚੁਣੌਤੀਆਂ ਦੇ ਚਿਰਸਥਾਈ ਹੱਲ ਭਗਵਾਨ ਬੁੱਧ ਦੇ ਆਦਰਸ਼ਾਂ ਤੋਂ ਮਿਲ ਸਕਦੇ ਹਨ। ਉਹ ਪ੍ਰਾਚੀਨ ਸਮੇਂ ਵੀ ਵਾਜਬ ਸਨ। ਉਹ ਅੱਜ ਵੀ ਤਰਕਸੰਗਤ ਹਨ। ਅਤੇ, ਉਹ ਭਵਿੱਖ ਵਿੱਚ ਵੀ ਇੰਝ ਹੀ ਤਰਕਸੰਗਤ ਰਹਿਣਗੇ।

ਦੋਸਤੋ, ਬੋਧੀ ਵਿਰਾਸਤੀ ਸਥਾਨਾਂ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨਾ ਸਮੇਂ ਦੀ ਲੋੜ ਹੈ। ਭਾਰਤ ਚ ਸਾਡੇ ਕੋਲ ਅਜਿਹੇ ਬਹੁਤ ਸਾਰੇ ਅਸਥਾਨ ਹਨ। ਤੁਹਾਨੂੰ ਪਤਾ ਹੈ ਕਿ ਲੋਕ ਮੇਰੇ ਸੰਸਦੀ ਹਲਕੇ ਵਾਰਾਨਸੀ ਨੂੰ ਹੋਰ ਕਿਹੜੀ ਗੱਲ ਲਈ ਜਾਣਦੇ ਹਨ? ਸਾਰਨਾਥ ਦੇ ਗ੍ਰਹਿ ਕਾਰਨ। ਅਸੀਂ ਬੋਧੀ ਸਥਾਨਾਂ ਤੱਕ ਵੱਧ ਤੋਂ ਵੱਧ ਪਹੁੰਚ ਬਣਾਉਣ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੁੰਦੇ ਹਾਂ। ਕੁਝ ਦਿਨ ਪਹਿਲਾਂ ਭਾਰਤੀ ਕੈਬਨਿਟ ਨੇ ਕੁਸ਼ੀਨਗਰ ਹਵਾਈ ਅੱਡੇ ਨੂੰ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਉਣ ਦਾ ਐਲਾਨ ਕੀਤਾ ਸੀ। ਇਸ ਨਾਲ ਬਹੁਤ ਸਾਰੇ ਲੋਕ, ਤੀਰਥਯਾਤਰੀ ਅਤੇ ਸੈਲਾਨੀ ਆਉਣਗੇ। ਇਸ ਨਾਲ ਬਹੁਤਿਆਂ ਲਈ ਆਰਥਿਕ ਮੌਕੇ ਵੀ ਪੈਦਾ ਹੋਣਗੇ।

ਭਾਰਤ ਨੂੰ ਤੁਹਾਡੀ ਉਡੀਕ ਹੈ!

ਦੋਸਤੋ, ਇੱਕ ਵਾਰ ਫੇਰ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਮੁਬਾਰਕਾਂ। ਪਰਮਾਤਮਾ ਕਰੇ, ਭਗਵਾਨ ਬੁੱਧ ਦੇ ਵਿਚਾਰ; ਪ੍ਰਕਾਸ਼, ਇਕਜੁੱਟਤਾ ਤੇ ਆਪਸੀ ਭਾਈਚਾਰੇ ਵਿੱਚ ਹੋਰ ਵਾਧਾ ਕਰਨ। ਉਨ੍ਹਾਂ ਦਾ ਆਸ਼ੀਰਵਾਦ ਸਾਨੂੰ ਕੁਝ ਚੰਗਾ ਕਰਨ ਲਈ ਪ੍ਰੇਰਿਤ ਕਰੇ।

ਤੁਹਾਡਾ ਧੰਨਵਾਦ। ਤੁਹਾਡਾ ਬਹੁਤ ਧੰਨਵਾਦ।

 

***

 

ਵੀਆਰਆਰਕੇ/ਕੇਪੀ



(Release ID: 1636559) Visitor Counter : 168