PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
02 JUL 2020 6:21PM by PIB Chandigarh


(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਠੀਕ ਹੋਣ ਦੀ ਦਰ ਤੇਜ਼ੀ ਨਾਲ ਵਧ ਕੇ 60% ਦੇ ਨਜ਼ਦੀਕ ਪਹੁੰਚੀ; ਠੀਕ ਹੋਏ ਮਾਮਲਿਆਂ ਅਤੇ ਐਕਟਿਵ ਮਾਮਲਿਆਂ ਵਿੱਚ ਦਾ ਅੰਤਰ ਵਧ ਕੇ 1,32,912 ਹੋਇਆ

ਵਰਤਮਾਨ ਸਮੇਂ ਵਿੱਚ, ਕੋਵਿਡ-19 ਦੇ ਐਕਟਿਵ ਮਾਮਲਿਆਂ ਦੀ ਤੁਲਨਾ ਵਿੱਚ ਠੀਕ ਹੋਏ ਲੋਕਾਂ ਦੀ ਸੰਖਿਆ 1,32,912 ਜ਼ਿਆਦਾ ਹੈ। ਕੋਵਿਡ-19 ਨਾਲ ਸਬੰਧਿਤ ਮਾਮਲਿਆਂ ਦਾ ਸਮੇਂ ‘ਤੇ ਨੈਦਾਨਿਕ ਪ੍ਰਬੰਧਨ ਕਰਨ ਸਦਕਾ, ਰੋਜ਼ਾਨਾ 10,000 ਤੋਂ ਜ਼ਿਆਦਾ ਲੋਕ ਠੀਕ ਹੋ ਰਹੇ ਹਨ। ਪਿਛਲੇ 24 ਘੰਟੇ ਦੌਰਾਨ, ਕੋਵਿਡ-19 ਦੇ ਕੁੱਲ 11,881 ਰੋਗੀ ਠੀਕ ਹੋਏ ਹਨ, ਜਿਸ ਨਾਲ ਠੀਕ ਹੋਏ ਲੋਕਾਂ ਦੀ ਕੁੱਲ ਸੰਖਿਆ ਵਧ ਕੇ 3,59,859 ਹੋ ਗਈ ਹੈ। ਇਸ ਸੰਖਿਆ ਨੇ ਠੀਕ ਹੋਣ ਦੀ ਦਰ ਨੂੰ ਵਧਾ ਕੇ 59.52% ਤੱਕ ਪਹੁੰਚਾ ਦਿੱਤਾ ਹੈ। ਵਰਤਮਾਨ ਵਿੱਚ, ਐਕਟਿਵ ਮਾਮਲਿਆਂ ਦੀ ਸੰਖਿਆ 2,26,947 ਹੈ ਅਤੇ ਸਾਰੇ ਮਾਮਲੇ ਮੈਡੀਕਲ ਨਿਗਰਾਨੀ ਤਹਿਤ ਹਨ। ਪਿਛਲੇ 24 ਘੰਟੇ ਦੌਰਾਨ 2,29,588 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ। ਅੱਜ ਤੱਕ, ਜਾਂਚੇ ਗਏ ਸੈਂਪਲਾਂ ਦੀ ਕੁੱਲ ਸੰਖਿਆ 90,56,173 ਹੈ। ਕੋਵਿਡ-19 ਦੀ ਟੈਸਟਿੰਗ ਕਰਨ ਵਾਲੀ ਡਾਇਗਨੌਸਟਿਕ ਲੈਬਾਂ ਦਾ ਨੈੱਟਵਰਕ ਲਗਾਤਾਰ ਵਧ ਰਿਹਾ ਹੈ, ਭਾਰਤ ਵਿੱਚ ਹੁਣ ਲੈਬਾਂ ਦੀ ਕੁੱਲ ਸੰਖਿਆ ਵਧ ਕੇ 1,065 ਹੋ ਗਈਆਂ ਹਨ, ਇਸ ਵਿੱਚ ਸਰਕਾਰੀ ਸੈਕਟਰ ਵਿੱਚ 768 ਅਤੇ ਪਾਈਵੇਟ ਸੈਕਟਰ ਵਿੱਚ 297 ਲੈਬਾਂ ਹਨ।
https://pib.gov.in/PressReleseDetail.aspx?PRID=1635703
ਰੁਕਾਵਟਾਂ ਹਟਾਉਣ ਨਾਲ ਕੋਵਿਡ–19 ਟੈਸਟਿੰਗ ਤੇਜ਼ ਗਤੀ ਨਾਲ ਕਰਨ ਦਾ ਰਾਹ ਪੱਧਰਾ ਹੋਇਆ; ਹੁਣ ਪ੍ਰਾਈਵੇਟ ਪ੍ਰੈਕਟੀਸ਼ਨਰ ਵੀ ਕੋਵਿਡ–19 ਟੈਸਟ ਦੀ ਸਲਾਹ ਦੇ ਸਕਦੇ ਹਨ
ਕੇਂਦਰ ਸਰਕਾਰ ਦੁਆਰਾ ਚੁੱਕੇ ਗਏ ਠੋਸ ਕਦਮ ਦੁਆਰਾ ਹੁਣ ਕੋਵਿਡ–19 ਦੀ ਟੈਸਟਿੰਗ ਲਈ ਖ਼ਾਸ ਤੌਰ ’ਤੇ ਕਿਸੇ ਸਰਕਾਰੀ ਡਾਕਟਰ ਦੀ ਜ਼ਰੂਰਤ ਨਹੀਂ ਹੈ, ਬਲਕਿ ਕਿਸੇ ਵੀ ਰਜਿਸਟਰਡ ਪ੍ਰੈਕਟੀਸ਼ਨਰ ਦੀ ਲਿਖਤੀ ਸਲਾਹ ਉੱਤੇ ਇਹ ਟੈਸਟ ਕੀਤਾ ਜਾ ਸਕਦਾ ਹੈ। ਕੇਂਦਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਹੱਦ ਦ੍ਰਿੜ੍ਹਤਾਪੂਰਬਕ ਇਹ ਸਲਾਹ ਦਿੱਤੀ ਹੈ ਕਿ ਉਹ ਅਜਿਹੇ ਕਿਸੇ ਵੀ ਵਿਅਕਤੀ ਲਈ ਕੋਵਿਡ ਟੈਸਟ ਕਰਵਾਉਣ ਦੀ ਸਲਾਹ ਦੇਣ ਲਈ ਪ੍ਰਾਈਵੇਟ ਪ੍ਰੈਕਟਸ਼ੀਨਰਾਂ ਸਮੇਤ ਸਾਰੇ ਯੋਗ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਛੇਤੀ ਤੋਂ ਛੇਤੀ ਅਧਿਕਾਰ ਦੇਣ ਲਈ ਤੁਰੰਤ ਕਦਮ ਚੁੱਕਣ, ਜਿਹੜਾ ਆਈਸੀਐੱਮਆਰ (ICMR) ਦੀਆਂ ਹਿਦਾਇਤਾਂ ਅਨੁਸਾਰ ਮਾਪਦੰਡਾਂ ਉੱਤੇ ਪੂਰਾ ਉਤਰਦਾ ਹੋਵੇ। ਕੇਂਦਰ ਦੀ ਸਲਾਹ ਅਨੁਸਾਰ ਮਹਾਮਾਰੀ ਤੋਂ ਗ੍ਰਸਤ ਕਿਸੇ ਰੋਗੀ ਦਾ ਛੇਤੀ ਪਤਾ ਲਾਉਣ ਅਤੇ ਉਸ ਦਾ ਫੈਲਣਾ ਰੋਕਣ ਲਈ ਮੁੱਖ ਕੁੰਜੀ ‘ਟੈਸਟ–ਟ੍ਰੈਕ–ਟ੍ਰੀਟ’ (ਟੈਸਟ ਕਰਨਾ–ਪਤਾ ਲਾਉਣਾ–ਇਲਾਜ ਕਰਨਾ) ਹੈ ਅਤੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਾਰੀਆਂ ਕੋਵਿਡ–19 ਟੈਸਟਿੰਗ ਲੈਬਾਂ ਦੀ ਪੂਰੀ ਸਮਰੱਥਾ ਦੀ ਉਪਯੋਗਤਾ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਣ ਦੀ ਸਲਾਹ ਦਿੱਤੀ ਗਈ ਹੈ। ਇਸ ਨਾਂਲ ਸਾਰੀਆਂ ਲੈਬਾਂ, ਖ਼ਾਸ ਤੌਰ ’ਤੇ ਪ੍ਰਾਈਵੇਟ ਲੈਬਾਂ, ਦੀ ਸੰਪੂਰਨ ਸਮਰੱਥਾ ਤੱਕ ਉਪਯੋਗਤਾ ਯਕੀਨੀ ਹੋਵੇਗੀ, ਇੰਝ ਉਨ੍ਹਾਂ ਦਾ ਬਹੁਤ ਜ਼ਿਆਦਾ ਲਾਭ ਲੋਕਾਂ ਨੂੰ ਮਿਲ ਸਕੇਗਾ।
https://pib.gov.in/PressReleseDetail.aspx?PRID=1635703
ਭਾਰਤ ਸਰਕਾਰ ਨੇ ਕੋਵਿਡ–19 ਟੈਸਟਿੰਗ ਦੇ ਰਾਹ ’ਚ ਆਉਂਦੇ ਅੜਿੱਕੇ ਹਟਾਏ ਰਾਜਾਂ ਨੂੰ ਟੈਸਟਿੰਗ ਦੀ ਰਫ਼ਤਾਰ ਵਧਾਉਣ ਲਈ ਕਿਹਾ
ਸੁਸ਼੍ਰੀ ਪ੍ਰੀਤੀ ਸੂਦਨ, ਸਿਹਤ ਸਕੱਤਰ ਅਤੇ ਡਾ. ਬਲਰਾਮ ਭਾਰਗਵ, ਡੀਜੀ (ਆਈਸੀਐੱਮਆਰ) ਨੇ ਅੱਜ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਕਿ ਟੈਸਟਿੰਗ ਦੀ ਸੁਵਿਧਾ ਦੀ ਰਫ਼ਤਾਰ ਤੇਜ਼ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ। ਉਨ੍ਹਾਂ ਦੁਹਰਾਇਆ ਹੈ ਕਿ ਮਹਾਮਾਰੀ ਦਾ ਛੇਤੀ ਪਤਾ ਲਾਉਣ ਤੇ ਉਸ ਨੂੰ ਰੋਕਣ ਦੀ ਪ੍ਰਮੁੱਖ ਨੀਤੀ ‘ਟੈਸਟ–ਟ੍ਰੈਕ–ਟ੍ਰੀਟ’ (ਟੈਸਟ ਕਰਨਾ–ਰੋਗੀਆਂ ਦਾ ਪਤਾ ਲਾਉਣਾ–ਇਲਾਜ ਕਰਨਾ) ਹੈ। ਉਨ੍ਹਾਂ ਇਹ ਨੁਕਤਾ ਉਠਾਇਆ ਕਿ ਕੁਝ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਟੈਸਟਿੰਗ ਲੈਬਾਰੇਟਰੀਜ਼, ਖ਼ਾਸ ਕਰਕੇ ਨਿਜੀ ਖੇਤਰ ਦੀਆਂ, ਦੀ ਸਮਰੱਥਾ ਦੀ ਪੂਰੀ ਤਰ੍ਹਾਂ ਉਪਯੋਗਤਾ ਨਹੀਂ ਹੋ ਪਾ ਰਹੀ। ਉਨ੍ਹਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਨਿਜੀ ਪ੍ਰੈਕਟੀਸ਼ਨਰਾਂ ਸਮੇਤ ਸਾਰੇ ਯੋਗ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਆਮ ਵਿਅਕਤੀਆਂ ਲਈ ਕੋਵਿਡ ਟੈਸਟ ਦੀ ਸਲਾਹ ਦੇਣ ਦੇ ਯੋਗ ਬਣਾਉਣ ਤੇ ਇਸ ਦੌਰਾਨ ਆਈਸੀਐੱਮਆਰ (ICMR) ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਟੈਸਟਿੰਗ ਲਈ ਸਾਰੇ ਮਾਪਦੰਡਾਂ ਦੀ ਪੂਰਤੀ ਦੀ ਪੂਰਾ ਖ਼ਿਆਲ ਰੱਖਿਆ ਜਾਵੇ। ਕੋਵਿਡ–19 ਦੇ ਡਾਇਓਗਨੋਸਿਸ (ਤਸਖ਼ੀਸ ਜਾਂ ਨਿਦਾਨ) ਲਈ ਆਰਟੀ–ਪੀਸੀਆਰ (RT-PCR) ਗੋਲਡ ਸਟੈਂਡਰਡ ਹੈ, ਇਸੇ ਲਈ ਆਈਸੀਐੱਮਆਰ (ICMR) ਨੇ ਕੋਵਿਡ–19 ਦਾ ਛੇਤੀ ਪਤਾ ਲਾਉਣ ਲਈ ‘ਪੁਆਇੰਟ–ਆਵ੍–ਕੇਅਰ ਰੈਪਿਡ ਐਂਟੀਜਨ ਟੈਸਟ’ ਦੀ ਵਰਤੋਂ ਲਈ ਹਾਲ ਹੀ ਵਿੱਚ ਮਨਜ਼ੂਰੀ ਦਿੱਤੀ ਹੈ। ਟੈਸਟਿੰਗ ਵਿੱਚ ਸੁਵਿਧਾ ਦੇਣ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਸਲਾਹ ਵੀ ਦਿੱਤੀ ਗਈ ਹੈ ਕਿ ਵੱਧ ਸੰਖਿਆ ਕੇਸਾਂ ਵਾਲੇ ਇਲਾਕਿਆਂ ਵਿੱਚੋਂ ਸਾਰੇ ਲੱਛਣਗ੍ਰਸਤ ਵਿਅਕਤੀਆਂ ਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੇ ਸੈਂਪਲ ਇਕੱਠੇ ਕਰਨ ਲਈ ਕੈਂਪ ਲਾ ਕੇ / ਮੋਬਾਈਲ ਵੈਨਾਂ ਦੀ ਵਰਤੋਂ ਕਰਨ ਜਿਹੇ ਯਤਨ ਇੱਕ ‘ਮਿਸ਼ਨ ਮੋਡ’ ਵਿੱਚ ਕੀਤੇ ਜਾਣ ਅਤੇ ਉਨ੍ਹਾਂ ਦੇ ਸੈਂਪਲ ਰੈਪਿਡ ਐਂਟੀਜਨ ਟੈਸਟਾਂ ਦੀ ਵਰਤੋਂ ਕਰ ਕੇ ਟੈਸਟ ਕੀਤੇ ਜਾਣ। ਟੈਸਟਾਂ ਦੀ ਸੰਖਿਆ ਵਧਾਉਣ ਤੇ ਅਜਿਹੀ ਸੁਵਿਧਾ ਦੇਣ ਤੋਂ ਇਲਾਵਾ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭਣ ਵੱਲ ਧਿਆਨ ਦੇਣ ਕਿਉਂਕਿ ਉਸ ਵਿੱਚ ਹੀ ਵਾਇਰਸ ਨੂੰ ਰੋਕਣ ਦੀ ਕੁੰਜੀ ਲੁਕੀ ਹੋਈ ਹੈ।
https://pib.gov.in/PressReleseDetail.aspx?PRID=1635703
ਓਡੀਸ਼ਾ ਦੀ ਆਸ਼ਾ ਵਰਕਰ ( ਏਐੱਸਐੱਚਏ) : ਕੋਵਿਡ ਨਾਲ ਸਬੰਧਿਤ ਕਲੰਕ ਅਤੇ ਭੇਦਭਾਵ ਉੱਤੇ ਕਾਬੂ ਪਾਉਣਾ; ਕੋਵਿਡ- 19 ਨਾਲ ਨਜਿੱਠਣ ਲਈ 46,000 ਤੋਂ ਅਧਿਕ ਆਸ਼ਾ ਵਰਕਰ ਸਥਾਨਕ ਭਾਈਚਾਰੇ ਦੇ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ
ਓਡੀਸ਼ਾ ਵਿੱਚ ਲਗਭਗ 46,627 ਆਸ਼ਾ ਵਰਕਰ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਸਥਾਨਕ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਚੈਂਪੀਅਨ ਬਣਕੇ ਉਭਰੀਆਂ ਹਨ। ਉਨ੍ਹਾਂ ਨੂੰ ਗ੍ਰਾਮੀਣ ਖੇਤਰਾਂ ਵਿੱਚ ਗਾਓਂ ਕਲਿਆਣ ਸਮਿਤੀਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਮਹਿਲਾ ਆਰੋਗਯ ਸਮਿਤੀਆਂ ਦੇ ਨਾਲ ਮਿਲ ਕੇ ਕੰਮ ਕਰਦੇ ਦੇਖਿਆ ਜਾਂਦਾ ਹੈ, ਇਨ੍ਹਾਂ ਸਮੁਦਾਇਕ ਸਾਮੂਹਿਕਤਾ ਦੇ ਤਹਿਤ ਆਸ਼ਾ ਵਰਕਰ ਕੰਮ ਕਰਦੀਆਂ ਹਨ। ਉਨ੍ਹਾਂ ਨੇ ਇਨ੍ਹਾਂ ਮੰਚਾਂ ਦੀ ਵਰਤੋਂ ਜਨਤਕ ਸਥਾਨਾਂ ‘ਤੇ ਬਾਹਰ ਨਿਕਲਣ ਦੇ ਦੌਰਾਨ ਮਾਸਕ/ਫੇਸ ਕਵਰ ਲਗਾਉਣ, ਲਗਾਤਾਰ ਹੱਥ ਧੋਣੇ ਦੇ ਪ੍ਰਤੀ ਚੌਕਸ ਰਹਿਣ, ਸਾਮਾਜਿਕ ਦੂਰੀ (ਇੱਕ ਦੂਜੇ ਨਾਲ ਦੂਰੀ ਬਣਾਈ ਰੱਖਣਾ) ਦੇ ਨਿਯਮਾਂ ਦਾ ਪਾਲਣ ਕਰਨ , ਕੋਵਿਡ ਦੇ ਲੱਛਣਾਂ ਬਾਰੇ ਜਾਗਰੂਕਤਾ ਵਧਾਉਣ ਜਿਹੇ ਕੋਵਿਡ ਨਿਵਾਰਕ ਕਾਰਜਾਂ ਨੂੰ ਹੁਲਾਰਾ ਦੇਣ ਵਿੱਚ ਕੀਤਾ। ਓਡੀਸ਼ਾ ਦੀ ਆਸ਼ਾ ਵਰਕਰਾਂ ਨੇ ਸਿਹਤ ਕੰਥਾ (ਗ੍ਰਾਮੀਣ ਪੱਧਰ ‘ਤੇ ਦੀਵਾਰ) ‘ਤੇ ਪੁਸਤਕ ਅਤੇ ਪੋਸਟਰ ਦੇ ਵੰਡ ਜਿਹੀਆਂ ਆਈਈਸੀ ਗਤੀਵਿਧੀਆਂ ਜ਼ਰੀਏ ਲੋਕਾਂ ਵਿੱਚ ਇਸ ਬਾਰੇ ਵਿਆਪਕ ਜਾਗਰੂਕਤਾ ਪੈਦਾ ਕੀਤੀ ਹੈ।
https://pib.gov.in/PressReleseDetail.aspx?PRID=1635703
ਐੱਨਪੀਪੀਏ ਕੋਵਿਡ-19 ਪਲਸ ਆਕਸੀਮੀਟਰ ਅਤੇ ਆਕਸੀਜਨ ਕੰਸੈਂਟ੍ਰੇਟਰ ਲਈ ਜ਼ਰੂਰੀ ਚਿਕਿਤਸਾ ਉਪਕਰਣਾਂ ਦੇ ਮੁੱਲ ਵਾਧੇ ਦੀ ਨਿਗਰਾਨੀ ਅਤੇ ਦੇਸ਼ ਵਿੱਚ ਇਨ੍ਹਾਂ ਦੀ ਉਚਿਤ ਉਪਲੱਬਧਤਾ ਸੁਨਿਸ਼ਚਿਤ ਕਰ ਰਿਹਾ ਹੈ
ਸਰਕਾਰ ਦੇਸ਼ ਵਿੱਚ ਕੋਵਿਡ-19 ਦੇ ਨੈਦਾਨਿਕ ਪ੍ਰਬੰਧਨ ਲਈ ਜ਼ਰੂਰੀ ਚਿਕਿਤਸਾ ਉਪਕਰਣਾਂ ਦੀ ਉਚਿਤ ਉਪਲੱਬਧਤਾ ਸੁਨਿਸ਼ਚਿਤ ਕਰਨ ਦਾ ਪ੍ਰਯਤਨ ਕਰ ਰਹੀ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਇਸ ਦੇ ਲਈ ਜ਼ਰੂਰੀ ਚਿਕਿਤਸਾ ਉਪਕਰਣਾਂ ਦੀ ਸੂਚੀ ਬਣਾਈ ਹੈ ਅਤੇ ਦੇਸ਼ ਵਿੱਚ ਇਨ੍ਹਾਂ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ ਲਈ ਨੈਸ਼ਨਲ ਡਰੱਗ ਪ੍ਰਾਈਸਿੰਗ ਅਥਾਰਿਟੀ(ਐੱਨਪੀਪੀਏ) ਨੂੰ ਬੇਨਤੀ ਕੀਤੀ ਹੈ। ਸਰਕਾਰ ਖਪਤਕਾਰਾਂ ਨੂੰ ਸਸਤੀਆਂ ਕੀਮਤਾਂ ’ਤੇ ਜੀਵਨ ਰੱਖਿਅਕ ਦਵਾਈਆਂ/ਉਪਕਰਣਾਂ ਦੀ ਉਪਲੱਬਧਤਾ ਲਈ ਪ੍ਰਤੀਬੱਧ ਹੈ। ਸਾਰੇ ਚਿਕਿਤਸਾ ਉਪਕਰਣਾਂ ਨੂੰ ਦਵਾਈ ਦੇ ਰੂਪ ਵਿੱਚ ਅਧਿਸੂਚਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਰੈਗੂਲੇਟਰੀ ਵਿਵਸਥਾ ਦੇ ਤਹਿਤ ਰੱਖਿਆ ਗਿਆ ਹੈ। ਐੱਨਪੀਪੀਏ ਨੇ ਜ਼ਰੂਰੀ ਚਿਕਿਤਸਾ ਉਪਕਰਣਾਂ ਦੇ ਮੁੱਲ ਵਾਧੇ ’ਤੇ ਨਜ਼ਰ ਰੱਖਣ ਲਈ ਡੀਪੀਸੀਓ, 2013 ਦੇ ਤਹਿਤ ਮਿਲੀਆਂ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ (i) ਪਲਸ ਆਕਸੀਮੀਟਰ ਅਤੇ (ii) ਆਕਸੀਜਨ ਕੰਸੈਂਟ੍ਰੇਟਰ ਦੇ ਨਿਰਮਾਤਾਵਾਂ / ਆਯਾਤਕਾਂ ਤੋਂ ਮੁੱਲ ਸਬੰਧੀ ਅੰਕੜੇ ਮੰਗਵਾਏ ਹਨ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ 1 ਅਪ੍ਰੈਲ, 2020 ਦੀ ਮੌਜੂਦਾ ਕੀਮਤ ਵਿੱਚ ਇੱਕ ਸਾਲ ਵਿੱਚ 10% ਤੋਂ ਅਧਿਕ ਦਾ ਵਾਧਾ ਨਾ ਹੋ ਸਕੇ। ਚਿਕਿਤਸਾ ਉਪਕਰਣ ਉਦਯੋਗ ਸੰਘਾਂ ਅਤੇ ਸਿਵਲ ਸੁਸਾਇਟੀ ਸਮੂਹ ਨਾਲ ਐੱਨਪੀਪੀਏ ਵਿੱਚ 1 ਜੁਲਾਈ 2020 ਨੂੰ ਹਿਤਧਾਰਕਾਂ ਨਾਲ ਸਲਾਹ-ਮਸ਼ਵਰਾ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਜ਼ਰੂਰੀ ਚਿਕਿਤਸਾ ਉਪਕਰਣਾਂ ਦੇ ਸਾਰੇ ਨਿਰਮਾਤਾ / ਆਯਾਤਕ ਦੇਸ਼ ਵਿੱਚ ਇਨ੍ਹਾਂ ਦੀ ਉਪਲੱਬਧਤਾ ਸੁਨਿਸ਼ਚਿਤ ਕਰਨਗੇ। ਚਿਕਿਤਸਾ ਉਪਕਰਣ ਉਦਯੋਗ ਸੰਘਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਜ਼ਰੂਰੀ ਚਿਕਿਤਸਾ ਉਪਕਰਣਾਂ ਦੇ ਖੁਦਰਾ ਮੁੱਲ ਨੂੰ ਘੱਟ ਕਰਨ।
https://pib.gov.in/PressReleseDetail.aspx?PRID=1635703
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਦਰਮਿਆਨ ਟੈਲੀਫੋਨ ’ਤੇ ਗੱਲਬਾਤ ਹੋਈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਨਾਲ 2 ਜੁਲਾਈ 2020 ਨੂੰ ਟੈਲੀਫੋਨ ’ਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਕੋਵਿਡ-19 ਗਲੋਬਲ ਮਹਾਮਾਰੀ ਦੇ ਨੈਗੇਟਿਵ ਨਤੀਜਿਆਂ ਨੂੰ ਦੂਰ ਕਰਨ ਲਈ ਦੋਹਾਂ ਦੇਸ਼ਾਂ ਦੁਆਰਾ ਕੀਤੇ ਗਏ ਪ੍ਰਭਾਵੀ ਉਪਾਵਾਂ ਦੀ ਚਰਚਾ ਕੀਤੀ ਅਤੇ ਕੋਵਿਡ ਦੇ ਬਾਅਦ ਦੀ ਦੁਨੀਆ ਦੀਆਂ ਚੁਣੌਤੀਆਂ ਨਾਲ ਮਿਲਕੇ ਮੁਕਾਬਲਾ ਕਰਨ ਲਈ ਭਾਰਤ ਅਤੇ ਰੂਸ ਦੇ ਕਰੀਬੀ ਰਿਸ਼ਤਿਆਂ ਦੇ ਮਹੱਤਵ ’ਤੇ ਸਹਿਮਤੀ ਵਿਅਕਤ ਕੀਤੀ। ਦੋਵੇਂ ਨੇਤਾ ਦੁਵੱਲੇ ਸੰਪਰਕ ਅਤੇ ਸਲਾਹ-ਮਸ਼ਵਰਿਆਂ ਦੀ ਗਤੀ ਬਣਾਈ ਰੱਖਣ ‘ਤੇ ਸਹਿਮਤ ਹੋਏ, ਜਿਸ ਨਾਲ ਇਸ ਸਾਲ ਦੇ ਅੰਤ ਵਿੱਚ ਭਾਰਤ ਵਿੱਚ ਹੋਣ ਵਾਲੇ ਸਲਾਨਾ ਦੁਵੱਲੇ ਸਿਖ਼ਰ ਸੰਮੇਲਨ ਦਾ ਆਯੋਜਨ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਨੇ ਦੁਵੱਲੇ ਸਿਖਰ ਸੰਮੇਲਨ ਲਈ ਭਾਰਤ ਵਿੱਚ ਰਾਸ਼ਟਰਪਤੀ ਪੁਤਿਨ ਦਾ ਸੁਆਗਤ ਕਰਨ ਲਈ ਆਪਣੀ ਉਤਸੁਕਤਾ ਵਿਅਕਤ ਕੀਤੀ।
https://pib.gov.in/PressReleseDetail.aspx?PRID=1635703
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਨੇ ਸੰਯੁਕਤ ਰੂਪ ਵਿੱਚ ਡਰੱਗ ਡਿਸਕਵਰੀ ਹੈਕਾਥੌਨ 2020 (ਡੀਡੀਐੱਚ2020) ਦੀ ਸ਼ੁਰੂਆਤ ਕੀਤੀ
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਅਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਅਤੇ ਵਿਗਿਆਨ ਤੇ ਟੈਕਨੋਲੋਜੀ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਔਨਲਾਈਨ ਪਲੈਟਫਾਰਮ ਰਾਹੀਂ ਐੱਮਓ ਸ਼੍ਰੀ ਸੰਜੈ ਧੋਤਰੇ ਦੀ ਮੌਜੂਦਗੀ ਵਿੱਚ ਡਰੱਗ ਡਿਸਕਵਰੀ ਹੈਕਾਥੌਨ ਦੀ ਸ਼ੁਰੂਆਤ ਕੀਤੀ। ਇਹ ਡਰੱਗ ਡਿਸਕਵਰੀ ਹੈਕਾਥੌਨ ਮਾਨਵ ਸੰਸਾਧਨ ਵਿਕਾਸ ਮੰਤਰਾਲੇ, ਈਆਈਸੀਟੀਈ ਅਤੇ ਸੀਐੱਸਆਈਆਰ ਦੀ ਇੱਕ ਸੰਯੁਕਤ ਪਹਿਲ ਹੈ ਅਤੇ ਸੀਡੀਏਸੀ, ਮਾਈਗੌਵ, ਸ਼੍ਰੋਰਡਿੰਗਰ ਅਤੇ ਕੈਮਐਕਸਨ (Schrodinger and ChemAxon) ਜਿਹੇ ਭਾਈਵਾਲਾਂ ਦੁਆਰਾ ਸਮਰਥਿਤ ਹੈ। ਹੈਕਾਥੌਨ ਮੁੱਖ ਰੂਪ ਨਾਲ ਦਵਾਈ ਦੀ ਖੋਜ ਦੇ ਕੰਪਿਊਟੇਸ਼ਨਲ ਪਹਿਲੂਆਂ ’ਤੇ ਧਿਆਨ ਕੇਂਦਰਿਤ ਕਰੇਗੀ ਅਤੇ ਇਸ ਵਿੱਚ ਤਿੰਟ ਟਰੈਕ ਹੋਣਗੇ। ਟਰੈਕ-1 ਡਰੱਗ ਡਿਜ਼ਾਇਨ ਲਈ ਕੰਪਿਊਟੇਸ਼ਨਲ ਮਾਡਲਿੰਗ ਜਾਂ ਮੌਜੂਦਾ ਡੇਟਾਬੇਸ ਤੋਂ ‘ਲੀਡ’ ਯੋਗਕਾਂ ਦੀ ਪਹਿਚਾਣ ਕਰਨ ਨਾਲ ਸਬੰਧਿਤ ਹੋਵੇਗਾ ਜਿਸ ਵਿੱਚ ਸਾਰਸ-ਸੀਓਵੀ-2 ਨੂੰ ਰੋਕਣ ਦੀ ਸਮਰੱਥਾ ਹੋ ਸਕਦੀ ਹੈ ਜਦੋਂਕਿ ਟਰੈਕ-2 ਪ੍ਰਤੀਭਾਗੀਆਂ ਨੂੰ ਡੇਟਾ ਵਿਸ਼ਲੇਸ਼ਣ ਅਤੇ ਏਆਈ ਦੀ ਵਰਤੋਂ ਕਰਦਿਆਂ ਨਵੇਂ ਸਾਧਨ ਅਤੇ ਐਲਗੋਰਿਦਮ ਵਿਕਸਿਤ ਕਰਨ ਲਈ ਉਤਸ਼ਾਹਿਤ ਕਰੇਗਾ/ਘੱਟੋ ਘੱਟ ਜ਼ਹਿਰੀਲੇਪਣ ਅਤੇ ਵੱਧ ਤੋਂ ਵੱਧ ਵਿਸ਼ੇਸ਼ਤਾ ਅਤੇ ਚੋਣਵੇਂ ਡਰੱਗ ਜਿਹੇ ਮਿਸ਼ਰਣ ਦਾ ਅਨੁਮਾਨ ਲਗਾਏਗਾ। ਇੱਕ ਤੀਜਾ ਟਰੈਕ, ਟਰੈਕ 3 ਨਾਂ ਦਾ ਇੱਕ ਮੂਨ-ਸ਼ੌਟ ਪਹੁੰਚ ਹੈ ਜੋ ਸਿਰਫ਼ ਇਸ ਖੇਤਰ ਵਿੱਚ ਨੋਵਲ ਅਤੇ ਵਿਲੱਖਣ ਵਿਚਾਰਾਂ ਨਾਲ ਨਜਿੱਠੇਗਾ।
https://pib.gov.in/PressReleseDetail.aspx?PRID=1635703
ਵਿੱਤ ਮੰਤਰੀ : ਈਜ਼ ਆਵ੍ ਡੂਇੰਗ ਬਿਜ਼ਨਸ ਲਈ ਜੀਐੱਸਟੀ ਟੈਕਸ ਪ੍ਰਸ਼ਾਸਨ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕਰੋ
ਜੀਐੱਸਟੀ ਦਿਵਸ, 2020 ਜਾਂ ਜੀਐੱਸਟੀ ਦੀ ਤੀਜੀ ਵਰ੍ਹੇਗੰਢ 01 ਜੁਲਾਈ, 2020 ਨੂੰਭਾਰਤ ਭਰ ਵਿੱਚ ਸੀਬੀਆਈਸੀ ਅਤੇ ਉਸਦੇ ਖੇਤਰੀ ਦਫ਼ਤਰਾਂ ਵੱਲੋਂ ਮਨਾਈ ਗਈ। ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇਜੀਐੱਸਟੀ ਦਿਵਸ, 2020 ’ਤੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਜੀਐੱਸਟੀ ਨੇ ਹਿਤਧਾਰਕਾਂਤੋਂ ਮਿਲੀ ਪ੍ਰਤੀਕਿਰਿਆ ਦੇ ਅਧਾਰ ’ਤੇ ਜੀਐੱਸਟੀ ਟੈਕਸ ਪ੍ਰਸ਼ਾਸਨ ਨੂੰ ਸਰਲ ਬਣਾਉਣਵਿੱਚ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ। ਹਾਲਾਂਕਿ ਟੈਕਸ ਅਨੁਪਾਲਣ ਨੂੰ ਅਸਾਨ ਬਣਾਉਣ ਲਈਜ਼ਿਆਦਾ ਕੋਸ਼ਿਸ਼ਾਂ ਦੀ ਲੋੜ ਹੈ। ਵਿੱਤ ਮੰਤਰੀ ਦੇ ਸੰਦੇਸ਼ ਦੇ ਮੁੱਖ ਬਿੰਦੂ ਹਨ : ਆਤਮਨਿਰਭਰ ਭਾਰਤ ਲਈ ਮਾਣਯੋਗ ਪ੍ਰਧਾਨ ਮੰਤਰੀ ਦੇ ਸੱਦੇ ’ਤੇ ਧਿਆਨ ਕੇਂਦਰਿਤ ਕਰੋ, ਕਰਦਾਤਿਆਂ ਲਈ ਈਜ਼ ਆਵ੍ ਡੂਇੰਗ ਬਿਜ਼ਨਸ ਲਈ ਟੈਕਸ ਪ੍ਰਸ਼ਾਸਨ ਨੂੰ ਸਰਲਬਣਾਉਣਾ ਯਕੀਨੀ ਕਰੋ ਅਤੇ ਵਪਾਰਕ ਸਮੁਦਾਏ ਸਾਹਮਣੇ ਆਉਣ ਵਾਲੀਆਂ ਮੁਸ਼ਕਲਾਂ ਨੂੰ ਜਾਣੋ ਅਤੇ ਉਨ੍ਹਾਂਨੂੰ ਸਰਗਰਮੀ ਨਾਲ ਹੱਲ ਕਰੋ। ਵਿੱਤ ਮੰਤਰੀ ਨੇ ਕੋਵਿਡ 19 ਦੇ ਇਸ ਸੰਕਟਮਈ ਸਮੇਂ ਦੌਰਾਨ ਉਨ੍ਹਾਂ ਵੱਲੋਂ ਕੀਤੇ ਗਏਸ਼ਲਾਘਾਯੋਗ ਕਾਰਜਾਂ ਲਈ ਸੀਬੀਆਈ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਅਤੇ ਕਰਦਾਤਿਆਂ ਦੀਮਦਦ ਲਈ ਉਹ ਅੱਗੇ ਆਏ। ਉਨ੍ਹਾਂ ਨੇ ਇਸ ਅਰਸੇ ਦੌਰਾਨ ਟੈਕਸ ਭੁਗਤਾਨ ਕਰਨ ਵਾਲਿਆਂ ਦੇਨਕਦ ਪ੍ਰਵਾਹ ਨੂੰ ਅਸਾਨ ਕਰਨ ਲਈ ਵੰਡੇ ਗਏ ਰਿਫੰਡ ਦੀ ਰਿਕਾਰਡ ਮਾਤਰਾ ਦੀ ਸ਼ਲਾਘਾ ਕੀਤੀ।
https://pib.gov.in/PressReleseDetail.aspx?PRID=1635703
ਅਪ੍ਰੇਸ਼ਨ ਸਮੁਦਰ ਸੇਤੂ- ਆਈਐੱਨਐੱਸ ਜਲਅਸ਼ਵ ਨੇ ਇਰਾਨ ਤੋਂ 687 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ
ਭਾਰਤੀ ਜਲ ਸੈਨਾ ਦੁਆਰਾ“ਅਪ੍ਰੇਸ਼ਨ ਸਮੁਦਰ ਸੇਤੂ” ਲਈ ਤੈਨਾਤ ਆਈਐੱਨਐਸ ਜਲਅਸ਼ਵ ਕੱਲ੍ਹ ਤੂਤੀਕੋਰਿਨ ਬੰਦਰਗਾਹ ਪਹੁੰਚਿਆ, ਜਿਸ ਵਿੱਚ ਬੰਦਰ ਅੱਬਾਸ, ਇਰਾਨ ਤੋਂ 687 ਭਾਰਤੀ ਨਾਗਰਿਕ ਲਿਆਂਦੇ ਗਏ ਸਨ।ਇਸ ਤਰ੍ਹਾਂ ਹੁਣ ਤੱਕ ਭਾਰਤੀ ਜਲ ਸੈਨਾ ਦੇ ਜਹਾਜ਼ਾਂ ਨੇ ਇਰਾਨ ਤੋਂ 920 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਹੈ। ਇਸ ਨਿਕਾਸੀ ਨਾਲ, ਭਾਰਤੀ ਜਲ ਸੈਨਾ ਨੇ ਚਲ ਰਹੀ ਮਹਾਮਾਰੀ ਦੌਰਾਨ ਹੁਣ ਤੱਕ ਮਾਲਦੀਵ, ਸ੍ਰੀ ਲੰਕਾ ਅਤੇ ਇਰਾਨ ਤੋਂ 3,992 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਹੈ।
https://pib.gov.in/PressReleseDetail.aspx?PRID=1635703
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
• ਕੇਰਲ: ਰਾਜ ਦੇ ਖੇਤੀਬਾੜੀ ਮੰਤਰੀ ਵੀ.ਐੱਸ. ਸੁਨੀਲ ਕੁਮਾਰ ਕਹਿੰਦੇ ਹਨ, ਏਰਨਾਕੁਲਮ ਬਜ਼ਾਰ ਵਿੱਚ ਕੋਵਿਡ -19 ਦੇ ਟ੍ਰਾਂਸਮਿਸ਼ਨ ਦੇ ਮੱਦੇਨਜ਼ਰ, ਕੋਚੀ ਵਿੱਚ ਵਧੇਰੇ ਸਾਵਧਾਨੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਏਰਨਾਕੁਲਮ ਜ਼ਿਲ੍ਹੇ ਵਿੱਚ ਕੋਈ ਕਮਿਊਨਿਟੀ ਟਰਾਂਸਮਿਸ਼ਨ ਨਹੀਂ ਹੈ ਅਤੇ ਬਿਮਾਰੀ ਦੇ ਲੱਛਣਾਂ ਨੂੰ ਲੁਕਾਉਣ ਅਤੇ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਕੁਵੈਤ ਤੋਂ ਵਾਪਸ ਪਰਤਣ ਤੋਂ ਬਾਅਦ ਜ਼ਿਲ੍ਹੇ ਵਿੱਚ ਬਿਮਾਰੀ ਦਾ ਇਲਾਜ ਕਰਵਾ ਰਹੇ ਇੱਕ ਮਰੀਜ਼ ਦੀ ਹਾਲਤ ਬਹੁਤ ਗੰਭੀਰ ਹੈ। ਕੱਲ੍ਹ ਜਿਨ੍ਹਾਂ 12 ਵਿਅਕਤੀਆਂ ਵਿੱਚ ਵਾਇਰਸ ਦੀ ਪੁਸ਼ਟੀ ਹੋਈ ਸੀ ਉਨ੍ਹਾਂ ਵਿੱਚੋਂ ਅੱਠ ਨੂੰ ਇਹ ਸੰਪਰਕ ਰਾਹੀਂ ਹੋਇਆ ਸੀ। ਇਸ ਦੌਰਾਨ, ਬਜ਼ਾਰ ਦੇ ਇੱਕ ਕਰਮਚਾਰੀ ਦੇ ਪਾਜ਼ਿਟਿਵ ਟੈਸਟ ਪਾਏ ਜਾਣ ਤੋਂ ਬਾਅਦ 26 ਲੋਕਾਂ ਦੇ ਸਵੈਬ ਸੈਂਪਲ ਇਕੱਠੇ ਕੀਤੇ ਗਏ ਹਨ। ਕੇਰਲ ਦੀ ਇੱਕ ਨਨ ਨੇ ਦਿੱਲੀ ਵਿੱਚ ਕੋਵਿਡ -19 ਕਰਕੇ ਦਮ ਤੋੜ ਦਿੱਤਾ। ਕੱਲ੍ਹ ਰਾਜ ਵਿੱਚ ਕੋਵਿਡ -19 ਦੇ 151 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ 132 ਦਾ ਇਲਾਜ ਹੋਇਆ। ਰਾਜ ਭਰ ਵਿੱਚ ਹਾਲੇ ਵੀ 2,130 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
• ਤਮਿਲ ਨਾਡੂ: ਪੁਦੂਚੇਰੀ ਵਿੱਚ 63 ਨਵੇਂ ਕੋਵਿਡ -19 ਦੇ ਮਾਮਲੇ ਸਾਹਮਣੇ ਆਏ ਹਨ; ਇਸ ਵੇਲੇ 459 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ। ਕਿਉਂਕਿ ਕੋਵਿਡ ਕਰਕੇ ਚੋਣਾਂ ਨਹੀਂ ਹੋ ਸਕਦੀਆਂ, ਇਸ ਲਈ ਰਾਜ ਸਰਕਾਰ ਨੇ ਇੱਕ ਹੋਰ ਆਰਡੀਨੈਂਸ ਜਾਰੀ ਕੀਤਾ ਹੈ, ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਸਪੈਸ਼ਲ ਅਧਿਕਾਰੀਆਂ ਦੀ ਮਿਆਦ ਨੂੰ 30 ਜੂਨ ਤੋਂ ਵਧਾ ਕੇ 31 ਦਸੰਬਰ, 2020 ਕਰ ਦਿੱਤੀ ਗਈ ਹੈ। ਰਾਜ ਵਿੱਚ ਕੱਲ੍ਹ 3882 ਨਵੇਂ ਮਾਮਲੇ ਆਏ, 2852 ਦਾ ਇਲਾਜ ਹੋਇਆ ਅਤੇ 63 ਮੌਤਾਂ ਹੋਈਆਂ ਹਨ। ਹੁਣ ਤੱਕ ਕੁੱਲ ਮਾਮਲੇ: 94049, ਐਕਟਿਵ ਮਾਮਲੇ: 39856, ਮੌਤਾਂ: 1264, ਚੇਨਈ ਵਿੱਚ 22777 ਐਕਟਿਵ ਮਾਮਲੇ ਹਨ।
• ਕਰਨਾਟਕ: ਕੋਵਿਡ ਨੂੰ ਕਾਬੂ ਕਰਨ ਲਈ, ਰਾਜ ਐੱਸਐੱਸਐੱਲਸੀ (10ਵੀਂ ਕਲਾਸ) ਦੀਆਂ ਪ੍ਰੀਖਿਆਵਾਂ ਦੀ ਸਮਾਪਤੀ ਤੋਂ ਬਾਅਦ, 7 ਜੁਲਾਈ ਤੋਂ ਕੰਟੇਨਮੈਂਟ ਜ਼ੋਨਾਂ ਵਿੱਚ ਲੌਕਡਾਊਨ ਦੇ ਨਿਯਮਾਂ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਸ਼ਿਕਾਇਤ (ਕਿ ਕੋਵਿਡ ਦੇ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਵੇਲੇ ਕਿਸੇ ਪ੍ਰੋਟੋਕਾਲਾਂ ਦੀ ਕੋਈ ਪਰਵਾਹ ਨਹੀਂ ਕੀਤੀ ਗਈ) ਤੋਂ ਬਾਅਦ ਰਾਜ ਨੇ ਸਾਰੇ ਜ਼ਿਲ੍ਹਾ ਕਲੈਕਟਰਾਂ ਨੂੰ ਸ਼ਹਿਰਾਂ ਤੋਂ ਬਾਹਰ ਅਜਿਹੇ ਇਲਾਕਿਆਂ ਦੀ ਪਹਿਚਾਣ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜੋ ਮਰੇ ਹੋਏ ਕੋਵਿਡ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਦਫ਼ਨਾਇਆ ਜਾ ਸਕੇ। ਕੱਲ੍ਹ 1272 ਨਵੇਂ ਮਾਮਲੇ ਆਏ, 145 ਡਿਸਚਾਰਜ ਹੋਏ ਅਤੇ 7 ਮੌਤਾਂ ਦਰਜ ਕੀਤੀਆਂ ਗਈਆਂ ਹਨ। ਰਾਜ ਵਿੱਚ ਹੁਣ ਤੱਕ ਕੁੱਲ ਪਾਜ਼ਿਟਿਵ ਮਾਮਲੇ: 16,514 ਹਨ, ਐਕਟਿਵ ਮਾਮਲੇ: 8194, ਮੌਤਾਂ: 253 ਅਤੇ 8063 ਦਾ ਇਲਾਜ ਕੀਤਾ ਗਿਆ ਹੈ।
• ਆਂਧਰ ਪ੍ਰਦੇਸ਼: ਹੈਦਰਾਬਾਦ ਦੀ ਜੀਐੱਚਐੱਮਸੀ ਸੀਮਾ ਅਤੇ ਤੇਲੰਗਾਨਾ ਦੇ ਨਾਲ ਲਗਦੇ ਕੁਝ ਜ਼ਿਲ੍ਹਿਆਂ ਵਿੱਚ 15 ਦਿਨਾਂ ਦੇ ਸੰਪੂਰਨ ਲੌਕਡਾਊਨ ਦੀ ਅਨੁਮਾਨਿਤ ਖ਼ਬਰ ਨਾਲ, ਆਂਧਰ ਪ੍ਰਦੇਸ਼ ਤੋਂ ਆਏ ਲੋਕ ਵਾਪਸ ਆਪਣੇ ਜੱਦੀ ਸਥਾਨਾਂ ਵੱਲ ਭੱਜ ਰਹੇ ਹਨ। ਸਿੱਟੇ ਵਜੋਂ, ਆਂਧਰ-ਤੇਲੰਗਾਨਾ ਸਰਹੱਦ ਦੇ ਨਾਲ ਲਗਦੀਆਂ ਕਈ ਥਾਵਾਂ ’ਤੇ ਭਾਰੀ ਟ੍ਰੈਫਿਕ ਜਾਮ ਦੇਖਣ ਨੂੰ ਮਿਲ ਰਿਹਾ ਹੈ, ਵਾਹਨਾਂ ਦੀ ਲੰਬੀ ਕਤਾਰ ਕਈ ਕਿਲੋਮੀਟਰ ਤੱਕ ਫੈਲ ਗਈ ਹੈ। ਰਾਜ ਅਕਾਦਮਿਕ ਸਿਲੇਬਸ ਨੂੰ 30% ਅਤੇ ਵਰਕਿੰਗ ਦਿਨਾਂ ਨੂੰ 3 ਅਗਸਤ, 2020 ਤੋਂ ਮਈ 2021 ਦੇ ਦੂਜੇ ਹਫ਼ਤੇ ਤੱਕ ਘਟਾਉਣ ਬਾਰੇ ਵਿਚਾਰ ਕਰ ਰਿਹਾ ਹੈ। 14,285 ਸੈਂਪਲਾਂ ਦੀ ਜਾਂਚ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ 845 ਨਵੇਂ ਮਾਮਲੇ, 281 ਡਿਸਚਾਰਜ ਕੀਤੇ ਗਏ ਅਤੇ ਪੰਜ ਮੌਤਾਂ ਹੋਈਆਂ ਹਨ। ਨਵੇਂ 845 ਮਾਮਲਿਆਂ ਵਿੱਚੋਂ 29 ਅੰਤਰ-ਰਾਜ ਮਾਮਲੇ ਅਤੇ ਚਾਰ ਮਾਮਲੇ ਵਿਦੇਸ਼ ਤੋਂ ਹਨ। ਕੁੱਲ ਮਾਮਲੇ: 16,097, ਐਕਟਿਵ ਮਾਮਲੇ: 8586, ਡਿਸਚਾਰਜ: 7313, ਮੌਤਾਂ: 198।
• ਤੇਲੰਗਾਨਾ: ਕੋਵਿਡ -19 ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਪ੍ਰਾਈਵੇਟ ਹਸਪਤਾਲ ਸਰਕਾਰੀ ਪ੍ਰਵਾਨਗੀ ਲਈ ਤਿਆਰ ਹਨ। ਰਾਜ ਸਰਕਾਰ ਨੇ ਕੋਵਿਡ - 19 ਮਰੀਜ਼ਾਂ ਦਾ ਇਲਾਜ ਕਰਨ ਲਈ 100 ਬਿਸਤਰੇ ਦੀ ਸਮਰੱਥਾ ਵਾਲੇ ਹਸਪਤਾਲਾਂ ਨੂੰ ਇਜਾਜ਼ਤ ਦਿੰਦੇ ਹੋਏ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਰਾਜ ਵਿੱਚ ਕੱਲ੍ਹ 1018 ਨਵੇਂ ਮਾਮਲੇ ਸਾਹਮਣੇ ਆਏ, 788 ਦਾ ਇਲਾਜ ਹੋਇਆ ਅਤੇ 7 ਮੌਤਾਂ ਹੋਈਆਂ ਹਨ। ਕੱਲ੍ਹ ਤੱਕ ਕੁੱਲ ਮਾਮਲੇ ਦਰਜ ਕੀਤੇ ਗਏ: 17357, ਐਕਟਿਵ ਮਾਮਲੇ: 9008, ਮੌਤਾਂ: 267, ਡਿਸਚਾਰਜ: 8082।
• ਮਹਾਰਾਸ਼ਟਰ: ਰਾਜ ਵਿੱਚ ਕੋਵਿਡ 19 ਮਰੀਜ਼ਾਂ ਦੀ ਮੌਜੂਦਾ ਸੰਖਿਆ 180298 ਹੈ। ਬੁੱਧਵਾਰ ਨੂੰ 5537 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਅਤੇ 2243 ਮਰੀਜ਼ ਠੀਕ ਹੋ ਗਏ ਹਨ। ਕੁੱਲ ਮਿਲਾ ਕੇ, ਬੁੱਧਵਾਰ ਤੱਕ 93154 ਮਰੀਜ਼ਾਂ ਦਾ ਇਲਾਜ ਕਰਕੇ ਰਾਜ ਭਰ ਦੇ ਹਸਪਤਾਲਾਂ ਵਿੱਚੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਕੁੱਲ ਐਕਟਿਵ ਮਾਮਲੇ 79075 ਹਨ।
• ਗੁਜਰਾਤ: ਗੁਜਰਾਤ ਵਿੱਚ, ਪਿਛਲੇ 24 ਘੰਟਿਆਂ ਦੌਰਾਨ 675 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਵਿਡ -19 ਦੇ ਮਾਮਲਿਆਂ ਦੀ ਕੁੱਲ ਸੰਖਿਆ 33,318 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਰਾਜ ਵਿੱਚ 21 ਮਰੀਜ਼ਾਂ ਦੀ ਮੌਤ ਨਾਲ ਮਹਾਮਾਰੀ ਕਾਰਨ ਕੁੱਲ ਮੌਤਾਂ ਦੀ ਸੰਖਿਆ 1,869 ਤੱਕ ਪਹੁੰਚ ਗਈ ਹੈ।
• ਰਾਜਸਥਾਨ: ਅੱਜ ਸਵੇਰੇ 115 ਨਵੇਂ ਮਾਮਲਿਆਂ ਅਤੇ 5 ਮੌਤਾਂ ਦੇ ਦਰਜ ਹੋਣ ਨਾਲ ਕੁੱਲ ਮਾਮਲੇ 18,427 ਹੋ ਚੁੱਕੇ ਹਨ। ਰਾਜ ਵਿੱਚ ਕੁੱਲ 3358 ਐਕਟਿਵ ਮਾਮਲੇ ਮੌਜੂਦ ਹਨ ਜਦੋਂ ਕਿ ਰਾਜ ਵਿੱਚ ਹੁਣ ਤੱਕ 14,643 ਮਰੀਜ਼ ਠੀਕ ਹੋ ਚੁੱਕੇ ਹਨ। ਅੱਜ ਉਦੈਪੁਰ ਵਿੱਚ ਸਭ ਤੋਂ ਵੱਧ 21 ਮਾਮਲੇ ਸਾਹਮਣੇ ਆਏ ਹਨ, ਬੀਕਾਨੇਰ ਵਿੱਚ 12 ਨਵੇਂ ਮਾਮਲੇ ਆਏ ਅਤੇ ਫਿਰ ਰਾਜਸਮੰਦ ਅਤੇ ਧੌਲਪੁਰ ਵਿੱਚ 10-10 ਮਾਮਲੇ ਆਏ ਹਨ।
• ਮੱਧ ਪ੍ਰਦੇਸ਼: ਬੁੱਧਵਾਰ ਨੂੰ ਮੱਧ ਪ੍ਰਦੇਸ਼ ਵਿੱਚ 268 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਵਿਡ -19 ਦੇ ਕੁੱਲ ਮਾਮਲੇ 13,861 ਤੱਕ ਪਹੁੰਚ ਚੁੱਕੇ ਹਨ। ਹਾਲਾਂਕਿ ਇੱਥੇ 2625 ਐਕਟਿਵ ਮਾਮਲੇ ਹਨ, ਇਲਾਜ ਹੋਏ ਮਰੀਜ਼ਾਂ ਦੀ ਕੁੱਲ ਸੰਖਿਆ 10655 ਹੈ ਅਤੇ ਹੁਣ ਤੱਕ 581 ਮੌਤਾਂ ਹੋ ਚੁੱਕੀਆਂ ਹਨ। ਹੌਟਸਪੌਟ ਇੰਦੌਰ ਵਿੱਚ ਬੁੱਧਵਾਰ ਨੂੰ 25 ਨਵੇਂ ਮਾਮਲੇ ਸਾਹਮਣੇ ਆਏ ਅਤੇ 3 ਮੌਤਾਂ ਦੀ ਖ਼ਬਰ ਮਿਲੀ ਹੈ। ਇੰਦੌਰ ਵਿੱਚ ਕੁੱਲ ਮਾਮਲੇ 4734 ਹਨ। ਰਾਜਧਾਨੀ ਭੋਪਾਲ ਵਿੱਚ ਬੁੱਧਵਾਰ ਨੂੰ 41 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 4 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਲਈ ਹੁਣ ਭੋਪਾਲ ਵਿੱਚ ਕੁੱਲ ਮਾਮਲੇ 2830 ਹਨ। ਮੋਰੇਨਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 73 ਨਵੇਂ ਮਾਮਲੇ ਆਏ ਹਨ ਅਤੇ ਇੱਕ ਦੀ ਮੌਤ ਵੀ ਹੋਈ ਹੈ, ਜਦੋਂਕਿ ਬੁੱਧਵਾਰ ਨੂੰ ਗਵਾਲੀਅਰ ਵਿੱਚ 25 ਅਤੇ ਭਿੰਡ ਵਿੱਚ 22 ਮਾਮਲੇ ਆਏ ਹਨ।
• ਛੱਤੀਸਗੜ੍ਹ: ਬੁੱਧਵਾਰ ਨੂੰ ਰਾਜ ਵਿੱਚ 81 ਨਵੇਂ ਮਾਮਲੇ ਸਾਹਮਣੇ ਆਏ ਅਤੇ 53 ਮਰੀਜ਼ ਵੀ ਠੀਕ ਹੋਏ ਹਨ ਅਤੇ ਇੱਕ ਮੌਤ ਹੋਈ ਹੈ। ਹਾਲਾਂਕਿ ਹੁਣ ਤੱਕ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਸੰਖਿਆ 2940 ਹੈ, ਇਸ ਵੇਲੇ ਰਾਜ ਵਿੱਚ 623 ਐਕਟਿਵ ਮਾਮਲੇ ਹਨ।
• ਗੋਆ: ਬੁੱਧਵਾਰ ਨੂੰ 72 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਵਿਡ -19 ਦੇ ਮਰੀਜ਼ਾਂ ਦੀ ਸੰਖਿਆ 1387 ਤੱਕ ਪਹੁੰਚ ਗਈ ਹੈ। ਰਾਜ ਵਿੱਚ 713 ਐਕਟਿਵ ਮਰੀਜ਼ ਹਨ। ਬੁੱਧਵਾਰ ਨੂੰ 74 ਮਰੀਜ਼ਾਂ ਦਾ ਇਲਾਜ ਹੋਣ ਨਾਲ, ਠੀਕ ਹੋਏ ਮਰੀਜ਼ਾਂ ਦੀ ਕੁੱਲ ਸੰਖਿਆ ਹੁਣ 670 ਹੋ ਗਈ ਹੈ। ਬੁੱਧਵਾਰ ਨੂੰ ਇੱਕ ਰੋਗੀ ਮਰੀਜ਼ ਦੀ ਮੌਤ ਵੀ ਹੋਈ ਜਿਸ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਸੰਖਿਆ 4 ਹੋ ਗਈ ਹੈ।
• ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਕੋਵਿਡ -19 ਦੀ ਜਾਂਚ ਲਈ ਹੁਣ ਤੱਕ ਕੁੱਲ 24,856 ਨਮੂਨੇ ਇਕੱਠੇ ਕੀਤੇ ਗਏ ਹਨ। ਇਨ੍ਹਾਂ ਵਿੱਚੋਂ, 1669 ਦੇ ਨਤੀਜਿਆਂ ਦੀ ਉਡੀਕ ਹੈ। ਇਸ ਵੇਲੇ ਤੱਕ 128 ਐਕਟਿਵ ਮਾਮਲੇ ਹਨ ਅਤੇ 66 ਵਿਅਕਤੀ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਦੋਈਮੁਖ (Doimukh) ਦੀ ਬਜ਼ਾਰ ਕਮੇਟੀ ਨੇ ਕੋਵਿਡ -19 ਦੇ ਫੈਲਣ ਨੂੰ ਘੱਟ ਕਰਨ ਲਈ ਇੱਕ ਰੋਕਥਾਮ ਉਪਾਅ ਵਜੋਂ 5 ਜੁਲਾਈ ਤੱਕ ਬਜ਼ਾਰ ਵਿਚਲੇ ਸਾਰੇ ਕਾਰੋਬਾਰਾਂ ਨੂੰ ਮੁਕੰਮਲ ਬੰਦ ਰੱਖਣ ਦਾ ਫੈਸਲਾ ਲਿਆ ਹੈ।
• ਅਸਾਮ: ਅਸਾਮ ਦੇ ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਟਵੀਟ ਕੀਤਾ ਕਿ ਅੱਜ ਕੋਵਿਡ -19 ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਹੈ।
• ਮਣੀਪੁਰ: ਮਣੀਪੁਰ ਦੇ ਐੱਨਆਈਈਐੱਲਆਈਟੀ (ਨਾਈਲਿਟ) ਚੁਰਾਚੰਦਪੁਰ (Churachandpur) ਐਕਸਟੈਂਸ਼ਨ ਸੈਂਟਰ ਵਿਖੇ ਚੁਰਾਚੰਦਪੁਰ ਕੋਵਿਡ -19 ਕੇਅਰ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ। 50 ਬਿਸਤਰਿਆਂ ਵਾਲੇ ਇਸ ਕੇਂਦਰ ਦੀ ਨਿਗਰਾਨੀ ਸੀਐੱਮਓ ਚੁਰਾਚੰਦਪੁਰ ਕਰਨਗੇ।
• ਮਿਜ਼ੋਰਮ: ਮਿਜ਼ੋਰਮ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਈ ਨਵਾਂ ਕੋਵਿਡ 19 ਮਾਮਲਾ ਸਾਹਮਣੇ ਨਹੀਂ ਆਇਆ ਹੈ। 382 ਸਵੈਬ ਨਮੂਨੇ ਨੈਗੇਟਿਵ ਪਾਏ ਗਏ ਹਨ ਜਦਕਿ 15 ਸੈਂਪਲਾਂ ਦੇ ਨਤੀਜਿਆਂ ਦੀ ਉਡੀਕ ਹੈ। ਰਾਜ ਵਿੱਚ ਐਕਟਿਵ ਮਾਮਲੇ 37 ਹਨ ਜਦੋਂ ਕਿ 123 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਿਆ ਹੈ। ਅਤੇ ਰਾਜ ਵਿੱਚ ਕੋਵਿਡ -19 ਦੇ ਕੁੱਲ 160 ਮਾਮਲੇ ਹਨ।
• ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ -19 ਦੇ 34 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਪਾਜ਼ਿਟਿਵ ਮਾਮਲਿਆਂ ਦੀ ਕੁੱਲ ਸੰਖਿਆ 535 ਹੈ ਜਦੋਂ ਕਿ 353 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 182 ਮਰੀਜ਼ ਠੀਕ ਹੋ ਚੁੱਕੇ ਹਨ। ਨਾਗਾਲੈਂਡ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਤੁਆਂਸਾਂਗ ਵਿਖੇ ਬੀਐੱਸਐੱਲ -2 ਲੈਬ ਦੀ ਸਥਾਪਨਾ ਲਈ ਉਪਕਰਣਾਂ ਦਾ ਪਹਿਲਾ ਬੈਚ ਆ ਗਿਆ ਹੈ ਅਤੇ ਤਕਨੀਕੀ ਕੰਮ ਜੰਗੀ ਪੱਧਰ ’ਤੇ ਕੀਤੇ ਜਾਣਗੇ।
• ਚੰਡੀਗੜ੍ਹ: ਚੰਡੀਗੜ੍ਹ ਦੇ ਯੂਟੀ ਪ੍ਰਸ਼ਾਸਨ ਨੇ ਹਿਦਾਇਤ ਦਿੱਤੀ ਹੈ ਕਿ ਬੁਖਾਰ, ਆਈਐੱਲਆਈ, ਐੱਸਏਆਰਆਈ, ਸਾਰਸ ਅਤੇ ਵੈਕਟਰ ਦੇ ਸਾਰੇ ਮਾਮਲਿਆਂ ਦੀ ਕੋਵਿਡ ਲਈ ਜਾਂਚ ਕੀਤੀ ਜਾਵੇ। ਉਨ੍ਹਾਂ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਉਨ੍ਹਾਂ ਦੇ ਗੁਆਂਢ ਵਿੱਚ ਕਿਸੇ ਵੀ ਵਿਅਕਤੀ ਵਿੱਚ ਕੋਰੋਨਾ ਦੇ ਲੱਛਣ ਹੋਣ ਦਾ ਸੰਕੇਤ ਲਗਦਾ ਹੈ ਤਾਂ ਉਹ ਉਸ ਦੀ ਇਤਲਾਹ ਦੇਣ ਤਾਂ ਜੋ ਮੈਡੀਕਲ ਟੀਮ ਉਨ੍ਹਾਂ ਕੋਲ ਜਾ ਕੇ ਜਾਂਚ ਦਾ ਪ੍ਰਬੰਧ ਕਰ ਸਕੇ। ਉਨ੍ਹਾਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਦੁਆਰਾ ਪਾਸ ਕੀਤੇ ਅਨਲੌਕ 2 ਦੇ ਆਦੇਸ਼ ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਵਿੱਚ ਅਪਣਾਏ ਗਏ ਹਨ। ਜਨਤਕ ਥਾਵਾਂ ’ਤੇ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਰੱਖਣ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਜ਼ੁਰਮਾਨਾ ਕੀਤਾ ਜਾਵੇਗਾ।
• ਪੰਜਾਬ: ਕੋਰੋਨਾ ਵਾਇਰਸ ਦੇ ਫੈਲਣ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਵੱਧ ਰਹੇ ਮਰੀਜ਼ਾਂ ਦੇ ਬੋਝ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ, ਪੰਜਾਬ ਕੈਬਨਿਟ ਨੇ ਸਿਹਤ ਵਿਭਾਗ ਵਿੱਚ 3954 ਮੌਜੂਦਾ ਖਾਲੀ ਰੈਗੂਲਰ ਅਸਾਮੀਆਂ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵਿੱਚ 291 ਅਸਾਮੀਆਂ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
• ਹਿਮਾਚਲ ਪ੍ਰਦੇਸ਼: ਵੀਡੀਓ ਕਾਨਫ਼ਰੰਸਿੰਗ ਰਾਹੀਂ ਮੁੱਖ ਮੰਤਰੀ ਗ੍ਰਾਮ ਕੌਸ਼ਲ ਯੋਜਨਾ ਦੇ ਲਾਭਾਰਥੀਆਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ -19 ਮਹਾਮਾਰੀ ਦੌਰਾਨ ਸਿਰਫ਼ ਗ੍ਰਾਮੀਣ ਅਰਥਵਿਵਸਥਾ ਬਚੀ ਹੈ, ਜੋ ਇਸ ਗੱਲ ਦਾ ਸੰਕੇਤ ਸੀ ਕਿ ਇਹ ਖੇਤਰ ਕਿਸੇ ਵੀ ਕਿਸਮ ਦੀ ਘਟਨਾ ਨਾਲ ਨਜਿੱਠ ਸਕਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਲਾਭ ਪਹੁੰਚਾਉਣ ਲਈ ਗ੍ਰਾਮੀਣ ਵਿਕਾਸ ਪੱਖੀ ਯੋਜਨਾਵਾਂ ਸ਼ੁਰੂ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਦੀ ਭਾਲ ਵਿੱਚ ਗ੍ਰਾਮੀਣ ਖੇਤਰਾਂ ਤੋਂ ਸ਼ਹਿਰੀ ਖੇਤਰਾਂ ਵੱਲ ਪਰਵਾਸ ਨਾ ਕਰਨਾ ਪਵੇ।
• ਹਰਿਆਣਾ: ਕੋਵਿਡ -19 ਮਹਾਮਾਰੀ ਦੇ ਵਿਚਕਾਰ, ਹਰਿਆਣਾ ਸਰਕਾਰ ਨੇ ਗਰਭਵਤੀ ਔਰਤਾਂ ਲਈ ਸੁਰੱਖਿਅਤ ਅਤੇ ਨਿਰਵਿਘਨ ਸੰਸਥਾਗਤ ਡਿਲਿਵਰੀ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਲਈ ਰਾਜ ਭਰ ਦੀਆਂ ਸਰਕਾਰੀ ਅਤੇ ਨਿਜੀ ਸਿਹਤ ਸੰਸਥਾਵਾਂ ਵਿੱਚ ਡਿਲਿਵਰੀ ਸੁਵਿਧਾਵਾਂ ਨੂੰ ਮਜ਼ਬੂਤ ਕਰਨ ’ਤੇ ਖ਼ਾਸ ਜ਼ੋਰ ਦਿੱਤਾ ਹੈ। ਗੈਰ-ਕੋਵਿਡ ਹਸਪਤਾਲਾਂ ਵਿੱਚ, ਵੱਖਰੇ ਐੱਲਡੀਆਰ ਰੂਮ (ਯਾਨੀ ਲੇਬਰ, ਡਿਲਿਵਰੀ ਅਤੇ ਰਿਕਵਰੀ ਰੂਮ) ਦੀ ਵਿਵਸਥਾ ਕੀਤੀ ਗਈ ਹੈ। ਇਸਦੇ ਨਾਲ ਹੀ, ਕੋਵਿਡ ਪਾਜ਼ਿਟਿਵ ਗਰਭਵਤੀ ਮਾਮਲਿਆਂ ਦੀ ਡਿਲਿਵਰੀ ਅਤੇ ਦਾਖਲੇ ਲਈ ਇੱਕ ਅਲੱਗ ਵਾਰਡ ਦੀ ਸੁਵਿਧਾ ਬਣਾਈ ਜਾ ਸਕਦੀ ਹੈ, ਖ਼ਾਸ ਕਰਕੇ ਅਜਿਹੇ ਮਾਮਲਿਆਂ ਵਿੱਚ ਜਿੱਥੇ ਗਰਭਵਤੀ ਔਰਤਾਂ ਨੂੰ ਸਪੈਸ਼ਲ ਕੋਵਿਡ ਹਸਪਤਾਲਾਂ ਵਿੱਚ ਭੇਜਣਾ ਸੰਭਵ ਨਹੀਂ ਹੁੰਦਾ।
ਫੈਕਟਚੈੱਕ


****
ਵਾਈਬੀ
(Release ID: 1636064)
Visitor Counter : 280