ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਬਾਰੇ ਪ੍ਰਧਾਨ ਮੰਤਰੀ ਦੇ ਰਾਸ਼ਟਰ ਨੂੰ ਸੰਬੋਧਨ ਦਾ ਮੂਲ-ਪਾਠ
Posted On:
30 JUN 2020 4:28PM by PIB Chandigarh
ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ!
ਕੋਰੋਨਾ ਵੈਸ਼ਵਿਕ ਮਹਾਮਾਰੀ ਦੇ ਖ਼ਿਲਾਫ਼ ਲੜਦੇ ਹੋਏ ਹੁਣ ਅਸੀਂ Unlock-Two ਵਿੱਚ ਪ੍ਰਵੇਸ਼ ਕਰ ਰਹੇ ਹਾਂ ਅਤੇ ਅਸੀਂ ਉਸ ਮੌਸਮ ਵਿੱਚ ਵੀ ਪ੍ਰਵੇਸ਼ ਕਰ ਰਹੇ ਹਾਂ ਜਿਸ ਵਿੱਚ ਸਰਦੀ - ਜੁਖਾਮ, ਖਾਂਸੀ - ਬੁਖ਼ਾਰ ਇਹ ਸਾਰੇ ਨਾ ਜਾਣੇ ਕੀ-ਕੀ ਹੁੰਦਾ ਹੈ, ਦੇ ਮਾਮਲੇ ਵਧ ਜਾਂਦੇ ਹਨ। ਅਜਿਹੇ ਵਿੱਚ ਮੇਰੀ ਆਪ ਸਭ ਦੇਸ਼ਵਾਸੀਆਂ ਨੂੰ ਬੇਨਤੀ (ਪ੍ਰਾਰਥਨਾ) ਹੈ ਕਿ ਅਜਿਹੇ ਸਮੇਂ ਵਿੱਚ ਆਪਣਾ ਧਿਆਨ ਰੱਖੋ।
ਸਾਥੀਓ, ਇਹ ਗੱਲ ਸਹੀ ਹੈ ਕਿ ਜੇਕਰ ਕੋਰੋਨਾ ਨਾਲ ਹੋਣ ਵਾਲੀ ਮੌਤ ਦਰ ਨੂੰ ਦੇਖੀਏ ਤਾਂ ਦੁਨੀਆ ਦੇ ਅਨੇਕਾਂ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਸੰਭਲੀ ਹੋਈ ਸਥਿਤੀ ਵਿੱਚ ਹੈ। ਸਮੇਂ ਤੇ ਕੀਤੇ ਗਏ ਲੌਕਡਾਊਨ ਅਤੇ ਹੋਰਨਾਂ ਫੈਸਲਿਆਂ ਨੇ ਭਾਰਤ ਵਿੱਚ ਲੱਖਾਂ ਲੋਕਾਂ ਦਾ ਜੀਵਨ ਬਚਾਇਆ ਹੈ। ਪਰ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਜਦੋਂ ਤੋਂ ਦੇਸ਼ ਵਿੱਚ Unlock-One ਹੋਇਆ ਹੈ, ਵਿਅਕਤੀਗਤ ਅਤੇ ਸਮਾਜਿਕ ਵਿਹਾਰ ਵਿੱਚ ਲਾਪਰਵਾਹੀ ਵੀ ਵਧਦੀ ਚਲੀ ਜਾ ਰਹੀ ਹੈ। ਪਹਿਲਾਂ ਅਸੀਂ ਮਾਸਕ ਨੂੰ ਲੈ ਕੇ, ਦੋ ਗਜ਼ ਦੀ ਦੂਰੀ ਨੂੰ ਲੈ ਕੇ, 20 ਸੈਕਿੰਡ ਤੱਕ ਦਿਨ ਵਿੱਚ ਕਈ ਵਾਰ ਹੱਥ ਧੋਣ ਨੂੰ ਲੈ ਕੇ ਬਹੁਤ ਸੁਚੇਤ ਸੀ। ਪਰ ਅੱਜ ਜਦੋਂ ਸਾਨੂੰ ਜ਼ਿਆਦਾ ਚੌਕਸੀ ਦੀ ਲੋੜ ਹੈ ਤਾਂ ਲਾਪਰਵਾਹੀ ਦਾ ਵਧਣਾ ਚਿੰਤਾ ਦਾ ਕਾਰਨ ਹੈ।
ਸਾਥੀਓ, ਲੌਕਡਾਊਨ ਦੇ ਦੌਰਾਨ ਬਹੁਤ ਗੰਭੀਰਤਾ ਨਾਲ ਨਿਯਮਾਂ ਦਾ ਪਾਲਣ ਕੀਤਾ ਗਿਆ ਸੀ। ਹੁਣ ਸਰਕਾਰਾਂ, ਸਥਾਨਕ ਸੰਸਥਾਵਾਂ ਨੂੰ ਦੇਸ਼ ਦੇ ਨਾਗਰਿਕਾਂ ਨੂੰ ਫਿਰ ਤੋਂ ਉਸੇ ਤਰ੍ਹਾਂ ਦੀ ਚੌਕਸੀ ਦਿਖਾਉਣ ਦੀ ਲੋੜ ਹੈ। ਵਿਸ਼ੇਸ਼ ਕਰਕੇ ਕੰਟੇਨਮੈਂਟ ਜ਼ੋਨਾਂ ‘ਤੇ ਸਾਨੂੰ ਬਹੁਤ ਧਿਆਨ ਦੇਣਾ ਹੋਵੇਗਾ। ਜੋ ਵੀ ਲੋਕ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ, ਸਾਨੂੰ ਉਨ੍ਹਾਂ ਨੂੰ ਟੋਕਣਾ ਹੋਵੇਗਾ, ਰੋਕਣਾ ਹੋਵੇਗਾ ਅਤੇ ਸਮਝਾਉਣਾ ਵੀ ਹੋਵੇਗਾ। ਹੁਣੇ ਤੁਸੀਂ ਖ਼ਬਰਾਂ ਵਿੱਚ ਦੇਖਿਆ ਹੋਵੇਗਾ, ਇੱਕ ਦੇਸ਼ ਦੇ ਪ੍ਰਧਾਨ ਮੰਤਰੀ ‘ਤੇ 13 ਹਜ਼ਾਰ ਰੁਪਏ ਦਾ ਜੁਰਮਾਨਾ ਇਸ ਲਈ ਲੱਗ ਗਿਆ, ਕਿਉਂਕਿ ਉਹ ਜਨਤਕ ਸਥਾਨ ਤੇ ਬਿਨਾ ਮਾਸਕ ਪਹਿਨੇ ਹੋਏ ਗਏ ਸਨ। ਭਾਰਤ ਵਿੱਚ ਵੀ ਸਥਾਨਕ ਪ੍ਰਸ਼ਾਸਨ ਨੂੰ ਇਸੇ ਚੁਸਤੀ ਨਾਲ ਕੰਮ ਕਰਨਾ ਚਾਹੀਦਾ ਹੈ। ਇਹ 130 ਕਰੋੜ ਦੇਸ਼ਵਾਸੀਆਂ ਦੇ ਜੀਵਨ ਦੀ ਰੱਖਿਆ ਕਰਨ ਦਾ ਅਭਿਯਾਨ ਹੈ। ਭਾਰਤ ਵਿੱਚ ਪਿੰਡ ਦਾ ਪ੍ਰਧਾਨ ਹੋਵੇ ਜਾਂ ਦੇਸ਼ ਦਾ ਪ੍ਰਧਾਨ ਮੰਤਰੀ, ਕੋਈ ਵੀ ਨਿਯਮਾਂ ਤੋਂ ਉੱਪਰ ਨਹੀਂ ਹੈ।
ਸਾਥੀਓ, ਲੌਕਡਾਊਨ ਦੇ ਦੌਰਾਨ ਦੇਸ਼ ਦੀ ਸਰਬਉੱਚ ਤਰਜੀਹ (ਪ੍ਰਾਥਮਿਕਤਾ) ਰਹੀ, ਕਿ ਅਜਿਹੀ ਸਥਿਤੀ ਨਾ ਆਵੇ ਕਿ ਕਿਸੇ ਗ਼ਰੀਬ ਦੇ ਘਰ ਵਿੱਚ ਚੁੱਲ੍ਹਾ ਨਾ ਬਲ਼ੇ। ਕੇਂਦਰ ਸਰਕਾਰ ਹੋਵੇ, ਰਾਜ ਸਰਕਾਰਾਂ ਹੋਣ, ਸਿਵਲ ਸੁਸਾਇਟੀ ਦੇ ਲੋਕ ਹੋਣ, ਸਾਰਿਆਂ ਨੇ ਪੂਰਾ ਯਤਨ ਕੀਤਾ ਹੈ ਕਿ ਇੰਨੇ ਵੱਡੇ ਦੇਸ਼ ਵਿੱਚ ਸਾਡਾ ਕੋਈ ਵੀ ਗ਼ਰੀਬ ਭਰਾ - ਭੈਣ ਭੁੱਖਾ ਨਾ ਸੌਂਵੇ। ਦੇਸ਼ ਹੋਵੇ ਜਾਂ ਵਿਅਕਤੀ, ਸਮੇਂ ‘ਤੇ ਫੈਸਲੇ ਲੈਣ ਨਾਲ, ਸੰਵੇਦਨਸ਼ੀਲਤਾ ਨਾਲ ਫੈਸਲੇ ਲੈਣ ਨਾਲ, ਕਿਸੇ ਵੀ ਸੰਕਟ ਦਾ ਮੁਕਾਬਲਾ ਕਰਨ ਦੀ ਸ਼ਕਤੀ ਵਧ ਜਾਂਦੀ ਹੈ। ਇਸ ਲਈ, ਲੌਕਡਾਊਨ ਹੁੰਦੇ ਹੀ ਸਰਕਾਰ, ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਲੈ ਕੇ ਆਈ। ਇਸ ਯੋਜਨਾ ਦੇ ਤਹਿਤ ਗ਼ਰੀਬਾਂ ਲਈ ਪੌਣੇ ਦੋ ਲੱਖ ਕਰੋੜ ਰੁਪਏ ਦਾ ਪੈਕੇਜ ਦਿੱਤਾ ਗਿਆ।
ਸਾਥੀਓ, ਬੀਤੇ ਤਿੰਨ ਮਹੀਨਿਆਂ ਵਿੱਚ 20 ਕਰੋੜ ਗ਼ਰੀਬ ਪਰਿਵਾਰਾਂ ਦੇ ਜਨਧਨ ਖਾਤਿਆਂ ਵਿੱਚ ਸਿੱਧੇ 31 ਹਜ਼ਾਰ ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਹਨ। ਇਸ ਦੌਰਾਨ 9 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 18 ਹਜ਼ਾਰ ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਹਨ। ਇਸ ਦੇ ਨਾਲ ਹੀ, ਪਿੰਡਾਂ ਵਿੱਚ ਕਿਰਤੀਆਂ ਨੂੰ ਰੋਜਗਾਰ ਦੇਣ ਲਈ, ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਤੇਜ਼ ਗਤੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ‘ਤੇ ਸਰਕਾਰ 50 ਹਜ਼ਾਰ ਕਰੋੜ ਰੁਪਏ ਖਰਚ ਕਰ ਰਹੀ ਹੈ। ਲੇਕਿਨ
ਸਾਥੀਓ, ਇੱਕ ਹੋਰ ਵੱਡੀ ਗੱਲ ਹੈ ਕਿ ਜਿਸ ਨੇ ਦੁਨੀਆ ਨੂੰ ਵੀ ਹੈਰਾਨ ਕੀਤਾ ਹੈ, ਹੈਰਾਨੀ ਵਿੱਚ ਡੁਬੋ ਦਿੱਤਾ ਹੈ। ਉਹ ਇਹ ਕਿ ਕੋਰੋਨਾ ਨਾਲ ਲੜਦੇ ਹੋਏ ਭਾਰਤ ਵਿੱਚ, 80 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ 3 ਮਹੀਨੇ ਦਾ ਰਾਸ਼ਨ, ਯਾਨੀ ਕਿ ਪਰਿਵਾਰ ਦੇ ਹਰੇਕ ਮੈਂਬਰ ਨੂੰ 5 ਕਿਲੋ ਕਣਕ ਜਾਂ ਚਾਵਲ ਮੁਫ਼ਤ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਤੀ ਪਰਿਵਾਰ ਹਰ ਮਹੀਨੇ 1 ਕਿਲੋ ਦਾਲ਼ ਵੀ ਮੁਫ਼ਤ ਦਿੱਤੀ ਗਈ। ਯਾਨੀ ਕਿ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਅਮਰੀਕਾ ਦੀ ਕੁੱਲ ਜਨਸੰਖਿਆ ਨਾਲੋਂ ਢਾਈ ਗੁਣਾਂ ਵਧੇਰੇ ਲੋਕਾਂ ਨੂੰ, ਬਰਤਾਨੀਆ ਦੀ ਜਨਸੰਖਿਆ ਨਾਲੋਂ 12 ਗੁਣਾ ਵਧੇਰੇ ਲੋਕਾਂ ਨੂੰ ਅਤੇ ਯੂਰਪੀ ਯੂਨੀਅਨ ਦੀ ਆਬਾਦੀ ਦੇ ਲਗਭਗ ਦੁੱਗਣੇ ਨਾਲੋਂ ਜ਼ਿਆਦਾ ਲੋਕਾਂ ਨੂੰ ਸਾਡੀ ਸਰਕਾਰ ਨੇ ਮੁਫ਼ਤ ਅਨਾਜ ਦਿੱਤਾ ਹੈ।
ਸਾਥੀਓ, ਅੱਜ ਮੈਂ ਇਸੇ ਨਾਲ ਜੁੜਿਆ ਇੱਕ ਮਹੱਤਵਪੂਰਨ ਐਲਾਨ ਕਰਨ ਜਾ ਰਿਹਾ ਹਾਂ।
ਸਾਥੀਓ, ਸਾਡੇ ਇੱਥੇ ਵਰਖਾ ਰੁੱਤ ਦੇ ਦੌਰਾਨ ਅਤੇ ਉਸ ਦੇ ਬਾਅਦ ਮੁੱਖ ਤੌਰ ‘ਤੇ ਖੇਤੀਬਾੜੀ ਸੈਕਟਰ ਵਿੱਚ ਹੀ ਜ਼ਿਆਦਾ ਕੰਮ ਹੁੰਦਾ ਹੈ। ਹੋਰਨਾਂ ਦੂਜੇ ਸੈਕਟਰਾਂ ਵਿੱਚ ਥੋੜ੍ਹੀ ਸੁਸਤੀ ਰਹਿੰਦੀ ਹੈ। ਜੁਲਾਈ ਤੋਂ ਹੌਲ਼ੀ-ਹੌਲ਼ੀ ਤਿਉਹਾਰਾਂ ਦਾ ਮਾਹੌਲ ਬਣਨ ਲਗਦਾ ਹੈ। ਹੁਣ 5 ਜੁਲਾਈ ਨੂੰ ਗੁਰੂ ਪੂਰਣਿਮਾ ਹੈ, ਫਿਰ ਸਾਉਣ ਸ਼ੁਰੂ ਹੋ ਰਿਹਾ ਹੈ। ਫਿਰ 15 ਅਗਸਤ ਆਵੇਗੀ, ਰੱਖੜੀ (ਰਕਸ਼ਾ ਬੰਧਨ) ਆਵੇਗੀ, ਸ਼੍ਰੀਕ੍ਰਿਸ਼ਨ ਜਨਮ ਅਸ਼ਟਮੀ ਆਵੇਗੀ, ਗਣੇਸ਼ ਚਤੁਰਥੀ ਆਵੇਗੀ, ਓਣਮ ਹੋਵੇਗਾ ਅਤੇ ਅੱਗੇ ਜਾਈਏ ਤਾਂ ਕਾਟੀ ਬੀਹੂ ਹੈ, ਨਵਰਾਤ੍ਰੀ ਹੈ, ਦੁਰਗਾ ਪੂਜਾ ਹੈ, ਦਸ਼ਹਿਰਾ ਹੈ, ਦੀਵਾਲੀ ਹੈ, ਛਠੀ ਮਾਤਾ ਦੀ ਪੂਜਾ ਹੈ। ਤਿਉਹਾਰਾਂ ਦਾ ਇਹ ਸਮਾਂ, ਜ਼ਰੂਰਤਾਂ ਵੀ ਵਧਾਉਂਦਾ ਹੈ, ਖਰਚ ਵੀ ਵਧਾਉਂਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦਾ ਵਿਸਤਾਰ ਹੁਣ ਦੀਵਾਲੀ ਅਤੇ ਛੱਠ ਪੂਜਾ ਤੱਕ, ਯਾਨੀ ਕਿ ਨਵੰਬਰ ਮਹੀਨੇ ਦੇ ਅਖੀਰ ਤੱਕ ਕਰ ਦਿੱਤਾ ਜਾਵੇ। ਯਾਨੀ ਕਿ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦੇਣ ਵਾਲੀ ਇਹ ਯੋਜਨਾ ਹੁਣ ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ ਵਿੱਚ ਵੀ ਲਾਗੂ ਰਹੇਗੀ। ਸਰਕਾਰ ਵੱਲੋਂ ਇਨ੍ਹਾਂ 5 ਮਹੀਨਿਆਂ ਲਈ 80 ਕਰੋੜ ਤੋਂ ਜ਼ਿਆਦਾ ਗ਼ਰੀਬ ਭਰਾਵਾਂ - ਭੈਣਾਂ ਨੂੰ ਹਰ ਮਹੀਨੇ, ਪਰਿਵਾਰ ਦੇ ਹਰੇਕ ਮੈਂਬਰ ਨੂੰ 5 ਕਿਲੋ ਕਣਕ ਜਾਂ ਚਾਵਲ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ ਅਤੇ ਨਾਲ ਹੀ ਹਰੇਕ ਪਰਿਵਾਰ ਨੂੰ ਹਰ ਮਹੀਨੇ ਇੱਕ ਕਿਲੋ ਛੋਲੇ (ਚਣੇ) ਵੀ ਮੁਫ਼ਤ ਦਿੱਤੇ ਜਾਣਗੇ।
ਸਾਥੀਓ, ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਇਸ ਵਿਸਤਾਰ ਵਿੱਚ 90 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਹੋਣਗੇ। ਜੇਕਰ ਇਸ ਵਿੱਚ ਪਿਛਲੇ 3 ਮਹੀਨਿਆਂ ਦਾ ਖਰਚ ਵੀ ਜੋੜ ਦੇਈਏ ਤਾਂ ਇਹ ਤਕਰੀਬਨ ਡੇਢ ਲੱਖ ਕਰੋੜ ਰੁਪਏ ਹੋ ਜਾਂਦਾ ਹੈ। ਹੁਣ ਪੂਰੇ ਭਾਰਤ ਲਈ ਅਸੀਂ ਇੱਕ ਸੁਪਨਾ ਦੇਖਿਆ ਹੈ। ਕਈ ਸੂਬਿਆਂ ਨੇ ਬਹੁਤ ਵਧੀਆ ਕੰਮ ਵੀ ਕੀਤਾ ਹੈ। ਬਾਕੀ ਸੂਬਿਆਂ ਨੂੰ ਵੀ ਅਸੀਂ ਬੇਨਤੀ ਕਰ ਰਹੇ ਹਾਂ ਕਿ ਇਸ ਕੰਮ ਨੂੰ ਅੱਗੇ ਵਧਾਈਏ, ਕੰਮ ਕੀ ਹੈ ? ਹੁਣ ਪੂਰੇ ਭਾਰਤ ਲਈ ਇੱਕ ਰਾਸ਼ਨ ਕਾਰਡ ਦੀ ਵਿਵਸਥਾ ਵੀ ਹੋ ਰਹੀ ਹੈ। ਯਾਨੀ ਕਿ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ। ਇਸ ਦਾ ਸਭ ਤੋਂ ਵੱਡਾ ਲਾਭ ਉਨ੍ਹਾਂ ਗ਼ਰੀਬ ਸਾਥੀਆਂ ਨੂੰ ਮਿਲੇਗਾ, ਜੋ ਰੋਜ਼ਗਾਰ ਜਾਂ ਦੂਜੀਆਂ ਜ਼ਰੂਰਤਾਂ ਲਈ ਆਪਣਾ ਪਿੰਡ ਛੱਡ ਕੇ ਕਿਤੇ ਹੋਰ ਜਾਂਦੇ ਹਨ, ਕਿਸੇ ਹੋਰ ਸੂਬੇ ਵਿੱਚ ਜਾਂਦੇ ਹਨ।
ਸਾਥੀਓ, ਅੱਜ ਗ਼ਰੀਬ ਨੂੰ, ਲੋੜਵੰਦ ਨੂੰ, ਸਰਕਾਰ ਜੇਕਰ ਮੁਫ਼ਤ ਅਨਾਜ ਦੇ ਪਾ ਰਹੀ ਹੈ ਤਾਂ ਉਸ ਦਾ ਵੱਡਾ ਸਿਹਰਾ ਦੋ ਵਰਗਾਂ ਨੂੰ ਜਾਂਦਾ ਹੈ। ਪਹਿਲਾ ਸਾਡੇ ਦੇਸ਼ ਦੇ ਮਿਹਨਤੀ ਕਿਸਾਨ, ਸਾਡੇ ਅੰਨਦਾਤਾ ਅਤੇ ਦੂਜਾ ਸਾਡੇ ਦੇਸ਼ ਦੇ ਇਮਾਨਦਾਰ ਟੈਕਸ ਦੇਣ ਵਾਲੇ। ਤੁਹਾਡੀ ਮਿਹਨਤ ਅਤੇ ਤੁਹਾਡਾ ਸਮਰਪਣ ਹੀ ਹੈ, ਜਿਸ ਦੀ ਵਜ੍ਹਾ ਨਾਲ ਦੇਸ਼ ਇਹ ਮਦਦ ਕਰ ਪਾ ਰਿਹਾ ਹੈ। ਤੁਸੀਂ ਦੇਸ਼ ਦਾ ਅੰਨ ਭੰਡਾਰ ਭਰਿਆ ਹੈ, ਇਸ ਲਈ ਅੱਜ ਗ਼ਰੀਬ ਦਾ, ਮਜ਼ਦੂਰ ਦਾ ਚੁੱਲ੍ਹਾ ਬਲ਼ ਰਿਹਾ ਹੈ। ਤੁਸੀਂ ਇਮਾਨਦਾਰੀ ਨਾਲ ਟੈਕਸ ਭਰਿਆ ਹੈ, ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਇਸ ਲਈ ਅੱਜ ਦੇਸ਼ ਦਾ ਗ਼ਰੀਬ ਇੰਨੇ ਵੱਡੇ ਸੰਕਟ ਨਾਲ ਮੁਕਾਬਲਾ ਕਰ ਰਿਹਾ ਹੈ। ਮੈਂ ਅੱਜ ਹਰ ਗ਼ਰੀਬ ਦੇ ਨਾਲ ਹੀ ਦੇਸ਼ ਦੇ ਹਰ ਕਿਸਾਨ, ਹਰ ਟੈਕਸ ਦੇਣ ਵਾਲੇ ਦਾ ਦਿਲੋਂ ਬਹੁਤ - ਬਹੁਤ ਧੰਨਵਾਦ ਕਰਦਾ ਹਾਂ ਅਤੇ ਉਨ੍ਹਾਂ ਨੂੰ ਸਿਜਦਾ ਕਰਦਾ ਹਾਂ।
ਸਾਥੀਓ, ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੇ ਯਤਨਾਂ ਨੂੰ ਹੋਰ ਤੇਜ਼ ਕਰਾਂਗੇ। ਅਸੀਂ ਗ਼ਰੀਬ, ਪੀੜਤ, ਦੱਬੇ - ਕੁਚਲੇ ਹਰ ਕਿਸੇ ਦਾ ਸਸ਼ਕਤੀਕਰਨ ਕਰਨ ਲਈ ਲਗਾਤਾਰ ਕੰਮ ਕਰਾਂਗੇ। ਅਸੀਂ ਸਾਰੀਆਂ ਸਾਵਧਾਨੀਆਂ ਵਰਤਦੇ ਹੋਏ ਆਰਥਿਕ ਗਤੀਵਿਧੀਆਂ ਨੂੰ ਹੋਰ ਅੱਗੇ ਵਧਾਵਾਂਗੇ। ਅਸੀਂ ਆਤਮਨਿਰਭਰ ਭਾਰਤ ਲਈ ਦਿਨ - ਰਾਤ ਇੱਕ ਕਰਾਂਗੇ। ਅਸੀਂ ਸਾਰੇ ਲੋਕਲ ਲਈ ਵੋਕਲ ਹੋਵਾਂਗੇ। ਇਸ ਸੰਕਲਪ ਦੇ ਨਾਲ ਅਸੀਂ 130 ਕਰੋੜ ਦੇਸ਼ਵਾਸੀਆਂ ਨੇ ਮਿਲ-ਜੁਲ ਕੇ, ਸੰਕਲਪ ਦੇ ਨਾਲ ਕੰਮ ਵੀ ਕਰਨਾ ਹੈ, ਅੱਗੇ ਵੀ ਵਧਣਾ ਹੈ।
ਫਿਰ ਤੋਂ ਇੱਕ ਵਾਰ ਮੈਂ ਆਪ ਸਭ ਨੂੰ ਬੇਨਤੀ (ਪ੍ਰਾਰਥਨਾ) ਕਰਦਾ ਹਾਂ, ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ, ਤੁਹਾਨੂੰ ਅਪੀਲ ਕਰਦਾ ਹਾਂ, ਤੁਸੀਂ ਸਾਰੇ ਸਿਹਤਮੰਦ ਰਹੋ, ਦੋ ਗਜ਼ ਦੀ ਦੂਰੀ ਦਾ ਪਾਲਣ ਕਰਦੇ ਰਹੋ। ਗਮਛਾ, ਮੂੰਹ ਢਕਣ ਲਈ ਮਾਸਕ ਦੀ ਹਮੇਸ਼ਾ ਵਰਤੋਂ ਕਰੋ। ਕੋਈ ਲਾਪਰਵਾਹੀ ਨਾ ਵਰਤੀਏ। ਇਸੇ ਅਪੀਲ ਨਾਲ, ਇਸੇ ਕਾਮਨਾ ਨਾਲ ਆਪ ਸਭ ਨੂੰ ਬਹੁਤ - ਬਹੁਤ ਸ਼ੁਭਕਾਮਨਾਵਾਂ।
ਧੰਨਵਾਦ।
https://youtu.be/EnSb7mpdnk8
******
ਵੀਆਰਆਰਕੇ/ਐੱਸਐੱਚ
(Release ID: 1635408)
Visitor Counter : 260
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam