ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰ ਨੂੰ ਸੰਬੋਧਨ ਤੇ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ ਦੇ ਵਿਸਤਾਰ ਦਾ ਐਲਾਨ


ਯੋਜਨਾ ਦਾ ਦੀਵਾਲੀ ਅਤੇ ਛਠ ਪੂਜਾ ਭਾਵ ਨਵੰਬਰ ਦੇ ਅੰਤ ਤੱਕ ਵਿਸਤਾਰ ਕੀਤਾ: ਪ੍ਰਧਾਨ ਮੰਤਰੀ

5 ਕਿਲੋਗ੍ਰਾਮ ਮੁਫ਼ਤ ਕਣਕ/ਚਾਵਲ 80 ਕਰੋੜ ਤੋਂ ਵੱਧ ਲੋਕਾਂ ਨੂੰ ਦਿੱਤੇ ਜਾਣਗੇ – ਪ੍ਰਤੀ ਮਹੀਨਾ ਇੱਕ ਪਰਿਵਾਰ ਦੇ ਹਰੇਕ ਮੈਂਬਰ ਨੂੰ – ਨਾਲ ਪ੍ਰਤੀ ਪਰਿਵਾਰ ਮਿਲਣਗੇ 1 ਕਿਲੋਗ੍ਰਾਮ ਮੁਫ਼ਤ ਛੋਲੇ

ਪ੍ਰਧਾਨ ਮੰਤਰੀ ਨੇ ਇਹ ਯੋਜਨਾ ਸੰਭਵ ਬਣਾਉਣ ਲਈ ਸਖ਼ਤ ਮਿਹਨਤੀ ਕਿਸਾਨਾਂ ਤੇ ਮਿਹਨਤੀ ਟੈਕਸ–ਦਾਤਿਆਂ ਸਿਰ ਸਿਹਰਾ ਬੰਨ੍ਹਿਆ

ਕੋਰੋਨਾ–ਵਾਇਰਸ ਵਿਰੁੱਧ ਜੰਗ ਹੁਣ ਅਨਲੌਕ 2 ਵਿੱਚ ਤਬਦੀਲ ਹੋਈ, ਪ੍ਰਧਾਨ ਮੰਤਰੀ ਨੇ ਲੌਕਡਾਊਨ ਦੌਰਾਨ ਹਰੇਕ ਨੂੰ ਕੁਝ ਗੰਭੀਰਤਾ ਨਾਲ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ

Posted On: 30 JUN 2020 4:24PM by PIB Chandigarh


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰ ਨੂੰ ਸੰਬੋਧਨ ਕੀਤਾ ਅਤੇ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ ਦਾ ਵਿਸਤਾਰ ਨਵੰਬਰ ਮਹੀਨੇ ਦੇ ਅੰਤ ਤੱਕ ਕਰਨ ਦਾ ਐਲਾਨ ਕੀਤਾ।

ਗ਼ਰੀਬਾਂ ਵੱਲ ਵਧਾਇਆ ਮਦਦ ਦਾ ਹੱਥ
ਪ੍ਰਧਾਨ ਮੰਤਰੀ ਨੇ ਕਿਹਾ ਕਿ ਲੌਕਡਾਊਨ ਦੌਰਾਨ ਦੇਸ਼ ਦੇ ਲੋੜਵੰਦਾਂ ਨੂੰ ਤਰਜੀਹ ਦੇ ਅਧਾਰ ’ਤੇ ਭੋਜਨ ਮੁਹੱਈਆ ਕਰਵਾਉਣ ਉੱਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ। ਜਿਵੇਂ ਹੀ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ, ਸਰਕਾਰ ਨੇ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ’ ਲਿਆਂਦੀ ਸੀ, ਜਿਸ ਅਧੀਨ ਗ਼ਰੀਬਾਂ ਲਈ 1.75 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਲਗਭਗ 20 ਕਰੋੜ ਗ਼ਰੀਬ ਪਰਿਵਾਰਾਂ ਦੇ ਜਨ ਧਨ ਖਾਤਿਆਂ ਵਿੱਚ 31,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਟ੍ਰਾਂਸਫ਼ਰ ਕੀਤੀ ਗਈ ਹੈ, 18,000 ਕਰੋੜ ਰੁਪਏ 9 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫ਼ਰ ਕੀਤੇ ਗਏ ਹਨ ਅਤੇ 50,000 ਕਰੋੜ ਰੁਪਏ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ’ ਉੱਤੇ ਖ਼ਰਚ ਕੀਤੇ ਜਾ ਰਹੇ ਹਨ, ਜਿਸ ਨੇ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ।

‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ ਦਾ ਨਵੰਬਰ ਤੱਕ ਵਿਸਤਾਰ
ਪ੍ਰਧਾਨ ਮੰਤਰੀ ਨੇ ਕਿਹਾ ਕਿ 80 ਕਰੋੜ ਤੋਂ ਵੱਧ ਲੋਕਾਂ ਨੂੰ ਤਿੰਨ ਮਹੀਨਿਆਂ ਲਈ ਮੁਫ਼ਤ ਰਾਸ਼ਨ ਮੁਹੱਈਆ ਕਰਵਾਉਣ ਭਾਵ ਹਰੇਕ ਪਰਿਵਾਰ ਨੂੰ ਹਰ ਮਹੀਨੇ 1 ਕਿਲੋਗ੍ਰਾਮ ਦਾਲਾਂ ਮੁਹੱਈਆ ਕਰਵਾਉਣ ਦੇ ਨਾਲ–ਨਾਲ ਪਰਿਵਾਰ ਦੇ ਹਰੇਕ ਮੈਂਬਰ ਨੂੰ 5 ਕਿਲੋਗ੍ਰਾਮ ਮੁਫ਼ਤ ਕਣਕ/ਚਾਵਲ ਦੇਣ ਜਿਹੇ ਵੱਡੇ ਫ਼ੈਸਲੇ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਨ੍ਹਾਂ ਕਿਹਾ ਕਿ ਜਿੰਨੇ ਲੋਕਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਗਿਆ ਸੀ; ਉਨ੍ਹਾਂ ਦੀ ਗਿਣਤੀ ਬਹੁਤ ਸਾਰੇ ਵੱਡੇ ਦੇਸ਼ਾਂ ਦੀ ਕੁੱਲ ਆਬਾਦੀ ਤੋਂ ਕਈ ਗੁਣਾ ਜ਼ਿਆਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੀ ਸ਼ੁਰੂਆਤ ਨਾਲ, ਖੇਤੀਬਾੜੀ ਦੇ ਖੇਤਰ ਵਿੱਚ ਬਹੁਤ ਸਾਰੇ ਕੰਮ ਸ਼ੁਰੂ ਹੋ ਜਾਂਦੇ ਹਨ। ਇੱਕ ਤੋਂ ਬਾਅਦ ਇੱਕ ਕਰਕੇ ਕਈ ਤਿਉਹਾਰ ਵੀ ਆਉਣੇ ਹਨ, ਜਿਵੇਂ ਹੋਰਨਾਂ ਤੋਂ ਇਲਾਵਾ ਗੁਰੂ ਪੂਰਣਿਮਾ, ਰਕਸ਼ਾ ਬੰਧਨ, ਸ਼੍ਰੀ ਕ੍ਰਿਸ਼ਨ ਜਨਮ–ਅਸ਼ਟਮੀ, ਗਣੇਸ਼ ਚਤੁਰਥੀ, ਓਨਮ, ਦੁਸਹਿਰਾ, ਦੀਵਾਲੀ, ਛਠ ਪੂਜਾ। ਉਨ੍ਹਾਂ ਐਲਾਨ ਕੀਤਾ ਕਿ ਅਜਿਹੀਆਂ ਆਵਸ਼ਕਤਾਵਾਂ ਦਾ ਪੂਰਾ ਖ਼ਿਆਲ ਰੱਖਿਆ ਗਿਆ ਹੈ ਕਿ ਅਜਿਹੇ ਸਮੇਂ ਦੌਰਾਨ ਖ਼ਰਚੇ ਵਧ ਜਾਂਦੇ ਹਨ, ਇਸੇ ਲਈ ਸਰਕਾਰ ਨੇ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ ਦੀਵਾਲੀ ਅਤੇ ਛਠ ਪੂਜਾ ਤੱਕ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ ਭਾਵ ਇਹ ਯੋਜਨਾ ਜੁਲਾਈ ਤੋਂ ਨਵੰਬਰ ਦੇ ਅੰਤ ਤੱਕ ਜਾਰੀ ਰਹੇਗੀ। ਇਨ੍ਹਾਂ ਪੰਜ ਮਹੀਨਿਆਂ ਦੇ ਸਮੇਂ ਦੌਰਾਨ 80 ਕਰੋੜ ਤੋਂ ਵੱਧ ਲੋਕਾਂ ਨੂੰ ਹਰ ਮਹੀਨੇ 5 ਕਿਲੋਗ੍ਰਾਮ ਮੁਫ਼ਤ ਕਣਕ/ਚਾਵਲ ਮੁਹੱਈਆ ਕਰਵਾਏ ਜਾਣਗੇ। ਇੱਕ ਪਰਿਵਾਰ ਦੇ ਹਰੇਕ ਮੈਂਬਰ ਨੂੰ 5 ਕਿਲੋਗ੍ਰਾਮ ਮੁਫ਼ਤ ਚਾਵਲ/ਕਣਕ ਮੁਹੱਈਆ ਕਰਵਾਉਣ ਦੇ ਨਾਲ ਹਰੇਕ ਪਰਿਵਾਰ ਨੂੰ ਹਰ ਮਹੀਨੇ ਇੱਕ ਕਿਲੋਗ੍ਰਾਮ ਮੁਫ਼ਤ ਛੋਲੇ ਵੀ ਦਿੱਤੇ ਜਾਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਯੋਜਨਾ ਦੇ ਵਿਸਤਾਰ ਉੱਤੇ 90,000 ਕਰੋੜ ਰੁਪਏ ਤੋਂ ਵੱਧ  ਰਕਮ ਖ਼ਰਚ ਕਰੇਗੀ, ਉਨ੍ਹਾਂ ਇਹ ਵੀ ਕਿਹਾ ਕਿ ਜੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਇਸੇ ਯੋਜਨਾ ਉੱਤੇ ਖ਼ਰਚ ਕੀਤੀ ਰਾਸ਼ੀ ਵੀ ਜੋੜ ਲਈ ਜਾਵੇ, ਤਾਂ ਕੁੱਲ ਲਗਭਗ 1.5 ਲੱਖ ਕਰੋੜ ਰੁਪਏ ਬਣ ਜਾਣਗੇ। ਉਨ੍ਹਾਂ ਇਹ ਯੋਜਨਾ ਸੰਭਵ ਬਣਾਉਣ ਦਾ ਸਿਹਰਾ ਸਖ਼ਤ ਮਿਹਨਤੀ ਕਿਸਾਨਾਂ ਅਤੇ ਇਮਾਨਦਾਰ ਟੈਕਸਦਾਤਿਆਂ ਸਿਰ ਬੰਨ੍ਹਿਆ ਅਤੇ ਸਰਕਾਰ ਅਨਾਜ ਖ਼ਰੀਦ ਕੇ ਮੁਫ਼ਤ ਵੰਡ ਸਕੀ।
ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਦੇਸ਼ ‘ਇੱਕ ਦੇਸ਼, ਇੱਕ ਰਾਸ਼ਨ ਕਾਰਡ’ ਦੀ ਸੰਸਥਾ ਵੱਲ ਵਧ ਰਿਹਾ ਹੈ, ਇਸ ਦਾ ਬਹੁਤ ਜ਼ਿਆਦਾ ਲਾਭ ਉਨ੍ਹਾਂ ਗ਼ਰੀਬਾਂ ਨੂੰ ਹੋਵੇਗਾ, ਜਿਹੜੇ ਕੰਮ ਦੀ ਭਾਲ ਵਿੱਚ ਹੋਰਨਾਂ ਰਾਜਾਂ ਦੀ ਯਾਤਰਾ ਕਰਦੇ ਹਨ।

ਅਨਲੌਕ 2 ਦੌਰਾਨ ਸੁਰੱਖਿਅਤ ਰਹਿਣਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਜਦੋਂ ਕੋਰੋਨਾ–ਵਾਇਰਸ ਵਿਰੁੱਧ ਜੰਗ ਅਨਲੌਕ ਵਿੱਚ ਤਬਦੀਲ ਹੋ ਗਈ ਹੈ ਤੇ ਇਸ ਦੇ ਨਾਲ ਹੀ ਕੁਝ ਅਜਿਹਾ ਮੌਸਮ ਵੀ ਆ ਗਿਆ ਹੈ, ਜਿਸ ਦੌਰਾਨ ਕਈ ਤਰ੍ਹਾਂ ਦੀਆਂ ਰੋਗ ਹੁੰਦੇ ਹਨ। ਉਨ੍ਹਾਂ ਹਰੇਕ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਲੌਕਡਾਊਨ ਜਿਹੇ ਸਮੇਂ–ਸਿਰ ਲਏ ਫ਼ੈਸਲਿਆਂ ਕਾਰਨ ਲੱਖਾਂ ਲੋਕਾਂ ਦੀ ਜਾਨ ਬਚ ਸਕੀ ਹੈ ਅਤੇ ਦੇਸ਼ ਵਿੱਚ ਮੌਤ ਦੀ ਦਰ ਪੂਰੀ ਦੁਨੀਆ ਦੇ ਮੁਕਾਬਲੇ ਸਭ ਤੋਂ ਘੱਟ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਅਨਲੌਕ 1 ਦੌਰਾਨ ਕੁਝ ਗ਼ੈਰ–ਜ਼ਿੰਮੇਵਾਰਾਨਾ ਤੇ ਲਾਪਰਵਾਹੀ ਵਾਲਾ ਵਿਵਹਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਮਾਸਕ ਦੀ ਵਰਤੋਂ ਕਰਨ, ਦਿਨ ਵਿੱਚ ਕਈ ਵਾਰ 20 ਸੈਕੰਡ ਤੋਂ ਵੱਧ ਹੱਥ ਧੋਣ ਅਤੇ ਦੋ ਗਜ਼ ਦੀ ਦੂਰੀ ਬਣਾ ਕੇ ਰੱਖਣ ਜਿਹੀਆਂ ਸਾਵਧਾਨੀਆਂ ਦਾ ਬਹੁਤ ਖ਼ਿਆਲ ਰੱਖਦੇ ਸਨ। ਉਨ੍ਹਾਂ ਕਿਹਾ ਕਿ ਇਸ ਪਾਸੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਅਤੇ ਲਾਪਰਵਾਹੀ ਚਿੰਤਾ ਦਾ ਕਾਰਨ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਲੌਕਡਾਊਨ ਦੌਰਾਨ ਖ਼ਾਸ ਕਰ ਕੇ ਕੰਟੇਨਮੈਂਟ ਜ਼ੋਨਜ਼ ਵਿੱਚ ਨਿਯਮਾਂ ਦੀ ਪਾਲਣਾ ਕੁਝ ਗੰਭੀਰਤਾ ਨਾਲ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਨੁਕਤੇ ’ਤੇ ਜ਼ੋਰ ਦਿੱਤਾ ਕਿ ਜਿਹੜੇ ਅਜਿਹੇ ਨਿਯਮਾਂ ਤੇ ਵਿਨਿਯਮਾਂ ਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੀ ਲੋੜ ਹੈ, ਉਨ੍ਹਾਂ ਇਸ ਮਾਮਲੇ ਵਿੱਚ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦੀ ਉਦਾਹਰਣ ਪੇਸ਼ ਕੀਤੀ, ਜਿਨ੍ਹਾਂ ਨੇ ਜਨਤਕ ਸਥਾਨ ਉੱਤੇ ਮਾਸਕ ਨਹੀਂ ਪਹਿਨਿਆ ਸੀ, ਜਿਸ ਕਾਰਨ ਉਨ੍ਹਾਂ ਨੂੰ 13,000 ਰੁਪਏ ਜੁਰਮਾਨਾ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਥਾਨਕ ਪ੍ਰਸ਼ਾਸਨ ਨੂੰ ਵੀ ਉਸੇ ਜੋਸ਼ ਨਾਲ ਕਾਰਵਾਈ ਕਰਨ ਦੀ ਜ਼ਰੂਰਤ ਹੈ ਕਿਉਂਕਿ ਪ੍ਰਧਾਨ ਮੰਤਰੀ ਸਮੇਤ ਕੋਈ ਵੀ ਕਾਨੂੰਨ ਤੋਂ ਉੱਤੇ ਨਹੀਂ ਹੈ।

ਭਵਿੱਖ ਵੱਲ ਦੇਖਦਿਆਂ
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮਿਆਂ ਵਿੱਚ, ਸਰਕਾਰ ਗ਼ਰੀਬਾਂ ਤੇ ਲੋੜਵੰਦਾਂ ਨੂੰ ਮਜ਼ਬੂਤ ਬਣਾਉਣ ਲਈ ਨਿਰੰਤਰ ਹੋਰ ਕਦਮ ਚੁੱਕਦੀ ਰਹੇਗੀ। ਆਰਥਿਕ ਗਤੀਵਿਧੀਆਂ ਵਿੱਚ ਬਣਦੀਆਂ ਸਾਵਧਾਨੀਆਂ ਦਾ ਖ਼ਿਆਲ ਰੱਖ ਕੇ ਵਾਧਾ ਕੀਤਾ ਜਾਵੇਗਾ। ਉਨ੍ਹਾਂ ‘ਆਤਮਨਿਰਭਰ ਭਾਰਤ’ ਬਣਾਉਣ ਲਈ ਕੰਮ ਕਰਨ ਦਾ ਆਪਣਾ ਸੰਕਲਪ ਦੁਹਰਾਉਂਦਿਆਂ ਕਿਹਾ ਕਿ ਸਾਨੂੰ ‘ਲੋਕਲ’ ਲਈ ‘ਵੋਕਲ’ ਬਣਨਾ ਹੋਵੇਗਾ ਅਤੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਮਾਸਕ/ਫ਼ੇਸ ਕਵਰ ਪਹਿਨਣ ਦੇ ਮਾਮਲੇ ਵਿੱਚ ਪੂਰਾ ਧਿਆਨ ਰੱਖਣ ਅਤੇ ਦੋ ਗਜ਼ ਦੂਰੀ ਕਾਇਮ ਰੱਖਣ ਦੇ ਮੰਤਰ ਦੀ ਪਾਲਣਾ ਕਰਨ ਲਈ ਕਿਹਾ।

*****

ਵੀਆਰਆਰਕੇ/ਐੱਸਐੱਚ


(Release ID: 1635406) Visitor Counter : 294