ਪ੍ਰਧਾਨ ਮੰਤਰੀ ਦਫਤਰ
'ਮਨ ਕੀ ਬਾਤ 2.0' ਦੀ 13ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (28.06.2020)
Posted On:
28 JUN 2020 11:39AM by PIB Chandigarh
ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। 'ਮਨ ਕੀ ਬਾਤ' ਨੇ ਸਾਲ 2020 ਵਿੱਚ ਆਪਣਾ ਅੱਧਾ ਸਫ਼ਰ ਹੁਣ ਪੂਰਾ ਕਰ ਲਿਆ ਹੈ। ਇਸ ਦੌਰਾਨ ਅਸੀਂ ਅਨੇਕਾਂ ਵਿਸ਼ਿਆਂ 'ਤੇ ਗੱਲਬਾਤ ਕੀਤੀ। ਸੁਭਾਵਿਕ ਹੈ ਕਿ ਜੋ ਵੈਸ਼ਵਿਕ ਮਹਾਮਾਰੀ ਆਈ, ਮਨੁੱਖ ਜਾਤੀ 'ਤੇ ਜੋ ਸੰਕਟ ਆਇਆ, ਉਸ ‘ਤੇ ਸਾਡੀ ਗੱਲਬਾਤ ਕੁਝ ਜ਼ਿਆਦਾ ਹੀ ਰਹੀ ਲੇਕਿਨ ਇਨ੍ਹੀਂ ਦਿਨੀਂ ਮੈਂ ਦੇਖ ਰਿਹਾ ਹਾਂ ਕਿ ਲਗਾਤਾਰ ਲੋਕਾਂ ਵਿੱਚ ਇੱਕ ਵਿਸ਼ੇ 'ਤੇ ਚਰਚਾ ਹੋ ਰਹੀ ਹੈ ਕਿ ਆਖਿਰ ਇਹ ਸਾਲ ਕਦੋਂ ਬੀਤੇਗਾ। ਕੋਈ ਕਿਸੇ ਨੂੰ ਫ਼ੋਨ ਵੀ ਕਰ ਰਿਹਾ ਹੈ ਤਾਂ ਗੱਲਬਾਤ ਇਸੇ ਵਿਸ਼ੇ ਨਾਲ ਸ਼ੁਰੂ ਹੋ ਰਹੀ ਹੈ ਕਿ ਇਹ ਸਾਲ ਜਲਦੀ ਕਿਉਂ ਨਹੀਂ ਬੀਤ ਰਿਹਾ। ਕੋਈ ਲਿਖ ਰਿਹਾ ਹੈ, ਦੋਸਤਾਂ ਨਾਲ ਗੱਲ ਕਰ ਰਿਹਾ ਹੈ, ਕਹਿ ਰਿਹਾ ਹੈ ਕਿ ਇਹ ਸਾਲ ਚੰਗਾ ਨਹੀਂ ਹੈ। ਕੋਈ ਕਹਿ ਰਿਹਾ ਹੈ ਕਿ 2020 ਸ਼ੁਭ ਨਹੀਂ ਹੈ। ਬਸ ਲੋਕ ਇਹੀ ਚਾਹੁੰਦੇ ਹਨ ਕਿ ਕਿਸੇ ਵੀ ਤਰ੍ਹਾਂ ਨਾਲ ਇਹ ਸਾਲ ਜਲਦੀ ਤੋਂ ਜਲਦੀ ਬੀਤ ਜਾਵੇ।
ਸਾਥੀਓ, ਕਦੇ-ਕਦੇ ਮੈਂ ਸੋਚਦਾ ਹਾਂ ਕਿ ਅਜਿਹਾ ਕਿਉਂ ਹੋ ਰਿਹਾ ਹੈ, ਹੋ ਸਕਦਾ ਹੈ ਕਿ ਅਜਿਹੀ ਗੱਲਬਾਤ ਦੇ ਕੁਝ ਕਾਰਨ ਵੀ ਹੋਣ। 6-7 ਮਹੀਨੇ ਪਹਿਲਾਂ ਸਾਨੂੰ ਇਹ ਕੀ ਪਤਾ ਸੀ ਕਿ ਕੋਰੋਨਾ ਵਰਗਾ ਸੰਕਟ ਆਵੇਗਾ ਅਤੇ ਇਸ ਦੇ ਖ਼ਿਲਾਫ਼ ਇਹ ਲੜਾਈ ਇੰਨੀ ਲੰਬੀ ਚਲੇਗੀ। ਇਹ ਸੰਕਟ ਤਾਂ ਬਣਿਆ ਹੀ ਹੋਇਆ ਹੈ, ਇਸ ਤੋਂ ਇਲਾਵਾ ਦੇਸ਼ ਵਿੱਚ ਨਿੱਤ ਨਵੀਆਂ ਚੁਣੌਤੀਆਂ ਸਾਹਮਣੇ ਆਉਂਦੀਆਂ ਜਾ ਰਹੀਆਂ ਹਨ। ਅਜੇ ਕੁਝ ਦਿਨ ਪਹਿਲਾਂ ਦੇਸ਼ ਦੇ ਪੂਰਬੀ ਖਿੱਤੇ ਵਿੱਚ Cyclone Amphan ਆਇਆ ਤਾਂ ਪੱਛਮ ਵੱਲ Cyclone Nisarg ਆਇਆ। ਕਿੰਨੇ ਹੀ ਰਾਜਾਂ ਵਿੱਚ ਸਾਡੇ ਕਿਸਾਨ ਭੈਣ-ਭਰਾ ਟਿੱਡੀ ਦਲ ਦੇ ਹਮਲੇ ਤੋਂ ਪ੍ਰੇਸ਼ਾਨ ਹਨ, ਹੋਰ ਕੁਝ ਨਹੀਂ ਤਾਂ ਦੇਸ਼ ਦੇ ਕਈ ਹਿੱਸਿਆਂ ਵਿੱਚ ਛੋਟੇ-ਛੋਟੇ ਭੁਚਾਲ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ ਅਤੇ ਇਸ ਸਭ ਦੇ ਵਿਚਕਾਰ ਸਾਡੇ ਕੁਝ ਗੁਆਂਢੀਆਂ ਵੱਲੋਂ ਜੋ ਹੋ ਰਿਹਾ ਹੈ, ਦੇਸ਼ ਉਨ੍ਹਾਂ ਚੁਣੌਤੀਆਂ ਨਾਲ ਵੀ ਨਿਪਟ ਰਿਹਾ ਹੈ। ਵਾਕਿਆ ਹੀ ਇਕੱਠੀਆਂ ਇੰਨੀਆਂ ਆਫ਼ਤਾਂ, ਇਸ ਪੱਧਰ ਦੀਆਂ ਆਫ਼ਤਾਂ ਬਹੁਤ ਹੀ ਘੱਟ ਵੇਖਣ-ਸੁਣਨ ਨੂੰ ਮਿਲਦੀਆਂ ਹਨ। ਹਾਲਤ ਤਾਂ ਇਹ ਹੋ ਗਈ ਹੈ ਕਿ ਕੋਈ ਛੋਟੀ-ਛੋਟੀ ਘਟਨਾ ਵੀ ਹੋ ਰਹੀ ਹੈ ਤਾਂ ਲੋਕ ਉਨ੍ਹਾਂ ਨੂੰ ਵੀ ਇਨ੍ਹਾਂ ਚੁਣੌਤੀਆਂ ਨਾਲ ਜੋੜ ਕੇ ਦੇਖ ਰਹੇ ਹਨ।
ਸਾਥੀਓ, ਮੁਸ਼ਕਿਲਾਂ ਆਉਂਦੀਆਂ ਹਨ, ਸੰਕਟ ਆਉਂਦੇ ਹਨ ਲੇਕਿਨ ਸਵਾਲ ਇਹੀ ਹੈ ਕਿ ਕੀ ਇਨ੍ਹਾਂ ਆਫ਼ਤਾਂ ਦੀ ਵਜ੍ਹਾ ਨਾਲ ਸਾਨੂੰ ਸਾਲ 2020 ਨੂੰ ਖ਼ਰਾਬ ਮੰਨ ਲੈਣਾ ਚਾਹੀਦਾ ਹੈ? ਕੀ ਪਹਿਲਾਂ ਦੇ 6 ਮਹੀਨੇ ਜਿਵੇਂ ਬੀਤੇ, ਉਸ ਦੀ ਵਜ੍ਹਾ ਨਾਲ ਇਹ ਮੰਨ ਲੈਣਾ ਕਿ ਪੂਰਾ ਸਾਲ ਹੀ ਅਜਿਹਾ ਹੈ, ਕੀ ਇਹ ਸੋਚਣਾ ਸਹੀ ਹੈ? ਜੀ ਨਹੀਂ, ਮੇਰੇ ਪਿਆਰੇ ਦੇਸ਼ਵਾਸੀਓ - ਬਿਲਕੁਲ ਨਹੀਂ। ਇੱਕ ਸਾਲ ਵਿੱਚ ਇੱਕ ਚੁਣੌਤੀ ਆਵੇ ਜਾਂ 50 ਚੁਣੌਤੀਆਂ ਆਉਣ, ਗਿਣਤੀ ਘੱਟ-ਜ਼ਿਆਦਾ ਹੋਣ ਨਾਲ ਉਹ ਸਾਲ ਖਰਾਬ ਨਹੀਂ ਹੋ ਜਾਂਦਾ। ਭਾਰਤ ਦਾ ਇਤਿਹਾਸ ਹੀ ਆਫ਼ਤਾਂ ਅਤੇ ਚੁਣੌਤੀਆਂ ‘ਤੇ ਜਿੱਤ ਹਾਸਲ ਕਰਕੇ ਹੋਰ ਜ਼ਿਆਦਾ ਨਿੱਖ਼ਰ ਕੇ ਨਿਕਲਣ ਦਾ ਰਿਹਾ ਹੈ। ਸੈਂਕੜੇ ਸਾਲਾਂ ਤੱਕ ਵੱਖ-ਵੱਖ ਹਮਲਾਵਰਾਂ ਨੇ ਭਾਰਤ 'ਤੇ ਹਮਲਾ ਕੀਤਾ, ਉਸ ਨੂੰ ਮੁਸ਼ਕਿਲ ਵਿੱਚ ਪਾਇਆ। ਲੋਕਾਂ ਨੂੰ ਲਗਦਾ ਸੀ ਕਿ ਭਾਰਤ ਦਾ ਢਾਂਚਾ ਹੀ ਨਸ਼ਟ ਹੋ ਜਾਵੇਗਾ, ਭਾਰਤ ਦਾ ਸੱਭਿਆਚਾਰ ਹੀ ਖ਼ਤਮ ਹੋ ਜਾਵੇਗਾ ਪਰ ਇਨ੍ਹਾਂ ਸੰਕਟਾਂ ਨਾਲ ਭਾਰਤ ਹੋਰ ਵੀ ਸ਼ਾਨ ਨਾਲ ਸਾਹਮਣੇ ਆਇਆ।
ਸਾਥੀਓ, ਸਾਡੇ ਇੱਥੇ ਕਿਹਾ ਜਾਂਦਾ ਹੈ - ਸਿਰਜਣਾ ਲਗਾਤਾਰ ਹੈ, ਸਿਰਜਣਾ ਨਿਰੰਤਰ ਹੈ।
ਮੈਨੂੰ ਇੱਕ ਗੀਤ ਦੀਆਂ ਕੁਝ ਸਤਰਾਂ (ਪੰਕਤੀਆਂ) ਯਾਦ ਆ ਰਹੀਆਂ ਹਨ :-
ਯਹ ਕਲ-ਕਲ ਛਲ-ਛਲ ਬਹਿਤੀ, ਕਯਾ ਕਹਤੀ ਗੰਗਾ ਧਾਰਾ?
(यह कल-कल छल-छल बहती, क्या कहती गंगा धारा ? )
ਯੁਗ-ਯੁਗ ਸੇ ਬਹਿਤਾ ਆਤਾ, ਯਹ ਪੁਣਯ ਪ੍ਰਵਾਹ ਹਮਾਰਾ।
( युग-युग से बहता आता, यह पुण्य प्रवाह हमाराI )
ਉਸੇ ਗੀਤ ਵਿੱਚ ਅੱਗੇ ਆਉਂਦਾ ਹੈ –
ਕਯਾ ਉਸਕੋ ਰੋਕ ਸਕੇਂਗੇ, ਮਿਟਨੇਵਾਲੇ ਮਿਟ ਜਾਏਂ,
( क्या उसको रोक सकेंगे, मिटनेवाले मिट जाएं, )
ਕੰਕੜ-ਪੱਥਰ ਕੀ ਹਸਤੀ, ਕਯਾ ਬਾਧਾ ਬਨਕਰ ਆਏ।
( कंकड़-पत्थर की हस्ती, क्या बाधा बनकर आएI )
ਭਾਰਤ ਵਿੱਚ ਵੀ ਜਿੱਥੇ ਇੱਕ ਪਾਸੇ ਵੱਡੇ-ਵੱਡੇ ਸੰਕਟ ਆਉਂਦੇ ਗਏ, ਉੱਥੇ ਹੀ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਦੇ ਹੋਏ ਅਨੇਕਾਂ ਸਿਰਜਣ ਵੀ ਹੋਏ। ਨਵੇਂ ਸਾਹਿਤ ਰਚੇ ਗਏ। ਨਵੀਆਂ ਖੋਜਾਂ ਹੋਈਆਂ। ਨਵੇਂ ਸਿਧਾਂਤ ਬਣਾਏ ਗਏ, ਯਾਨੀ ਸੰਕਟ ਦੇ ਦੌਰਾਨ ਵੀ ਹਰ ਖੇਤਰ ਵਿੱਚ ਸਿਰਜਣ ਦੀ ਪ੍ਰਕਿਰਿਆ ਜਾਰੀ ਰਹੀ ਅਤੇ ਸਾਡਾ ਸੱਭਿਆਚਾਰ ਵਧਦਾ-ਫੁਲਦਾ ਰਿਹਾ। ਦੇਸ਼ ਅੱਗੇ ਵਧਦਾ ਹੀ ਗਿਆ। ਭਾਰਤ ਨੇ ਹਮੇਸ਼ਾ ਮੁਸ਼ਕਿਲਾਂ ਨੂੰ ਸਫ਼ਲਤਾ ਦੀਆਂ ਪੌੜੀਆਂ ਵਿੱਚ ਬਦਲਿਆ ਹੈ। ਇਸੇ ਭਾਵਨਾ ਨਾਲ, ਸਾਨੂੰ, ਅੱਜ ਵੀ ਇਨ੍ਹਾਂ ਸਾਰੇ ਸੰਕਟਾਂ ਦੇ ਵਿਚਕਾਰ ਅੱਗੇ ਵਧਦੇ ਹੀ ਰਹਿਣਾ ਹੈ। ਤੁਸੀਂ ਵੀ ਇਸੇ ਵਿਚਾਰ ਨਾਲ ਅੱਗੇ ਵਧੋਗੇ, 130 ਕਰੋੜ ਦੇਸ਼ਵਾਸੀ ਅੱਗੇ ਵਧਣਗੇ ਤਾਂ ਇਹੀ ਸਾਲ ਦੇਸ਼ ਦੇ ਲਈ ਨਵੇਂ ਰਿਕਾਰਡ ਬਣਾਉਣ ਵਾਲਾ ਸਾਲ ਸਾਬਿਤ ਹੋਵੇਗਾ। ਇਸੇ ਸਾਲ ਵਿੱਚ ਦੇਸ਼ ਨਵੇਂ ਟੀਚੇ ਪ੍ਰਾਪਤ ਕਰੇਗਾ, ਨਵੀਂ ਉਡਾਨ ਭਰੇਗਾ, ਨਵੀਆਂ ਉਚਾਈਆਂ ਨੂੰ ਛੂਹੇਗਾ। ਮੈਨੂੰ, ਪੂਰਾ ਵਿਸ਼ਵਾਸ, 130 ਕਰੋੜ ਦੇਸ਼ਵਾਸੀਆਂ ਦੀ ਤਾਕਤ 'ਤੇ ਹੈ, ਤੁਹਾਡੇ ਸਾਰਿਆਂ 'ਤੇ ਹੈ, ਇਸ ਦੇਸ਼ ਦੀ ਮਹਾਨ ਪਰੰਪਰਾ 'ਤੇ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਸੰਕਟ ਭਾਵੇਂ ਕਿੰਨਾ ਵੀ ਵੱਡਾ ਹੋਵੇ, ਭਾਰਤ ਦੇ ਸੰਸਕਾਰ ਨਿਰਸਵਾਰਥ ਭਾਵ ਨਾਲ ਸੇਵਾ ਦੀ ਪ੍ਰੇਰਣਾ ਦਿੰਦੇ ਹਨ। ਭਾਰਤ ਨੇ ਜਿਸ ਤਰ੍ਹਾਂ ਮੁਸ਼ਕਿਲ ਸਮੇਂ ਵਿੱਚ ਦੁਨੀਆ ਦੀ ਮਦਦ ਕੀਤੀ, ਉਸ ਨੇ ਅੱਜ ਸ਼ਾਂਤੀ ਅਤੇ ਵਿਕਾਸ ਵਿੱਚ ਭਾਰਤ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ ਹੈ। ਦੁਨੀਆ ਨੇ ਇਸ ਦੌਰਾਨ ਭਾਰਤ ਦੀ ਵਿਸ਼ਵ ਭਾਈਚਾਰੇ ਦੀ ਭਾਵਨਾ ਨੂੰ ਮਹਿਸੂਸ ਕੀਤਾ ਹੈ ਅਤੇ ਇਸ ਦੇ ਨਾਲ ਹੀ ਦੁਨੀਆ ਨੇ ਆਪਣੀ ਪ੍ਰਭੂਸੱਤਾ ਅਤੇ ਸਰਹੱਦਾਂ ਦੀ ਰੱਖਿਆ ਕਰਨ ਦੇ ਲਈ ਭਾਰਤ ਦੀ ਤਾਕਤ ਅਤੇ ਭਾਰਤ ਦੇ Commitment ਨੂੰ ਵੀ ਦੇਖਿਆ ਹੈ। ਲੱਦਾਖ ਵਿੱਚ ਭਾਰਤ ਦੀ ਭੂਮੀ 'ਤੇ ਅੱਖ ਚੁੱਕ ਕੇ ਵੇਖਣ ਵਾਲਿਆਂ ਨੂੰ ਕਰਾਰਾ ਜਵਾਬ ਮਿਲਿਆ ਹੈ। ਭਾਰਤ ਦੋਸਤੀ ਨਿਭਾਉਣਾ ਜਾਣਦਾ ਹੈ ਤਾਂ ਅੱਖ ਵਿੱਚ ਅੱਖ ਪਾ ਕੇ ਦੇਖਣਾ ਅਤੇ ਸਹੀ ਜਵਾਬ ਦੇਣਾ ਵੀ ਜਾਣਦਾ ਹੈ। ਸਾਡੇ ਵੀਰ ਸੈਨਿਕਾਂ ਨੇ ਦਿਖਾ ਦਿੱਤਾ ਹੈ ਕਿ ਉਹ ਮਾਂ ਭਾਰਤੀ ਦੇ ਮਾਣ 'ਤੇ ਕਦੇ ਵੀ ਆਂਚ ਨਹੀਂ ਆਉਣ ਦੇਣਗੇ।
ਸਾਥੀਓ, ਲੱਦਾਖ ਵਿੱਚ ਸਾਡੇ ਜੋ ਵੀਰ ਜਵਾਨ ਸ਼ਹੀਦ ਹੋਏ ਹਨ, ਉਨ੍ਹਾਂ ਦੀ ਬਹਾਦਰੀ ਨੂੰ ਪੂਰਾ ਦੇਸ਼ ਨਮਨ ਕਰ ਰਿਹਾ ਹੈ, ਸ਼ਰਧਾਂਜਲੀ ਦੇ ਰਿਹਾ ਹੈ, ਪੂਰਾ ਦੇਸ਼ ਉਨ੍ਹਾਂ ਦਾ ਆਭਾਰੀ ਹੈ, ਉਨ੍ਹਾਂ ਦੇ ਸਾਹਮਣੇ ਨਤਮਸਤਕ ਹੈ। ਇਨ੍ਹਾਂ ਸਾਥੀਆਂ ਦੇ ਪਰਿਵਾਰਾਂ ਦੇ ਵਾਂਗ ਹੀ ਹਰ ਭਾਰਤੀ ਇਨ੍ਹਾਂ ਨੂੰ ਗਵਾਉਣ ਦਾ ਦਰਦ ਵੀ ਅਨੁਭਵ ਕਰ ਰਿਹਾ ਹੈ। ਆਪਣੇ ਵੀਰ ਸਪੂਤਾਂ ਦੇ ਬਲੀਦਾਨ 'ਤੇ ਉਨ੍ਹਾਂ ਦੇ ਪਰਿਵਾਰਜਨਾਂ ਵਿੱਚ ਫ਼ਖਰ ਦੀ ਜੋ ਭਾਵਨਾ ਹੈ, ਦੇਸ਼ ਲਈ ਜੋ ਜਜ਼ਬਾ ਹੈ - ਇਹੀ ਤਾਂ ਦੇਸ਼ ਦੀ ਤਾਕਤ ਹੈ। ਤੁਸੀਂ ਦੇਖਿਆ ਹੋਵੇਗਾ ਜਿਨ੍ਹਾਂ ਦੇ ਬੇਟੇ ਸ਼ਹੀਦ ਹੋਏ, ਉਹ ਮਾਤਾ-ਪਿਤਾ ਆਪਣੇ ਦੂਸਰੇ ਬੇਟਿਆਂ ਨੂੰ ਵੀ, ਘਰ ਦੇ ਦੂਸਰੇ ਬੱਚਿਆਂ ਨੂੰ ਵੀ ਫੌਜ ਵਿੱਚ ਭੇਜਣ ਦੀ ਗੱਲ ਕਰ ਰਹੇ ਹਨ। ਬਿਹਾਰ ਵਿੱਚ ਰਹਿਣ ਵਾਲੇ ਸ਼ਹੀਦ ਕੁੰਦਨ ਕੁਮਾਰ ਦੇ ਪਿਤਾ ਜੀ ਦੇ ਸ਼ਬਦ ਤਾਂ ਕੰਨਾਂ ਵਿੱਚ ਗੂੰਜ ਰਹੇ ਹਨ। ਉਹ ਕਹਿ ਰਹੇ ਸਨ ਕਿ ਆਪਣੇ ਪੋਤਿਆਂ ਨੂੰ ਵੀ ਦੇਸ਼ ਦੀ ਰੱਖਿਆ ਦੇ ਲਈ ਫੌਜ ਵਿੱਚ ਭੇਜਾਂਗਾ। ਇਹੀ ਹੌਂਸਲਾ ਹਰ ਸ਼ਹੀਦ ਦੇ ਪਰਿਵਾਰ ਦਾ ਹੈ। ਅਸਲ ਵਿੱਚ, ਇਨ੍ਹਾਂ ਪਰਿਵਾਰਾਂ ਦਾ ਤਿਆਗ ਪੂਜਨੀਕ ਹੈ। ਭਾਰਤ ਮਾਤਾ ਦੀ ਰੱਖਿਆ ਦੇ ਜਿਸ ਸੰਕਲਪ ਨਾਲ ਸਾਡੇ ਜਵਾਨਾਂ ਨੇ ਬਲੀਦਾਨ ਦਿੱਤਾ ਹੈ, ਉਸੇ ਸੰਕਲਪ ਨੂੰ ਸਾਨੂੰ ਵੀ ਜੀਵਨ ਦਾ ਟੀਚਾ ਬਣਾਉਣਾ ਹੈ, ਹਰ ਦੇਸ਼ਵਾਸੀ ਨੇ ਬਣਾਉਣਾ ਹੈ। ਸਾਡੀ ਹਰ ਕੋਸ਼ਿਸ਼ ਇਸੇ ਦਿਸ਼ਾ ਵਿੱਚ ਹੋਣੀ ਚਾਹੀਦੀ ਹੈ, ਜਿਸ ਨਾਲ ਸਰਹੱਦਾਂ ਦੀ ਰੱਖਿਆ ਦੇ ਲਈ ਦੇਸ਼ ਦੀ ਤਾਕਤ ਵਧੇ, ਦੇਸ਼ ਹੋਰ ਜ਼ਿਆਦਾ ਸਮਰੱਥ ਬਣੇ, ਦੇਸ਼ ਆਤਮਨਿਰਭਰ ਬਣੇ, ਇਹੀ ਸਾਡੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਵੀ ਹੋਵੇਗੀ। ਮੈਨੂੰ ਅਸਾਮ ਤੋਂ ਰਜਨੀ ਜੀ ਨੇ ਲਿਖਿਆ ਹੈ, ਉਨ੍ਹਾਂ ਨੇ ਪੂਰਬੀ ਲੱਦਾਖ ਵਿੱਚ ਜੋ ਕੁਝ ਹੋਇਆ, ਉਸ ਨੂੰ ਦੇਖਣ ਦੇ ਬਾਅਦ ਇੱਕ ਪ੍ਰਣ ਲਿਆ ਹੈ - ਪ੍ਰਣ ਇਹ ਕਿ ਉਹ Local ਹੀ ਖਰੀਦਣਗੇ, ਇੰਨਾ ਹੀ ਨਹੀਂ Local ਦੇ ਲਈ Vocal ਵੀ ਹੋਣਗੇ। ਅਜਿਹੇ ਸੁਨੇਹੇ ਮੈਨੂੰ ਦੇਸ਼ ਦੇ ਹਰ ਕੋਨੇ ਤੋਂ ਆ ਰਹੇ ਹਨ। ਬਹੁਤ ਸਾਰੇ ਲੋਕ ਮੈਨੂੰ ਪੱਤਰ ਲਿਖ ਕੇ ਦੱਸ ਰਹੇ ਹਨ ਕਿ ਉਹ ਇਸ ਪਾਸੇ ਵਧ ਰਹੇ ਹਨ। ਇਸੇ ਤਰ੍ਹਾਂ ਤਮਿਲ ਨਾਡੂ ਦੇ ਮਦੁਰੈ ਤੋਂ ਮੋਹਨ ਰਾਮਾਮੂਰਤੀ ਜੀ ਨੇ ਲਿਖਿਆ ਕਿ ਉਹ ਭਾਰਤ ਨੂੰ Defence ਦੇ ਖੇਤਰ ਵਿੱਚ ਆਤਮਨਿਰਭਰ ਬਣਦਾ ਹੋਇਆ ਦੇਖਣਾ ਚਾਹੁੰਦੇ ਹਨ।
ਸਾਥੀਓ, ਆਜ਼ਾਦੀ ਤੋਂ ਪਹਿਲਾਂ ਸਾਡਾ ਦੇਸ਼ Defence Sector ਵਿੱਚ ਦੁਨੀਆ ਦੇ ਕਈ ਦੇਸ਼ਾਂ ਤੋਂ ਅੱਗੇ ਸੀ। ਸਾਡੇ ਦੇਸ਼ ਵਿੱਚ ਅਨੇਕਾਂ Ordinence ਫੈਕਟਰੀਆਂ ਹੁੰਦੀਆਂ ਸਨ, ਉਸ ਸਮੇਂ ਕਈ ਦੇਸ਼ ਜੋ ਸਾਡੇ ਤੋਂ ਬਹੁਤ ਪਿੱਛੇ ਸਨ, ਉਹ ਅੱਜ ਸਾਡੇ ਤੋਂ ਅੱਗੇ ਹਨ। ਆਜ਼ਾਦੀ ਦੇ ਬਾਅਦ Defence Sector ਵਿੱਚ ਸਾਨੂੰ ਜੋ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਸਨ, ਸਾਨੂੰ ਆਪਣੇ ਪੁਰਾਣੇ ਅਨੁਭਵਾਂ ਦਾ ਜੋ ਲਾਭ ਉਠਾਉਣਾ ਚਾਹੀਦਾ ਸੀ, ਅਸੀਂ ਉਸ ਦਾ ਲਾਭ ਨਹੀਂ ਉਠਾ ਸਕੇ ਲੇਕਿਨ ਅੱਜ Defence Sector ਸੈਕਟਰ ਵਿੱਚ Technology ਦੇ ਖੇਤਰ ਵਿੱਚ ਭਾਰਤ ਅੱਗੇ ਵਧਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਆਤਮਨਿਰਭਰਤਾ ਵੱਲ ਕਦਮ ਵਧਾ ਰਿਹਾ ਹੈ।
ਸਾਥੀਓ, ਕੋਈ ਵੀ ਮਿਸ਼ਨ People Participation ਜਨ-ਭਾਗੀਦਾਰੀ ਤੋਂ ਬਿਨਾ ਪੂਰਾ ਨਹੀਂ ਹੋ ਸਕਦਾ, ਸਫ਼ਲ ਨਹੀਂ ਹੋ ਸਕਦਾ, ਇਸ ਲਈ ਆਤਮਨਿਰਭਰ ਭਾਰਤ ਦੀ ਦਿਸ਼ਾ ਵਿੱਚ ਇੱਕ ਨਾਗਰਿਕ ਦੇ ਤੌਰ 'ਤੇ ਸਾਡੇ ਸਾਰਿਆਂ ਦਾ ਸੰਕਲਪ, ਸਮਰਪਣ ਅਤੇ ਸਹਿਯੋਗ ਬਹੁਤ ਜ਼ਰੂਰੀ ਹੈ, ਅਤਿ ਜ਼ਰੂਰੀ ਹੈ। ਤੁਸੀਂ Local ਖਰੀਦੋਗੇ, Local ਦੇ ਲਈ Vocal ਹੋਵੋਗੇ ਤਾਂ ਸਮਝੋ ਤੁਸੀਂ ਦੇਸ਼ ਨੂੰ ਮਜ਼ਬੂਤ ਕਰਨ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹੋ, ਇਹ ਵੀ ਇੱਕ ਤਰ੍ਹਾਂ ਨਾਲ ਦੇਸ਼ ਦੀ ਸੇਵਾ ਹੀ ਹੈ। ਤੁਸੀਂ ਕਿਸੇ ਵੀ ਪ੍ਰੋਫੈਸ਼ਨ ਵਿੱਚ ਹੋਵੋ, ਹਰ ਇੱਕ ਜਗ੍ਹਾ ਦੇਸ਼ ਸੇਵਾ ਦਾ ਬਹੁਤ Scope ਹੁੰਦਾ ਹੀ ਹੈ। ਦੇਸ਼ ਦੀ ਜ਼ਰੂਰਤ ਨੂੰ ਸਮਝਦਿਆਂ ਹੋਇਆਂ ਜੋ ਵੀ ਕੰਮ ਕਰਦੇ ਹੋ, ਉਹ ਦੇਸ਼ ਦੀ ਸੇਵਾ ਹੀ ਹੁੰਦੀ ਹੈ। ਤੁਹਾਡੀ ਇਹੀ ਸੇਵਾ ਦੇਸ਼ ਨੂੰ ਕਿਤੇ ਨਾ ਕਿਤੇ ਮਜ਼ਬੂਤ ਵੀ ਕਰਦੀ ਹੈ ਅਤੇ ਅਸੀਂ ਇਹ ਵੀ ਯਾਦ ਰੱਖਣਾ ਹੈ - ਸਾਡਾ ਦੇਸ਼ ਜਿੰਨਾ ਮਜ਼ਬੂਤ ਹੋਵੇਗਾ, ਦੁਨੀਆ ਵਿੱਚ ਸ਼ਾਂਤੀ ਦੀਆਂ ਸੰਭਾਵਨਾਵਾਂ ਵੀ ਓਨੀਆਂ ਹੀ ਮਜ਼ਬੂਤ ਹੋਣਗੀਆਂ। ਸਾਡੇ ਇੱਥੇ ਕਿਹਾ ਜਾਂਦਾ ਹੈ –
ਵਿਦਿਯਾ ਵਿਵਾਦਾਯ ਧਨੰ ਮਦਾਯ, ਸ਼ਕਤੀ: ਪਰੇਸ਼ਾਂ ਪਰਿਪੀਡਨਾਯ।
ਖਲਸਯ ਸਾਧੋ : ਵਿਪਰੀਤਮ੍ ਏਤਤ੍, ਗਯਾਨਾਯ ਦਾਨਾਯ ਚ ਰਕਸ਼ਣਾਯ।।
( विद्या विवादाय धनं मदाय, शक्ति: परेषां परिपीडनाय |
खलस्य साधो: विपरीतम् एतत्, ज्ञानाय दानाय च रक्षणाय || )
ਅਰਥਾਤ, ਅਗਰ ਸੁਭਾਅ ਤੋਂ ਦੁਸ਼ਟ ਹੈ ਤਾਂ ਵਿੱਦਿਆ ਦੀ ਵਰਤੋਂ ਵਿਅਕਤੀ-ਵਿਵਾਦ ਵਿੱਚ, ਧਨ ਦੀ ਵਰਤੋਂ ਘਮੰਡ ਵਿੱਚ ਅਤੇ ਤਾਕਤ ਦੀ ਵਰਤੋਂ ਦੂਸਰਿਆਂ ਨੂੰ ਤਕਲੀਫ ਦੇਣ ਵਿੱਚ ਕਰਦਾ ਹੈ, ਲੇਕਿਨ ਸੱਜਣ ਦੀ ਵਿੱਦਿਆ ਗਿਆਨ ਲਈ, ਧਨ ਮਦਦ ਦੇ ਲਈ ਅਤੇ ਤਾਕਤ ਰੱਖਿਆ ਦੇ ਲਈ ਇਸਤੇਮਾਲ ਹੁੰਦੀ ਹੈ। ਭਾਰਤ ਨੇ ਆਪਣੀ ਤਾਕਤ ਹਮੇਸ਼ਾ ਇਸੇ ਭਾਵਨਾ ਨਾਲ ਇਸਤੇਮਾਲ ਕੀਤੀ ਹੈ। ਭਾਰਤ ਦਾ ਸੰਕਲਪ ਹੈ - ਭਾਰਤ ਦੇ ਸਵੈਮਾਣ ਅਤੇ ਪ੍ਰਭੂਸੱਤਾ ਦੀ ਰੱਖਿਆ। ਭਾਰਤ ਦਾ ਟੀਚਾ ਹੈ ਆਤਮਨਿਰਭਰ ਭਾਰਤ। ਭਾਰਤ ਦੀ ਪਰੰਪਰਾ ਹੈ - ਭਰੋਸਾ ਦੋਸਤੀ। ਭਾਰਤ ਦਾ ਭਾਵ ਹੈ ਭਾਈਚਾਰਾ। ਅਸੀਂ ਇਨ੍ਹਾਂ ਆਦਰਸ਼ਾਂ ਦੇ ਨਾਲ ਅੱਗੇ ਵਧਦੇ ਰਹਾਂਗੇ।
ਮੇਰੇ ਪਿਆਰੇ ਦੇਸ਼ਵਾਸੀਓ, ਕੋਰੋਨਾ ਦੇ ਸੰਕਟ ਕਾਲ ਵਿੱਚ ਦੇਸ਼ Lockdown ਤੋਂ ਬਾਹਰ ਨਿਕਲ ਆਇਆ ਹੈ। ਹੁਣ ਅਸੀਂ Unlock ਦੇ ਦੌਰ ਵਿੱਚ ਹਾਂ। Unlock ਦੇ ਸਮੇਂ ਵਿੱਚ ਦੋ ਗੱਲਾਂ 'ਤੇ ਬਹੁਤ Focus ਕਰਨਾ ਹੈ, ਕੋਰੋਨਾ ਨੂੰ ਹਰਾਉਣਾ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਕਰਨਾ। ਉਸ ਨੂੰ ਤਾਕਤ ਦੇਣਾ। ਸਾਥੀਓ Lockdown ਤੋਂ ਜ਼ਿਆਦਾ ਸਾਵਧਾਨੀ ਅਸੀਂ Unlock ਦੇ ਦੌਰਾਨ ਰੱਖਣੀ ਹੈ। ਤੁਹਾਡੀ ਸਾਵਧਾਨੀ ਹੀ ਤੁਹਾਨੂੰ ਕੋਰੋਨਾ ਤੋਂ ਬਚਾਏਗੀ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਕਿ ਜੇਕਰ ਤੁਸੀਂ Mask ਨਹੀਂ ਪਹਿਨਦੇ ਹੋ, ਦੋ ਗਜ਼ ਦੀ ਦੂਰੀ ਦਾ ਪਾਲਣ ਨਹੀਂ ਕਰਦੇ ਹੋ ਜਾਂ ਫਿਰ ਦੂਸਰੀਆਂ ਸਾਵਧਾਨੀਆਂ ਨਹੀਂ ਵਰਤਦੇ ਹੋ ਤਾਂ ਤੁਸੀਂ ਆਪਣੇ ਨਾਲ-ਨਾਲ ਦੂਸਰਿਆਂ ਨੂੰ ਵੀ ਖਤਰੇ ਵਿੱਚ ਪਾ ਰਹੇ ਹੋ। ਖ਼ਾਸ ਤੌਰ 'ਤੇ ਘਰ ਦੇ ਬੱਚਿਆਂ ਤੇ ਬਜ਼ੁਰਗਾਂ ਨੂੰ। ਇਸ ਲਈ ਸਾਰੇ ਦੇਸ਼ਵਾਸੀਆਂ ਨੂੰ ਮੇਰੀ ਬੇਨਤੀ ਹੈ ਅਤੇ ਇਹ ਬੇਨਤੀ ਮੈਂ ਵਾਰ-ਵਾਰ ਕਰਦਾ ਹਾਂ ਅਤੇ ਮੇਰੀ ਬੇਨਤੀ ਹੈ ਕਿ ਤੁਸੀਂ ਲਾਪਰਵਾਹੀ ਨਾ ਵਰਤੋਂ, ਆਪਣਾ ਵੀ ਖਿਆਲ ਰੱਖੋ ਅਤੇ ਦੂਸਰਿਆਂ ਦਾ ਵੀ।
ਸਾਥੀਓ Unlock ਦੇ ਦੌਰ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਵੀ Unlock ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਭਾਰਤ ਦਹਾਕਿਆਂ ਤੋਂ ਬੰਨ੍ਹਿਆ ਹੋਇਆ ਹੈ। ਵਰ੍ਹਿਆਂ ਤੋਂ ਸਾਡਾ Mining Sector Lockdown 'ਚ ਸੀ। Commercial Auction ਨੂੰ ਮਨਜ਼ੂਰੀ ਦੇਣ ਦੇ ਇੱਕ ਫੈਸਲੇ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਕੁਝ ਦਿਨ ਪਹਿਲਾਂ Space ਸੈਕਟਰ ਵਿੱਚ ਇਤਿਹਾਸਿਕ ਸੁਧਾਰ ਕੀਤੇ ਗਏ, ਉਨ੍ਹਾਂ ਸੁਧਾਰਾਂ ਦੇ ਜ਼ਰੀਏ ਵਰ੍ਹਿਆਂ ਤੋਂ Lockdown ਵਿੱਚ ਜਕੜੇ ਇਸ ਸੈਕਟਰ ਨੂੰ ਆਜ਼ਾਦੀ ਮਿਲੀ। ਇਸ ਨਾਲ ਆਤਮਨਿਰਭਰ ਭਾਰਤ ਦੀ ਮੁਹਿੰਮ ਨੂੰ ਨਾ ਸਿਰਫ਼ ਗਤੀ ਮਿਲੇਗੀ, ਬਲਕਿ ਦੇਸ਼ Technology ਵਿੱਚ ਵੀ Advance ਬਣੇਗਾ। ਆਪਣੇ ਖੇਤੀ ਖੇਤਰ ਨੂੰ ਦੇਖੀਏ ਤਾਂ ਇਸ Sector ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਦਹਾਕਿਆਂ ਤੋਂ Lockdown ਵਿੱਚ ਫਸੀਆਂ ਸਨ, ਇਸ ਸੈਕਟਰ ਨੂੰ ਵੀ ਹੁਣ Unlock ਕਰ ਦਿੱਤਾ ਗਿਆ ਹੈ, ਇਸ ਨਾਲ ਜਿੱਥੇ ਇੱਕ ਪਾਸੇ ਕਿਸਾਨਾਂ ਨੂੰ ਆਪਣੀ ਫਸਲ ਕਿਤੇ ਵੀ, ਕਿਸੇ ਨੂੰ ਵੀ ਵੇਚਣ ਦੀ ਆਜ਼ਾਦੀ ਮਿਲੀ ਹੈ, ਉੱਥੇ ਦੂਸਰੇ ਪਾਸੇ ਇਸ ਨਾਲ ਜ਼ਿਆਦਾ ਕਰਜ਼ ਮਿਲਣਾ ਵੀ ਨਿਸ਼ਚਿਤ ਹੋਇਆ ਹੈ। ਅਜਿਹੇ ਅਨੇਕਾਂ ਖੇਤਰ ਹਨ, ਜਿੱਥੇ ਸਾਡਾ ਦੇਸ਼ ਇਨ੍ਹਾਂ ਸੰਕਟਾਂ ਦੇ ਵਿਚਕਾਰ ਇਤਿਹਾਸਿਕ ਫੈਸਲਾ ਲੈ ਕੇ ਵਿਕਾਸ ਦੇ ਸਾਰੇ ਰਾਹ ਖੋਲ੍ਹ ਰਿਹਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਹਰ ਮਹੀਨੇ ਅਸੀਂ ਅਜਿਹੀਆਂ ਖ਼ਬਰਾਂ ਪੜ੍ਹਦੇ ਅਤੇ ਦੇਖਦੇ ਹਾਂ ਜੋ ਸਾਨੂੰ ਭਾਵੁਕ ਕਰ ਦਿੰਦੀਆਂ ਹਨ। ਇਹ ਸਾਨੂੰ ਇਹ ਗੱਲ ਯਾਦ ਕਰਵਾਉਂਦੀਆਂ ਹਨ ਕਿ ਕਿਵੇਂ ਹਰ ਭਾਰਤੀ ਇੱਕ-ਦੂਸਰੇ ਦੀ ਮਦਦ ਲਈ ਤਿਆਰ ਹੈ। ਉਹ ਜੋ ਕੁਝ ਵੀ ਕਰ ਸਕਦਾ ਹੈ, ਉਸ ਨੂੰ ਕਰਨ ਵਿੱਚ ਜੁਟਿਆ ਹੈ।
ਅਰੁਣਾਚਲ ਪ੍ਰਦੇਸ਼ ਦੀ ਇੱਕ ਅਜਿਹੀ ਹੀ ਪ੍ਰੇਰਕ ਕਹਾਣੀ ਮੈਨੂੰ Media ਵਿੱਚ ਪੜ੍ਹਨ ਨੂੰ ਮਿਲੀ। ਇੱਥੇ ਸਿਆਂਗ ਜ਼ਿਲ੍ਹੇ ਵਿੱਚ ਮਿਰੇਮ ਪਿੰਡ ਨੇ ਉਹ ਅਨੋਖਾ ਕੰਮ ਕਰ ਦਿਖਾਇਆ ਜੋ ਸਮੁੱਚੇ ਭਾਰਤ ਦੇ ਲਈ ਇੱਕ ਮਿਸਾਲ ਬਣ ਗਿਆ ਹੈ। ਇਸ ਪਿੰਡ ਦੇ ਕਈ ਲੋਕ ਬਾਹਰ ਰਹਿ ਕੇ ਨੌਕਰੀ ਕਰਦੇ ਹਨ। ਪਿੰਡ ਵਾਲਿਆਂ ਨੇ ਦੇਖਿਆ ਕਿ ਕੋਰੋਨਾ ਮਹਾਮਾਰੀ ਦੇ ਸਮੇਂ ਇਹ ਸਾਰੇ ਆਪਣੇ ਪਿੰਡਾਂ ਨੂੰ ਵਾਪਸ ਆ ਰਹੇ ਹਨ, ਅਜਿਹੇ ਸਮੇਂ ਵਿੱਚ ਪਿੰਡ ਵਾਲਿਆਂ ਨੇ ਪਹਿਲਾਂ ਤੋਂ ਹੀ ਪਿੰਡ ਦੇ ਬਾਹਰ Quarantine ਦਾ ਇੰਤਜ਼ਾਮ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਆਪਸ ਵਿੱਚ ਮਿਲ ਕੇ ਪਿੰਡ ਤੋਂ ਕੁਝ ਹੀ ਦੂਰੀ 'ਤੇ 14 ਅਸਥਾਈ ਝੌਂਪੜੀਆਂ ਬਣਾ ਦਿੱਤੀਆਂ ਅਤੇ ਇਹ ਤੈਅ ਕੀਤਾ ਕਿ ਜਦੋਂ ਪਿੰਡ ਵਾਲੇ ਵਾਪਸ ਆਉਣਗੇ ਤਾਂ ਉਨ੍ਹਾਂ ਨੂੰ ਇਨ੍ਹਾਂ ਝੌਂਪੜੀਆਂ ਵਿੱਚ ਕੁਝ ਦਿਨ Quarantine ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਝੌਂਪੜੀਆਂ ਵਿੱਚ ਸ਼ੌਚਾਲਿਆ, ਬਿਜਲੀ, ਪਾਣੀ ਸਮੇਤ ਰੋਜ਼ਾਨਾ ਜ਼ਰੂਰਤ ਦੀ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ। ਜ਼ਾਹਿਰ ਹੈ ਮਿਰੇਮ ਪਿੰਡ ਦੇ ਲੋਕਾਂ ਦੀ ਇਸ ਸਮੂਹਿਕ ਕੋਸ਼ਿਸ਼ ਅਤੇ ਜਾਗਰੂਕਤਾ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਸਾਥੀਓ, ਸਾਡੇ ਇੱਥੇ ਕਿਹਾ ਜਾਂਦਾ ਹੈ :-
ਸਵਭਾਵੰ ਨ ਜਹਾਤਿ ਏਵ, ਸਾਧੁ: ਆਪਦ੍ਰਤੋਪੀ ਸਨ।
ਕਰਪੂਰ : ਪਾਵਕ ਸਪ੍ਰਿਸ਼ਟ: ਸੌਰਭੰ ਲਭਤੇਤਰਾਮ।।
( स्वभावं न जहाति एव, साधु: आपद्रतोपी सन |
कर्पूर: पावक स्पृष्ट: सौरभं लभतेतराम || )
ਅਰਥਾਤ ਜਿਵੇਂ ਕਪੂਰ ਅੱਗ ਵਿੱਚ ਤਪਣ 'ਤੇ ਵੀ ਆਪਣੀ ਖੁਸ਼ਬੂ ਨਹੀਂ ਛੱਡਦਾ, ਉਂਝ ਹੀ ਚੰਗੇ ਲੋਕ ਮੁਸ਼ਕਿਲ ਸਮੇਂ ਵਿੱਚ ਵੀ ਆਪਣੇ ਗੁਣ, ਆਪਣਾ ਸੁਭਾਅ ਨਹੀਂ ਛੱਡਦੇ। ਅੱਜ ਸਾਡੇ ਦੇਸ਼ ਦੀ ਜੋ ਸ਼੍ਰਮ ਸ਼ਕਤੀ ਹੈ, ਜੋ ਮਜ਼ਦੂਰ ਸਾਥੀ ਹਨ, ਉਹ ਵੀ ਇਸ ਦੀ ਜਿਊਂਦੀ-ਜਾਗਦੀ ਉਦਾਹਰਣ ਹਨ। ਤੁਸੀਂ ਵੇਖੋ ਇਨ੍ਹੀਂ ਦਿਨੀਂ ਸਾਡੇ ਪ੍ਰਵਾਸੀ ਮਜ਼ਦੂਰਾਂ ਦੀਆਂ ਵੀ ਅਜਿਹੀਆਂ ਕਿੰਨੀਆਂ ਹੀ ਕਹਾਣੀਆਂ ਆ ਰਹੀਆਂ ਹਨ ਜੋ ਪੂਰੇ ਦੇਸ਼ ਨੂੰ ਪ੍ਰੇਰਣਾ ਦੇ ਰਹੀਆਂ ਹਨ। ਯੂ. ਪੀ. ਦੇ ਬਾਰਾਬੰਕੀ ਵਿੱਚ ਪਿੰਡ ਵਾਪਸ ਆਏ ਮਜ਼ਦੂਰਾਂ ਨੇ ਕਲਿਆਣੀ ਨਦੀ ਦਾ ਕੁਦਰਤੀ ਰੂਪ ਵਾਪਸ ਲਿਆਉਣ ਲਈ ਕੰਮ ਸ਼ੁਰੂ ਕਰ ਦਿੱਤਾ। ਨਦੀ ਦਾ ਕਲਿਆਣ ਹੁੰਦਾ ਦੇਖ ਆਲ਼ੇ-ਦੁਆਲ਼ੇ ਦੇ ਕਿਸਾਨ, ਆਲ਼ੇ-ਦੁਆਲ਼ੇ ਦੇ ਲੋਕ ਵੀ ਉਤਸ਼ਾਹਿਤ ਹਨ। ਪਿੰਡ ਵਿੱਚ ਆਉਣ ਤੋਂ ਬਾਅਦ Quarantine ਸੈਂਟਰ ਵਿੱਚ ਰਹਿੰਦਿਆਂ ਹੋਇਆਂ, ਆਈਸੋਲੇਸ਼ਨ ਸੈਂਟਰ ਵਿੱਚ ਰਹਿੰਦਿਆਂ ਹੋਇਆਂ ਸਾਡੇ ਮਜ਼ਦੂਰ ਸਾਥੀਆਂ ਨੇ ਜਿਸ ਤਰ੍ਹਾਂ ਆਪਣੇ ਹੁਨਰ ਦਾ ਇਸਤੇਮਾਲ ਕਰਦੇ ਹੋਏ ਆਪਣੇ ਆਲੇ-ਦੁਆਲੇ ਦੀਆਂ ਸਥਿਤੀਆਂ ਨੂੰ ਬਦਲਿਆ ਹੈ, ਉਹ ਅਨੋਖਾ ਹੈ ਲੇਕਿਨ ਸਾਥੀਓ ਅਜਿਹੇ ਕਿੰਨੇ ਹੀ ਕਿੱਸੇ-ਕਹਾਣੀਆਂ ਦੇਸ਼ ਦੇ ਲੱਖਾਂ ਪਿੰਡਾਂ ਦੇ ਹਨ ਜੋ ਸਾਡੇ ਤੱਕ ਨਹੀਂ ਪਹੁੰਚ ਪਾਏ ਹਨ।
ਜਿਵੇਂ ਸਾਡੇ ਦੇਸ਼ ਦਾ ਸੁਭਾਅ ਹੈ, ਮੈਨੂੰ ਵਿਸ਼ਵਾਸ ਹੈ ਸਾਥੀਓ ਤੁਹਾਡੇ ਪਿੰਡ ਵਿੱਚ ਵੀ, ਤੁਹਾਡੇ ਆਲੇ-ਦੁਆਲੇ ਵੀ ਅਜਿਹੀਆਂ ਅਨੇਕਾਂ ਘਟਨਾਵਾਂ ਘਟੀਆਂ ਹੋਣਗੀਆਂ, ਜੇਕਰ ਤੁਹਾਡੇ ਧਿਆਨ ਵਿੱਚ ਅਜਿਹੀ ਕੋਈ ਗੱਲ ਆਈ ਹੈ ਤਾਂ ਤੁਸੀਂ ਅਜਿਹੀ ਪ੍ਰੇਰਕ ਘਟਨਾ ਮੈਨੂੰ ਜ਼ਰੂਰ ਲਿਖੋ। ਸੰਕਟ ਦੇ ਸਮੇਂ ਵਿੱਚ ਇਹ ਸਕਾਰਾਤਮਕ ਘਟਨਾਵਾਂ, ਇਹ ਕਹਾਣੀਆਂ ਹੋਰਾਂ ਨੂੰ ਵੀ ਪ੍ਰੇਰਣਾ ਦੇਣਗੀਆਂ।
ਮੇਰੇ ਪਿਆਰੇ ਦੇਸ਼ਵਾਸੀਓ, ਕੋਰੋਨਾ ਵਾਇਰਸ ਨੇ ਨਿਸ਼ਚਿਤ ਰੂਪ ਵਿੱਚ ਸਾਡੇ ਜੀਵਨ ਜਿਊਣ ਦੇ ਤਰੀਕਿਆਂ ਵਿੱਚ ਬਦਲਾਅ ਲਿਆ ਦਿੱਤਾ ਹੈ। ਮੈਂ London ਤੋਂ ਪ੍ਰਕਾਸ਼ਿਤ Financial Times ਵਿੱਚ ਇੱਕ ਬਹੁਤ ਹੀ ਦਿਲਚਲਪ ਲੇਖ ਪੜ੍ਹ ਰਿਹਾ ਸੀ, ਉਸ ਵਿੱਚ ਲਿਖਿਆ ਸੀ ਕਿ ਕੋਰੋਨਾ ਕਾਲ ਦੇ ਦੌਰਾਨ ਅਦਰਕ-ਹਲਦੀ ਸਮੇਤ ਦੂਸਰੇ ਮਸਾਲਿਆਂ ਦੀ ਮੰਗ ਏਸ਼ੀਆ ਤੋਂ ਇਲਾਵਾ ਅਮਰੀਕਾ ਤੱਕ ਵੀ ਵਧ ਗਈ ਹੈ। ਪੂਰੀ ਦੁਨੀਆ ਦਾ ਧਿਆਨ ਇਸ ਵੇਲੇ ਆਪਣੀ Immunity ਵਧਾਉਣ 'ਤੇ ਹੈ ਅਤੇ Immunity ਵਧਾਉਣ ਵਾਲੀਆਂ ਇਨ੍ਹਾਂ ਚੀਜ਼ਾਂ ਦਾ ਸਬੰਧ ਸਾਡੇ ਦੇਸ਼ ਨਾਲ ਹੈ। ਸਾਨੂੰ ਇਨ੍ਹਾਂ ਦੀ ਖਾਸੀਅਤ ਵਿਸ਼ਵ ਦੇ ਲੋਕਾਂ ਨੂੰ ਅਜਿਹੀ ਸਹਿਜ ਅਤੇ ਸਰਲ ਭਾਸ਼ਾ ਵਿੱਚ ਦੱਸਣੀ ਚਾਹੀਦੀ ਹੈ, ਜਿਸ ਨਾਲ ਉਹ ਆਸਾਨੀ ਨਾਲ ਸਮਝ ਸਕਣ ਅਤੇ ਅਸੀਂ ਇੱਕ Healthier Planet ਬਣਾਉਣ ਵਿੱਚ ਆਪਣਾ ਯੋਗਦਾਨ ਦੇ ਸਕੀਏ।
ਮੇਰੇ ਪਿਆਰੇ ਦੇਸ਼ਵਾਸੀਓ, ਕੋਰੋਨਾ ਵਰਗਾ ਸੰਕਟ ਨਾ ਆਇਆ ਹੁੰਦਾ ਤਾਂ ਸ਼ਾਇਦ ਜੀਵਨ ਕੀ ਹੈ, ਜੀਵਨ ਕਿਉਂ ਹੈ, ਜੀਵਨ ਕਿਹੋ ਜਿਹਾ ਹੈ, ਸਾਨੂੰ ਸ਼ਾਇਦ ਇਹ ਯਾਦ ਹੀ ਨਹੀਂ ਆਉਂਦਾ। ਕਈ ਲੋਕ ਇਸੇ ਵਜ੍ਹਾ ਨਾਲ ਮਾਨਸਿਕ ਤਣਾਅ ਵਿੱਚ ਜਿਊਂਦੇ ਰਹੇ ਹਨ ਤਾਂ ਦੂਸਰੇ ਪਾਸੇ ਲੋਕਾਂ ਨੇ ਮੈਨੂੰ ਇਹ ਵੀ ਸ਼ੇਅਰ ਕੀਤਾ ਹੈ ਕਿ ਕਿਵੇਂ Lockdown ਦੇ ਦੌਰਾਨ ਖੁਸ਼ੀਆਂ ਦੇ ਛੋਟੇ-ਛੋਟੇ ਪੱਖ ਵੀ-ਉਨ੍ਹਾਂ ਨੇ ਜੀਵਨ ਵਿੱਚ re-discover ਕੀਤੇ ਹਨ। ਕਈ ਲੋਕਾਂ ਨੇ ਮੈਨੂੰ ਰਵਾਇਤੀ in-door games ਖੇਡਣ ਅਤੇ ਪੂਰੇ ਪਰਿਵਾਰ ਦੇ ਨਾਲ ਉਸ ਦਾ ਆਨੰਦ ਲੈਣ ਦੇ ਅਨੁਭਵ ਭੇਜੇ ਹਨ।
ਸਾਥੀਓ ਸਾਡੇ ਦੇਸ਼ ਵਿੱਚ ਰਵਾਇਤੀ ਖੇਡਾਂ ਦੀ ਬਹੁਤ ਸਮ੍ਰਿੱਧ ਵਿਰਾਸਤ ਰਹੀ ਹੈ, ਜਿਵੇਂ ਤੁਸੀਂ ਇੱਕ ਖੇਡ ਦਾ ਨਾਂ ਸੁਣਿਆ ਹੋਵੇਗਾ - ਪੱਚੀਸੀ। ਇਹ ਖੇਡ ਤਮਿਲ ਨਾਡੂ ਵਿੱਚ 'ਪਲਾਨਗੁਲੀ', ਕਰਨਾਟਕ ਵਿੱਚ 'ਅਲੀ ਗੁਲੀ ਮਣੇ' ਅਤੇ ਆਂਧਰਾ ਪ੍ਰਦੇਸ਼ ਵਿੱਚ 'ਵਾਮਨ ਗੁੰਟਲੂ ਦੇ ਨਾਮ ਨਾਲ ਖੇਡੀ ਜਾਂਦੀ ਹੈ। ਇਹ ਇੱਕ ਤਰ੍ਹਾਂ ਦਾ Strategy Game ਜਿਸ ਵਿੱਚ ਇੱਕ Board ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਕਈ ਖਾਂਚੇ ਹੁੰਦੇ ਹਨ, ਜਿਨ੍ਹਾਂ ਵਿੱਚ ਮੌਜੂਦ ਗੋਲੀ ਜਾਂ ਬੀਜ ਨੂੰ ਖਿਡਾਰੀਆਂ ਨੇ ਪਕੜਨਾ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਹ ਗੇਮ ਦੱਖਣ ਭਾਰਤ ਤੋਂ ਦੱਖਣ ਪੂਰਬ ਏਸ਼ੀਆ ਅਤੇ ਫਿਰ ਦੁਨੀਆ ਵਿੱਚ ਫੈਲੀ ਹੈ।
ਸਾਥੀਓ, ਅੱਜ ਹਰ ਬੱਚਾ ਸੱਪ-ਸੀੜ੍ਹੀ ਦੇ ਖੇਡ ਦੇ ਬਾਰੇ ਜਾਣਦਾ ਹੈ, ਲੇਕਿਨ ਕੀ ਤੁਹਾਨੂੰ ਪਤਾ ਹੈ ਕਿ ਇਹ ਵੀ ਇੱਕ ਭਾਰਤੀ ਰਵਾਇਤੀ ਗੇਮ ਦਾ ਹੀ ਰੂਪ ਹੈ, ਜਿਸ ਨੂੰ ਮੋਕਸ਼ ਪਾਟਮ ਜਾਂ ਪਰਮ ਪਦਮ ਕਿਹਾ ਜਾਂਦਾ ਹੈ। ਸਾਡੇ ਇੱਥੇ ਦੀ ਇੱਕ ਹੋਰ ਰਵਾਇਤੀ ਗੇਮ ਰਹੀ ਹੈ, - ਗੀਟੇ। ਵੱਡੇ ਵੀ ਗੀਟੇ ਖੇਡਦੇ ਹਨ ਅਤੇ ਬੱਚੇ ਵੀ। ਬਸ ਇੱਕ ਹੀ ਸਾਈਜ਼ ਦੇ ਪੰਜ ਛੋਟੇ ਪੱਥਰ ਚੁੱਕੋ ਅਤੇ ਤੁਸੀਂ ਗੀਟੇ ਖੇਡਣ ਲਈ ਤਿਆਰ। ਇੱਕ ਪੱਥਰ ਹਵਾ ਵਿੱਚ ਉਛਾਲੋ ਅਤੇ ਜਦੋਂ ਤੱਕ ਉਹ ਪੱਥਰ ਹਵਾ ਵਿੱਚ ਹੋਵੇ, ਤੁਹਾਨੂੰ ਜ਼ਮੀਨ 'ਤੇ ਪਏ ਬਾਕੀ ਪੱਥਰ ਚੁੱਕਣੇ ਹੁੰਦੇ ਹਨ। ਆਮ ਤੌਰ 'ਤੇ ਸਾਡੇ ਇੱਥੇ Indoor ਖੇਡਾਂ ਵਿੱਚ ਕੋਈ ਵੱਡੇ ਸਾਧਨਾਂ ਦੀ ਜ਼ਰੂਰਤ ਨਹੀਂ ਹੁੰਦੀ। ਕੋਈ ਇੱਕ ਚਾਕ ਜਾਂ ਪੱਥਰ ਲੈ ਆਉਂਦਾ ਹੈ, ਉਸ ਨਾਲ ਜ਼ਮੀਨ 'ਤੇ ਹੀ ਕੁਝ ਲਕੀਰਾਂ ਖਿੱਚ ਦਿੰਦਾ ਹੈ ਅਤੇ ਫਿਰ ਖੇਡ ਸ਼ੁਰੂ ਹੋ ਜਾਂਦਾ ਹੈ, ਜਿਨ੍ਹਾਂ ਖੇਡਾਂ ਵਿੱਚ Dice ਦੀ ਜ਼ਰੂਰਤ ਪੈਂਦੀ ਹੈ, ਕੌਡੀਆਂ ਜਾਂ ਇਮਲੀ ਦੇ ਬੀਜ ਨਾਲ ਵੀ ਕੰਮ ਚੱਲ ਜਾਂਦਾ ਹੈ।
ਸਾਥੀਓ, ਮੈਨੂੰ ਪਤਾ ਹੈ ਕਿ ਅੱਜ ਜਦੋਂ ਮੈਂ ਗੱਲ ਕਰ ਰਿਹਾ ਹਾਂ ਤਾਂ ਕਿੰਨੇ ਹੀ ਲੋਕ ਆਪਣੇ ਬਚਪਨ ਵਿੱਚ ਪਰਤ ਆਏ ਹੋਣਗੇ। ਕਈਆਂ ਨੂੰ ਆਪਣੇ ਬਚਪਨ ਦੇ ਦਿਨ ਯਾਦ ਆ ਗਏ ਹੋਣਗੇ, ਮੈਂ ਇਹੀ ਕਹਾਂਗਾ ਕਿ ਤੁਸੀਂ ਉਨ੍ਹਾਂ ਦਿਨਾਂ ਨੂੰ ਭੁੱਲੇ ਕਿਉਂ ਹੋ। ਉਨ੍ਹਾਂ ਖੇਡਾਂ ਨੂੰ ਤੁਸੀਂ ਭੁੱਲੇ ਕਿਉਂ ਹੋ। ਮੇਰਾ, ਘਰ ਦੇ ਨਾਨਾ-ਨਾਨੀ, ਦਾਦਾ-ਦਾਦੀ, ਘਰ ਦੇ ਬਜ਼ੁਰਗਾਂ ਨੂੰ ਅਨੁਰੋਧ ਹੈ ਕਿ ਨਵੀਂ ਪੀੜ੍ਹੀ ਵਿੱਚ ਇਹ ਖੇਡ ਜੇਕਰ ਤੁਸੀਂ Transfer ਨਹੀਂ ਕਰੋਗੇ ਤਾਂ ਕੌਣ ਕਰੇਗਾ? ਜਦੋਂ Online ਪੜ੍ਹਾਈ ਦੀ ਗੱਲ ਆ ਰਹੀ ਹੈ ਤਾਂ Balance ਬਣਾਉਣ ਦੇ ਲਈ ਔਨਲਾਈਨ ਖੇਡ ਤੋਂ ਮੁਕਤੀ ਪਾਉਣ ਲਈ ਵੀ ਸਾਨੂੰ ਅਜਿਹਾ ਕਰਨਾ ਹੀ ਹੋਵੇਗਾ। ਸਾਡੀ ਨੌਜਵਾਨ ਪੀੜ੍ਹੀ ਦੇ ਲਈ ਵੀ ਸਾਡੇ Start-ups ਦੇ ਲਈ ਵੀ ਇੱਥੇ ਇੱਕ ਨਵਾਂ ਮੌਕਾ ਹੈ ਅਤੇ ਮਜ਼ਬੂਤ ਮੌਕਾ। ਅਸੀਂ ਭਾਰਤ ਦੇ ਰਵਾਇਤੀ Indoor Games ਨੂੰ ਨਵੇਂ ਅਤੇ ਦਿਲਖਿੱਚਵੇਂ ਰੂਪ ਵਿੱਚ ਪੇਸ਼ ਕਰੀਏ। ਉਨ੍ਹਾਂ ਨਾਲ ਜੁੜੀਆਂ ਚੀਜ਼ਾਂ ਨੂੰ ਜੁਟਾਉਣ ਵਾਲੇ, supply ਕਰਨ ਵਾਲੇ, Start-Ups ਬਹੁਤ popular ਹੋ ਜਾਣਗੇ। ਅਸੀਂ ਇਹ ਵੀ ਯਾਦ ਰੱਖਣਾ ਹੈ ਕਿ ਸਾਡੇ ਭਾਰਤੀ ਖੇਡ ਵੀ ਤਾਂ local ਹਨ ਅਤੇ ਅਸੀਂ local ਦੇ vocal ਹੋਣ ਦਾ ਪ੍ਰਣ ਪਹਿਲਾਂ ਹੀ ਲੈ ਚੁੱਕੇ ਹਾਂ ਅਤੇ ਮੇਰੇ ਬਚਪਨ ਦੇ ਦੋਸਤਾਂ, ਹਰ ਘਰ ਦੇ ਬੱਚਿਆਂ ਨੂੰ, ਮੇਰੇ ਨੰਨ੍ਹੇ ਸਾਥੀਆਂ ਨੂੰ ਵੀ ਅੱਜ ਮੈਂ ਇੱਕ ਖਾਸ ਅਨੁਰੋਧ ਕਰਦਾ ਹਾਂ, ਬੱਚਿਓ ਤੁਸੀਂ ਮੇਰਾ ਅਨੁਰੋਧ ਮੰਨੋਗੇ ਨਾ? ਦੇਖੋ ਮੇਰਾ ਅਨੁਰੋਧ ਹੈ ਕਿ ਮੈਂ ਜੋ ਕਹਿੰਦਾ ਹਾਂ, ਤੁਸੀਂ ਜ਼ਰੂਰ ਕਰੋ। ਇੱਕ ਕੰਮ ਕਰੋ - ਜਦੋਂ ਥੋੜ੍ਹਾ ਸਮਾਂ ਮਿਲੇ ਤਾਂ ਮਾਤਾ-ਪਿਤਾ ਨੂੰ ਪੁੱਛ ਕੇ ਮੋਬਾਇਲ ਚੁੱਕੋ ਅਤੇ ਆਪਣੇ ਦਾਦਾ-ਦਾਦੀ, ਨਾਨਾ-ਨਾਨੀ ਜਾਂ ਘਰ ਵਿੱਚ ਜੋ ਵੀ ਬਜ਼ੁਰਗ ਹੋਣ, ਉਨ੍ਹਾਂ ਦਾ interview record ਕਰੋ, ਆਪਣੇ ਮੋਬਾਇਲ ਫੋਨ ਵਿੱਚ record ਕਰੋ, ਜਿਵੇਂ ਤੁਸੀਂ ਟੀ.ਵੀ. 'ਤੇ ਦੇਖਿਆ ਹੋਵੇਗਾ ਨਾ, ਜਿਵੇਂ ਪੱਤਰਕਾਰ interview ਕਰਦੇ ਹਨ, ਬਸ ਉਸੇ ਤਰ੍ਹਾਂ ਹੀ interview ਤੁਸੀਂ ਕਰੋ ਅਤੇ ਤੁਸੀਂ ਉਨ੍ਹਾਂ ਨੂੰ ਸਵਾਲ ਕੀ ਕਰੋਗੇ? ਮੈਂ ਤੁਹਾਨੂੰ ਸੁਝਾਅ ਦਿੰਦਾ ਹਾਂ। ਤੁਸੀਂ ਉਨ੍ਹਾਂ ਨੂੰ ਜ਼ਰੂਰ ਪੁੱਛੋ ਕਿ ਬਚਪਨ ਵਿੱਚ ਉਨ੍ਹਾਂ ਦਾ ਰਹਿਣ-ਸਹਿਣ ਕਿਵੇਂ ਦਾ ਸੀ, ਉਹ ਕਿਹੜੇ ਖੇਡ ਖੇਡਦੇ ਸਨ। ਕਦੇ ਨਾਟਕ ਵੇਖਣ ਜਾਂਦੇ ਸਨ। ਸਿਨੇਮਾ ਵੇਖਣ ਜਾਂਦੇ ਸਨ। ਕਦੀ ਛੁੱਟੀਆਂ ਵਿੱਚ ਨਾਨਕੇ ਜਾਂਦੇ ਸਨ। ਕਦੀ ਖੇਤਾਂ-ਪੈਲੀਆਂ ਵਿੱਚ ਜਾਂਦੇ ਸਨ। ਤਿਓਹਾਰ ਕਿਵੇਂ ਮਨਾਉਂਦੇ ਸਨ। ਬਹੁਤ ਸਾਰੀਆਂ ਗੱਲਾਂ ਤੁਸੀਂ ਉਨ੍ਹਾਂ ਨੂੰ ਪੁੱਛ ਸਕਦੇ ਹੋ ਅਤੇ ਉਨ੍ਹਾਂ ਨੂੰ ਵੀ 40-50 ਸਾਲ, 60 ਸਾਲ ਪੁਰਾਣੀ ਆਪਣੀ ਜ਼ਿੰਦਗੀ ਵਿੱਚ ਜਾਣਾ ਬਹੁਤ ਅਨੰਦ ਦੇਵੇਗਾ ਅਤੇ ਤੁਹਾਡੇ ਲਈ 40-50 ਸਾਲ ਪਹਿਲਾਂ ਹਿੰਦੁਸਤਾਨ ਕਿਵੇਂ ਸੀ, ਤੁਸੀਂ ਜਿੱਥੇ ਰਹਿੰਦੇ ਹੋ, ਉਹ ਇਲਾਕਾ ਕਿਵੇਂ ਦਾ ਸੀ, ਆਲਾ-ਦੁਆਲਾ ਕਿਵੇਂ ਸੀ, ਲੋਕਾਂ ਦੇ ਤੌਰ-ਤਰੀਕੇ ਕੀ ਸਨ - ਸਾਰੀਆਂ ਚੀਜ਼ਾਂ ਬਹੁਤ ਅਸਾਨੀ ਨਾਲ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ, ਜਾਨਣ ਨੂੰ ਮਿਲਣਗੀਆਂ ਅਤੇ ਤੁਸੀਂ ਵੇਖੋ ਤੁਹਾਨੂੰ ਬਹੁਤ ਮਜ਼ਾ ਆਵੇਗਾ ਅਤੇ ਪਰਿਵਾਰ ਦੇ ਲਈ ਇੱਕ ਬਹੁਤ ਹੀ ਅਨਮੋਲ ਖਜ਼ਾਨਾ, ਇੱਕ ਚੰਗਾ video album ਵੀ ਬਣ ਜਾਵੇਗਾ।
ਸਾਥੀਓ, ਇਹ ਸੱਚ ਹੈ - ਆਤਮ ਕਥਾ ਜਾਂ ਜੀਵਨੀ autobiography ਜਾਂ biography ਇਤਿਹਾਸ ਦੀ ਸੱਚਾਈ ਦੇ ਨੇੜੇ ਜਾਣ ਲਈ ਬਹੁਤ ਹੀ ਲਾਹੇਵੰਦ ਮਾਧਿਅਮ ਹੁੰਦੀ ਹੈ। ਤੁਸੀਂ ਵੀ ਆਪਣੇ ਵੱਡੇ ਬਜ਼ੁਰਗਾਂ ਨਾਲ ਗੱਲ ਕਰੋਗੇ ਤਾਂ ਉਨ੍ਹਾਂ ਦੇ ਸਮੇਂ ਦੀਆਂ ਗੱਲਾਂ ਨੂੰ, ਉਨ੍ਹਾਂ ਦੇ ਬਚਪਨ, ਉਨ੍ਹਾਂ ਦੀ ਜਵਾਨੀ ਦੀਆਂ ਗੱਲਾਂ ਨੂੰ ਹੋਰ ਅਸਾਨੀ ਨਾਲ ਸਮਝ ਸਕੋਗੇ। ਇਹ ਬਿਹਤਰੀਨ ਮੌਕਾ ਹੈ ਕਿ ਬਜ਼ੁਰਗ ਵੀ ਆਪਣੇ ਬਚਪਨ ਦੇ ਬਾਰੇ, ਉਸ ਦੌਰ ਦੇ ਬਾਰੇ ਆਪਣੇ ਘਰ ਦੇ ਬੱਚਿਆਂ ਨੂੰ ਦੱਸਣ।
ਸਾਥੀਓ, ਦੇਸ਼ ਦੇ ਇੱਕ ਵੱਡੇ ਹਿੱਸੇ ਵਿੱਚ ਹੁਣ ਮੌਨਸੂਨ ਪਹੁੰਚ ਚੁੱਕਾ ਹੈ, ਇਸ ਵਾਰ ਬਰਸਾਤ ਨੂੰ ਲੈ ਕੇ ਮੌਸਮ ਵਿਗਿਆਨੀ ਵੀ ਬਹੁਤ ਉਤਸ਼ਾਹਿਤ ਹਨ, ਬਹੁਤ ਉਮੀਦ ਜਤਾ ਰਹੇ ਹਨ। ਬਾਰਿਸ਼ ਚੰਗੀ ਹੋਵੇਗੀ ਤਾਂ ਸਾਡੇ ਕਿਸਾਨਾਂ ਦੀਆਂ ਫ਼ਸਲਾਂ ਵੀ ਚੰਗੀਆਂ ਹੋਣਗੀਆਂ, ਵਾਤਾਵਰਣ ਵੀ ਹਰਿਆ-ਭਰਿਆ ਹੋਵੇਗਾ। ਬਾਰਿਸ਼ ਦੇ ਮੌਸਮ ਵਿੱਚ ਕੁਦਰਤ ਵੀ ਜਿਵੇਂ ਖ਼ੁਦ ਨੂੰ rejuvenate ਕਰ ਲੈਂਦੀ ਹੈ। ਮਨੁੱਖ ਕੁਦਰਤੀ ਸਾਧਨਾਂ ਦੀ ਜਿੰਨੀ ਵਰਤੋਂ ਕਰਦਾ ਹੈ, ਕੁਦਰਤ ਇੱਕ ਤਰ੍ਹਾਂ ਨਾਲ ਬਾਰਿਸ਼ ਦੇ ਸਮੇਂ ਉਨ੍ਹਾਂ ਦੀ ਭਰਪਾਈ ਕਰਦੀ ਹੈ। refilling ਕਰਦੀ ਹੈ, ਲੇਕਿਨ ਇਹ ਰੀਫਿਲਿੰਗ ਤਾਂ ਹੀ ਹੋ ਸਕਦੀ ਹੈ ਜਦੋਂ ਅਸੀਂ ਵੀ ਇਸ ਵਿੱਚ ਆਪਣੀ ਧਰਤੀ ਮਾਂ ਦਾ ਸਾਥ ਦੇਈਏ, ਆਪਣੀ ਜ਼ਿੰਮੇਵਾਰੀ ਨਿਭਾਈਏ। ਸਾਡੇ ਦੁਆਰਾ ਕੀਤੀ ਗਈ ਥੋੜ੍ਹੀ ਜਿਹੀ ਕੋਸ਼ਿਸ਼ ਕੁਦਰਤ ਨੂੰ, ਵਾਤਾਵਰਣ ਨੂੰ ਬਹੁਤ ਸਹਾਇਤਾ ਕਰਦੀ ਹੈ। ਸਾਡੇ ਕਈ ਦੇਸ਼ਵਾਸੀ ਤਾਂ ਇਸ ਵਿੱਚ ਬਹੁਤ ਵੱਡਾ ਕੰਮ ਕਰ ਰਹੇ ਹਨ।
ਕਰਨਾਟਕ ਦੇ ਮੰਡਾਵਲੀ ਵਿੱਚ ਇੱਕ 80-85 ਸਾਲ ਦੇ ਬਜ਼ੁਰਗ ਹਨ, Kamegowda। ਕਾਮੇਗੌੜਾ ਜੀ ਇੱਕ ਸਧਾਰਣ ਕਿਸਾਨ ਹਨ, ਲੇਕਿਨ ਉਨ੍ਹਾਂ ਦੀ ਸ਼ਖਸੀਅਤ ਬਹੁਤ ਅਸਧਾਰਣ ਹੈ। ਉਨ੍ਹਾਂ ਨੇ ਇੱਕ ਅਜਿਹਾ ਕੰਮ ਕੀਤਾ ਹੈ ਕਿ ਕੋਈ ਵੀ ਹੈਰਾਨ ਹੋ ਜਾਵੇਗਾ। 80-85 ਸਾਲ ਦੇ ਕਾਮੇਗੌੜਾ ਜੀ ਆਪਣੇ ਜਾਨਵਰਾਂ ਨੂੰ ਚਰਾਉਂਦੇ ਹਨ ਪਰ ਨਾਲ-ਨਾਲ ਉਨ੍ਹਾਂ ਨੇ ਆਪਣੇ ਖੇਤਰ ਵਿੱਚ ਨਵੇਂ ਤਲਾਬ ਬਣਾਉਣ ਦੀ ਵੀ ਜ਼ਿੰਮੇਵਾਰੀ ਚੁੱਕੀ ਹੋਈ ਹੈ। ਉਹ ਆਪਣੇ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਨੂੰ ਦੂਰ ਕਰਨਾ ਚਾਹੁੰਦੇ ਹਨ। ਇਸ ਲਈ ਜਲ ਸੁਰੱਖਿਆ ਦੇ ਕੰਮ ਵਿੱਚ ਛੋਟੇ-ਛੋਟੇ ਤਲਾਬ ਬਣਾਉਣ ਦੇ ਕੰਮ ਵਿੱਚ ਜੁਟੇ ਹੋਏ ਹਨ। ਤੁਸੀਂ ਹੈਰਾਨ ਹੋਵੋਗੇ ਕਿ 80-85 ਸਾਲ ਦੇ ਕਾਮੇਗੌੜਾ ਜੀ ਹੁਣ ਤੱਕ 16 ਤਲਾਬ ਖੋਦ ਚੁੱਕੇ ਹਨ। ਆਪਣੀ ਮਿਹਨਤ ਨਾਲ, ਆਪਣੀ ਲਗਨ ਨਾਲ। ਹੋ ਸਕਦਾ ਹੈ ਕਿ ਇਹ ਜੋ ਤਲਾਬ ਉਨ੍ਹਾਂ ਨੇ ਬਣਾਏ ਹਨ, ਉਹ ਬਹੁਤੇ ਵੱਡੇ-ਵੱਡੇ ਨਾ ਹੋਣ, ਲੇਕਿਨ ਉਨ੍ਹਾਂ ਦੀ ਇਹ ਕੋਸ਼ਿਸ਼ ਬਹੁਤ ਵੱਡੀ ਹੈ। ਅੱਜ ਪੂਰੇ ਇਲਾਕੇ ਨੂੰ ਇਨ੍ਹਾਂ ਤਲਾਬਾਂ ਨਾਲ ਇੱਕ ਨਵਾਂ ਜੀਵਨ ਮਿਲਿਆ ਹੈ।
ਸਾਥੀਓ, ਗੁਜਰਾਤ ਦੇ ਵਡੋਦਰਾ ਦਾ ਵੀ ਇੱਕ ਉਦਾਹਰਣ ਬਹੁਤ ਪ੍ਰੇਰਕ ਹੈ। ਇੱਥੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਇੱਕ ਦਿਲਚਲਪ ਮੁਹਿੰਮ ਚਲਾਈ। ਇਸ ਮੁਹਿੰਮ ਦੀ ਵਜ੍ਹਾ ਨਾਲ ਅੱਜ ਵਡੋਦਰਾ ਵਿੱਚ 1000 ਸਕੂਲਾਂ ਵਿੱਚ rain water harvesting ਹੋਣ ਲੱਗੀ ਹੈ। ਇੱਕ ਅਨੁਮਾਨ ਹੈ ਕਿ ਇਸ ਵਜ੍ਹਾ ਨਾਲ ਹਰ ਸਾਲ ਔਸਤਨ ਲਗਭਗ 10 ਕਰੋੜ ਲੀਟਰ ਪਾਣੀ ਬੇਕਾਰ ਵਹਿ ਜਾਣ ਤੋਂ ਬਚਾਇਆ ਜਾ ਰਿਹਾ ਹੈ।
ਸਾਥੀਓ, ਇਸ ਬਰਸਾਤ ਵਿੱਚ ਕੁਦਰਤ ਦੀ ਰੱਖਿਆ ਦੇ ਲਈ, ਵਾਤਾਵਰਣ ਦੀ ਰੱਖਿਆ ਦੇ ਲਈ ਸਾਨੂੰ ਵੀ ਕੁਝ ਇਸੇ ਤਰ੍ਹਾਂ ਸੋਚਣ ਦੀ, ਕੁਝ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ, ਜਿਵੇਂ ਕਈ ਥਾਵਾਂ 'ਤੇ ਗਣੇਸ਼ ਚਤੁਰਥੀ ਦੀਆਂ ਤਿਆਰੀਆਂ ਸ਼ੁਰੂ ਹੋਣ ਜਾ ਰਹੀਆਂ ਹੋਣਗੀਆਂ, ਕੀ ਇਸ ਵਾਰ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ eco-friendly ਗਣੇਸ਼ ਜੀ ਦੀਆਂ ਮੂਰਤੀਆਂ ਬਣਾਈਏ ਅਤੇ ਉਨ੍ਹਾਂ ਦੀ ਪੂਜਾ ਕਰੀਏ। ਕੀ ਅਸੀਂ ਅਜਿਹੀਆਂ ਮੂਰਤੀਆਂ ਦੇ ਪੂਜਣ ਤੋਂ ਬਚ ਸਕਦੇ ਹਾਂ ਜੋ ਨਦੀ-ਤਲਾਬਾਂ ਵਿੱਚ ਵਿਸਰਜਣ ਤੋਂ ਬਾਅਦ ਜਲ ਦੇ ਲਈ, ਜਲ ਵਿੱਚ ਰਹਿਣ ਵਾਲੇ ਜੀਵ-ਜੰਤੂਆਂ ਦੇ ਲਈ ਸੰਕਟ ਬਣ ਜਾਂਦੀਆਂ ਹਨ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਅਜਿਹਾ ਜ਼ਰੂਰ ਕਰੋਗੇ ਅਤੇ ਇਨ੍ਹਾਂ ਸਭ ਗੱਲਾਂ ਦੇ ਵਿਚਕਾਰ ਅਸੀਂ ਇਹ ਵੀ ਧਿਆਨ ਰੱਖਣਾ ਹੈ ਕਿ ਮੌਨਸੂਨ ਦੇ ਸੀਜ਼ਨ ਵਿੱਚ ਬਿਮਾਰੀਆਂ ਵੀ ਆਉਂਦੀਆਂ ਹਨ। ਕੋਰੋਨਾ ਕਾਲ ਵਿੱਚ ਸਾਨੂੰ ਇਨ੍ਹਾਂ ਤੋਂ ਵੀ ਬਚ ਕੇ ਰਹਿਣਾ ਹੈ। ਆਯੁਰਵੇਦਿਕ ਦਵਾਈਆਂ, ਕਾੜ੍ਹਾ, ਗਰਮ ਪਾਣੀ ਇਨ੍ਹਾਂ ਸਾਰਿਆਂ ਦੇ ਇਸਤੇਮਾਲ ਕਰਦੇ ਰਹੋ, ਸਵਸਥ ਰਹੋ।
ਮੇਰੇ ਪਿਆਰੇ ਦੇਸ਼ਵਾਸੀਓ, ਅੱਜ 28 ਜੂਨ ਨੂੰ ਭਾਰਤ ਆਪਣੇ ਇੱਕ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦੇ ਰਿਹਾ ਹੈ, ਜਿਨ੍ਹਾਂ ਨੇ ਇੱਕ ਨਾਜ਼ੁਕ ਦੌਰ ਵਿੱਚ ਦੇਸ਼ ਦੀ ਅਗਵਾਈ ਕੀਤੀ। ਸਾਡੇ ਇਹ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਪੀ. ਵੀ. ਨਰਸਿਮ੍ਹਾ ਰਾਓ ਜੀ ਦੀ ਅੱਜ ਜਨਮ ਸ਼ਤਾਬਦੀ ਵਰ੍ਹੇ ਦੀ ਸ਼ੁਰੂਆਤ ਦਾ ਦਿਨ ਹੈ, ਜਦੋਂ ਅਸੀਂ ਪੀ. ਵੀ. ਨਰਸਿਮ੍ਹਾ ਰਾਓ ਜੀ ਦੇ ਬਾਰੇ ਗੱਲ ਕਰਦੇ ਹਾਂ ਤਾਂ ਸਹਿਜ ਰੂਪ ਵਿੱਚ ਰਾਜਨੇਤਾ ਦੇ ਰੂਪ ਵਿੱਚ ਉਨ੍ਹਾਂ ਦੀ ਛਵੀ ਸਾਡੇ ਸਾਹਮਣੇ ਉਭਰਦੀ ਹੈ। ਲੇਕਿਨ ਇਹ ਵੀ ਸੱਚਾਈ ਹੈ ਕਿ ਉਹ ਅਨੇਕਾਂ ਭਾਸ਼ਾਵਾਂ ਨੂੰ ਜਾਣਦੇ ਸਨ। ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਬੋਲ ਲੈਂਦੇ ਸਨ, ਉਹ ਇੱਕ ਪਾਸੇ ਭਾਰਤੀ ਕਦਰਾਂ-ਕੀਮਤਾਂ ਵਿੱਚ ਰਚੇ-ਵਸੇ ਸਨ ਤਾਂ ਦੂਸਰੇ ਪਾਸੇ ਉਨ੍ਹਾਂ ਨੂੰ ਪੱਛਮੀ ਸਾਹਿਤ ਅਤੇ ਵਿਗਿਆਨ ਦਾ ਵੀ ਗਿਆਨ ਸੀ। ਉਹ ਭਾਰਤ ਦੇ ਸਭ ਤੋਂ ਅਨੁਭਵੀ ਨੇਤਾਵਾਂ ਵਿੱਚੋਂ ਇੱਕ ਸਨ। ਲੇਕਿਨ ਉਨ੍ਹਾਂ ਦੇ ਜੀਵਨ ਦਾ ਇੱਕ ਹੋਰ ਪੱਖ ਵੀ ਹੈ ਅਤੇ ਉਹ ਦੱਸਣ ਯੋਗ ਹੈ, ਸਾਨੂੰ ਜਾਨਣਾ ਵੀ ਚਾਹੀਦਾ ਹੈ। ਸਾਥੀਓ ਨਰਸਿਮ੍ਹਾ ਰਾਓ ਆਪਣੀ ਕਿਸ਼ੋਰ ਅਵਸਥਾ ਵਿੱਚ ਹੀ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਿਲ ਹੋ ਗਏ ਸਨ। ਜਦੋਂ ਹੈਦਰਾਬਾਦ ਦੇ ਨਿਜ਼ਾਮ ਨੇ ਵੰਦੇ ਮਾਤਰਮ ਗਾਣੇ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਉਨ੍ਹਾਂ ਦੇ ਖਿਲਾਫ ਅੰਦੋਲਨ ਵਿੱਚ ਉਨ੍ਹਾਂ ਨੇ ਵੀ ਸਰਗਰਮ ਰੂਪ ਵਿੱਚ ਹਿੱਸਾ ਲਿਆ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 17 ਸਾਲ ਸੀ।
ਛੋਟੀ ਉਮਰ ਤੋਂ ਹੀ ਸ਼੍ਰੀਮਾਨ ਨਰਸਿਮ੍ਹਾ ਰਾਓ ਅਨਿਆਂ ਦੇ ਖਿਲਾਫ ਆਵਾਜ਼ ਉਠਾਉਣ ਵਿੱਚ ਅੱਗੇ ਸਨ। ਆਪਣੀ ਆਵਾਜ਼ ਬੁਲੰਦ ਕਰਨ ਵਿੱਚ ਕੋਈ ਹੋਰ ਕਸਰ ਬਾਕੀ ਨਹੀਂ ਛੱਡਦੇ ਸਨ। ਨਰਸਿਮ੍ਹਾ ਰਾਓ ਜੀ ਇਤਿਹਾਸ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝਦੇ ਸਨ। ਬਹੁਤ ਹੀ ਸਧਾਰਣ ਪਿਛੋਕੜ ਤੋਂ ਉੱਠ ਕੇ ਉਨ੍ਹਾਂ ਦਾ ਅੱਗੇ ਵਧਣਾ, ਸਿੱਖਿਆ 'ਤੇ ਉਨ੍ਹਾਂ ਦਾ ਜ਼ੋਰ, ਸਿੱਖਣ ਦਾ ਉਨ੍ਹਾਂ ਦਾ ਰੁਝਾਨ ਅਤੇ ਇਨ੍ਹਾਂ ਸਾਰਿਆਂ ਦੇ ਨਾਲ ਉਨ੍ਹਾਂ ਦੀ ਅਗਵਾਈ ਕਰਨ ਦੀ ਸਮਰੱਥਾ - ਸਭ ਕੁਝ ਯਾਦ ਰੱਖਣ ਯੋਗ ਹੈ। ਮੇਰਾ ਅਨੁਰੋਧ ਹੈ ਕਿ ਨਰਸਿਮ੍ਹਾ ਰਾਓ ਜੀ ਦੇ ਜਨਮ ਸ਼ਤਾਬਦੀ ਵਰ੍ਹੇ ਵਿੱਚ ਤੁਸੀਂ ਸਾਰੇ ਲੋਕ ਉਨ੍ਹਾਂ ਦੇ ਜੀਵਨ ਅਤੇ ਵਿਚਾਰਾਂ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਨਣ ਦੀ ਕੋਸ਼ਿਸ਼ ਕਰੋ। ਮੈਂ ਇੱਕ ਵਾਰ ਫਿਰ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ।
ਮੇਰੇ ਪਿਆਰੇ ਦੇਸ਼ਵਾਸੀਓ, ਇਸ ਵਾਰੀ 'ਮਨ ਕੀ ਬਾਤ' ਵਿੱਚ ਕਈ ਵਿਸ਼ਿਆਂ 'ਤੇ ਗੱਲ ਹੋਈ, ਅਗਲੀ ਵਾਰੀ ਜਦੋਂ ਅਸੀਂ ਮਿਲਾਂਗੇ ਤਾਂ ਕੁਝ ਹੋਰ ਨਵੇਂ ਵਿਸ਼ਿਆਂ 'ਤੇ ਗੱਲ ਹੋਵੇਗੀ। ਤੁਸੀਂ ਆਪਣੇ ਸੰਦੇਸ਼, ਆਪਣੇ innovative Ideas ਮੈਨੂੰ ਜ਼ਰੂਰ ਭੇਜਦੇ ਰਹੋ। ਅਸੀਂ ਸਾਰੇ ਮਿਲ ਕੇ ਅੱਗੇ ਵਧਾਂਗੇ ਅਤੇ ਆਉਣ ਵਾਲੇ ਦਿਨ ਹੋਰ ਵੀ ਸਕਾਰਾਤਮਕ ਹੋਣਗੇ, ਜਿਵੇਂ ਕਿ ਮੈਂ ਅੱਜ ਸ਼ੁਰੂ ਵਿੱਚ ਕਿਹਾ ਕਿ ਅਸੀਂ ਇਸੇ ਸਾਲ ਯਾਨੀ 2020 ਵਿੱਚ ਹੀ ਬਿਹਤਰ ਕਰਾਂਗੇ। ਅੱਗੇ ਵਧਾਂਗੇ ਅਤੇ ਦੇਸ਼ ਵੀ ਨਵੀਆਂ ਉਚਾਈਆਂ ਨੂੰ ਛੂਹੇਗਾ। ਮੈਨੂੰ ਭਰੋਸਾ ਹੈ ਕਿ 2020 ਭਾਰਤ ਨੂੰ ਇਸ ਦਹਾਕੇ ਵਿੱਚ ਇੱਕ ਨਵੀਂ ਦਿਸ਼ਾ ਦੇਣ ਵਾਲਾ ਸਾਲ ਸਾਬਿਤ ਹੋਵੇਗਾ। ਇਸੇ ਭਰੋਸੇ ਨੂੰ ਲੈ ਕੇ ਤੁਸੀਂ ਵੀ ਅੱਗੇ ਵਧੋ, ਸਵਸਥ ਰਹੋ, ਸਕਾਰਾਤਮਕ ਰਹੋ। ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।
ਨਮਸਕਾਰ ।
*****
ਵੀਆਰਆਰਕੇ /ਕੇਪੀ
(Release ID: 1634985)
Visitor Counter : 278
Read this release in:
Kannada
,
Assamese
,
Manipuri
,
English
,
Urdu
,
Marathi
,
Hindi
,
Bengali
,
Gujarati
,
Odia
,
Tamil
,
Telugu
,
Malayalam