ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭਾਰਤ-ਚੀਨ ਸੀਮਾ ਖੇਤਰਾਂ ਵਿੱਚ ਮੌਜੂਦਾ ਸਥਿਤੀ ਬਾਰੇ ਵਿਚਾਰ-ਵਟਾਂਦਰੇ ਲਈ ਸਰਬ ਪਾਰਟੀ ਬੈਠਕ ਕੀਤੀ


ਲੱਦਾਖ ਵਿੱਚ ਸਾਡੇ 20 ਬਹਾਦਰ ਜਵਾਨਾਂ ਨੇ ਦਿੱਤਾ ਸਰਬਉੱਚ ਬਲੀਦਾਨ ਦਿੱਤਾ, ਲੇਕਿਨ ਮਾਤ੍ਰਭੂਮੀ ਵੱਲ ਦੇਖਣ ਦੀ ਹਿੰਮਤ ਕਰਨ ਵਾਲਿਆਂ ਨੂੰ ਸਬਕ ਵੀ ਸਿਖਾਇਆ : ਪ੍ਰਧਾਨ ਮੰਤਰੀ

ਨਾ ਤਾਂ ਕੋਈ ਸਾਡੇ ਖੇਤਰ ਦੇ ਅੰਦਰ ਆਇਆ, ਨਾ ਹੀ ਕਿਸੇ ਚੌਕੀ ’ਤੇ ਕਬਜ਼ਾ ਕੀਤਾ : ਪ੍ਰਧਾਨ ਮੰਤਰੀ

ਭਾਰਤ ਸ਼ਾਂਤੀ ਅਤੇ ਮਿੱਤਰਤਾ ਚਾਹੁੰਦਾ ਹੈ, ਲੇਕਿਨ ਸਾਡੀ ਸੰਪ੍ਰਭੂਤਾ ਨੂੰ ਕਾਇਮ ਰੱਖਣਾ ਸਭ ਤੋਂ ਅਹਿਮ : ਪ੍ਰਧਾਨ ਮੰਤਰੀ

ਸਾਰੇ ਜ਼ਰੂਰੀ ਕਦਮ ਉਠਾਉਣ ਲਈ ਹਥਿਆਰਬੰਦ ਬਲਾਂ ਨੂੰ ਪੂਰੀ ਖੁੱਲ੍ਹ ਦਿੱਤੀ ਗਈ ਹੈ: ਪ੍ਰਧਾਨ ਮੰਤਰੀ

ਸਾਡੀਆਂ ਸੀਮਾਵਾਂ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਲਈ ਸਰਕਾਰ ਨੇ ਸੀਮਾਵਰਤੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਪ੍ਰਮੁੱਖਤਾ ਦਿੱਤੀ ਹੈ : ਪ੍ਰਧਾਨ ਮੰਤਰੀ

ਰਾਸ਼ਟਰੀ ਸੁਰੱਖਿਆ ਲਈ ਉਠਾਏ ਗਏ ਸਾਰੇ ਕਦਮ ਅਤੇ ਬੁਨਿਆਦੀ ਢਾਂਚੇ ਦਾ ਨਿਰਮਾਣ ਤੇਜ਼ ਗਤੀ ਨਾਲ ਜਾਰੀ ਰਹੇਗਾ: ਪ੍ਰਧਾਨ ਮੰਤਰੀ

ਰਾਜਨੀਤਕ ਦਲਾਂ ਦੇ ਨੇਤਾਵਾਂ ਨੇ ਸਰਕਾਰ ਨਾਲ ਇਕਜੁੱਟ ਰਹਿਣ ਦੀ ਪ੍ਰਤੀਬੱਧਤਾ ਜ਼ਾਹਰ ਕੀਤੀ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਰੋਸਾ ਪ੍ਰਗਟਾਇਆ

Posted On: 19 JUN 2020 9:03PM by PIB Chandigarh


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ-ਚੀਨ ਸੀਮਾ ’ਤੇ ਵਰਤਮਾਨ ਹਾਲਾਤ ’ਤੇ ਵਿਚਾਰ-ਵਟਾਂਦਰੇ ਲਈ ਵੀਡੀਓ ਕਾਨਫਰੰਸ ਜ਼ਰੀਏ ਇੱਕ ਸਰਬ ਪਾਰਟੀ ਬੈਠਕ ਦਾ ਆਯੋਜਨ ਕੀਤਾ। ਇਸ ਬੈਠਕ ਵਿੱਚ ਕਈ ਰਾਜਨੀਤਕ ਦਲਾਂ ਦੇ ਪ੍ਰਧਾਨਾਂ ਨੇ ਹਿੱਸਾ ਲਿਆ।

ਹਥਿਆਰਬੰਦ ਬਲਾਂ ਦਾ ਸਾਹਸ

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਅਸੀਂ ਸਾਰੇ ਸਾਡੀਆਂ ਸੀਮਾਵਾਂ ਦੀ ਰੱਖਿਆ ਵਿੱਚ ਲਗੇ ਹੋਏ ਸੈਨਿਕਾਂ ਨਾਲ ਇਕਜੁੱਟ ਹਾਂ ਅਤੇ ਉਨ੍ਹਾਂ ਦੇ ਸਾਹਸ ਅਤੇ ਬਹਾਦਰੀ ’ਤੇ ਪੂਰਾ ਭਰੋਸਾ ਰੱਖਦੇ ਹਾਂ।  ਉਨ੍ਹਾਂ ਨੇ ਕਿਹਾ ਕਿ ਸਰਬ ਪਾਰਟੀ ਬੈਠਕ ਜ਼ਰੀਏ ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਨਾਲ ਪੂਰਾ ਦੇਸ਼ ਖੜ੍ਹਾ ਹੈ।

ਸ਼ੁਰੂਆਤ ਵਿੱਚ ਹੀ ਪ੍ਰਧਾਨ ਮੰਤਰੀ ਨੇ ਸਪਸ਼ਟ ਕਰ ਦਿੱਤਾ ਕਿ ਨਾ ਤਾਂ ਕਿਸੇ ਨੇ ਸਾਡੀ ਸੀਮਾ ਵਿੱਚ ਪ੍ਰਵੇਸ਼ ਕੀਤਾ ਹੈ, ਨਾ ਹੀ ਕਿਸੇ ਵੀ ਪੋਸਟ ’ਤੇ ਕਬਜ਼ਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ 20 ਬਹਾਦਰ ਜਵਾਨਾਂ ਨੇ ਲੱਦਾਖ ਵਿੱਚ ਰਾਸ਼ਟਰ ਲਈ ਆਪਣਾ ਸਰਬਉੱਚ ਬਲੀਦਾਨ ਦਿੱਤਾ ਹੈ,  ਲੇਕਿਨ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਸਬਕ ਵੀ ਸਿਖਾਇਆ ਜਿਨ੍ਹਾਂ ਨੇ ਸਾਡੀ ਮਾਤ੍ਰਭੂਮੀ ਵੱਲ ਦੇਖਣ ਦੀ ਦੁਸਾਹਸ ਕੀਤਾ। ਰਾਸ਼ਟਰ ਉਨ੍ਹਾਂ ਦੇ ਸਾਹਸ ਅਤੇ ਬਲੀਦਾਨ ਨੂੰ ਹਮੇਸ਼ਾ ਯਾਦ ਰੱਖੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਲਏਸੀ ’ਤੇ ਚੀਨ ਦੁਆਰਾ ਉਠਾਏ ਗਏ ਕਦਮਾਂ ਤੋਂ ਪੂਰਾ ਦੇਸ਼ ਆਹਤ ਅਤੇ ਆਕ੍ਰੋਸ਼ਿਤ ਵਿੱਚ ਹੈ। ਉਨ੍ਹਾਂ ਨੇ ਨੇਤਾਵਾਂ ਨੂੰ ਭਰੋਸਾ ਦਿਵਾਇਆ ਕਿ ਸਾਡੇ ਹਥਿਆਰਬੰਦ ਬਲ ਦੇਸ਼ ਦੀ ਰੱਖਿਆ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ। ਜ਼ਮੀਨ, ਸਮੁੰਦਰ ਜਾਂ ਹਵਾਈ ਮਾਧਿਅਮ ਰਾਹੀਂ ਚਾਹੇ ਤੈਨਾਤੀ ਹੋਵੇ, ਕਾਰਵਾਈ ਹੋਵੇ ਜਾਂ ਕੋਈ ਜਵਾਬੀ ਕਾਰਵਾਈ ਹੋਵੇ, ਅਸੀਂ ਦੇਸ਼ ਦੀ ਰੱਖਿਆ ਲਈ ਹਰ ਜ਼ਰੂਰੀ ਕਦਮ ਉਠਾ ਰਹੇ ਹਾਂ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਅੱਜ ਇਤਨਾ ਸਮਰੱਥ ਹੈ ਕਿ ਕੋਈ ਵੀ ਸਾਡੀ ਇੱਕ ਇੰਚ ਵੀ ਜ਼ਮੀਨ ਵੱਲ ਦੇਖਣ ਦਾ ਦੁਸਾਹਸ ਨਹੀਂ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤੀ ਸੈਨਾ ਕਿਸੇ ਵੀ ਖੇਤਰ ਵਿੱਚ ਜਾਣ ਦੇ ਸਮਰੱਥ ਹੈ। ਸੈਨਾ ਨੂੰ ਜਿੱਥੇ ਹਰ ਜ਼ਰੂਰੀ ਕਦਮ ਉਠਾਉਣ ਦੀ ਖੁੱਲ੍ਹ ਦਿੱਤੀ ਗਈ ਹੈ, ਉੱਥੇ ਹੀ ਭਾਰਤ ਨੇ ਡਿਪਲੋਮੈਟਿਕ ਮਾਧਿਅਮ ਰਾਹੀਂ ਚੀਨ ਦੇ ਸਾਹਮਣੇ ਆਪਣਾ ਰੁਖ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਹੈ।

ਸੀਮਾ ’ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣਾ

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਸ਼ਾਂਤੀ ਅਤੇ ਮਿੱਤਰਤਾ ਚਾਹੁੰਦਾ ਹੈ, ਲੇਕਿਨ ਸਾਡੇ ਲਈ ਸੰਪ੍ਰਭੂਤਾ ਸਭ ਤੋਂ ਅਹਿਮ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਆਪਣੀਆਂ ਸੀਮਾਵਾਂ ਨੂੰ ਜ਼ਿਆਦਾ ਸੁਰੱਖਿਅਤ ਕਰਨ ਲਈ ਸੀਮਾਵਰਤੀ ਇਲਾਕਿਆਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਪ੍ਰਮੁੱਖਤਾ ਦੇ ਰਹੀ ਹੈ। ਸਾਡੀ ਸੈਨਾ ਲਈ ਲੜਾਕੂ ਜਹਾਜ਼ਾਂ, ਆਧੁਨਿਕ ਹੈਲੀਕੌਪਟਰਾਂ, ਮਿਜ਼ਾਈਲ ਰੱਖਿਆ ਪ੍ਰਣਾਲੀਆਂ ਅਤੇ ਹੋਰ ਜ਼ਰੂਰਤਾਂ ਦਾ ਪ੍ਰਾਵਧਾਨ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਐੱਲਏਸੀ ’ਤੇ ਹਾਲ ਵਿੱਚ ਵਿਕਸਿਤ ਬੁਨਿਆਦੀ ਢਾਂਚੇ, ਪੈਟ੍ਰੋਲਿੰਗ ਸਮਰੱਥਾ ਤੋਂ ਸਾਨੂੰ ਐੱਲਏਸੀ ’ਤੇ ਹੋਣ ਵਾਲੇ ਘਟਨਾਕ੍ਰਮਾਂ ਬਾਰੇ ਜ਼ਿਆਦਾ ਜਾਣਕਾਰੀ ਮਿਲਦੀ ਹੈ ਅਤੇ ਇਸ ਕ੍ਰਮ ਵਿੱਚ ਅਸੀਂ ਨਿਗਰਾਨੀ ਕਰਨ ਅਤੇ ਪ੍ਰਤੀਕਿਰਿਆ ਦੇਣ ਵਿੱਚ ਜ਼ਿਆਦਾ ਸਮਰੱਥ ਹੋਏ ਹਾਂ।  ਪਹਿਲਾਂ ਜਿੱਥੇ ਉਨ੍ਹਾਂ ਦੀ ਆਵਾਜਾਈ ਬਿਨਾ ਕਿਸੇ ਰੁਕਾਵਟ ਦੇ ਹੁੰਦੀ ਸੀ, ਉੱਥੇ ਹੁਣ ਸਾਡੇ ਜਵਾਨਾਂ ਦੁਆਰਾ ਜਾਂਚ ਕੀਤੀ ਜਾਂਦੀ ਹੈ ਜਿਸ ਦੇ ਚਲਦੇ ਕਈ ਵਾਰ ਤਣਾਅ ਵਧ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਬਿਹਤਰ ਬੁਨਿਆਦੀ ਢਾਂਚੇ ਨਾਲ ਦੁਰਗਮ ਇਲਾਕਿਆਂ ਵਿੱਚ ਜਵਾਨਾਂ ਲਈ ਸਮੱਗਰੀ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਤੁਲਨਾਤਮਕ ਰੂਪ ਨਾਲ ਜ਼ਿਆਦਾ ਅਸਾਨ ਹੋ ਗਈ ਹੈ।

ਪ੍ਰਧਾਨ ਮੰਤਰੀ ਨੇ ਰਾਸ਼ਟਰ ਅਤੇ ਉਸ ਦੇ ਨਾਗਰਿਕਾਂ ਦੀ ਭਲਾਈ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਚਾਹੇ ਇਹ ਵਪਾਰ, ਸੰਪਰਕ ਜਾਂ ਆਤੰਕਵਾਦ ਦਾ ਵਿਰੋਧ ਹੋਵੇ, ਸਰਕਾਰ ਹਮੇਸ਼ਾ ਹੀ ਬਾਹਰੀ ਦਬਾਅ ਦੇ ਸਾਹਮਣੇ ਮਜ਼ਬੂਤੀ ਨਾਲ ਖੜ੍ਹੀ ਰਹੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਰਾਸ਼ਟਰੀ ਸੁਰੱਖਿਆ ਅਤੇ ਜ਼ਰੂਰੀ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਹਰ ਜ਼ਰੂਰੀ ਕਦਮ ਤੇਜ਼ ਗਤੀ ਨਾਲ ਉਠਾਏ ਜਾਂਦੇ ਰਹਿਣਗੇ। ਉਨ੍ਹਾਂ ਨੇ ਦੇਸ਼ ਦੀਆਂ ਸੀਮਾਵਾਂ ਦੀ ਰੱਖਿਆ ਵਿੱਚ ਹਥਿਆਰਬੰਦ ਬਲਾਂ ਦੀ ਸਮਰੱਥਾ ਪ੍ਰਤੀ ਨੇਤਾਵਾਂ ਨੂੰ ਫਿਰ ਤੋਂ ਭਰੋਸਾ ਦਿਵਾਇਆ ਅਤੇ ਕਿਹਾ ਕਿ ਸਾਰੇ ਜ਼ਰੂਰੀ ਕਦਮਾਂ ਲਈ ਉਨ੍ਹਾਂ ਨੂੰ ਪੂਰੀ ਖੁੱਲ੍ਹ ਦੇ ਦਿੱਤੀ ਗਈ ਹੈ।

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਰਾਸ਼ਟਰ ਸ਼ਹੀਦਾਂ ਦੇ ਬਲੀਦਾਨ ਨੂੰ ਕਦੇ ਨਹੀਂ ਭੁੱਲੇਗਾ। ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਸੀਮਾ ਪ੍ਰਬੰਧਨ ’ਤੇ ਭਾਰਤ ਅਤੇ ਚੀਨ ਦਰਮਿਆਨ ਹੋਏ ਸਮਝੌਤਿਆਂ ਦਾ ਸੰਖੇਪ ਵੇਰਵਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ 2014 ਵਿੱਚ ਪ੍ਰਧਾਨ ਮੰਤਰੀ ਨੇ 1999 ਵਿੱਚ ਕੈਬਨਿਟ ਦੁਆਰਾ ਸ਼ਨਾਖਤ ਅਤੇ ਸਵੀਕਾਰ ਕੀਤੇ ਸੀਮਾਵਰਤੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ ਦੇ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਨੇ ਹਾਲ ਦੇ ਘਟਨਾਕ੍ਰਮਾਂ ਦਾ ਵੇਰਵਾ ਵੀ ਸਾਂਝਾ ਕੀਤਾ।

ਰਾਜਨੀਤਕ ਦਲਾਂ ਦੇ ਨੇਤਾਵਾਂ ਨੇ ਕਿਹਾ

ਰਾਜਨੀਤਕ ਦਲਾਂ ਦੇ ਨੇਤਾਵਾਂ ਨੇ ਲੱਦਾਖ ਵਿੱਚ ਹਥਿਆਰਬੰਦ ਬਲਾਂ ਦੁਆਰਾ ਦਿਖਾਈ ਗਈ ਬਹਾਦਰੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਸ ਘੜੀ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ’ਤੇ ਭਰੋਸਾ ਪ੍ਰਗਟਾਇਆ ਅਤੇ ਸਰਕਾਰ ਨਾਲ ਇਕਜੁੱਟ ਰਹਿਣ ਦੀ ਪ੍ਰਤੀਬੱਧਤਾ ਪ੍ਰਦਰਸ਼ਿਤ ਕੀਤੀ। ਉਨ੍ਹਾਂ ਨੇ ਹਾਲਾਤ ਨਾਲ ਨਿਪਟਣ ’ਤੇ ਆਪਣੇ ਰਾਏ ਅਤੇ ਵਿਚਾਰ ਵੀ ਸਾਂਝੇ ਕੀਤੇ।

ਸੁਸ਼੍ਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦਾ ਦਲ ਸਰਕਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਸ਼੍ਰੀ ਨੀਤੀਸ਼ ਕੁਮਾਰ ਨੇ ਕਿਹਾ ਕਿ ਨੇਤਾਵਾਂ ਦਰਮਿਆਨ ਕਿਸੇ ਤਰ੍ਹਾਂ ਦੇ ਮਤਭੇਦ ਨਹੀਂ ਹੋਣੇ ਚਾਹੀਦੇ ਅਤੇ ਦਲਾਂ ਦਰਮਿਆਨ ਏਕਤਾ ਦਾ ਅਭਾਵ ਵੀ ਨਹੀਂ ਹੋਣਾ ਚਾਹੀਦਾ, ਜਿਸ ਦਾ ਦੂਜੇ ਦੇਸ਼ ਫਾਇਦਾ ਉਠਾ ਸਕਣ। ਸ਼੍ਰੀ ਚਿਰਾਗ ਪਾਸਵਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਦੇਸ਼ ਸੁਰੱਖਿਅਤ ਮਹਿਸੂਸ ਕਰਦਾ ਹੈ। ਸ਼੍ਰੀ ਉੱਧਵ ਠਾਕਰੇ ਨੇ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਪੂਰਾ ਦੇਸ਼ ਇਕਜੁੱਟ ਹੈ ਅਤੇ ਪ੍ਰਧਾਨ ਮੰਤਰੀ  ਦੇ ਨਾਲ ਹੈ।

ਸੁਸ਼੍ਰੀ ਸੋਨੀਆ ਗਾਂਧੀ ਨੇ ਕਿਹਾ ਕਿ ਵੇਰਵੇ ਨੂੰ ਲੈ ਕੇ ਨੇਤਾ ਹਾਲੇ ਤੱਕ ਹਨ੍ਹੇਰੇ ਵਿੱਚ ਹਨ ਅਤੇ ਉਨ੍ਹਾਂ ਨੇ ਖੁਫੀਆ ਰਿਪੋਰਟ ਅਤੇ ਹੋਰ ਸਬੰਧਿਤ ਮਾਮਲਿਆਂ ਨੂੰ ਲੈ ਕੇ ਵੀ ਸਰਕਾਰ ਤੋਂ ਸਵਾਲ ਕੀਤੇ।  ਸ਼੍ਰੀ ਸ਼ਰਦ ਪਵਾਰ ਨੇ ਇਸ ਮੁੱਦੇ ’ਤੇ ਜ਼ੋਰ ਦਿੱਤਾ ਕਿ ਕੀ ਜਵਾਨ ਹਥਿਆਰ ਰੱਖਣਗੇ ਜਾਂ ਨਹੀਂ, ਇਸ ਦਾ ਫੈਸਲਾ ਅੰਤਰਰਾਸ਼ਟਰੀ ਸਮਝੌਤਿਆਂ ਨਾਲ ਹੋਵੇਗਾ ਅਤੇ ਦਲਾਂ ਨੂੰ ਅਜਿਹੇ ਮਾਮਲਿਆਂ ਨਾਲ ਜੁੜੀ ਸੰਵੇਦਨਸ਼ੀਲਤਾ ਦਾ ਸਨਮਾਨ ਕਰਨ ਦੀ ਜ਼ਰੂਰਤ ਹੈ। ਸ਼੍ਰੀ ਕੋਨਰਾਡ ਸੰਗਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੂਰਬ-ਉੱਤਰ ਖੇਤਰ ਵਿੱਚ ਬੁਨਿਆਦੀ ਢਾਂਚੇ ’ਤੇ ਕੰਮ ਕਰ ਰਹੇ ਹਨ ਅਤੇ ਇਹ ਜਾਰੀ ਰਹਿਣਾ ਚਾਹੀਦਾ ਹੈ। ਸੁਸ਼੍ਰੀ ਮਾਇਆਵਤੀ ਨੇ ਕਿਹਾ ਕਿ ਇਹ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੋ ਵੀ ਫੈਸਲਾ ਲੈਂਦੇ ਹਨ, ਉਹ ਉਨ੍ਹਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਨਜ਼ਰ  ਆਉਣਗੇ। ਸ਼੍ਰੀ ਐੱਮ. ਕੇ ਸਟਾਲਿਨ ਨੇ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਦੁਆਰਾ ਹਾਲ ਵਿੱਚ ਦਿੱਤੇ ਗਏ ਬਿਆਨ ਦਾ ਸੁਆਗਤ ਕੀਤਾ।

ਪ੍ਰਧਾਨ ਮੰਤਰੀ ਨੇ ਆਪਣੇ ਵਿਚਾਰ ਰੱਖਣ ਅਤੇ ਬੈਠਕ ਵਿੱਚ ਹਿੱਸਾ ਲੈਣ ਲਈ ਸਾਰੇ ਨੇਤਾਵਾਂ ਦਾ ਧੰਨਵਾਦ ਕੀਤਾ।
*******
ਵੀਆਰਆਰਕੇ/ਐੱਸਐੱਚ


(Release ID: 1632853) Visitor Counter : 225