ਖੇਤੀਬਾੜੀ ਮੰਤਰਾਲਾ

ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੇ "ਪ੍ਰਤੀ ਬੂੰਦ ਅਧਿਕ ਫਸਲ" ਪ੍ਰੋਗਰਾਮ ਤਹਿਤ ਸਾਲ 2020-21 ਲਈ ਰਾਜ ਸਰਕਾਰਾਂ ਨੂੰ ਸਲਾਨਾ ਅਲਾਟਮੈਂਟ ਦੇ 4000 ਕਰੋੜ ਰੁਪਏ ਮਨਜ਼ੂਰ; ਕੁਝ ਰਾਜਾਂ ਨੂੰ ਫੰਡ ਜਾਰੀ ਕਰਨ ਦਾ ਕੰਮ ਪ੍ਰਕਿਰਿਆ ਤਹਿਤ


ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ-ਪੀਡੀਐੱਮਸੀ ਤਹਿਤ ਵਿਸ਼ੇਸ਼ ਅਤੇ ਨਵੀਨਤਾ ਵਾਲੇ ਪ੍ਰੋਜੈਕਟਾਂ ਅਤੇ ਲੀਹਾਂ ਤੋਂ ਹਟਕੇ ਸੂਖਮ ਸਿੰਚਾਈ ਨੂੰ ਉਤਸ਼ਾਹਿਤ ਕਰਨ ਲਈ ਨਾਬਾਰਡ ਨਾਲ ਮਿਲਕੇ 5000 ਕਰੋੜ ਰੁਪਏ ਦਾ ਸੂਖਮ ਸਿੰਚਾਈ ਫੰਡ ਵੀ ਕਾਇਮ ਕੀਤਾ ਗਿਆ ਹੈ

Posted On: 10 JUN 2020 12:28PM by PIB Chandigarh


ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੇ 'ਪ੍ਰਤੀ ਬੂੰਦ ਅਧਿਕ ਫਸਲ' (Per Drop More Crop) ਪ੍ਰੋਗਰਾਮ ਨੂੰ ਲਾਗੂ ਕਰ ਰਿਹਾ ਹੈ। ਪੀਐੱਮਕੇਐੱਸਵਾਈ-ਪੀਡੀਐੱਮਸੀ (PMKSY- PDMC) ਸੂਖਮ ਸਿੰਚਾਈ ਤਕਨੀਕਾਂ ਜਿਵੇਂ ਡਰਿੱਪ ਅਤੇ ਫੁਹਾਰਾ ਸਿੰਚਾਈ ਪ੍ਰਣਾਲੀਆਂ ਰਾਹੀਂ ਖੇਤ ਵਿੱਚ ਪਾਣੀ ਦੀ ਕੁਸ਼ਲ ਵਰਤੋਂ ਨੂੰ ਹੁਲਾਰਾ ਦੇਣ ‘ਤੇ ਕੇਂਦ੍ਰਿਤ ਹੈ। ਡਰਿੱਪ ਸੂਖਮ ਸਿੰਚਾਈ ਤਕਨੀਕ ਨਾ ਸਿਰਫ਼ ਪਾਣੀ ਦੀ ਬੱਚਤ ਕਰਦੀ ਹੈ ਬਲਕਿ ਖਾਦ ਦੀ ਵਰਤੋਂ, ਲੇਬਰ ਦੇ ਖਰਚਿਆਂ ਅਤੇ ਹੋਰ ਲਾਗਤਾਂ ਨੂੰ ਘਟਾਉਣ ਵਿੱਚ ਸਹਾਇਤਾ ਕਰਦੀ ਹੈ।

ਚਾਲੂ ਸਾਲ ਲਈ 4000 ਕਰੋੜ ਰੁਪਏ ਦੀ ਸਲਾਨਾ ਅਲਾਟਮੈਂਟ ਕੀਤੀ ਗਈ ਹੈ ਜਿਸ ਤੋਂ ਰਾਜ ਸਰਕਾਰਾਂ ਨੂੰ ਜਾਣੂ ਕਰਵਾਇਆ ਗਿਆ ਹੈ। ਰਾਜ ਸਰਕਾਰਾਂ ਨੇ ਪ੍ਰੋਗਰਾਮ ਹੇਠ ਆਉਣ ਵਾਲੇ ਲਾਭਾਰਥੀਆਂ ਦੀ ਪਹਿਚਾਣ ਕਰ ਲਈ ਹੈ।ਕੁਝ ਰਾਜਾਂ ਲਈ ਸਾਲ 2020-21 ਦੇ ਫੰਡਾਂ ਨੂੰ ਜਾਰੀ ਕਰਨ ਦਾ ਕੰਮ ਪ੍ਰਕਿਰਿਆ ਤਹਿਤ ਹੈ।

ਇਸ ਤੋਂ ਇਲਾਵਾ ਨਾਬਾਰਡ ਨਾਲ ਮਿਲਕੇ 5000 ਕਰੋੜ ਦਾ ਸੂਖਮ ਸਿੰਚਾਈ ਫੰਡ ਕਾਰਪਸ ਕਾਇਮ ਕੀਤਾ ਗਿਆ ਹੈ। ਇਸ ਫੰਡ ਦਾ ਉਦੇਸ਼ ਰਾਜਾਂ ਨੂੰ ਵਿਸ਼ੇਸ਼ ਅਤੇ ਨਵੀਨਤਾ ਵਾਲੇ ਪ੍ਰੋਜੈਕਟਾਂ ਹੇਠ ਸੂਖਮ ਸਿੰਚਾਈ ਦੇ ਦਾਇਰੇ ਨੂੰ ਵਧਾਉਣ ਲਈ ਸਰੋਤਾਂ ਨੂੰ ਜੁਟਾਉਣ ਵਿੱਚ ਸਹਾਇਤਾ ਕਰਨਾ ਹੈ ਅਤੇ ਪੀਐੱਮਕੇਐੱਸਵਾਈ-ਪੀਡੀਐੱਮਸੀ ਤਹਿਤ ਉਪਲਬਧ ਪ੍ਰਬੰਧਾਂ ਤੋਂ ਬਾਹਰ ਸੂਖ਼ਮ ਸਿੰਚਾਈ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਕਿਸਾਨਾਂ ਨੂੰ ਸੂਖਮ ਸਿੰਚਾਈ ਪ੍ਰਣਾਲੀਆਂ ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।

ਹੁਣ ਤੱਕ ਸੂਖਮ ਸਿੰਚਾਈ ਫੰਡ ਤਹਿਤ ਆਂਧਰ ਪ੍ਰਦੇਸ਼ ਨੂੰ 616.14 ਕਰੋੜ ਅਤੇ ਤਮਿਲ ਨਾਡੂ ਨੂੰ 478.79 ਕਰੋੜ ਰੁਪਏ ਨਾਬਾਰਡ ਰਾਹੀਂ ਜਾਰੀ ਕੀਤੇ ਗਏ ਹਨ। ਇੰਨ੍ਹਾਂ ਪ੍ਰੋਜੈਕਟਾਂ ਤਹਿਤ ਆਂਧਰ ਪ੍ਰਦੇਸ਼ ਵਿੱਚ 1.021 ਲੱਖ ਹੈਕਟੇਅਰ ਅਤੇ ਤਮਿਲ ਨਾਡੂ ਵਿੱਚ 1.76 ਲੱਖ ਹੈਕਟੇਅਰ ਰਕਬਾ ਆਉਂਦਾ ਹੈ।

ਪਿਛਲੇ ਪੰਜ ਸਾਲਾਂ (2015-16 ਤੋਂ 2019-20) ਦੌਰਾਨ ਪੀਐੱਮਕੇਐੱਸਵਾਈ-ਪੀਡੀਐੱਮਸੀ ਤਹਿਤ 46.96 ਲੱਖ ਹੈਕਟੇਅਰ ਰਕਬਾ ਕਵਰ ਕੀਤਾ ਗਿਆ ਹੈ।

                                                                             ****

ਏਪੀਐੱਸ/ਐੱਸਜੀ



(Release ID: 1630686) Visitor Counter : 283