ਪ੍ਰਧਾਨ ਮੰਤਰੀ ਦਫਤਰ
ਰਾਜੀਵ ਗਾਂਧੀ ਯੂਨੀਵਰਸਿਟੀ ਆਵ੍ ਹੈਲਥ ਸਾਇੰਸਿਜ਼ ਦੇ 25ਵੇਂ ਸਥਾਪਨਾ ਦਿਵਸ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
Posted On:
01 JUN 2020 12:19PM by PIB Chandigarh
ਮੈਨੂੰ ਇਸ ਪ੍ਰਤਿਸ਼ਠਿਤ ਯੂਨੀਵਰਸਿਟੀ ਦੇ 25ਵੇਂ ਸਥਾਪਨਾ ਦਿਵਸ ’ਤੇ ਆਯੋਜਿਤ ਸਮਾਗਮ ਦਾ ਉਦਘਾਟਨ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ। ਮੈਂ ਇਸ ਯੂਨੀਵਰਸਿਟੀ ਨਾਲ ਜੁੜੇ ਸਮੁੱਚੇ ਮੈਡੀਕਲ ਅਤੇ ਵਿਗਿਆਨਕ ਸਮੁਦਾਇ ਨੂੰ ਵਧਾਈ ਦਿੰਦਾ ਹਾਂ।
ਇਨ੍ਹਾਂ ਲੰਘੇ ਸਾਲਾਂ ਵਿੱਚ ਤੁਸੀਂ ਸਾਰੇ ਅਕਾਦਮਿਕ ਦੇ ਨਾਲ-ਨਾਲ ਮੈਡੀਕਲ ਪ੍ਰਣਾਲੀਆਂ ’ਤੇ ਸਿਖਲਾਈ ਦੇ ਖੇਤਰ ਵਿੱਚ ਵੀ ਅਦਭੁੱਤ ਕੰਮ ਕਰਦੇ ਰਹੇ ਹੋ।
25 ਸਾਲ ਦਾ ਮਤਲਬ ਹੈ ਕਿ ਇਹ ਯੂਨੀਵਰਸਿਟੀ ਆਪਣੇ ਵਧਣ-ਫੁੱਲਣ ਦੇ ਚਰਮ ਪੜਾਅ ਵਿੱਚ ਹੈ। ਇਹ ਦੌਰ ਨਿਸ਼ਚਿਤ ਤੌਰ ’ਤੇ ਹੋਰ ਵੀ ਵੱਡਾ ਸੋਚਣ ਅਤੇ ਬਿਹਤਰ ਕਰਨ ਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਯੂਨੀਵਰਸਿਟੀ ਆਉਣ ਵਾਲੇ ਸਮੇਂ ਵਿੱਚ ਵੀ ਨਿਰੰਤਰ ਨਵੀਆਂ ਉਚਾਈਆਂ ਨੂੰ ਛੂੰਹਦੀ ਰਹੇਗੀ। ਮੈਂ ਕੋਵਿਡ-19 ਸਥਿਤੀ ਨਾਲ ਨਜਿੱਠਣ ਲਈ ਕਰਨਾਟਕ ਸਰਕਾਰ ਵੱਲੋਂ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕਰਦਾ ਹਾਂ। ਮਿੱਤਰੋ ਜੇਕਰ ਆਮ ਸਥਿਤੀ ਹੁੰਦੀ ਤਾਂ ਇਹ ਸਮਾਗਮ ਨਿਸ਼ਚਿਤ ਰੂਪ ਨਾਲ ਹੋਰ ਵੀ ਜ਼ਿਆਦਾ ਵਿਆਪਕ ਹੁੰਦਾ। ਜੇਕਰ ਆਲਮੀ ਮਹਾਮਾਰੀ ਦਾ ਪ੍ਰਕੋਪ ਨਾ ਵਧਿਆ ਹੁੰਦਾ ਤਾਂ ਮੈਂ ਇਸ ਵਿਸ਼ੇਸ਼ ਮੌਕੇ ’ਤੇ ਬੰਗਲੁਰੂ ਵਿੱਚ ਹੀ ਤੁਹਾਡੇ ਸਾਰਿਆਂ ਨਾਲ ਰਹਿ ਕੇ ਆਹਮਣੇ-ਸਾਹਮਣੇ ਚਰਚਾ ਕਰਨਾ ਪਸੰਦ ਕਰਦਾ।
ਪਰ ਅੱਜ ਪੂਰੀ ਦੁਨੀਆ ਦੋ ਵਿਸ਼ਵ ਯੁੱਧਾਂ ਦੇ ਬਾਅਦ ਦੇ ਇੱਕ ਸਭ ਤੋਂ ਵੱਡੇ ਸੰਕਟ ਨਾਲ ਜੂਝ ਰਹੀ ਹੈ। ਜਿਸ ਤਰ੍ਹਾਂ ਨਾਲ ਵਿਸ਼ਵ ਯੁੱਧਾਂ ਤੋਂ ਪਹਿਲਾਂ ਅਤੇ ਬਾਅਦ ਦੀ ਦੁਨੀਆ ਬਦਲ ਗਈ ਸੀ, ਠੀਕ ਉਸੇ ਤਰ੍ਹਾਂ ਨਾਲ ਕੋਵਿਡ ਤੋਂ ਪਹਿਲਾਂ ਅਤੇ ਬਾਅਦ ਦੀ ਦੁਨੀਆ ਵੀ ਇੱਕ ਦੂਜੇ ਤੋਂ ਵੱਖਰੀ ਹੋਵੇਗੀ।
ਮਿੱਤਰੋ, ਸੰਕਟ ਦੀ ਇਸ ਘੜੀ ਵਿੱਚ ਦੁਨੀਆ ਵੱਡੀਆਂ ਉਮੀਦਾਂ ਨਾਲ ਸਾਡੇ ਡਾਕਟਰਾਂ, ਨਰਸਾਂ, ਮੈਡੀਕਲ ਕਰਮਚਾਰੀਆਂ ਅਤੇ ਵਿਗਿਆਨਕ ਸਮੁਦਾਇ ਵੱਲ ਦੇਖ ਰਹੀ ਹੈ। ਦੁਨੀਆ ਨੂੰ ਤੁਹਾਡੀ ‘ਦੇਖਭਾਲ’ ਅਤੇ ‘ਇਲਾਜ’ ਦੋਵਾਂ ਦੀ ਹੀ ਜ਼ਰੂਰਤ ਹੈ।
ਮਿੱਤਰੋ, ਕੋਵਿਡ-19 ਖ਼ਿਲਾਫ਼ ਭਾਰਤ ਦੀ ਇਸ ਦਲੇਰ ਲੜਾਈ ਦੇ ਮੂਲ ਵਿੱਚ ਮੈਡੀਕਲ ਸਮੁਦਾਇ ਅਤੇ ਸਾਡੇ ਕੋਰੋਨਾ ਜੋਧਿਆਂ ਦੀ ਸਖ਼ਤ ਮਿਹਨਤ ਹੈ। ਅਸਲ ਵਿੱਚ ਡਾਕਟਰ ਅਤੇ ਮੈਡੀਕਲ ਕਰਮਚਾਰੀ ਸੈਨਿਕਾਂ ਦੀ ਹੀ ਤਰ੍ਹਾਂ ਹਨ, ਪਰ ਸੈਨਿਕਾਂ ਦੀ ਵਰਦੀ ਦੇ ਬਿਨਾਂ ਨਿਰੰਤਰ ਕਾਰਜਸ਼ੀਲ ਹਨ। ਵਾਇਰਸ ਇੱਕ ਅਦ੍ਰਿਸ਼ ਦੁਸ਼ਮਣ ਹੋ ਸਕਦਾ ਹੈ, ਪਰ ਸਾਡੇ ਕੋਰੋਨਾ ਯੋਧੇ ਯਾਨੀ ਮੈਡੀਕਲ ਕਰਮਚਾਰੀ ਅਜਿੱਤ ਹਨ। ਅਦ੍ਰਿਸ਼ ਬਨਾਮ ਅਜਿੱਤ ਦੀ ਲੜਾਈ ਵਿੱਚ ਸਾਡੇ ਮੈਡੀਕਲ ਕਰਮਚਾਰੀਆਂ ਦੀ ਜਿੱਤ ਯਕੀਨੀ ਹੈ। ਮਿੱਤਰੋ, ਇਸਤੋਂ ਪਹਿਲਾਂ ਆਲਮੀਕਰਨ ’ਤੇ ਬਹਿਸ ਦੌਰਾਨ ਆਰਥਿਕ ਮੁੱਦਿਆਂ ’ਤੇ ਫੋਕਸ ਕੀਤਾ ਜਾਂਦਾ ਰਿਹਾ ਹੈ। ਹੁਣ, ਦੁਨੀਆ ਨੂੰ ਨਿਸ਼ਚਿਤ ਤੌਰ ’ਤੇ ਇਕਜੁੱਟ ਹੋ ਕੇ ਵਿਾਕਸ ਦੇ ਮਾਨਵਤਾ ਕੇਂਦ੍ਰਿਤ ਪਹਿਲੂਆਂ ’ਤੇ ਫੋਕਸ ਕਰਨਾ ਚਾਹੀਦਾ ਹੈ।
ਸਿਹਤ ਦੇ ਖੇਤਰ ਵਿੱਚ ਵਿਭਿੰਨ ਰਾਸ਼ਟਰਾਂ ਦੀ ਪ੍ਰਗਤੀ ਪਹਿਲਾਂ ਤੋਂ ਕਿਧਰੇ ਜ਼ਿਆਦਾ ਮਾਅਨੇ ਰੱਖੇਗੀ। ਮਿੱਤਰੋ, ਪਿਛਲੇ ਛੇ ਸਾਲਾਂ ਦੌਰਾਨ ਭਾਰਤ ਵਿੱਚ ਅਸੀਂ ਸਿਹਤ ਸੇਵਾ ਅਤੇ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਕਈ ਜ਼ਿਕਰਯੋਗ ਪਹਿਲਾਂ ਕੀਤੀਆਂ ਹਨ।
ਅਸੀਂ ਮੋਟੇ ਤੌਰ ’ਤੇ ਚਾਰ ਥੰਮ੍ਹਾਂ ’ਤੇ ਕੰਮ ਕਰ ਰਹੇ ਹਾਂ:
ਪਹਿਲਾ ਥੰਮ੍ਹ ਹੈ-ਰੋਗ ਨਿਵਾਰਣ ਸਿਹਤ ਸੇਵਾ। ਇਸ ਵਿੱਚ ਯੋਗ, ਆਯੁਰਵੇਦ ਅਤੇ ਆਮ ਫਿਟਨੈੱਸ ਦਾ ਵਿਸ਼ੇਸ਼ ਮਹੱਤਵ ਸ਼ਾਮਲ ਹੈ। 40 ਹਜ਼ਾਰ ਤੋਂ ਵੀ ਜ਼ਿਆਦਾ ਵੈਲਨੈੱਸ ਸੈਂਟਰ ਖੋਲ੍ਹੇ ਗਏ ਹਨ ਜਿੱਥੇ ਮੁੱਖ ਤੌਰ ’ਤੇ : ਜੀਵਨਸ਼ੈਲੀ ਨਾਲ ਸਬੰਧਿਤ ਬਿਮਾਰੀਆਂ ਨੂੰ ਕੰਟਰੋਲ ਕਰਨ ’ਤੇ ਕਾਫ਼ੀ ਫੋਕਸ ਕੀਤਾ ਜਾਂਦਾ ਹੈ। ਸਵੱਛ ਭਾਰਤ ਮਿਸ਼ਨ ਦੀ ਸਫਲਤਾ ਰੋਗ ਨਿਵਾਰਕ ਸਿਹਤ ਸੇਵਾ ਦਾ ਇੱਕ ਹੋਰ ਅਹਿਮ ਹਿੱਸਾ ਹੈ।
ਦੂਜਾ ਥੰਮ੍ਹ ਹੈ-ਕਫਾਇਤੀ ਸਿਹਤ ਸੇਵਾ। ਆਯੁਸ਼ਮਾਨ ਭਾਰਤ-ਦੁਨੀਆ ਦੀ ਇਹ ਸਭ ਤੋਂ ਵੱਡੀ ਸਿਹਤ ਸੇਵਾ ਯੋਜਨਾ ਭਾਰਤ ਦੀ ਹੀ ਹੈ। ਦੋ ਸਾਲ ਤੋਂ ਵੀ ਘੱਟ ਸਮੇਂ ਵਿੱਚ ਇੱਕ ਕਰੋੜ ਲੋਕ ਇਸ ਯੋਜਨਾ ਤੋਂ ਲਾਭ ਪ੍ਰਾਪਤ ਕਰ ਚੁੱਕੇ ਹਨ। ਔਰਤਾਂ ਅਤੇ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਇਸ ਯੋਜਨਾ ਦੇ ਪ੍ਰਮੁੱਖ ਲਾਭਪਾਤਰੀਆਂ ਵਿੱਚ ਸ਼ਾਮਲ ਹਨ।
ਤੀਜਾ ਥੰਮ੍ਹ ਹੈ-ਸਪਲਾਈ ਦੇ ਮੋਰਚੇ ’ਤੇ ਸੁਧਾਰ। ਭਾਰਤ ਵਰਗੇ ਦੇਸ਼ ਵਿੱਚ ਸਮੁੱਚਾ ਸਿਹਤ ਢਾਂਚਾ ਅਤੇ ਮੈਡੀਕਲ ਸਿੱਖਿਆ ਦੀਆਂ ਬੁਨਿਆਦੀ ਢਾਂਚਾਗਤ ਸੁਵਿਧਾਵਾਂ ਹੋਣੀਆਂ ਚਾਹੀਦੀਆਂ ਹਨ। ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਜਾਂ ਪੋਸਟਗ੍ਰੈਜੂਏਟ ਮੈਡੀਕਲ ਸੰਸਥਾਨ ਸੁਨਿਸ਼ਚਿਤ ਕਰਨ ’ਤੇ ਕੰਮ ਚੱਲ ਰਿਹਾ ਹੈ।
ਦੇਸ਼ ਵਿੱਚ 22 ਹੋਰ ਏਮਸ ਖੋਲ੍ਹਣ ਦੀ ਦਿਸ਼ਾ ਵਿੱਚ ਤੇਜੀ ਨਾਲ ਪ੍ਰਗਤੀ ਦੇਖੀ ਗਈ ਹੈ। ਪਿਛਲੇ ਪੰਜ ਸਾਲਾਂ ਵਿੱਚ ਅਸੀਂ ਐੱਮਬੀਬੀਐੱਸ ਵਿੱਚ ਤੀਹ ਹਜ਼ਾਰ ਤੋਂ ਵੀ ਜ਼ਿਆਦਾ ਸੀਟਾਂ ਅਤੇ ਪੋਸਟਗ੍ਰੈਜੂਏਟ ਵਿੱਚ ਪੰਦਰਾਂ ਹਜ਼ਾਰ ਸੀਟਾਂ ਵਧਾਉਣ ਵਿੱਚ ਸਮਰੱਥ ਸਾਬਤ ਹੋਏ ਹਾਂ। ਇਹ ਅਜ਼ਾਦੀ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਸਰਕਾਰ ਦੇ ਪੰਜ ਸਾਲ ਦੇ ਕਾਰਜਕਾਲ ਵਿੱਚ ਸਭ ਤੋਂ ਵੱਡਾ ਵਾਧਾ ਹੈ। ਸੰਸਦ ਦੇ ਇੱਕ ਕਾਨੂੰਨ ਰਾਹੀਂ ‘ਭਾਰਤੀ ਮੈਡੀਕਲ ਕੌਂਸਲ’ ਦਾ ਸਥਾਨ ਨਵੇਂ ‘ਰਾਸ਼ਟਰੀ ਮੈਡੀਕਲ ਕਮਿਸ਼ਨ’ ਨੇ ਲਿਆ ਹੈ। ਇਹ ਮੈਡੀਕਲ ਸਿੱਖਿਆ ਦੀ ਗੁਣਵੱਤਾ ਬਿਹਤਰ ਕਰਨ ਵਿੱਚ ਕਾਫ਼ੀ ਮਦਦਗਾਰ ਸਾਬਤ ਹੋਵੇਗਾ ਜਿਸ ਨਾਲ ਇਹ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਰੂਪ ਹੋ ਜਾਵੇਗਾ।
ਚੌਥਾ ਥੰਮ੍ਹ ਹੈ-ਮਿਸ਼ਨ ਮੋਡ ਵਿੱਚ ਲਾਗੂ ਕਰਨਾ-ਕਾਗਜ਼ ’ਤੇ ਚੰਗੀ ਤਰ੍ਹਾਂ ਨਾਲ ਕਲਪਿਤ ਵਿਚਾਰ ਸਿਰਫ਼ ਇੱਕ ਚੰਗਾ ਵਿਚਾਰ ਹੁੰਦਾ ਹੈ ਅਤੇ ਜਦੋਂ ਇੱਕ ਚੰਗਾ ਵਿਚਾਰ ਚੰਗੀ ਤਰ੍ਹਾਂ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਇੱਕ ਮਹਾਨ ਵਿਚਾਰ ਬਣ ਜਾਂਦਾ ਹੈ। ਇਸ ਲਈ ਲਾਗੂ ਕਰਨਾ ਬੇਹੱਦ ਲਾਜ਼ਮੀ ਹੈ।
ਇੱਥੇ ਮੈਂ ਭਾਰਤ ਦੇ ‘ਰਾਸ਼ਟਰੀ ਪੋਸ਼ਣ ਮਿਸ਼ਨ’ ਦੀ ਇੱਕ ਸਫਲਤਾ ’ਤੇ ਪ੍ਰਕਾਸ਼ ਪਾਉਣਾ ਚਾਹੁੰਦਾ ਹਾਂ ਜੋ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਲਈ ਕਾਫ਼ੀ ਮਦਦਗਾਰ ਸਾਬਤ ਹੋ ਰਿਹਾ ਹੈ। ਭਾਰਤ ਸਾਲ 2025 ਤੱਕ ਟੀਬੀ ਦਾ ਖਾਤਮਾ ਕਰਨ ਲਈ ਚੌਵੀ ਸੌ ਘੰਟੇ ਕੰਮ ਕਰ ਰਿਹਾ ਹੈੇ। ਇਹ ਸਾਲ 2030 ਦੇ ਆਲਮੀ ਟੀਚੇ ਤੋਂ ਪੰਜ ਸਾਲ ਪਹਿਲਾਂ ਹੀ ਹੋਣ ਜਾ ਰਿਹਾ ਹੈ। ‘ਮਿਸ਼ਨ ਇੰਦਰਧਨੁਸ਼’ ਨੇ ਟੀਕਾਕਰਨ ਕਵਰੇਜ ਵਿੱਚ ਸਾਲਾਨਾ ਵਾਧੇ ਦੀ ਸਾਡੀ ਦਰ ਨੂੰ ਚਾਰ ਗੁਣਾ ਵਧਾ ਦਿੱਤਾ ਹੈ। ਮਿੱਤਰੋ, ਕੇਂਦਰ ਸਰਕਾਰ ਨੇ ਹਾਲ ਹੀ ਵਿੱਚ 50 ਤੋਂ ਵੀ ਜ਼ਿਆਦਾ ਵਿਭਿੰਨ ਮਾਨਤਾ ਪ੍ਰਾਪਤ ਅਤੇ ਸਿਹਤ ਸੇਵਾ ਪੇਸ਼ੇਵਰਾਂ ਦੀ ਸਿੱਖਿਆ ਦੇ ਵਿਸਥਾਰ ਲਈ ਇੱਕ ਨਵਾਂ ਕਾਨੂੰਨ ਲਿਆਉਣ ਦੀ ਪ੍ਰਵਾਨਗੀ ਦਿੱਤੀ ਹੈ। ਇਹ ਕਾਨੂੰਨ ਜਦੋਂ ਪਾਸ ਹੋ ਜਾਵੇਗਾ ਤਾਂ ਦੇਸ਼ ਵਿੱਚ ਪੈਰਾ-ਮੈਡੀਕਲ ਕਰਮਚਾਰੀਆਂ ਦੀ ਘਾਟ ਦੂਰ ਕਰੇਗਾ। ਇਹ ਦੌਰ ਦੇਸ਼ਾਂ ਨੂੰ ਕੁਸ਼ਲ ਸਰੋਤਾਂ ਦੀ ਸਪਲਾਈ ਕਰਨ ਵਿੱਚ ਵੀ ਭਾਰਤ ਦੀ ਮਦਦ ਕਰੇਗਾ।
ਮਿੱਤਰੋ, ਤਿੰਨ ਵਿਚਾਰ ਅਜਿਹੇ ਹਨ ਜਿਨ੍ਹਾਂ ’ਤੇ ਮੈਂ ਜ਼ਿਆਦਾ ਚਰਚਾ ਅਤੇ ਸ਼ਮੂਲੀਅਤ ਦੀ ਬੇਨਤੀ ਕਰਨਾ ਚਾਹੁੰਦਾ ਹਾਂ।
ਪਹਿਲਾ ਹੈ-ਟੈਲੀ-ਮੈਡਿਸਨ ਵਿੱਚ ਪ੍ਰਗਤੀ। ਕੀ ਅਸੀਂ ਅਜਿਹੇ ਨਵੇਂ ਮਾਡਲਾਂ ਬਾਰੇ ਸੋਚ ਸਕਦੇ ਹਾਂ ਜੋ ਟੈਲੀ-ਮੈਡਿਸਨ ਨੂੰ ਵੱਡੇ ਪੈਮਾਨੇ ’ਤੇ ਹਰਮਨ ਪਿਆਰੇ ਬਣਾਉਣ ਵਿੱਚ ਸਮਰੱਥ ਹਨ।
ਦੂਜਾ ਸਿਹਤ ਖੇਤਰ ਵਿੱਚ ‘ਮੇਕ ਇਨ ਇੰਡੀਆ’ ਨਾਲ ਸਬੰਧਿਤ ਹੈ। ਇਸ ਨਾਲ ਜੁੜੇ ਸ਼ੁਰੂਆਤੀ ਫਾਇਦੇ ਮੈਨੂੰ ਆਸ਼ਾਵਾਦੀ ਬਣਾਉਂਦੇ ਹਨ। ਸਾਡੇ ਘਰੇਲੂ ਨਿਰਮਾਤਾਵਾਂ ਨੇ ਪੀਪੀਈ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਨੇ ਕੋਵਿਡ ਯੋਧਿਆਂ ਨੂੰ ਲਗਭਗ 1 ਕਰੋੜ ਪੀਪੀਈ ਦੀ ਸਪਲਾਈ ਕੀਤੀ ਹੈ। ਇਸੀ ਤਰ੍ਹਾਂ ਅਸੀਂ ਸਾਰੇ ਰਾਜਾਂ ਨੂੰ 1.2 ਕਰੋੜ ‘ਮੇਕ ਇਨ ਇੰਡੀਆ’ ਐੱਨ-95 ਮਾਸਕਾਂ ਦੀ ਸਪਲਾਈ ਕੀਤੀ ਹੈ।
ਤੀਜਾ ਹੈ-ਜ਼ਿਆਦਾ ਸਿਹਤ ਸਮਾਜ ਲਈ ਆਈਟੀ ਨਾਲ ਸਬੰਧਿਤ ਟੂਲ ਜਾਂ ਸਾਧਨ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਸਾਰਿਆਂ ਦੇ ਮੋਬਾਈਲ ਫੋਨ ’ਤੇ ਆਰੋਗਯ ਸੇਤੂ ਐਪ ਹੈ। ਸਿਹਤ ਪ੍ਰਤੀ ਜਾਗਰੂਕ 12 ਕਰੋੜ ਲੋਕਾਂ ਨੇ ਇਸ ਨੂੰ ਡਾਊਨਲੋਡ ਕੀਤਾ ਹੈ। ਇਹ ਕੋਰੋਨਾ ਵਾਇਰਸ ਦੇ ਖ਼ਿਲਾਫ਼ ਲੜਾਈ ਵਿੱਚ ਬੇਹੱਦ ਮਦਦਗਾਰ ਰਿਹਾ ਹੈ।
ਮਿੱਤਰੋ, ਮੈਨੂੰ ਇੱਕ ਅਜਿਹੀ ਗੱਲ ਦੀ ਜਾਣਕਾਰੀ ਹੈ ਜੋ ਤੁਹਾਡੇ ਸਾਰਿਆਂ ਲਈ ਕਾਫ਼ੀ ਚਿੰਤਾ ਦਾ ਵਿਸ਼ਾ ਹੈ। ਭੀੜ ਦੀ ਮਾਨਸਿਕਤਾ ਕਾਰਨ ਜੋ ਲੋਕ ਫਰੰਟ ਲਾਈਨ ’ਤੇ ਕੰਮ ਕਰ ਰਹੇ ਹਨ ਜੋ ਲੋਕ ਡਿਊਟੀ ’ਤੇ ਹਨ, ਚਾਹੇ ਉਹ ਡਾਕਟਰ ਹੋਣ, ਜਾਂ ਨਰਸ, ਸਫ਼ਾਈ ਕਰਮਚਾਰੀ ਅਤੇ ਹੋਰ ਕਰਮਚਾਰੀ ਹੋਣ, ਉਨ੍ਹਾਂ ਨੂੰ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ-ਹਿੰਸਾ, ਦੁਰਵਿਵਹਾਰ ਅਤੇ ਮਾੜਾ ਵਿਵਹਾਰ ਸਵੀਕਾਰ ਨਹੀਂ ਹੈ। ਕਿਸੇ ਵੀ ਪ੍ਰਕਾਰ ਦੀ ਹਿੰਸਾ ਖ਼ਿਲਾਫ਼ ਤੁਹਾਡੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਗਏ ਹਨ। ਅਸੀਂ ਫਰੰਟ ਲਾਈਨ ਵਾਲੇ ਕਰਮਚਾਰੀਆਂ ਲਈ 50 ਲੱਖ ਰੁਪਏ ਦਾ ਬੀਮਾ ਕਵਰ ਵੀ ਪ੍ਰਦਾਨ ਕੀਤਾ ਹੈ।
ਮਿੱਤਰੋ, ਮੈਂ ਪਿਛਲੇ 25 ਸਾਲਾਂ ਵਿੱਚ ਇਸ ਯੂਨੀਵਰਸਿਟੀ ਦੀ ਉਪਯੋਗੀ ਯਾਤਰਾ ਬਾਰੇ ਜਾਣ ਕੇ ਬੇਹੱਦ ਪ੍ਰਸੰਨ ਹਾਂ ਜਿਸ ਨੇ ਹਜ਼ਾਰਾਂ ਮੈਡੀਕਲ ਅਤੇ ਅਰਧ-ਮੈਡੀਕਲ ਕਰਮਚਾਰੀਆਂ ਨੂੰ ਤਿਆਰ ਕੀਤਾ ਹੈ ਜੋ ਇਸ ਚੁਣੌਤੀਪੂਰਨ ਸਮੇਂ ਵਿੱਚ ਗ਼ਰੀਬਾਂ ਅਤੇ ਜ਼ਰੂਰਤਮੰਦਾਂ ਦੀ ਸੇਵਾ ਕਰ ਰਹੇ ਹਨ। ਮੈਨੂੰ ਵਿਸ਼ਵਾਸ ਹੈ ਕਿ ਇਹ ਯੂਨੀਵਰਸਿਟੀ ਅੱਗੇ ਵੀ ਉੱਤਮ ਗੁਣਵੱਤਾ ਅਤੇ ਕੁਸ਼ਲਤਾ ਵਾਲੇ ਸਿਹਤ ਕਰਮਚਾਰੀਆਂ ਨੂੰ ਤਿਆਰ ਕਰਨਾ ਜਾਰੀ ਰੱਖੇਗੀ, ਜੋ ਇਸ ਰਾਜ ਅਤੇ ਦੇਸ਼ ਦੋਹਾਂ ਨੂੰ ਹੀ ਮਾਣ ਮਹਿਸੂਸ ਕਰਵਾਉਣਗੇ।
ਧੰਨਵਾਦ। ਤੁਹਾਡਾ ਬਹੁਤ-ਬਹੁਤ ਧੰਨਵਾਦ।
******
ਵੀਆਰਆਰਕੇ/ਏਕੇ
(Release ID: 1628468)
Visitor Counter : 236
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam