ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ 2.0’ ਦੀ 12ਵੀਂ ਕੜੀ ਨੂੰ ਸੰਬੋਧਨ ਕੀਤਾ
ਸਾਡੇ ਦੇਸ਼ ’ਚ ਕੋਰੋਨਾ ਵਿਰੁੱਧ ਜੰਗ ਸਮੂਹਕ ਯਤਨਾਂ ਨਾਲ ਲੜੀ ਜਾ ਰਹੀ ਹੈ, ਕਿਹਾ ਪ੍ਰਧਾਨ ਮੰਤਰੀ ਨੇ ਜਨਤਾ ਨੇ ਸਿੱਧ ਕਰ ਦਿੱਤਾ ਹੈ ਕਿ ਸੇਵਾ ਤੇ ਬਲੀਦਾਨ ਸਾਡੇ ਸਿਰਫ਼ ਆਦਰਸ਼ ਨਹੀਂ, ਇਹ ਤਾਂ ਇੱਕ ਜੀਵਨ ਮਾਰਗ ਹੈ: ਪ੍ਰਧਾਨ ਮੰਤਰੀ
ਯੋਗ ਕਮਿਊਨਿਟੀ, ਇਮਿਊਨਿਟੀ ਤੇ ਯੂਨਿਟੀ ਲਈ ਚੰਗਾ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਦੁਆਰਾ ਦੇਸ਼ ਨੂੰ ਹੋਰ ਉੱਚੇ ਸਿਖ਼ਰਾਂ ’ਤੇ ਲਿਜਾਣ ਲਈ ‘ਆਤਮਨਿਰਭਰ ਭਾਰਤ’ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ
Posted On:
31 MAY 2020 4:04PM by PIB Chandigarh
‘ਮਨ ਕੀ ਬਾਤ 2.0’ ਦੀ 12ਵੀਂ ਕੜੀ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਵਿਰੁੱਧ ਭਿਆਨਕ ਜੰਗ ਸਮੂਹਕ ਯਤਨਾਂ ਨਾਲ ਲੜੀ ਜਾ ਰਹੀ ਹੈ। ਉਨ੍ਹਾਂ ਕੋਵਿਡ ਮਹਾਮਾਰੀ ਦੇ ਚਲਦਿਆਂ ਜਨਤਾ ਨੂੰ ਹੋਰ ਚੌਕਸ ਰਹਿਣ ਅਤੇ ਧਿਆਨ ਰੱਖਣ ਦੀ ਬੇਨਤੀ ਕੀਤੀ, ਭਾਵੇਂ ਅਰਥ–ਵਿਵਸਥਾ ਦਾ ਵੱਡਾ ਹਿੱਸਾ ਖੁੱਲ੍ਹ ਚੁੱਕਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਸ਼੍ਰਮਿਕ ਸਪੈਸ਼ਲ’ ਟ੍ਰੇਨਾਂ ਅਤੇ ਸਾਵਧਾਨੀ ਦੇ ਉਚਿਤ ਉਪਾਵਾਂ ਨਾਲ ਵਿਸ਼ੇਸ਼ ਟ੍ਰੇਨਾਂ ਸਮੇਤ ਰੇਲ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਡਾਣ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ ਹਨ ਅਤੇ ਉਦਯੋਗ ਵੀ ਆਮ ਵਾਂਗ ਮੁੜ ਲੀਹ ’ਤੇ ਪਰਤ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਹਾਲੇ ਕਿਸੇ ਕਿਸਮ ਦੀ ਕੋਈ ਢਿੱਲ ਨਹੀਂ ਵਰਤਣੀ ਚਾਹੀਦੀ ਤੇ ਲੋਕਾਂ ਨੂੰ ‘ਦੋ ਗ਼ਜ਼ ਕੀ ਦੂਰੀ’ ਬਣਾ ਕੇ ਰੱਖਣ, ਚਿਹਰੇ ’ਤੇ ਮਾਸਕ ਪਹਿਨਣ ਅਤੇ ਵੱਧ ਤੋਂ ਵੱਧ ਸਮਾਂ ਘਰ ’ਚ ਹੀ ਰਹਿਣ ਦਾ ਸੁਝਾਅ ਦਿੱਤਾ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬਹੁਤ ਸਾਰੀਆਂ ਔਕੜਾਂ ਝੱਲ ਕੇ ਦੇਸ਼ ਦੀ ਸਥਿਤੀ ਨੂੰ ਕੁਸ਼ਲਤਾਪੂਰਬਕ ਠੀਕ ਰੱਖਿਆ ਗਿਆ ਹੈ ਤੇ ਉਹ ਯਤਨ ਅਜਾਈਂ ਨਹੀਂ ਜਾਣੇ ਚਾਹੀਦੇ।
ਪ੍ਰਧਾਨ ਮੰਤਰੀ ਨੇ ਲੋਕਾਂ ’ਚ ਸੇਵਾ ਦੀ ਭਾਵਨਾ ਦੀ ਸ਼ਲਾਘਾ ਕੀਤੀ ਤੇ ਇਸ ਨੂੰ ਸਭ ਤੋਂ ਵੱਡੀ ਤਾਕਤ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ‘ਸੇਵਾ ਪਰਮੋ ਧਰਮ’ ਦੇ ਕਥਨ ਤੋਂ ਭਲੀਭਾਂਤ ਵਾਕਫ਼ ਹਾਂ; ਸੇਵਾ ਕਰ ਕੇ ਖੁਸ਼ੀ ਮਿਲਦੀ ਹੈ… ਸੇਵਾ ’ਚ ਹੀ ਸੰਤੁਸ਼ਟੀ ਹੈ। ਸਮੁੱਚੇ ਦੇਸ਼ ਦੇ ਮੈਡੀਕਲ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਪ੍ਰਤੀ ਡੂੰਘਾ ਸਤਿਕਾਰ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਦੇ ਡਾਕਟਰਾਂ, ਨਰਸਿੰਗ ਸਟਾਫ਼, ਸਵੱਛਤਾ ਕਾਮਿਆਂ, ਪੁਲਿਸ ਕਰਮੀਆਂ ਤੇ ਪੱਤਰਕਾਰਾਂ ਦੀ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਸੰਕਟ ਦੌਰਾਨ ਔਰਤਾਂ ਦੇ ਸੈਲਫ਼ ਹੈਲਪ ਗਰੁੱਪਾਂ ਦੁਆਰਾ ਕੀਤੇ ਵਰਨਣਯੋਗ ਕਾਰਜਾਂ ਦੀ ਤਾਰੀਫ਼ ਕੀਤੀ।
ਉਨ੍ਹਾਂ ਤਾਮਿਲ ਨਾਡੂ ਦੇ ਕੇਸੀ ਮੋਹਨ, ਅਗਰਤਲਾ ਦੇ ਗੌਤਮ ਦਾਸ, ਪਠਾਨਕੋਟ ਦੇ ਇੱਕ ਦਿਵਯਾਂਗ ਰਾਜੂ, ਜੋ ਸੀਮਤ ਸਾਧਨਾਂ ਦੇ ਬਾਵਜੂਦ ਸੰਕਟ ਦੇ ਇਸ ਸਮੇਂ ਹੋਰਨਾਂ ਦੀ ਮਦਦ ਕਰਦੇ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਔਰਤਾਂ ਦੇ ਸੈਲਫ਼ ਹੈਲਪ ਗਰੁੱਪਾਂ ਦੇ ਦ੍ਰਿੜ੍ਹ ਇਰਾਦਿਆਂ ਦੀਆਂ ਅਨੇਕ ਕਹਾਣੀਆਂ ਦੇਸ਼ ਦੇ ਸਾਰੇ ਕੋਣਿਆਂ ਤੋਂ ਸੁਣਨ ਨੂੰ ਮਿਲ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਇਸ ਮਹਾਮਾਰੀ ਨਾਲ ਜੂਝਣ ਵਿੱਚ ਬਹੁਤ ਜ਼ਿਆਦਾ ਸਰਗਰਮ ਭੂਮਿਕਾ ਨਿਭਾਉਣ ਵਾਲੇ ਵਿਅਕਤੀਆਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨਾਸਿਕ ਦੇ ਰਾਜੇਂਦਰ ਯਾਦਵ ਦੀ ਮਿਸਾਲ ਦਿੱਤੀ ਜਿਨ੍ਹਾਂ ਨੇ ਸੈਨੀਟਾਈਜ਼ੇਸ਼ਨ ਦੀ ਇੱਕ ਮਸ਼ੀਨ ਬਣਾ ਕੇ ਉਸ ਨੂੰ ਆਪਣੇ ਟ੍ਰੈਕਟਰ ਨਾਲ ਜੋੜਿਆ ਸੀ। ਬਹੁਤ ਸਾਰੇ ਦੁਕਾਨਦਾਰਾਂ ਨੇ ‘ਦੋ ਗਜ਼ ਕੀ ਦੂਰੀ’ ਦੇ ਨਿਯਮ ਦੀ ਪਾਲਣਾ ਕਰਨ ਲਈ ਆਪਣੀਆਂ ਦੁਕਾਨਾਂ ਵਿੱਚ ਪਾਈਪ–ਲਾਈਨਾਂ ਫ਼ਿੱਟ ਕਰ ਦਿੱਤੀਆਂ ਸਨ।
ਇਸ ਵਿਸ਼ਵ–ਪੱਧਰੀ ਮਹਾਮਾਰੀ ਕਾਰਨ ਲੋਕਾਂ ਦੇ ਦੁੱਖਾਂ ਤੇ ਔਕੜਾਂ ਦਾ ਦਰਦ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਪਰ ਹੁਣ ਤੱਕ ਸੁਖ–ਸਹੂਲਤਾਂ ਤੋਂ ਵਾਂਝੇ ਰਹੇ ਮਜ਼ਦੂਰ ਤੇ ਕਾਮੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ, ਰਾਜ ਸਰਕਾਰਾਂ, ਹਰੇਕ ਵਿਭਾਗ ਤੇ ਸੰਸਥਾਨ ਪੂਰੀ ਰਫ਼ਤਾਰ ਨਾਲ ਮਿਲ ਕੇ ਰਾਹਤ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮੁੱਚਾ ਦੇਸ਼ ਇਹ ਸਮਝਦਾ ਤੇ ਮਹਿਸੂਸ ਕਰਦਾ ਹੈ ਕਿ ਉਹ ਕਿਹੋ ਜਿਹੇ ਹਾਲਾਤ ’ਚੋਂ ਲੰਘ ਰਹੇ ਹਨ ਅਤੇ ਕੇਂਦਰ ਤੇ ਰਾਜਾਂ ਤੋਂ ਲੈ ਕੇ ਸਥਾਨਕ ਸਰਕਾਰਾਂ ਤੇ ਇਕਾਈਆਂ ਸਭ ਦਿਨ–ਰਾਤ ਸਖ਼ਤ ਮਿਹਨਤ ਕਰ ਰਹੇ ਹਨ। ਉਨ੍ਹਾਂ ਅਜਿਹੇ ਲੋਕਾਂ ਦੀ ਸ਼ਲਾਘਾ ਕੀਤੀ, ਜਿਹੜੇ ਟ੍ਰੇਨਾਂ ਤੇ ਬੱਸਾਂ ਵਿੱਚ ਲੱਖਾਂ ਮਜ਼ਦੂਰਾਂ ਨੂੰ ਲਗਾਤਾਰ ਸੁਰੱਖਿਅਤ ਲਿਜਾਣ ’ਚ ਰੁੱਝੇ ਹੋਏ ਹਨ, ਉਨ੍ਹਾਂ ਦੀ ਭੋਜਨ ਦੀ ਫ਼ਿਕਰ ਕਰਦੇ ਹਨ ਅਤੇ ਹਰੇਕ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਕੁਆਰੰਟੀਨ ਲਈ ਇੰਤਜ਼ਾਮ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਮੇਂ ਦੀ ਲੋੜ ਇਹੋ ਹੈ ਕਿ ਇੱਕ ਨਵਾਂ ਹੱਲ ਲੱਭਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਦਿਸ਼ਾ ਵਿੱਚ ਕਈ ਕਦਮ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਦੇ ਹਾਲੀਆ ਫ਼ੈਸਲਿਆਂ ਨੇ ਗ੍ਰਾਮ ਰੋਜ਼ਗਾਰ, ਸਵੈ–ਰੋਜ਼ਗਾਰ ਤੇ ਲਘੂ ਉਦਯੋਗ ਦੀਆਂ ਵਿਸ਼ਾਲ ਸੰਭਾਵਨਾਵਾਂ ਖੋਲ੍ਹ ਦਿੱਤੀਆਂ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ‘ਆਤਮਨਿਰਭਰ ਭਾਰਤ’ ਮੁਹਿੰਮ ਦੇਸ਼ ਨੂੰ ਇਸ ਦਹਾਕੇ ਵਿੱਚ ਹੋਰ ਉੱਚੇ ਸਿਖ਼ਰਾਂ ਉੱਤੇ ਲੈ ਜਾਵੇਗੀ।
ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਕੋਰੋਨਾ ਮਹਾਮਾਰੀ ਦੇ ਮੌਜੂਦਾ ਸਮੇਂ ਦੌਰਾਨ ਹਰ ਸਥਾਨ ਦੇ ਲੋਕ ‘ਯੋਗ’ ਅਤੇ ‘ਆਯੁਰਵੇਦ’ ਬਾਰੇ ਹੋਰ ਜਾਣਨਾ ਅਤੇ ਇਸ ਨੂੰ ਜੀਵਨ–ਮਾਰਗ ਵਜੋਂ ਅਪਨਾਉਣਾ ਚਾਹੁੰਦੇ ਹਨ। ਉਨ੍ਹਾਂ ‘ਕਮਿਊਨਿਟੀ, ਇਮਿਊਨਿਟੀ ਤੇ ਯੂਨਿਟੀ’ (ਭਾਈਚਾਰਾ, ਰੋਗ–ਪ੍ਰਤੀਰੋਧਕ ਸ਼ਕਤੀ ਤੇ ਏਕਤਾ) ਲਈ ਯੋਗ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਮੌਜੂਦਾ ਮਹਾਮਾਰੀ ਦੌਰਾਨ ਯੋਗ ਦਾ ਮਹੱਤਵ ਹੋਰ ਵੀ ਜ਼ਿਆਦਾ ਉਜਾਗਰ ਹੋਇਆ ਹੈ ਕਿਉਂਕਿ ਇਹ ਵਾਇਰਸ ਮਨੁੱਖੀ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਯੋਗ ’ਚ, ਅਜਿਹੇ ਬਹੁਤ ਸਾਰੇ ਪ੍ਰਾਣਾਯਾਮ ਹਨ ਜਿਹੜੇ ਸਾਹ–ਪ੍ਰਣਾਲੀ ਨੂੰ ਮਜ਼ਬੂਤ ਕਰਦੇ ਹਨ ਅਤੇ ਉਨ੍ਹਾਂ ਦੇ ਲਾਭਦਾਇਕ ਅਸਰ ਲੰਮਾ ਸਮਾਂ ਹੁੰਦੇ ਵੇਖੇ ਗਏ ਹਨ।
ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਯੁਸ਼ ਮੰਤਰਾਲੇ ਦੁਆਰਾ ਆਯੋਜਿਤ ਅੰਤਰਰਾਸ਼ਟਰੀ ਵੀਡੀਓ ਬਲੌਗ ਮੁਕਾਬਲੇ ‘ਮਾਈ ਲਾਈਫ਼, ਮਾਈ ਯੋਗ’ (ਮੇਰਾ ਜੀਵਨ, ਮੇਰਾ ਯੋਗ) ਲਈ ਆਪਣੀਆਂ ਵੀਡੀਓਜ਼ ਸਾਂਝੀਆਂ ਕਰਨ ਅਤੇ ਆਉਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਹਿੱਸਾ ਬਣਨ ਦੀ ਬੇਨਤੀ ਕੀਤੀ।
ਪ੍ਰਧਾਨ ਮੰਤਰੀ ਨੇ ਮਹਾਮਾਰੀ ਨਾਲ ਲੜਨ ਵਿੱਚ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਇਹ ਤੱਥ ਮਾਣ ਨਾਲ ਸਾਂਝਾ ਕੀਤਾ ਕਿ ‘ਆਯੁਸ਼ਮਾਨ ਭਾਰਤ’ ਯੋਜਨਾ ਦੇ ਲਾਭਾਰਥੀਆਂ ਦੀ ਗਿਣਤੀ ਇੱਕ ਕਰੋੜ ਤੋਂ ਵੱਧ ਹੋ ਗਈ ਹੈ। ਉਨ੍ਹਾਂ ‘ਆਯੁਸ਼ਮਾਨ ਭਾਰਤ’ ਦੇ ਲਾਭਾਰਥੀਆਂ ਦੇ ਨਾਲ–ਨਾਲ ਡਾਕਟਰਾਂ, ਨਰਸਾਂ ਤੇ ਮੈਡੀਕਲ ਸਟਾਫ਼ ਨੂੰ ਵੀ ਮੁਬਾਰਕਬਾਦ ਦਿੱਤੀ ਜਿਨ੍ਹਾਂ ਇਸ ਮਹਾਮਾਰੀ ਦੌਰਾਨ ਮਰੀਜ਼ਾਂ ਦਾ ਇਲਾਜ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਅਸੀਂ ਕੋਰੋਨਾ–ਵਾਇਰਸ ਨਾਲ ਲੜ ਰਹੇ ਹਾਂ, ਉੱਧਰ ਅਸੀਂ ਚੱਕਰਵਾਤੀ ਤੂਫ਼ਾਨ ਅੰਫਾਨ ਜਿਹੀਆਂ ਆਫ਼ਤਾਂ ਨਾਲ ਵੀ ਦੋ–ਚਾਰ ਹੋ ਰਹੇ ਹਨ। ਉਨ੍ਹਾਂ ਇਸ ਮਹਾਂ–ਚੱਕਰਵਾਤ ਅੰਫਾਨ ਦਾ ਹੌਸਲੇ ਤੇ ਬਹਾਦਰੀ ਨਾਲ ਸਾਹਮਣਾ ਕਰਨ ਵਾਲੇ ਪੱਛਮੀ ਬੰਗਾਲ ਤੇ ਓੜੀਸ਼ਾ ਦੇ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਨ੍ਹਾਂ ਰਾਜਾਂ ਵਿੱਚ ਨੁਕਸਾਨਾਂ ਅਤੇ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਪ੍ਰਤੀ ਹਮਦਰਦੀ ਪ੍ਰਗਟਾਈ ਅਤੇ ਉਨ੍ਹਾਂ ਨੇ ਜਿਸ ਦ੍ਰਿੜ੍ਹ ਇਰਾਦੇ ਨਾਲ ਇਸ ਸਭ ਦਾ ਮੁਕਾਬਲਾ ਕੀਤਾ, ਉਹ ਵੀ ਕਾਬਿਲੇ ਤਾਰੀਫ਼ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਚੱਕਰਵਾਤੀ ਆਫ਼ਤ ਤੋਂ ਇਲਾਵਾ ਦੇਸ਼ ਦੇ ਬਹੁਤੇ ਭਾਗ ਟਿੱਡੀ ਦਲਾਂ ਦੇ ਹਮਲਿਆਂ ਤੋਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਇਸ ਤੱਥ ਨੂੰ ਉਜਾਗਰ ਕੀਤਾ ਕਿ ਸਰਕਾਰ ਕਿਵੇਂ ਇਸ ਸੰਕਟ ਦੌਰਾਨ ਅਣਥੱਕ ਢੰਗ ਨਾਲ ਕੰਮ ਕਰ ਰਹੀ ਹੈ, ਤਾਂ ਜੋ ਦੇਸ਼ ਦੇ ਆਮ ਵਿਅਕਤੀ ਨੂੰ ਜ਼ਰੂਰੀ ਵਸਤਾਂ ਦੀ ਕਿਸੇ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ। ਕੇਂਦਰ ਤੋਂ ਲੈ ਕੇ ਰਾਜ ਸਰਕਾਰਾਂ, ਖੇਤੀਬਾੜੀ ਵਿਭਾਗ ਜਾਂ ਪ੍ਰਸ਼ਾਸਨ ਸਭ ਦੇ ਯਤਨ ਜਾਰੀ ਹਨ, ਹਰੇਕ ਵਿਅਕਤੀ ਕਿਸਾਨਾਂ ਦੀ ਮਦਦ ਕਰਨ ਅਤੇ ਇਸ ਸੰਕਟ ਕਾਰਨ ਫ਼ਸਲਾਂ ਦਾ ਨੁਕਸਾਨ ਘਟਾਉਣ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨ ਵਿੱਚ ਲੱਗਾ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਮੌਜੂਦਾ ਪੀੜ੍ਹੀ ਨੂੰ ਪਾਣੀ ਬਚਾਉਣ ਦੀ ਜ਼ਿੰਮੇਵਾਰੀ ਮਹਿਸੂਸ ਕਰਨ ਦੀ ਲੋੜ ਉੱਤੇ ਜ਼ਰੂਰ ਦਿੱਤਾ। ਉਨ੍ਹਾਂ ਮੀਂਹ ਦਾ ਪਾਣੀ ਬਚਾਉਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਹਰੇਕ ਵਿਅਕਤੀ ਨੂੰ ਜਲ–ਸੰਭਾਲ ਲਈ ਉੱਦਮ ਜ਼ਰੂਰ ਕਰਨੇ ਚਾਹੀਦੇ ਹਨ। ਉਨ੍ਹਾਂ ਦੇਸ਼ ਵਾਸੀਆਂ ਨੂੰ ਇਸ ‘ਵਾਤਾਵਰਣ ਦਿਵਸ’ ਮੌਕੇ ਕੁਝ ਰੁੱਖ ਲਾ ਕੇ ਅਤੇ ਕੁਝ ਸੰਕਲਪ ਲੈ ਕੇ ਕੁਦਰਤ ਦੀ ਸੇਵਾ ਕਰਨ ਦੀ ਬੇਨਤੀ ਵੀ ਕੀਤੀ ਕਿ ਤਾਂ ਜੋ ਕੁਦਰਤ ਨਾਲ ਰੋਜ਼ਮੱਰਾ ਦਾ ਸਬੰਧ ਕਾਇਮ ਹੋ ਸਕੇ। ਉਨ੍ਹਾਂ ਕਿਹਾ ਕਿ ਲੌਕਡਾਊਨ ਨੇ ਜੀਨ ਦੀ ਰਫ਼ਤਾਰ ਮੱਠੀ ਜ਼ਰੂਰ ਕਰ ਦਿੱਤੀ ਹੈ ਪਰ ਇਸ ਨੇ ਨਾਲ ਹੀ ਕੁਦਰਤ ਨੂੰ ਵਾਜਬ ਤਰੀਕੇ ਵੇਖਣ ਦਾ ਇੱਕ ਮੌਕਾ ਦਿੱਤਾ ਹੈ ਅਤੇ ਜੰਗਲੀ ਜੀਵ ਬਾਹਰ ਆਉਣੇ ਸ਼ੁਰੂ ਹੋ ਗਏ ਹਨ।
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੇ ਅੰਤ ’ਚ ਕਿਹਾ ਕਿ ਲਾਪਰਵਾਹ ਬਣਨਾ ਜਾਂ ਅਵੇਸਲੇ ਹੋਣਾ ਕੋਈ ਵਿਕਲਪ ਨਹੀਂ ਹੋ ਸਕਦਾ। ਕੋਰੋਨਾ ਵਿਰੁੱਧ ਜੰਗ ਹਾਲੇ ਵੀ ਓਨੀ ਹੀ ਗੰਭੀਰ ਹੈ!
***
ਵੀਆਰਆਰਕੇ/ਏਕੇ
(Release ID: 1628220)
Visitor Counter : 306
Read this release in:
Telugu
,
Marathi
,
Bengali
,
Manipuri
,
Kannada
,
English
,
Urdu
,
Hindi
,
Assamese
,
Gujarati
,
Odia
,
Tamil
,
Malayalam