ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਲੌਕਡਾਊਨ ਦੇ ਬਾਵਜੂਦ ਅਨਾਜ ਖਰੀਦ ਵਿੱਚ ਤੇਜ਼ੀ ਆਈ

ਕੇਂਦਰੀ ਪੂਲ ਦੇ 400 ਲੱਖ ਮੀਟ੍ਰਿਕ ਟਨ ਦੇ ਟੀਚੇ ਦੀ ਅੱਧ ਤੋਂ ਵੱਧ ਕਣਕ ਖਰੀਦੀ ਗਈ

45 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਵੀ ਕੀਤੀ ਗਈ, ਤੇਲੰਗਾਨਾ ਨੇ ਸਭ ਤੋਂ ਵੱਧ 30 ਲੱਖ ਮੀਟ੍ਰਿਕ ਟਨ ਦਾ ਯੋਗਦਾਨ ਪਾਇਆ

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਪੀਐੱਮਜੀਕੇਏਵਾਈ ਅਧੀਨ 70 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ, ਜੋ ਕਿ 3 ਮਹੀਨਿਆਂ ਲਈ ਕੁੱਲ ਅਲਾਟਮੈਂਟ ਦਾ ਲਗਭਗ 58% ਹੈ

Posted On: 07 MAY 2020 6:52PM by PIB Chandigarh

ਦੇਸ਼ ਭਰ ਵਿੱਚ ਲੌਕਡਾਊਨ ਕਾਰਨ ਗੰਭੀਰ ਢੋਆ-ਢੁਆਈ ਰੁਕਾਵਟਾਂ ਦੇ ਬਾਵਜੂਦ ਜਾਰੀ ਹਾੜ੍ਹੀ ਸੀਜ਼ਨ ਦੌਰਾਨ ਕਣਕ ਅਤੇ ਝੋਨੇ ਦੀ ਖਰੀਦ (ਦੂਜੀ ਫ਼ਸਲ) ਨੇ ਤੇਜ਼ੀ ਫੜ ਲਈ ਹੈ। 400 ਲੱਖ ਮੀਟ੍ਰਿਕ ਟਨ (ਲੱਖ ਮੀਟ੍ਰਿਕ ਟਨ) ਕਣਕ ਦੇ ਟੀਚੇ ਦੀ ਪ੍ਰਾਪਤੀ ਕਰਦਿਆਂ ਮਿਤੀ 06.05.20 ਤੱਕ ਕੇਂਦਰੀ ਪੂਲ ਦੀ ਖਰੀਦ 216 ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਗਈ ਹੈ। ਇਹ ਹੋਰ ਵੀ ਸੰਤੁਸ਼ਟੀ ਦੀ ਗੱਲ ਹੈ ਕਿਉਂਕਿ ਕਣਕ ਦੀ ਖਰੀਦ ਕਰਨ ਵਾਲੇ ਵੱਡੇ ਰਾਜ ਜਿਵੇਂ ਕਿ ਪੰਜਾਬ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ 15 ਅਪ੍ਰੈਲ ਤੋਂ ਬਾਅਦ ਹੀ ਖਰੀਦ ਸ਼ੁਰੂ ਹੋਈ ਸੀ। ਇਸੇ ਤਰ੍ਹਾਂ ਸਰਕਾਰੀ ਏਜੰਸੀਆਂ ਵੱਲੋਂ ਹੁਣ ਤੱਕ 44.9 ਲੱਖ ਮੀਟ੍ਰਿਕ ਟਨ ਖਰੀਦਣ ਦੇ ਨਾਲ ਝੋਨੇ ਦੀ ਖਰੀਦ ਵੀ ਸੁਚਾਰੂ ਢੰਗ ਨਾਲ ਚੱਲ ਰਹੀ ਹੈ।

ਪੰਜਾਬ ਕਣਕ ਦੀ ਖਰੀਦ ਵਿੱਚ 104.28 ਲੱਖ ਮੀਟ੍ਰਿਕ ਟਨ ਖਰੀਦ ਕੇ ਸਭ ਤੋਂ ਅੱਗੇ ਹੈ, ਇਸ ਤੋਂ ਬਾਅਦ ਹਰਿਆਣਾ 50.56 ਲੱਖ ਮੀਟ੍ਰਿਕ ਟਨ ਨਾਲ ਅਤੇ ਮੱਧ ਪ੍ਰਦੇਸ਼ ਵਿੱਚ 48.64 ਲੱਖ ਮੀਟ੍ਰਿਕ ਟਨ ਆਉਂਦੇ ਹਨ। ਗੈਰ ਮੌਸਮੀ ਮੀਂਹ ਕਾਰਨ ਇਨ੍ਹਾਂ ਰਾਜਾਂ ਵਿੱਚ ਕਣਕ ਦੇ ਕੁਝ ਭੰਡਾਰ ਪ੍ਰਭਾਵਤ ਹੋਏ ਹਨ। ਭਾਰਤ ਸਰਕਾਰ ਪਹਿਲਾਂ ਹੀ ਖਰੀਦ ਦੀਆਂ ਵਿਸ਼ੇਸ਼ਤਾਵਾਂ ਵਿੱਚ ਢਿੱਲ ਦੇ ਕੇ ਕਿਸਾਨਾਂ ਦੇ ਬਚਾਅ ਲਈ ਅੱਗੇ ਆਈ ਹੈ ਜਿਸ ਨਾਲ ਖਰੀਦ ਨੂੰ ਵੱਡਾ ਹੁਲਾਰਾ ਮਿਲਿਆ ਹੈ ਅਤੇ ਕਿਸਾਨ ਪ੍ਰੇਸ਼ਾਨੀਆਂ ਤੋਂ ਬਚੇ ਹਨ। ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਨੇ ਵੀ ਕੇਂਦਰੀ ਪੂਲ ਖਰੀਦ ਵਿੱਚ ਯੋਗਦਾਨ ਪਾਇਆ ਹੈ ਅਤੇ ਅੱਗੇ ਵੱਧ ਰਹੇ ਹਨ।

ਝੋਨੇ ਸਬੰਧੀ ਵੱਧ ਤੋਂ ਵੱਧ ਖਰੀਦ ਤੇਲੰਗਾਨਾ ਵਿੱਚ ਹੋਈ ਹੈ, ਜਿੱਥੇ ਵੱਡੇ ਸਿੰਚਾਈ ਪ੍ਰਾਜੈਕਟਾਂ ਦੇ ਚਾਲੂ ਹੋਣ ਕਾਰਨ ਉਤਪਾਦਨ ਵਿੱਚ ਵੱਡਾ ਉਛਾਲ ਆਇਆ ਹੈ। ਲਗਭਗ 45 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਵਿੱਚੋਂ, ਇਕੱਲੇ ਤੇਲੰਗਾਨਾ ਦਾ ਯੋਗਦਾਨ 30 ਲੱਖ ਮੀਟ੍ਰਿਕ ਟਨ ਰਿਹਾ ਹੈ, ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੀ ਹਿੱਸੇਦਾਰੀ ਤਕਰੀਬਨ 10 ਲੱਖ ਮੀਟ੍ਰਿਕ ਟਨ ਦੀ ਹੈ। ਲੌਕਡਾਊਨ ਕਾਰਨ ਪੈਦਾ ਹੋਈਆਂ ਵੱਡੀਆਂ ਚੁਣੌਤੀਆਂ ਦਰਮਿਆਨ ਖਰੀਦ ਦੀ ਇਹ ਚੰਗੀ ਰਫਤਾਰ ਭਾਰਤ ਸਰਕਾਰ ਅਤੇ ਸਬੰਧਤ ਰਾਜ ਸਰਕਾਰਾਂ ਦਰਮਿਆਨ ਵਿਆਪਕ ਟੀਮ ਵਜੋਂ ਕੰਮ ਦਾ ਨਤੀਜਾ ਹੈ।

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਤਹਿਤ ਦੇਸ਼ ਭਰ ਦੇ ਤਕਰੀਬਨ 80 ਕਰੋੜ ਲਾਭਾਰਥੀਆਂ ਨੂੰ 3 ਮਹੀਨਿਆਂ ਲਈ ਮੁਫਤ ਵੰਡੇ ਜਾਣ ਵਾਲੇ ਅਨਾਜ ਦੀ ਰਾਜ ਸਰਕਾਰਾਂ ਵੱਲੋਂ ਅਨਾਜ ਦੀ ਚੁਕਾਈ 70 ਲੱਖ ਮੀਟ੍ਰਿਕ ਟਨ ਤੋਂ ਪਾਰ ਪਹੁੰਚ ਗਈ ਹੈ, ਜੋ 3 ਮਹੀਨਿਆਂ ਲਈ ਕੁੱਲ ਅਲਾਟਮੈਂਟ ਦਾ 58% ਹੈ। ਹਰ ਰਾਜ ਨੇ ਅਪ੍ਰੈਲ 2020 ਦੇ ਕੋਟੇ ਦੇ ਮੁਕਾਬਲੇ ਸਟਾਕਾਂ ਦੀ ਚੁਕਾਈ ਪੂਰੀ ਕਰ ਲਈ ਹੈ ਅਤੇ 5 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਪੂਰੇ 3 ਮਹੀਨਿਆਂ ਲਈ ਕੋਟੇ ਦੀ ਲਿਫਟਿੰਗ ਸੰਪੂਰਨ ਕਰ ਲਈ ਹੈ। ਭਾਰਤ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਦੇਸ਼ ਵਿੱਚ ਕਿਸੇ ਲਈ ਵੀ ਅਨਾਜ ਦੀ ਉਪਲਬਧਤਾ ਚਿੰਤਾ ਦਾ ਕਾਰਨ ਨਾ ਬਣੇ ਇਸ ਲਈ ਹਰ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਅਨਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।

*****

 

ਏਪੀਐੱਸ/ਪੀਕੇ/ਐੱਮਐੱਸ/ਬੀਏ



(Release ID: 1622021) Visitor Counter : 182