ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ - 19 ਵਿਰੁੱਧ ਦੇਸ਼ ਦੀ ਲੜਾਈ ਵਿੱਚ ਐੱਨਸੀਸੀ ਦੇ ਯੋਗਦਾਨ ਦੀ ਸਮੀਖਿਆ ਕੀਤੀ

Posted On: 05 MAY 2020 4:08PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਇੱਕ ਵੀਡੀਓ ਕਾਨਫ਼ਰੰਸ ਰਾਹੀਂ ਕੋਵਿਡ -19 ਦੇ ਫੈਲਾਅ ਨੂੰ ਰੋਕਣ ਵਿੱਚ ਨੈਸ਼ਨਲ ਕੈਡਿਟ ਕੋਰ (ਐੱਨਸੀਸੀ) ਦੇ ਯੋਗਦਾਨ ਦੀ ਸਮੀਖਿਆ ਕੀਤੀ ਇਹ ਪਹਿਲੀ ਅਜਿਹੀ ਕਾਨਫ਼ਰੰਸ ਹੈ ਜਿਸ ਵਿੱਚ ਰੱਖਿਆ ਮੰਤਰੀ ਨੇ ਸਾਰੇ ਦੇਸ਼ ਵਿੱਚ ਸਥਿਤ 17 ਐੱਨਸੀਸੀ ਡਾਇਰੈਕਟੋਰੇਟਾਂ ਨਾਲ ਸਿੱਧੀ ਗੱਲਬਾਤ ਕੀਤੀ ਹੈ ਲੈਫ਼ਟੀਨੈਂਟ ਜਨਰਲ ਰਾਜੀਵ ਚੋਪੜਾ, ਡਾਇਰੈਕਟਰ ਜਨਰਲ (ਡੀਜੀ) ਐੱਨਸੀਸੀ ਅਤੇ ਡਾ. ਅਜੈ ਕੁਮਾਰ, ਰੱਖਿਆ ਸੱਕਤਰ ਨੇ ਵੀ ਕਾਨਫ਼ਰੰਸ ਵਿੱਚ ਹਿੱਸਾ ਲਿਆ

 

ਆਪਣੀ ਉਦਘਾਟਨੀ ਟਿੱਪਣੀ ਕਰਦਿਆਂ, ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ਚੁਣੌਤੀ ਭਰੇ ਸਮੇਂ ਵਿੱਚੋਂ ਲੰਘ ਰਿਹਾ ਹੈ ਅਤੇ ਸਰਕਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੋਵਿਡ - 19 ਨੂੰ ਰੋਕਣ ਲਈ ਕਈ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ ਉਨ੍ਹਾਂ ਨੇ ਭਰੋਸਾ ਜਤਾਇਆ ਕਿ ਦੇਸ਼ ਇਸ ਸੰਕਟ ਵਿੱਚੋਂ ਜੇਤੂ ਹੋਵੇਗਾ

 

ਸ਼੍ਰੀ ਰਾਜਨਾਥ ਸਿੰਘ ਨੇ ਐੱਨਸੀਸੀ ਡਾਇਰੈਕਟੋਰੇਟਾਂ ਵੱਲੋਂ ਨਿਭਾਈ ਜਾ ਰਹੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ 25% ਲੜਕੀ ਕੈਡਿਟਾਂ ਸਮੇਤ 60 ਹਜ਼ਾਰ ਤੋਂ ਵੱਧ ਐੱਨਸੀਸੀ ਕੈਡਿਟ ਕੋਵਿਡ - 19 ਨੂੰ ਰੋਕਣ ਵਿੱਚ ਸਥਾਨਕ ਪ੍ਰਸ਼ਾਸਨ ਦੀ ਸਹਾਇਤਾ ਕਰ ਰਹੇ ਹਨ

 

ਐੱਨਸੀਸੀ ਕੈਡਿਟ ਲੌਜਿਸਟਿਕਸ ਅਤੇ ਸਪਲਾਈ ਚੇਨ ਪ੍ਰਬੰਧਨ ਡਿਊਟੀਆਂ ਵਿੱਚ ਲੱਗੇ ਹੋਏ ਹਨ, ਜੋ ਜ਼ਰੂਰੀ ਖੁਰਾਕੀ ਪਦਾਰਥਾਂ ਅਤੇ ਦਵਾਈਆਂ ਦੀ ਸਪਲਾਈ, ਟ੍ਰੈਫਿਕ ਡਿਊਟੀਆਂ ਵਿੱਚ ਸਹਾਇਤਾ ਆਦਿ ਨੂੰ ਯਕੀਨੀ ਬਣਾਉਂਦੇ ਹਨ ਕੁਝ ਕੈਡਿਟਾਂ ਨੇ ਸੋਸ਼ਲ ਮੀਡੀਆ ਲਈ ਐਜੂਕੇਸ਼ਨਲ ਵੀਡੀਓ ਬਣਾਈਆਂ ਹਨ, ਜਦੋਂ ਕਿ ਕਈ ਹੋਰ ਮਾਸਕ ਬਣਾ ਕੇ ਸਥਾਨਕ ਤੌਰ ਤੇ ਵੰਡਦੇ ਹਨ

 

ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕਰਦਿਆਂ ਰੱਖਿਆ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਐੱਨਸੀਸੀ ਕੈਡਿਟਾਂ ਨੂੰ ਸਿਰਫ਼ ਅਜਿਹੇ ਕੰਮਾਂ ਲਈ ਤੈਨਾਤ ਕੀਤਾ ਜਾਣਾ ਚਾਹੀਦਾ ਹੈ ਜਿਸ ਲਈ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ

 

ਸਮੀਖਿਆ ਬੈਠਕ ਦੌਰਾਨ, ਸ਼੍ਰੀ ਰਾਜਨਾਥ ਸਿੰਘ ਨੇ ਐਲਾਨ ਕੀਤਾ ਕਿ ਸਰਕਾਰ ਐੱਨਸੀਸੀ ਦਾ ਵਿਸਤਾਰ ਕਰਨ ਲਈ ਪ੍ਰਤੀਬੱਧ ਹੈ ਅਤੇ ਤਟਵਰਤੀ ਅਤੇ ਸਰਹੱਦੀ ਖੇਤਰਾਂ ਵਿੱਚ ਇਸ ਦੇ ਵਿਸਤਾਰ ਦਾ ਫੈਸਲਾ ਕੀਤਾ ਹੈ

 

ਰੱਖਿਆ ਮੰਤਰੀ ਨੇ ਇਸ ਨਵੇਂ ਅਤੇ ਬਦਲਦੇ ਸਮੇਂ ਵਿੱਚ ਵਧੇਰੇ ਪ੍ਰਾਸੰਗਿਕ ਬਣਾਉਣ ਲਈ ਐੱਨਸੀਸੀ ਦੇ ਆਧੁਨਿਕੀਕਰਨ ਤੇ ਵੀ ਜ਼ੋਰ ਦਿੱਤਾ ਉਨ੍ਹਾਂ ਨੇ ਐੱਨਸੀਸੀ ਦੀਆਂ ਗਤੀਵਿਧੀਆਂ ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਮੈਸਟਰ ਢਾਂਚੇ ਦੇ ਅਨੁਕੂਲ ਬਣਾਉਣ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ

 

ਐੱਨਸੀਸੀ ਡਾਇਰੈਕਟੋਰੇਟ ਦੇ ਐਡੀਸ਼ਨਲ ਡਾਇਰੈਕਟਰ ਜਨਰਲਾਂ (ਏਡੀਜੀ) ਅਤੇ ਡਿਪਟੀ ਡਾਇਰੈਕਟਰ ਜਨਰਲਾਂ (ਡੀਡੀਜੀ) ਨੇ ਸਰਬਸੰਮਤੀ ਨਾਲ ਉਨ੍ਹਾਂ ਨਾਲ ਸਿੱਧੀ ਗੱਲਬਾਤ ਦੇ ਅਨੋਖੇ ਅਵਸਰ ਲਈ ਰੱਖਿਆ ਮੰਤਰੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ (ਰੱਖਿਆ ਮੰਤਰੀ) ਨੂੰ ਆਪਣੇ ਡਾਇਰੈਕਟੋਰੇਟਾਂ ਵਿੱਚ ਕੋਵਿਡ - 19 ਖ਼ਿਲਾਫ਼ ਲੜਨ ਵਿੱਚ ਐੱਨਸੀਸੀ ਕੈਡਿਟਾਂ ਦੇ ਯੋਗਦਾਨ ਤੋਂ ਜਾਣੂ ਕਰਵਾਇਆ

 

ਉਨ੍ਹਾਂ ਨੇ ਦੱਸਿਆ ਕਿ ਕੈਡਿਟਾਂ ਦਾ ਮਨੋਬਲ ਬਹੁਤ ਉੱਚਾ ਹੈ ਅਤੇ ਉਨ੍ਹਾਂ ਦੇ ਯੋਗਦਾਨ ਦੀ ਨਾਗਰਿਕਾਂ ਅਤੇ ਪ੍ਰਸ਼ਾਸਨ ਦੋਹਾਂ ਨੇ ਸ਼ਲਾਘਾ ਕੀਤੀ ਹੈ

 

***

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1621230) Visitor Counter : 170