ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ. ਹਰਸ਼ ਵਰਧਨ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਮੱਧ ਪ੍ਰਦੇਸ਼ ਵਿੱਚ ਕੋਵਿਡ-19 ਦੇ ਪ੍ਰਬੰਧਨ ਲਈ ਤਿਆਰੀ ਅਤੇ ਰੋਕਥਾਮ ਦੇ ਉਪਾਵਾਂ ਦੀ ਸਮੀਖਿਆ ਕੀਤੀ
ਕੇਂਦਰ ਤੋਂ ਰਾਜ ਨੂੰ ਹਰ ਸਹਿਯੋਗ ਦਾ ਭਰੋਸਾ ਦਿਵਾਇਆ ਅਤੇ ਗ਼ੈਰ-ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਨਿਗਰਾਨੀ ਵਧਾਉਣ ਦੀ ਸਲਾਹ ਦਿੱਤੀ
Posted On:
04 MAY 2020 5:26PM by PIB Chandigarh
ਭਾਰਤ ਸਰਕਾਰ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਮਿਲਕੇ, ਇੱਕ ਸ਼੍ਰੇਣੀਬੱਧ, ਪੂਰਵ-ਨਿਰਧਾਰਤ ਅਤੇ ਕਿਰਿਆਸ਼ੀਲ ਦ੍ਰਿਸ਼ਟੀਕੋਣ ਨੂੰ ਅਪਣਾਉਂਦੇ ਹੋਏ ਕੋਵਿਡ-19 ਦੀ ਰੋਕਥਾਮ, ਨਿਯੰਤਰਣ ਅਤੇ ਪ੍ਰਬੰਧਨ ਦੀ ਦਿਸ਼ਾ ਵਿੱਚ ਕਈ ਪ੍ਰਕਾਰ ਦੇ ਕਦਮ ਉਠਾ ਰਹੀ ਹੈ। ਇਸ ਦੀ ਉੱਚਤਮ ਪੱਧਰ 'ਤੇ ਨਿਯਮਿਤ ਰੂਪ ਨਾਲ ਸਮੀਖਿਆ ਅਤੇ ਨਿਗਰਾਨੀ ਕੀਤੀ ਜਾ ਰਹੀ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਮੱਧ ਪ੍ਰਦੇਸ਼ ਵਿੱਚ ਕੋਵਿਡ-19 ਦੇ ਪ੍ਰਬੰਧਨ ਅਤੇ ਸਥਿਤੀ ਦੀ ਸਮੀਖਿਆ ਦੇ ਲਈ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਦੀ ਹਾਜ਼ਰੀ ਵਿੱਚ ਰਾਜ ਦੇ ਸਿਹਤ ਮੰਤਰੀ ਸ਼੍ਰੀ ਨਰੋਤਮ ਮਿਸ਼ਰਾ ਦੇ ਇਲਾਵਾ ਕੇਂਦਰ ਅਤੇ ਰਾਜ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ।
ਕੋਵਿਡ-19 ਦੇ ਚਲਦੇ ਰਾਜ ਵਿੱਚ ਉੱਚ ਮੌਤ ਦਰ 'ਤੇ ਚਿੰਤਾ ਜ਼ਾਹਰ ਕਰਦੇ ਹੋਏ, ਡਾ. ਹਰਸ਼ ਵਰਧਨ ਨੇ ਕਿਹਾ,"ਇਹ ਦੁਖਦ ਹੈ ਕਿ ਕੁਝ ਜ਼ਿਲ੍ਹਿਆਂ ਵਿੱਚ ਮੌਤ ਦਰ ਰਾਸ਼ਟਰੀ ਔਸਤ ਦੀ ਤੁਲਨਾ ਵਿੱਚ ਕਾਫੀ ਜ਼ਿਆਦਾ ਹੈ।" ਉਨ੍ਹਾਂ ਕਿਹਾ, "ਕੋਵਿਡ-19 ਦੇ ਚਲਦੇ ਹੋਣ ਵਾਲੀ ਮੌਤ ਦੇ ਮਾਮਲਿਆਂ ਵਿੱਚ ਕਮੀ ਲਿਆਉਣ ਦੇ ਲਈ ਉਚਿਤ ਦਖਲ, ਜ਼ਿਆਦਾ ਆਕ੍ਰਾਮਕ ਨਿਗਰਾਨੀ ਅਤੇ ਛੇਤੀ ਤੋਂ ਛੇਤੀ ਰੋਗ ਦੀ ਪਹਿਚਾਣ ਰਾਜ ਦੀ ਪਹਿਲੀ ਤਰਜੀਹ ਰਹੇਗਾ। ਨਵੇਂ ਮਾਮਲੇ ਰੋਕਣ ਲਈ ਯੋਜਨਾਬੱਧ ਤਰੀਕੇ ਨਾਲ ਰੋਕਥਾਮ, ਅਗਾਊਂ ਪ੍ਰਭਾਵਸ਼ਾਲੀ ਅਤੇ ਵਿਆਪਕ ਕਦਮ ਉਠਾਉਣਾ ਅਤੇ ਕੇਂਦਰ ਦੁਆਰਾ ਤੈਅ ਪ੍ਰੋਟੋਕੋਲ ਦਾ ਪਾਲਣ ਵਕਤ ਦੀ ਜ਼ਰੂਰਤ ਹੈ। "
ਡਾ. ਹਰਸ਼ ਵਰਧਨ ਨੇ ਸੱਦਾ ਦਿੱਤਾ ਕਿ ਰਾਜਾਂ ਨੂੰ ਗ਼ੈਰ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਖੋਜ,ਨਿਗਰਾਨੀ ਅਤੇ ਗੰਭੀਰ ਤੇ ਸਾਹ ਸੰਕ੍ਰਮਣ (ਐੱਸਏਆਰਆਈ)/ ਇੰਨਫਲੁਏਂਜ਼ਾ ਜਿਹੀਆਂ ਬਿਮਾਰੀਆਂ (ਆਈਐੱਲਆਈ) ਦੇ ਮਾਮਲਿਆਂ 'ਤੇ ਧਿਆਨ ਕੇਂਦਰਿਤ ਕੀਤੇ ਜਾਣ ਦੀ ਜ਼ਰੂਰਤ ਹੈ, ਜਿਸ ਨਾਲ ਦੂਜੇ ਖੇਤਰਾਂ ਵਿੱਚ ਮਾਮਲਿਆਂ ਦੇ ਪ੍ਰਸਾਰ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਹੱਥ ਧੋਣ,ਸਮਾਜਿਕ ਦੂਰੀ ਆਦਿ ਸੁਰੱਖਿਆਤਮਕ ਉਪਾਵਾਂ ਬਾਰੇ ਜਾਗਰੂਕਤਾ ਦੇ ਪ੍ਰਸਾਰ ਲਈ ਵਾਰਡ ਪੱਧਰ 'ਤੇ ਭਾਈਚਾਰਕ ਵਲੰਟੀਅਰਾਂ ਦੀ ਪਹਿਚਾਣ ਕੀਤੀ ਜਾ ਸਕਦੀ ਹੈ ਅਤੇ ਇਹ ਸਮਾਜ ਵਿੱਚ ਪ੍ਰਚਲਿਤ ਕੁਰੀਤੀਆਂ ਨੂੰ ਦੂਰ ਕਰਨ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਦੇ ਹਨ।
ਉਨ੍ਹਾ ਕਿਹਾ, "ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਤੇਜ਼ ਅਤੇ ਲੰਬੀ ਮਿਆਦ ਦੇ ਉਪਾਵਾਂ ਦੇ ਤਹਿਤ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਬਣਾਉਣ ਦੇ ਲਈ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਜ਼ਰੀਏ ਰਾਜ ਸਰਕਾਰ ਨੂੰ ਪੂਰਾ ਸਮਰਥਨ ਅਤੇ ਮਾਰਗਦਰਸ਼ਨ ਉਪਲੱਬਧ ਕਰਾਵੇਗਾ।" ਡਾ. ਹਰਸ਼ ਵਰਧਨ ਨੇ ਇਹ ਵੀ ਬੇਨਤੀ ਕੀਤੀ ਕਿ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਜੋ ਗ਼ੈਰ ਸੰਕ੍ਰਾਮਕ ਬਿਮਾਰੀਆਂ ਤੋਂ ਪੀੜਤ ਹੋ ਸਕਦੇ ਹਨ, ਰਾਜਾਂ ਨੂੰ ਉਨ੍ਹਾਂ ਦਾ ਇਲਾਜ ਤਰਜੀਹ ਦੇ ਅਧਾਰ 'ਤੇ ਕੀਤਾ ਜਾਣਾ ਚਾਹੀਦਾ ਹੈ।
ਡਾ. ਹਰਸ਼ ਵਰਧਨ ਨੇ ਇਹ ਸਲਾਹ ਵੀ ਦਿੱਤੀ ਕਿ ਰਾਜ ਨੂੰ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਕੋਵਿਡ-19 ਦੇ ਪ੍ਰਬੰਧਨ 'ਤੇ ਜ਼ੋਰ ਦੇ ਕਾਰਨ ਰਾਸ਼ਟਰੀ ਤਪੇਦਿਕ ਖਾਤਮਾ ਪ੍ਰੋਗਰਾਮ (ਐੱਨਟੀਈਪੀ), ਜੱਚਾ ਅਤੇ ਬੱਚਾ ਸਿਹਤ, ਡਾਇਲਾਸਿਸ, ਕੀਮੋਥਰੈਪੀ, ਟੀਕਾਕਰਨ, ਰੋਗ ਪ੍ਰਤੀਰੱਖਿਆ ਆਦਿ ਗ਼ੈਰ ਕੋਵਿਡ-19 ਸੇਵਾਵਾਂ ਅਤੇ ਪ੍ਰੋਗਰਾਮ ਪ੍ਰਭਾਵਿਤ ਨਾ ਹੋਣ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਜੋਖਿਮ ਰੂਪਰੇਖਾ ਤਿਆਰ ਕਰਨ ਲਈ ਰਾਜ ਵੱਖ-ਵੱਖ ਬਿਮਾਰੀਆਂ ਲਈ ਬਣੀ ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਚਐੱਮਆਈਐੱਸ) 'ਤੇ ਉਪਲੱਬਧ ਡੇਟਾ ਦਾ ਇਸਤੇਮਾਲ ਕਰ ਸਕਦੇ ਹਨ।
ਡਾ. ਹਰਸ਼ ਵਰਧਨ ਨੇ ਸਾਰਥਕ ਅਤੇ ਆਰੋਗਯ-ਸੇਤੂ ਐਪਲੀਕੇਸ਼ਨ ਦੋਹਾਂ ਦੇ ਪ੍ਰਭਾਵਸ਼ਾਲੀ ਇਸਤੇਮਾਲ ਲਈ ਇੰਦੌਰ ਪ੍ਰਸ਼ਾਸਨ ਅਤੇ ਸਿਹਤ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਹੋਰ ਜ਼ਿਲ੍ਹਿਆਂ ਨੂੰ ਇਨ੍ਹਾਂ ਐਪਲੀਕੇਸ਼ਨਾਂ ਦੇ ਇਸਤੇਮਾਲ ਦੇ ਨਾਲ ਹੀ ਉਨ੍ਹਾ ਨੂੰ ਲੋਕਪ੍ਰਿਅ ਬਣਾਉਣ ਦੇ ਲਈ ਕਿਹਾ।
ਇਸ ਮੀਟਿੰਗ ਵਿੱਚ ਸਕੱਤਰ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ) ਸੁਸ਼੍ਰੀ ਪ੍ਰੀਤੀ ਸੂਦਨ, ਓਐੱਸਡੀ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ) ਸ਼੍ਰੀ ਰਾਜੇਸ਼ ਭੂਸ਼ਣ, ਵਿਸ਼ੇਸ ਸਕੱਤਰ (ਸਿਹਤ) ਸ਼੍ਰੀ ਸੰਜੀਵ ਕੁਮਾਰ, ਏਐੱਸ ਅਤੇ ਐੱਮਡੀ (ਐੱਨਐੱਚਐੱਮ) ਸੁਸ਼੍ਰੀ ਵੰਦਨਾ ਗੁਰਨਾਨੀ, ਸੰਯੁਕਤ ਸਕੱਤਰ ਸ਼੍ਰੀ ਵਿਕਾਸ ਸ਼ੀਲ, ਸੰਯੁਕਤ ਸਕੱਤਰ ਡਾ. ਮਨੋਹਰ ਅਗਨਾਨੀ,ਐੱਨਸੀਡੀਸੀ ਡਾਇਰੈਕਟਰ ਡਾ. ਐੱਸਕੇ ਸਿੰਘ ਦੇ ਨਾਲ ਹੀ ਮੱਧ ਪ੍ਰਦੇਸ਼ ਸਰਕਾਰ ਦੇ ਪ੍ਰਮੁੱਖ ਸਕੱਤਰ (ਸਿਹਤ ਤੇ ਪਰਿਵਾਰ ਭਲਾਈ), ਏਮਸ ਭੋਪਾਲ ਦੇ ਡਾਇਰੈਕਟਰ, ਮੱਧ ਪ੍ਰਦੇਸ਼ ਸਰਕਾਰ ਦੇ ਸਾਰੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਰਹੇ।
*****
ਐੱਮਵੀ
(Release ID: 1621092)
Visitor Counter : 200