ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਮੁਫਤ ਭੋਜਨ ਵੰਡਣ 'ਚ ਅੱਜ ਤਿੰਨ ਮਿਲੀਅਨ ਦਾ ਅੰਕੜਾ ਪਾਰ ਕੀਤਾ ਕੋਵਿਡ-19 ਕਾਰਨ ਲੱਗੇ ਲੌਕਡਾਊਨ ਦੌਰਾਨ ਦੇਸ਼ ਭਰ 'ਚ ਲਗਭਗ 300 ਥਾਵਾਂ 'ਤੇ ਵੰਡਿਆ ਭੋਜਨ ਭਾਰਤੀ ਰੇਲਵੇ ਸੰਗਠਨਾਂ ਨੇ ਪੱਕਿਆ ਹੋਇਆ ਗਰਮ ਭੋਜਨ ਦੇਣ ਲਈ ਬਣਾਈਆਂ ਟੀਮਾਂ, ਰੋਜ਼ਾਨਾ ਹਜ਼ਾਰਾਂ ਲੋਕਾਂ ਲਈ ਬਣੇ ਉਮੀਦ

Posted On: 30 APR 2020 4:18PM by PIB Chandigarh

ਭਾਰਤੀ ਰੇਲਵੇ ਵੱਲੋਂ ਕੋਵਿਡ-19 ਕਾਰਨ ਲੱਗੇ ਲੌਕਡਾਊਨ ਦੌਰਾਨ ਮੁਫਤ ਪੱਕਿਆ ਹੋਇਆ ਗਰਮ ਭੋਜਨ ਵੰਡਣ ਦਾ ਅੰਕੜਾ ਅੱਜ ਤਿੰਨ ਮਿਲੀਅਨ ਤੋਂ ਪਾਰ ਹੋ ਗਿਆ ਹੈ। 20 ਅਪ੍ਰੈਲ ਨੂੰ ਭਾਰਤੀ ਰੇਲਵੇ ਮੁਫਤ ਭੋਜਨ ਵੰਡਣ 'ਚ ਦੋ ਲੱਖ ਦੇ ਅੰਕੜੇ 'ਤੇ ਪੁੱਜਿਆ ਸੀ ਤੇ ਪਿਛਲੇ 10 ਦਿਨਾਂ ਵਿੱਚ ਇੱਕ ਮਿਲੀਅਨ ਹੋਰ ਮੁਫਤ ਭੋਜਨ ਵੰਡਣ 'ਚ ਅੰਕੜਾ ਪ੍ਰਾਪਤ ਕਰ ਲਿਆ ਹੈ।

ਇਸ ਮਹਾਮਾਰੀ ਨਾਲ ਬਣੇ ਅਣਸੁਖਾਵੇਂ ਹਾਲਾਤ ਨੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਭੁਖਮਰੀ ਦੇ ਕਗਾਰ 'ਤੇ ਲਿਆ ਖੜ੍ਹਾ ਕਰ ਦਿੱਤਾ ਹੈ। ਮਹਾਮਾਰੀ ਤੇ ਲੌਕਡਾਊਨ ਕਾਰਨ ਇੱਧਰ-ਉੱਧਰ ਫਸੇ ਲੋਕਾਂ, ਦਿਹਾੜੀਦਾਰ ਮਜ਼ਦੂਰਾਂ, ਪ੍ਰਵਾਸੀਆਂ, ਬੱਚਿਆਂ, ਕੁਲੀਆਂ, ਬੇਘਰੇ ਲੋਕਾਂ, ਗ਼ਰੀਬਾਂ ਤੇ ਹੋਰ ਕਈਆਂ 'ਤੇ ਕਾਫੀ ਮਾੜਾ ਅਸਰ ਪਿਆ ਹੈ।

 

ਰੇਲਵੇ ਸੰਗਠਨਾਂ ਨਾਲ ਜੁੜਿਆ ਭਾਰਤੀ ਰੇਲਵੇ ਸਟਾਫ ਕੋਵਿਡ-19 ਕਾਰਨ ਲੱਗੇ ਲੌਕਡਾਊਨ ਉਪਰੰਤ 28 ਮਾਰਚ ਤੋਂ ਅਣਥੱਕ ਕੰਮ ਕਰ ਰਿਹਾ ਹੈ ਤੇ ਥੋਕ ਦੇ ਹਿਸਾਬ ਨਾਲ ਆਈਆਰਸੀਟੀਸੀ ਅਧਾਰਿਤ ਰਸੋਈਆਂ, ਆਰਪੀਐੱਫ ਸਰੋਤਾਂ ਤੇ ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ) ਦੀ ਭਾਗੀਦਾਰੀ ਨਾਲ ਪੱਕਿਆ ਹੋਇਆ ਭੋਜਨ, ਜਿਸ ਵਿੱਚ ਦੁਪਿਹਰ ਦੇ ਖਾਣੇ ਲਈ ਕਾਗਜ਼ ਦੀਆਂ ਪਲੇਟਾਂ ਤੇ ਰਾਤ ਦੇ ਖਾਣੇ ਲਈ ਪੈਕਟ ਸ਼ਾਮਲ ਹਨ, ਮੁਹੱਈਆ ਕਰਵਾ ਰਿਹਾ ਹੈ। ਲੋੜਵੰਦਾਂ ਨੂੰ ਖਾਣੇ ਦੀ ਵੰਡ ਦੌਰਾਨ ਸਮਾਜਿਕ ਦੂਰੀ ਤੇ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ।

ਭੋਜਨ ਦੀ ਵੰਡ ਆਰਪੀਐੱਫ, ਜੀਆਰਪੀ, ਜ਼ੋਨਾਂ ਦੇ ਕਮਰਸ਼ੀਅਲ ਵਿਭਾਗਾਂ, ਰਾਜ ਸਰਕਾਰਾਂ, ਜ਼ਿਲ੍ਹਾ ਪ੍ਰਸ਼ਾਸਨਾਂ ਤੇ ਐੱਨਜੀਓ ਰਾਹੀਂ ਕੀਤੀ ਜਾ ਰਹੀ ਹੈ। ਇਹ ਭੋਜਨ ਨਾ ਸਿਰਫ ਸਟੇਸ਼ਨਾਂ ਦੇ ਦਾਇਰੇ ਵਿੱਚ ਹੀ ਦਿੱਤਾ ਜਾ ਰਿਹਾ ਹੈ, ਸਗੋਂ ਰੇਲਵੇ ਸਟੇਸ਼ਨਾਂ ਦੇ ਲਾਗਲੇ ਖੇਤਰਾਂ ਵਿੱਚ ਵੀ ਲੋੜਵੰਦਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਆਈਆਰਸੀਟੀਸੀ ਅਧਾਰਿਤ ਉੱਤਰੀ, ਪੱਛਮੀ, ਪੂਰਬੀ, ਦੱਖਣੀ, ਦੱਖਣ ਕੇਂਦਰੀ ਜ਼ੋਨਾਂ 'ਚ ਫੈਲੀਆਂ ਨਵੀਂ ਦਿੱਲੀ, ਬੰਗਲੌਰ, ਹੁਬਲੀ, ਮੁੰਬਈ ਸੈਂਟਰਲ, ਅਹਿਮਦਾਬਾਦ, ਭੁਸਾਵਲ, ਹਾਵੜਾ, ਪਟਨਾ, ਗਯਾ, ਰਾਂਚੀ, ਕਟਿਹਾਰ, ਦੀਨ ਦਿਆਲ ਉਪਾਧਿਆਇ ਨਗਰ, ਬਾਲਾਸੋਰ, ਵਿਜੈਵਾੜਾ, ਖੁਰਦਾ, ਕਟਪੜੀ, ਤਿਰੁਚਿਰਾਪੱਲੀ, ਧਨਬਾਦ, ਗੁਵਾਹਾਟੀ, ਸਮਸਤੀਪੁਰ, ਪ੍ਰਯਾਗਰਾਜ, ਈਟਾਰਸੀ, ਵਿਸ਼ਾਖਾਪਟਨਮ, ਚੰਗਲਪੱਟੂ, ਪੁਣੇ, ਹਾਜੀਪੁਰ, ਰਾਏਪੁਰ ਅਤੇ ਟਾਟਾਨਗਰ ਅਦਿ ਰਸੋਈਆਂ ਦੇ ਸਰਗਰਮ ਸਹਿਯੋਗ ਨਾਲ ਅੱਜ 30 ਅਪ੍ਰੈਲ 2020 ਤੱਕ 30 ਲੱਖ ਬੰਦਿਆਂ ਨੂੰ ਪੱਕਿਆ ਹੋਇਆ ਭੋਜਨ ਵੰਡਿਆ ਗਿਆ ਹੈ।

ਇਸ ਵਿੱਚੋਂ 17.17 ਲੱਖ ਪੱਕਿਆ ਹੋਇਆ ਭੋਜਨ ਆਈਆਰਸੀਟੀਸੀ, ਕਰੀਬ 5.18 ਲੱਖ ਭੋਜਨ ਆਰਪੀਐੱਫ ਵੱਲੋਂ ਆਪਣੇ ਸਰੋਤਾਂ ਰਾਹੀਂ, ਕਰੀਬ 2.53 ਲੱਖ ਭੋਜਨ ਰੇਲਵੇ ਦੇ ਕਮਰਸ਼ੀਅਲ ਤੇ ਹੋਰ ਵਿਭਾਗਾਂ ਵੱਲੋਂ ਤੇ ਲਗਭਗ 5.60 ਲੱਖ ਭੋਜਨ ਰੇਲਵੇ ਸੰਗਠਨਾਂ ਨਾਲ ਕੰਮ ਕਰ ਰਹੇ ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ) ਵੱਲੋਂ ਦਾਨ ਕੀਤਾ ਗਿਆ ਹੈ

ਆਈਆਰਸੀਟੀਸੀ, ਰੇਲਵੇ ਦੇ ਹੋਰ ਵਿਭਾਗਾਂ ਵੱਲੋਂ ਤੇ ਐੱਨਜੀਓ ਦੀਆਂ ਆਪਣੀਆਂ ਰਸੋਈਆਂ ਵਿੱਚ ਪੱਕਿਆ ਇਹ ਭੋਜਨ ਲੋੜਵੰਦ ਵਿਅਕਤੀਆਂ ਨੂੰ ਵੰਡਣ ਵਿੱਚ ਰੇਲਵੇ ਪੁਲਿਸ ਬਲ (ਆਰਪੀਐੱਫ) ਨੇ ਅਹਿਮ ਭੂਮਿਕਾ ਨਿਭਾਈ ਹੈ।  ਸ਼ੁਰੂਆਤ ਵਿੱਚ 28 ਮਾਰਚ ਨੂੰ 74 ਥਾਵਾਂ 'ਤੇ 5419 ਲੋੜਵੰਦਾਂ ਨੂੰ ਭੋਜਨ ਵੰਡਣ ਦੀ ਸ਼ੁਰੂਆਤ ਹੋਈ ਸੀ ਤੇ ਇਹ ਗਿਣਤੀ ਰੋਜ਼ਾਨਾ ਵਧਦੀ ਰਹੀ। ਮੌਜੂਦਾ ਦੌਰ ਵਿੱਚ ਰੋਜ਼ਾਨਾ 50 ਹਜ਼ਾਰ ਵਿਅਕਤੀਆਂ ਨੂੰ ਆਰਪੀਐੱਫ ਵੱਲੋਂ ਕਰੀਬ 300 ਥਾਵਾਂ 'ਤੇ ਭੋਜਨ ਦਿੱਤਾ ਜਾ ਰਿਹਾ ਹੈ। 

 

****

 

ਡੀਜੇਐੱਨ/ਐੱਮਕੇਵੀ



(Release ID: 1619688) Visitor Counter : 141