ਪ੍ਰਧਾਨ ਮੰਤਰੀ ਦਫਤਰ
ਆਤਮ-ਨਿਰਭਰ ਅਤੇ ਸਵੈ-ਸਮਰੱਥ ਬਣਨਾ, ਕੋਰੋਨਾ ਮਹਾਮਾਰੀ ਤੋਂ ਸਿੱਖਿਆ ਗਿਆ, ਸਭ ਤੋਂ ਵੱਡਾ ਸਬਕ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਕਿਹਾ ਕਿ 'ਦੋ ਗਜ ਦੂਰੀ', ਕੋਵਿਡ -19 ਖ਼ਿਲਾਫ਼ ਲੜਨ ਲਈ ਗ੍ਰਾਮੀਣ ਭਾਰਤ ਦਾ ਮੰਤਰ ਹੈ
ਪ੍ਰਧਾਨ ਮੰਤਰੀ ਨੇ ਈ-ਗ੍ਰਾਮ ਸਵਰਾਜਯ ਐਪ ਅਤੇ ਸਵਾਮੀਤਵ ਸਕੀਮ ਦੀ ਸ਼ੁਰੂਆਤ ਕੀਤੀ
Posted On:
24 APR 2020 2:57PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀ ਪੰਚਾਇਤੀ ਰਾਜ ਦਿਵਸ, 2020 ਦੇ ਮੌਕੇ ‘ਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਦੇਸ਼ ਭਰ ਦੀਆਂ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਨਾਲ ਗੱਲਬਾਤ ਕੀਤੀ। ਇਸ ਆਯੋਜਨ ਦੌਰਾਨ ਉਨ੍ਹਾਂ ਨੇ ਇੱਕ ਯੂਨੀਫਾਈਡ ਈ-ਗ੍ਰਾਮਸਵਰਾਜ ਪੋਰਟਲ ਅਤੇ ਮੋਬਾਈਲ ਐਪਲੀਕੇਸ਼ਨ ਅਤੇ ਸਵਾਮੀਤਵ ਸਕੀਮ ਦੀ ਸ਼ੁਰੂਆਤ ਕੀਤੀ।
ਈ-ਗ੍ਰਾਮਸਵਰਾਜ ਐਪ, ਗ੍ਰਾਮ ਪੰਚਾਇਤ ਵਿਕਾਸ ਯੋਜਨਾਵਾਂ ਤਿਆਰ ਕਰਨ ਅਤੇ ਚਲਾਉਣ ਵਿੱਚ ਸਹਾਇਤਾ ਕਰਦੀ ਹੈ। ਇਹ ਪੋਰਟਲ ਰੀਅਲ-ਟਾਈਮ (ਨਾਲੋ-ਨਾਲ) ਨਿਗਰਾਨੀ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਵੇਗੀ। ਪੋਰਟਲ ਗ੍ਰਾਮ ਪੰਚਾਇਤ ਦੇ ਪੱਧਰ ਤੱਕ ਡਿਜੀਟਾਈਜ਼ੇਸ਼ਨ ਵੱਲ ਇੱਕ ਪ੍ਰਮੁੱਖ ਕਦਮ ਹੈ।
ਸਵਾਮੀਤਵ ਸਕੀਮ ਜੋ ਕਿ 6 ਰਾਜਾਂ ਵਿੱਚ ਪਾਇਲਟ ਮੋਡ ਵਿੱਚ ਲਾਂਚ ਕੀਤੀ ਗਈ ਹੈ, ਡਰੋਨ ਅਤੇ ਨਵੀਨਤਮ ਸਰਵੇਖਣ ਵਿਧੀਆਂ ਦੀ ਵਰਤੋਂ ਕਰਦਿਆਂ ਗ੍ਰਾਮੀਣ ਵਸੋਂ ਵਾਲੀਆਂ ਜ਼ਮੀਨਾਂ ਦਾ ਨਕਸ਼ਾ ਬਣਾਉਣ ਵਿੱਚ ਸਹਾਇਤਾ ਕਰਦੀ ਹੈ। ਇਹ ਯੋਜਨਾ, ਗ੍ਰਾਮੀਣ ਖੇਤਰਾਂ ਵਿੱਚ ਉੱਤਮ ਯੋਜਨਾਬੰਦੀ, ਮਾਲੀਆ ਇਕੱਤਰ ਕਰਨਾ ਅਤੇ ਸੰਪਦਾ ਅਧਿਕਾਰਾਂ ਬਾਰੇ ਸਪਸ਼ਟਤਾ ਪ੍ਰਦਾਨ ਕਰਨਾ ਸੁਨਿਸ਼ਚਿਤ ਕਰੇਗੀ।
ਇਸ ਨਾਲ ਮਾਲਕਾਂ ਲਈ ਵਿੱਤੀ ਸੰਸਥਾਵਾਂ ਤੋਂ ਕਰਜ਼ੇ ਲੈਣ ਵਾਸਤੇ ਅਰਜ਼ੀ ਦੇਣ ਦੇ ਰਸਤੇ ਖੁੱਲ੍ਹ ਜਾਣਗੇ। ਜਾਇਦਾਦ ਨਾਲ ਸਬੰਧਿਤ ਵਿਵਾਦਾਂ ਨੂੰ ਵੀ ਇਸ ਯੋਜਨਾ ਰਾਹੀਂ ਅਲਾਟ ਕੀਤੀਆਂ ਮਾਲਿਕਾਨਾ ਪ੍ਰਮਾਣ ਪੱਤਰ (ਟਾਈਟਲ ਡੀਡਜ਼-title deeds) ਜ਼ਰੀਏ ਸੁਲਝਾ ਲਿਆ ਜਾਵੇਗਾ।
ਦੇਸ਼ ਭਰ ਦੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਲੋਕਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ ਅਤੇ ਇੱਕ ਚੰਗਾ ਸਬਕ ਸਿਖਾਇਆ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਨੇ ਸਾਨੂੰ ਸਿਖਾਇਆ ਕਿ ਵਿਅਕਤੀ ਨੂੰ ਸਦਾ ਆਤਮ- ਨਿਰਭਰ ਰਹਿਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਇਸ ਮਹਾਮਾਰੀ ਨੇ ਸਾਡੇ ਉੱਤੇ ਨਵੀਆਂ ਚੁਣੌਤੀਆਂ ਅਤੇ ਮੁਸ਼ਕਿਲਾਂ ਪਾ ਦਿੱਤੀਆਂ ਹਨ ਜਿਨ੍ਹਾਂ ਦੀ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ, ਪਰ ਇਸ ਨੇ ਸਾਨੂੰ ਇੱਕ ਮਜ਼ਬੂਤ ਸੰਦੇਸ਼ ਦੇ ਨਾਲ ਇੱਕ ਬਹੁਤ ਚੰਗਾ ਸਬਕ ਵੀ ਸਿਖਾਇਆ ਹੈ। ਇਸ ਨੇ ਸਾਨੂੰ ਸਿਖਾਇਆ ਹੈ ਕਿ ਸਾਨੂੰ ਆਤਮ-ਨਿਰਭਰ ਅਤੇ ਸਵੈ-ਸਮਰੱਥ ਹੋਣਾ ਪਵੇਗਾ। ਇਸ ਨੇ ਸਾਨੂੰ ਸਿਖਾਇਆ ਹੈ ਕਿ ਸਾਨੂੰ ਦੇਸ਼ ਤੋਂ ਬਾਹਰ, ਸਮਾਧਾਨ ਨਹੀਂ ਭਾਲਣੇ ਚਾਹੀਦੇ। ਇਹ ਸਭ ਤੋਂ ਵੱਡਾ ਸਬਕ ਹੈ ਜੋ ਅਸੀਂ ਸਿੱਖਿਆ ਹੈ। ”
ਉਨ੍ਹਾਂ ਕਿਹਾ, “ਹਰ ਪਿੰਡ ਨੂੰ ਆਪਣੀਆਂ ਮੁਢਲੀਆਂ ਜ਼ਰੂਰਤਾਂ ਲਈ ਕਾਫੀ ਸਵੈ-ਸਮਰੱਥ ਹੋਣਾ ਪਵੇਗਾ। ਇਸੇ ਤਰ੍ਹਾਂ ਹਰ ਜ਼ਿਲ੍ਹੇ ਨੂੰ ਆਪਣੇ ਪੱਧਰ 'ਤੇ ਸਵੈ-ਸਮਰੱਥ ਹੋਣਾ ਪਵੇਗਾ, ਹਰ ਰਾਜ ਨੂੰ ਆਪਣੇ ਪੱਧਰ' ਤੇ ਆਤਮ-ਨਿਰਭਰ ਹੋਣਾ ਪਵੇਗਾ ਅਤੇ ਪੂਰੇ ਦੇਸ਼ ਨੂੰ ਆਪਣੇ ਪੱਧਰ 'ਤੇ ਆਤਮ-ਨਿਰਭਰ ਹੋਣਾ ਪਵੇਗਾ।' '
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਰਕਾਰ ਨੇ ਪਿੰਡਾਂ ਨੂੰ ਸਵੈ-ਸਮਰੱਥਾ ਪ੍ਰਦਾਨ ਕਰਨ ਅਤੇ ਗ੍ਰਾਮ ਪੰਚਾਇਤਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ।
“ਪਿਛਲੇ ਪੰਜ ਸਾਲਾਂ ਵਿੱਚ ਤਕਰੀਬਨ 1.25 ਲੱਖ ਪੰਚਾਇਤਾਂ ਬ੍ਰੌਡਬੈਂਡ ਰਾਹੀਂ ਕਨੈਕਟ ਕੀਤੀਆਂ ਗਈਆਂ ਹਨ ਜਦੋਂ ਕਿ ਪਹਿਲਾਂ ਸਿਰਫ਼ 100 ਹੀ ਜੁੜੀਆਂ ਹੋਈਆਂ ਸਨ। ਇਸੇ ਤਰ੍ਹਾਂ ਕੌਮਨ ਸਰਵਿਸ ਸੈਂਟਰਾਂ ਦੀ ਗਿਣਤੀ 3 ਲੱਖ ਨੂੰ ਪਾਰ ਕਰ ਗਈ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਮੋਬਾਈਲ ਫੋਨਾਂ ਦਾ ਭਾਰਤ ਵਿੱਚ ਨਿਰਮਾਣ ਕੀਤਾ ਜਾ ਰਿਹਾ ਹੈ, ਸਮਾਰਟਫੋਨ ਸਸਤੇ ਹੋ ਗਏ ਹਨ ਅਤੇ ਘੱਟ ਲਾਗਤ ਵਾਲੇ ਸਮਾਰਟਫੋਨ ਹਰ ਪਿੰਡ ਵਿੱਚ ਪਹੁੰਚ ਗਏ ਹਨ ਅਤੇ ਇਸ ਨਾਲ ਪਿੰਡ ਪੱਧਰ ‘ਤੇ ਡਿਜੀਟਲ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਦੀ ਪ੍ਰਗਤੀ ਰਾਸ਼ਟਰ ਅਤੇ ਲੋਕਤੰਤਰ ਦੇ ਵਿਕਾਸ ਨੂੰ ਸੁਨਿਸ਼ਚਿਤ ਕਰੇਗੀ।
ਅੱਜ ਦਾ ਇਹ ਅਵਸਰ, ਪ੍ਰਧਾਨ ਮੰਤਰੀ ਅਤੇ ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਦਰਮਿਆਨ ਸਿੱਧੀ ਗੱਲਬਾਤ ਸਥਾਪਿਤ ਕਰਨ ਦਾ ਇੱਕ ਮੌਕਾ ਸੀ।
ਸਰਪੰਚਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਪਿੰਡਾਂ ਦੁਆਰਾ ਸਮਾਜਿਕ ਦੂਰੀ ਨੂੰ ਸੌਖੇ ਸ਼ਬਦਾਂ ਵਿੱਚ ਪਰਿਭਾਸ਼ਤ ਕਰਨ ਲਈ - ‘ਦੋ ਗਜ ਦੂਰੀ’ ਦਾ ਮੰਤਰ ਦਿੱਤੇ ਜਾਣ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਗ੍ਰਾਮੀਣ ਭਾਰਤ ਵੱਲੋਂ ਦਿੱਤੇ ਗਏ "ਦੋ ਗਜ ਦੇਹ ਕੀ ਦੂਰੀ" ਦੇ ਨਾਅਰੇ ਨੇ ਲੋਕਾਂ ਦੀ ਸਿਆਣਪ ਦਿਖਾਈ। ਉਨ੍ਹਾਂ ਨਾਅਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਲੋਕਾਂ ਨੂੰ ਸਮਾਜਿਕ ਦੂਰੀ ਰੱਖਣ ਲਈ ਪ੍ਰੇਰਿਤ ਕਰਦਾ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਮਤ ਸੰਸਾਧਨਾਂ ਦੇ ਬਾਵਜੂਦ, ਭਾਰਤ ਨੇ ਚੁਣੌਤੀ ਨੂੰ ਪ੍ਰੋਐਕਟਿਵ ਤਰੀਕੇ ਨਾਲ ਲਿਆ ਹੈ ਅਤੇ ਨਵੀਂ ਊਰਜਾ ਅਤੇ ਨਵੇਂ ਤਰੀਕਿਆਂ ਨਾਲ ਅੱਗੇ ਵਧਣ ਦਾ ਆਪਣਾ ਸੰਕਲਪ ਦਰਸਾਇਆ ਹੈ।
ਉਨ੍ਹਾਂ ਕਿਹਾ, “ਪਿੰਡਾਂ ਦੀ ਸਮੂਹਿਕ ਸ਼ਕਤੀ ਦੇਸ਼ ਨੂੰ ਅੱਗੇ ਵਧਣ ਵਿੱਚ ਸਹਾਇਤਾ ਕਰ ਰਹੀ ਹੈ”।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਯਤਨਾਂ ਦੇ ਵਿਚਕਾਰ, ਸਾਨੂੰ ਇਹ ਯਾਦ ਰੱਖਣਾ ਪਏਗਾ ਕਿ ਕਿਸੇ ਦੀ ਲਾਪਰਵਾਹੀ ਸਾਰੇ ਪਿੰਡ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ ਅਤੇ ਇਸ ਲਈ ਢਿੱਲ ਦੇਣ ਦੀ ਕੋਈ ਗੁੰਜਾਇਸ਼ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਸਰਪੰਚਾਂ ਨੂੰ ਤਾਕੀਦ ਕੀਤੀ ਕਿ ਉਹ ਕੁਆਰੰਟੀਨ, ਸਮਾਜਿਕ ਦੂਰੀ ਅਤੇ ਮਾਸਕਾਂ ਨਾਲ ਚਿਹਰੇ ਢੱਕਣ ਨੂੰ ਸੁਨਿਸ਼ਚਿਤ ਕਰਦੇ ਹੋਏ ਬਜ਼ੁਰਗਾਂ, ਦਿੱਵਿਯਾਂਗਾਂ ਅਤੇ ਹੋਰ ਲੋੜਵੰਦਾਂ ਦੀ ਦੇਖਭਾਲ਼ ਕਰਨ ਲਈ ਪਿੰਡਾਂ ਵਿੱਚ ਸਵੱਛਤਾ ਮੁਹਿੰਮ ਦੀ ਦਿਸ਼ਾ ਵਿੱਚ ਕੰਮ ਕਰਨ।
ਉਨ੍ਹਾਂ ਸਰਪੰਚਾਂ ਨੂੰ ਤਾਕੀਦ ਕੀਤੀ ਕਿ ਉਹ ਕੋਵਿਡ -19 ਦੇ ਵੱਖ-ਵੱਖ ਪਹਿਲੂਆਂ ਬਾਰੇ ਹਰੇਕ ਪਰਿਵਾਰ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਨ।
ਉਨ੍ਹਾਂ ਨੇ ਗ੍ਰਾਮੀਣ ਭਾਰਤ ਦੇ ਲੋਕਾਂ ਨੂੰ ਅਰੋਗਯਾ ਸੇਤੂ ਐਪ ਡਾਊਨਲੋਡ ਕਰਨ ਦੀ ਅਪੀਲ ਵੀ ਕੀਤੀ ਅਤੇ ਪੰਚਾਇਤ ਦੇ ਨੁਮਾਇੰਦਿਆਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਕਿ ਉਨ੍ਹਾਂ ਦੀ ਪੰਚਾਇਤ ਦਾ ਹਰ ਵਿਅਕਤੀ ਐਪ ਡਾਊਨਲੋਡ ਕਰੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੁਨਿਸ਼ਚਿਤ ਕਰਨ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ ਕਿ ਪਿੰਡ ਦੇ ਗ਼ਰੀਬ ਲੋਕਾਂ ਨੂੰ ਬਿਹਤਰੀਨ ਸਿਹਤ ਦੇਖਭਾਲ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਪਿੰਡ ਦੇ ਗਰੀਬਾਂ ਲਈ ਵੱਡੀ ਰਾਹਤ ਵਜੋਂ ਸਾਹਮਣੇ ਆਈ ਹੈ ਅਤੇ ਇਸ ਸਕੀਮ ਤਹਿਤ ਲਗਭਗ 1 ਕਰੋੜ ਗ਼ਰੀਬ ਮਰੀਜ਼ਾਂ ਦਾ ਹਸਪਤਾਲ ਵਿੱਚ ਮੁਫਤ ਇਲਾਜ ਕੀਤਾ ਗਿਆ ਹੈ।
ਉਨ੍ਹਾਂ ਪਿੰਡਾਂ ਦੇ ਉਤਪਾਦਾਂ ਦੀਆਂ ਬਿਹਤਰ ਕੀਮਤਾਂ ਲਈ ਵੱਡੇ ਬਜ਼ਾਰਾਂ ਤੱਕ ਪਹੁੰਚਣ ਲਈ ਈ-ਨੈਮ ਅਤੇ ਜੈੱਮ ਪੋਰਟਲ ਵਰਗੇ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਦੀ ਤਾਕੀਦ ਕੀਤੀ।
ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ, ਕਰਨਾਟਕ, ਬਿਹਾਰ, ਯੂਪੀ, ਮਹਾਰਾਸ਼ਟਰ, ਪੰਜਾਬ ਅਤੇ ਅਸਾਮ ਦੇ ਸਰਪੰਚਾਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਸਵਰਾਜ ਸੰਕਲਪ ਨੂੰ ਯਾਦ ਕੀਤਾ ਜੋ ਗ੍ਰਾਮ ਸਵਰਾਜ 'ਤੇ ਅਧਾਰਿਤ ਸੀ। ਸ਼ਾਸਤਰਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਲੋਕਾਂ ਨੂੰ ਯਾਦ ਦਿਵਾਇਆ ਕਿ ਸਾਰੀ ਤਾਕਤ ਦਾ ਸੋਮਾ, ਏਕਤਾ ਹੈ।
ਪ੍ਰਧਾਨ ਮੰਤਰੀ ਨੇ ਪੰਚਾਇਤੀ ਰਾਜ ਦਿਵਸ ʼਤੇ ਸਰਪੰਚਾਂ ਲਈ ਅਤੇ ਉਨ੍ਹਾਂ ਦੇ ਸਮੂਹਕ ਯਤਨਾਂ, ਏਕਤਾ ਅਤੇ ਦ੍ਰਿੜ੍ਹਤਾ ਨਾਲ ਕੋਰੋਨਾ ਨੂੰ ਹਰਾਉਣ ਲਈ ਕਾਮਨਾ ਕੀਤੀ।
****
ਵੀਆਰਆਰਕੇ / ਏਕੇ
(Release ID: 1617928)
Visitor Counter : 312
Read this release in:
English
,
Urdu
,
Hindi
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam