ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ–19 ਬਾਰੇ ਅੱਪਡੇਟ
Posted On:
22 APR 2020 4:33PM by PIB Chandigarh
ਭਾਰਤ ਸਰਕਾਰ ਦੇਸ਼ ’ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ’ਤੇ ਉੱਚ–ਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਵੀਡੀਓ ਕਾਨਫ਼ਰੰਸ ਰਾਹੀਂ ‘ਇੰਡੀਅਨ ਮੈਡੀਕਲ ਐਸੋਸੀਏਸ਼ਨ’ (ਆਈਐੱਮਏ) ਦੇ ਡਾਕਟਰਾਂ ਅਤੇ ਸੀਨੀਅਰ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਕੋਰੋਨਾ–ਵਾਇਰਸ ਖ਼ਿਲਾਫ਼ ਜੰਗ ਵਿੱਚ ਸੁਰੱਖਿਆ ਬਾਰੇ ਮੈਡੀਕਲ ਭਾਈਚਾਰੇ ਦੀਆਂ ਸਾਰੀਆਂ ਚਿੰਤਾਵਾਂ ਦੂਰ ਕਰਦਿਆਂ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੀ ਸਲਾਮਤੀ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਹਾਲ ਹੀ ਵਿੱਚ, ਸਿਹਤ ਮੰਤਰੀ ਨੇ ਵੀ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਕੋਵਿਡ–19 ਸੇਵਾਵਾਂ ਲਈ ਸਿਹਤ ਕਰਮੀਆਂ ਦੀ ਸੁਰੱਖਿਆ ਲਈ ਯਕੀਨੀ ਤੌਰ ’ਤੇ ਉਚਿਤ ਕਦਮ ਚੁੱਕਣ। ਇਹ ਵੀ ਆਖਿਆ ਗਿਆ ਸੀ ਕਿ ਸਾਰੇ ਪੇਸ਼ੇਵਰਾਨਾ (ਪ੍ਰੋਫ਼ੈਸ਼ਨਲ) ਸਥਾਨਾਂ ਵਿੱਚੋਂ ਉਨ੍ਹਾਂ ਦਾ ਹੁਨਰ ਤੇ ਸੇਵਾ ਉਨ੍ਹਾਂ ਵਿਲੱਖਣ ਬਣਾਉਂਦੀ ਹੈ ਕਿਉਂਕਿ ਉਹ ਇਸ ਵੇਲੇ ਲੋਕਾਂ ਨੂੰ ਬਚਾ ਰਹੇ ਹਨ। ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਮਨੁੱਖ ਸਰੋਤਾਂ ਦੇ ਵਿਕਾਸ ਤੇ ਸਮਰੱਥਾ ਨਿਰਮਾਣ ਲਈ ਸਿਖਲਾਈ, ਮੈਡੀਕਲ ਸੁਰੱਖਿਆ, ਸਟਾਫ਼ ਲਈ ਦਿਸ਼ਾ–ਨਿਰਦੇਸ਼ ਅਤੇ ਸਮੇਂ ਸਿਰ ਭੁਗਤਾਨ, ਮਨੋਵਿਗਿਆਨਕ ਸਹਾਇਤਾ, ਮੋਹਰੀ ਕਰਮੀਆਂ ਦੀ ਸਿਖਲਾਈ ਅਤੇ ਜੀਵਨ–ਬੀਮਾ ਕਵਰ ਜਿਹੇ ਵਿਭਿੰਨ ਕਦਮ ਚੁੱਕਣ।
ਇਸ ਦੇ ਨਾਲ ਹੀ ਕੈਬਿਨੇਟ ਨੇ ਅੱਜ ਇੱਕ ਆਰਡੀਨੈਂਸ ਜਾਰੀ ਕਰਨ ਦੀ ਸਿਫ਼ਾਰਸ਼ ਕਰਦਿਆਂ ‘ਮਹਾਮਾਰੀ ਰੋਗ ਕਾਨੂੰਨ, 1897’ ਤਹਿਤ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਖਿਆ।
ਆਈਸੀਐੱਮਆਰ ਨੇ ਸਾਰੇ ਰਾਜਾਂ ਨੂੰ ‘ਰੈਪਿਡ ਐਂਟੀਬਾਡੀ ਟੈਸਟ’ ਵਰਤਣ ਲਈ ਇੱਕ ਪ੍ਰੋਟੋਕੋਲ ਵੀ ਭੇਜਿਆ ਹੈ। ਇਹ ਦੁਹਰਾਇਆ ਜਾਂਦਾ ਹੈ ਕਿ ਐਂਟੀਬਾਡੀ ਰੈਪਿਡ ਟੈਸਟ ਦੀ ਵਰਤੋਂ ਜ਼ਿਆਦਾਤਰ ਚੌਕਸੀ ਲਈ ਇੱਕ ਔਜ਼ਾਰ ਵਜੋਂ ਕੀਤੀ ਜਾਂਦੀ ਹੈ। ਸਮੁੱਚੇ ਵਿਸ਼ਵ ’ਚ ਵੀ ਇਸ ਟੈਸਟ ਦੀ ਉਪਯੋਗਤਾ ਵਿਕਸਤ ਹੋ ਰਹੀ ਹੈ ਅਤੇ ਇਸ ਨੂੰ ਹਾਲੇ ਵਿਅਕਤੀਆਂ ਵਿੱਚ ਐਂਟੀਬਾਡੀਜ਼ ਦੇ ਬਣਨ ਦੀ ਸ਼ਨਾਖ਼ਤ ਲਈ ਵਰਤਿਆ ਜਾਂਦਾ ਹੈ। ਇਹ ਟੈਸਟ ਨਤੀਜੇ ਖੇਤਰ ਦੀਆਂ ਸਥਿਤੀਆਂ ਉੱਤੇ ਵੀ ਨਿਰਭਰ ਹਨ। ਆਈਸੀਐੱਮਆਰ ਦੁਆਰਾ ਜਿਵੇਂ ਨੋਟ ਕੀਤਾ ਗਿਆ ਹੈ, ਇਹ ਟੈਸਟ, ਕੋਵਿਡ–19 ਦੇ ਮਾਮਲਿਆਂ ਦੀ ਤਸ਼ਖੀਸ (ਡਾਇਓਗਨੋਜ਼) ਲਈ ਆਰਟੀ–ਪੀਸੀਆਰ (RT-PCR) ਦੀ ਥਾਂ ਨਹੀਂ ਲੈ ਸਕਦੇ। ਆਈਸੀਐੱਮਆਰ ਨੇ ਖੇਤਰ ਦੀਆਂ ਸਥਿਤੀਆਂ ’ਚ ਇਨ੍ਹਾਂ ਰੈਪਿਡ ਐਂਟੀਬਾਡੀ ਟੈਸਟ ਦੀ ਉਪਯੋਗਤਾ ਦੀ ਗੁੰਜਾਇਸ਼ ਤੇ ਮਾਤਰਾ ਦਾ ਮੁੱਲਾਂਕਣ ਕਰਨ ਲਈ ਵਿਭਿੰਨ ਰਾਜਾਂ ਤੋਂ ਅੰਕੜੇ ਇਕੱਠੇ ਕਰਨ ਦੀ ਸਹਾਇਤਾ ਦਾ ਭਰੋਸਾ ਦਿਵਾਇਆ ਹੈ ਅਤੇ ਆਈਸੀਐੱਮਆਰ ਦੁਆਰਾ ਨਿਯਮਿਤ ਰੂਪ ਵਿੱਚ ਰਾਜਾਂ ਨੂੰ ਸਲਾਹ ਦਿੱਤੀ ਜਾਂਦੀ ਰਹੇਗੀ। ਰਾਜਾਂ ਨੂੰ ਵੀ ਇਨ੍ਹਾਂ ਟੈਸਟਾਂ ਲਈ ਨਿਰਧਾਰਿਤ ਪ੍ਰੋਟੋਕੋਲ ਦੀ ਪਾਲਣਾ ਕਰਨ ਅਤੇ ਇਨ੍ਹਾਂ ਦੀ ਨਿਰਧਾਰਿਤ ਉਦੇਸ਼ਾਂ ਲਈ ਹੀ ਵਰਤੋਂ ਦੀ ਸਲਾਹ ਦਿੱਤੀ ਗਈ ਹੈ।
ਭਾਰਤ ਸਰਕਾਰ ਟੈਲੀਫ਼ੋਨ ਰਾਹੀਂ ਇੱਕ ਸਰਵੇਖਣ ਕਰੇਗੀ, ਜਿਸ ਰਾਹੀਂ ਨਾਗਰਿਕਾਂ ਨਾਲ ਉਨ੍ਹਾਂ ਦੇ ਮੋਬਾਇਲ ਫ਼ੋਨ ’ਤੇ ਐੱਨਆਈਸੀ (NIC) ਦੁਆਰਾ 1921 ਨੰਬਰ ਤੋਂ ਸੰਪਰਕ ਕੀਤਾ ਜਾਵੇਗਾ। ਇਹ ਇੱਕ ਸਹੀ ਸਰਵੇਖਣ ਹੈ। ਸਾਰੇ ਨਾਗਰਿਕਾਂ ਨੂੰ ਇਸ ’ਚ ਭਾਗ ਲੈਣ ਦੀ ਬੇਨਤੀ ਕੀਤੀ ਜਾਂਦੀ ਹੈ ਕਿ ਤਾਂ ਜੋ ਕੋਵਿਡ–19 ਦੇ ਲੱਛਣਾਂ ਦੇ ਫੈਲਾਅ ਤੇ ਵੰਡ ਬਾਰੇ ਉਚਿਤ ਫ਼ੀਡਬੈਕ ਲੈਣ ਵਿੱਚ ਮਦਦ ਮਿਲ ਸਕੇ। ਅਜਿਹੇ ਕਿਸੇ ਸਰਵੇਖਣ ਦੀ ਆੜ ਹੇਠ ਕਿਸੇ ਹੋਰ ਨੰਬਰ ਤੋਂ ਕਿਸੇ ਜਾਅਲੀ ਕਾਲ ਕਰਨ ਵਾਲੇ ਜਾਂ ਅਜਿਹੀ ਕਿਸੇ ਨਕਲੀ ਕਾਲ ਤੋਂ ਕ੍ਰਿਪਾ ਕਰ ਕੇ ਬਚੋ। ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪੋ–ਆਪਣੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੀਡੀਆ ਰਾਹੀਂ ਇਸ ਸਰਵੇਖਣ ਬਾਰੇ ਆਮ ਜਨਤਾ ਨੂੰ ਸੂਚਿਤ ਕਰਨ। ਉਨ੍ਹਾਂ ਨੂੰ ਇਹ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਉਹ ਇਸ ਅਭਿਆਸ ਦੀ ਅਧਿਕਾਰਤ ਪ੍ਰਕਿਰਤੀ ਬਾਰੇ ਜਨਤਾ ਨੂੰ ਸੂਚਿਤ ਕਰਨ ਅਤੇ ਕਿਸੇ ਹੋਰ ਨੰਬਰ ਤੋਂ ਜਾਅਲੀ ਕਾਲ ਕਰਨ ਵਾਲਿਆਂ ਜਾਂ ਫ਼ਿਸ਼ਿੰਗ (ਗੱਲਾਂ ਦੇ ਜਾਲ਼ ’ਚ ਫਸਾ ਕੇ ਕੋਈ ਪਾਸਵਰਡ ਆਦਿ ਪੁੱਛਣਾ) ਤੋਂ ਬਚਾਅ ਰੱਖਿਆ ਜਾਵੇ। ਉਹ ਰਾਜ ਦੇ ਸਿਹਤ ਵਿਭਾਗ ਦੇ ਹੋਮ–ਪੰਨੇ ਅਤੇ ਹੋਰ ਵਿਭਾਗਾਂ ਦੇ ਹੋਮ–ਪੰਨਿਆਂ ’ਤੇ ਵੀ ਇਸ ਸਰਵੇਖਣ ਬਾਰੇ ਜਾਣਕਾਰੀ ਬਾਰੇ ਪ੍ਰਚਾਰ ਤੇ ਪਾਸਾਰ ਕਰਨ।
ਹੁਣ ਤੱਕ ਠੀਕ ਹੋਣ ਦੀ 19.36% ਦਰ ਨਾਲ 3870 ਵਿਅਕਤੀ ਬਿਲਕੁਲ ਨੌ–ਬਰ–ਨੌ ਹੋ ਚੁੱਕੇ ਹਨ। ਕੱਲ੍ਹ ਤੋਂ 1,383 ਨਵੇਂ ਮਾਮਲੇ ਦਰਜ ਹੋਏ ਹਨ। ਭਾਰਤ ’ਚ ਹੁਣ ਤੱਕ ਕੁੱਲ 19,984 ਵਿਅਕਤੀਆਂ ਦੇ ਕੋਵਿਡ–19 ਲਈ ਟੈਸਟ ਪਾਜ਼ਿਟਿਵ ਆ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ 50 ਨਵੀਂਆਂ ਮੌਤਾਂ ਦਰਜ ਹੋਈਆਂ ਹਨ।
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
*****
ਐੱਮਵੀ
(Release ID: 1617250)
Visitor Counter : 265
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam