ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪਹਿਲੀ ਅਪ੍ਰੈਲ ਤੋਂ ਲੈ ਕੇ ਪਿਛਲੇ 20 ਦਿਨਾਂ ’ਚ ਕੋਵਿਡ–19 ਨਾਲ ਸਬੰਧਿਤ 25,000 ਤੋਂ ਵੱਧ ਪੋਰਟਲ ਸ਼ਿਕਾਇਤਾਂ ਦਾ ਸਮਾਧਾਨ ਕੀਤਾ ਗਿਆ: ਡਾ. ਜਿਤੇਂਦਰ ਸਿੰਘ
Posted On:
20 APR 2020 8:05PM by PIB Chandigarh
ਕੇਂਦਰੀ ਉੱਤਰ–ਪੂਰਬੀ ਖੇਤਰ ਵਿਕਾਸ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤ, ਪੈਨਸ਼ਨ, ਪ੍ਰਮਾਣੂ ਊਰਜਾ ਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਇਹ ਖੁਲਾਸਾ ਕਰਦਿਆਂ ਕਿਹਾ ਕਿ 1 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਪਿਛਲੇ 20 ਦਿਨਾਂ ’ਚ ਕੋਵਿਡ–19 ਨਾਲ ਸਬੰਧਿਤ 25,000 ਤੋਂ ਵੱਧ ਪੋਰਟਲ ਸ਼ਿਕਾਇਤਾਂ ਦਾ ਸਮਾਧਾਨ ਕੀਤਾ ਗਿਆ ਹੈ।
ਕੋਰੋਨਾ ਮਹਾਮਾਰੀ ਕਾਰਨ ਐਲਾਨੇ ਲੌਕਡਾਊਨ ਤੋਂ ਬਾਅਦ ਇਸ ਵਰ੍ਹੇ 1 ਅਪ੍ਰੈਲ ਨੂੰ ਪਰਸੋਨਲ ਮੰਤਰਾਲੇ ਤਹਿਤ ਡੀਆਰਪੀਜੀ (ਪ੍ਰਸ਼ਾਸਨਿਕ ਸੁਧਾਰ ਤੇ ਜਨ ਸ਼ਿਕਾਇਤ ਵਿਭਾਗ) ਵੱਲੋਂ ਸ਼ੁਰੂ ਕੀਤੇ ਪੋਰਟਲ ’ਤੇ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਦੇਸ਼ ਭਰ ਤੋਂ ਲੋਕਾਂ ਵੱਲੋਂ ਸ਼ਾਨਦਾਰ ਪ੍ਰਤੀਕਿਰਿਆ ਹਾਸਲ ਹੋਈ ਹੈ। ਪਹਿਲੀ ਅਪ੍ਰੈਲ ਨੂੰ ਜਿੱਥੇ ਇਸ ਉੱਤੇ ਕੋਵਿਡ ਸਬੰਧੀ ਕੁੱਲ 332 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ, ਉੱਥੇ 15 ਦਿਨਾਂ ਅੰਦਰ 16 ਅਪ੍ਰੈਲ ਤੱਕ ਸ਼ਿਕਾਇਤਾਂ ਦੀ ਗਿਣਤੀ ਵਧ ਕੇ 5,566 ਤੱਕ ਪੁੱਜ ਗਈ।
ਡਾ. ਜਿਤੇਂਦਰ ਸਿੰਘ ਨੇ ਤੁਰੰਤ ਅਤੇ ਨਿਯਮਿਤ ਸਹਾਇਤਾ ਦੇਣ ਲਈ ਜਨ ਸ਼ਿਕਾਇਤ ਵਿਭਾਗ ਤੇ ਰਾਸ਼ਟਰੀ ਨਿਗਰਾਨੀ ਡੈਸ਼ਬੋਰਡ ਸੰਭਾਲਣ ਵਾਲਿਆਂ ਨੂੰ ਵਧਾਈ ਦਿੱਤੀ, ਜਿਸ ਨਾਲ ਸ਼ਿਕਾਇਤਾਂ ਦੇ ਨਿਵਾਰਣ ਦੀ ਮਿਆਦ ਨੂੰ 1.57 ਦਿਨ ਪ੍ਰਤੀ ਸ਼ਿਕਾਇਤ ਦੇ ਪੱਧਰ ’ਤੇ ਲਿਆਉਣਾ ਸੰਭਵ ਹੋਇਆ ਹੈ।
ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਸ਼ਿਕਾਇਤ ਪੋਰਟਲ ’ਚ ਰਾਸ਼ਟਰੀ ਨਿਗਰਾਨੀ ਡੈਸ਼ਬੋਰਡ (https://darpg.gov.in) ਉੱਤੇ ਕੋਵਿਡ ਸਬੰਧੀ ਸ਼ਿਕਾਇਤਾਂ ਲਈ ਇੱਕ ਵਿਸ਼ੇਸ਼ ਵਿੰਡੋ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਸਦਕਾ ਕੋਵਿਡ ਨਾਲ ਸਬੰਧਿਤ ਕੋਈ ਸ਼ਿਕਾਇਤ ਪ੍ਰਤੱਖ ਤੌਰ ’ਤੇ ਦਰਜ ਹੋ ਜਾਂਦੀ ਹੈ। ਇਸ ਕ੍ਰਮ ਨਾਲ ਸਬੰਧਿਤ ਕਰਮਚਾਰੀਆਂ ਵੱਲੋਂ ਇਨ੍ਹਾਂ ਦਾ ਹੱਲ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ, ਕੋਵਿਡ ਨਾਲ ਸਬੰਧਿਤ ਲਗਭਗ 14,982 ਸ਼ਿਕਾਇਤਾਂ ਵਿਭਿੰਨ ਰਾਜ ਸਰਕਾਰਾਂ ਨੂੰ ਭੇਜੀਆਂ ਗਈਆਂ ਹਨ, ਜਦ ਕਿ ਹੋਰ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਵਿਭਿੰਨ ਕੇਂਦਰੀ ਮੰਤਰਾਲਿਆਂ ਕੋਲ ਭੇਜਿਆ ਗਿਆ ਸੀ। ਇਨ੍ਹਾਂ ਵਿੱਚੋਂ ਪ੍ਰਵਾਸੀ ਕਾਮਿਆਂ, ਸਿਹਤ ਬੁਨਿਆਦੀ ਢਾਂਚਾ ਤੇ ਕੁਆਰੰਟੀਨ, ਖੁਰਾਕ ਤੇ ਸ਼ਹਿਰੀ ਸਪਲਾਈ ਸਬੰਧੀ ਮੁੱਦਿਆਂ, ਬੈਂਕਿੰਗ ਤੇ ਵਿੱਤੀ ਖੇਤਰਾਂ ਨਾਲ ਜੁੜੇ ਮੁੱਦਿਆਂ, ਤਨਖ਼ਾਹ ਤੇ ਕਰਮਚਾਰੀਆਂ ਦੀਆਂ ਸੇਵਾਵਾਂ ਅਤੇ ਸਕੂਲਾਂ ਤੇ ਉੱਚ–ਸਿੱਖਿਆ ਨਾਲ ਸਬੰਧਿਤ ਸ਼ਿਕਾਇਤਾਂ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
<><><><><>
ਵੀਜੀ/ਐੱਸਐੱਨਸੀ
(Release ID: 1616605)
Visitor Counter : 182