ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਗ਼ੈਰ-ਸਰਕਾਰੀ ਸੰਗਠਨਾਂ ਨੂੰ ਰਾਹਤ ਕਾਰਜਾਂ ਲਈ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਤੋਂ ਸਿੱਧੇ ਅਨਾਜ ਖਰੀਦਣ ਦੀ ਆਗਿਆ

Posted On: 08 APR 2020 8:47PM by PIB Chandigarh

ਗ਼ੈਰ-ਸਰਕਾਰੀ ਸੰਗਠਨ ਅਤੇ ਚੈਰੀਟੇਬਲ ਸੰਸਥਾਵਾਂ ਦੇਸ਼ਵਿਆਪੀ ਲੌਕਡਾਊਨ ਦੇ ਇਸ ਸਮੇਂ ਦੌਰਾਨ ਹਜ਼ਾਰਾਂ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਪਕਾਇਆ ਭੋਜਨ ਮੁਹੱਈਆ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਨ੍ਹਾਂ ਸੰਗਠਨਾਂ ਨੂੰ ਅਨਾਜ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੇ ਭਾਰਤੀ ਖੁਰਾਕ ਨਿਗਮ (ਐੱਫਸੀਆਈ)  ਨੂੰ ਨਿਰਦੇਸ਼ ਦਿੱਤੇ ਹਨ ਕਿ ਅਜਿਹੀਆਂ ਸੰਸਥਾਵਾਂ ਨੂੰ ਈ-ਨਿਲਾਮੀ ਦੀ ਪ੍ਰਕਿਰਿਆ ਤੋਂ ਬਿਨਾ ਮੁਕਤ ਬਜ਼ਾਰ ਵਿਕਰੀ ਯੋਜਨਾ (ਓਐੱਮਐੱਸਐੱਸ) ਰੇਟਾਂ ਤੇ ਚਾਵਲ ਅਤੇ ਕਣਕ ਮੁਹੱਈਆ ਕਰਵਾਉਣ। ਹੁਣ ਤੱਕ ਸਿਰਫ ਰਾਜ ਸਰਕਾਰਾਂ ਅਤੇ ਰਜਿਸਟਰਡ ਥੋਕ ਉਪਭੋਗਤਾਵਾਂ ਜਿਵੇਂ ਰੋਲਰ ਫਲੋਰ ਮਿੱਲਜ਼ ਨੂੰ ਮੁਕਤ ਬਜ਼ਾਰ ਵਿਕਰੀ ਯੋਜਨਾ (ਓਐੱਮਐੱਸਐੱਸ) ਰੇਟਾਂ ਤਹਿਤ ਐੱਫਸੀਆਈ ਤੋਂ ਸਟਾਕ ਖਰੀਦਣ ਦੀ ਆਗਿਆ ਹੈ। ਇਹ ਸੰਸਥਾਵਾਂ ਐੱਫਸੀਆਈ ਤੋਂ ਇੱਕ ਸਮੇਂ ਵਿੱਚ ਪਹਿਲਾਂ ਤੋਂ ਨਿਰਧਾਰਿਤ ਰਿਜ਼ਰਵ ਕੀਮਤਾਂ 'ਤੇ 1 ਤੋਂ 10 ਮੀਟ੍ਰਿਕ ਟਨ ਅਨਾਜ ਦੀ ਖਰੀਦ ਕਰ ਸਕਦੀਆਂ ਹਨ। ਐੱਫਸੀਆਈ ਕੋਲ ਦੇਸ਼ ਵਿੱਚ 2000 ਤੋਂ ਵੱਧ ਗੋਦਾਮਾਂ ਦਾ ਨੈੱਟਵਰਕ ਹੈ ਅਤੇ ਇੰਨੇ ਵੱਡੇ ਗੋਦਾਮਾਂ ਦਾ ਨੈੱਟਵਰਕ ਸੰਕਟ ਦੀ ਇਸ ਘੜੀ ਵਿੱਚ ਇਨ੍ਹਾਂ ਸੰਗਠਨਾਂ ਨੂੰ ਅਨਾਜ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਏਗਾ। ਇਹ ਦੇਸ਼ ਵਿੱਚ ਗ਼ਰੀਬ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਭੋਜਨ ਦੇਣ ਦੇ ਪਰਉਪਕਾਰੀ ਕੰਮ ਵਿੱਚ ਰਾਹਤ ਕੈਂਪਾਂ ਵਿੱਚ ਸਹਾਇਤਾ ਕਰੇਗਾ। ਅਜਿਹੀਆਂ ਸੰਸਥਾਵਾਂ ਵੱਲੋਂ ਅਨਾਜ ਚੁੱਕਣ ਦੇ ਵੇਰਵਿਆਂ ਦੀ ਜਾਣਕਾਰੀ ਸਬੰਧਿਤ ਡੀਐੱਮਜ਼ ਨੂੰ ਦਿੱਤੀ ਜਾਵੇਗੀ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਅਨਾਜ ਦੀ ਵਰਤੋਂ ਵਾਂਛਿਤ ਉਦੇਸ਼ਾਂ ਲਈ ਕੀਤੀ ਜਾ ਰਹੀ ਹੈ। ਦੇਸ਼ ਭਰ ਵਿੱਚ ਅਨਾਜ ਭੰਡਾਰਾਂ ਦੀ ਢੋਆ- ਢੁਆਈ ਦੀ ਤੇਜ਼ ਰਫਤਾਰ ਨੂੰ ਕਾਇਮ ਰੱਖਦੇ ਹੋਏ, ਐੱਫਸੀਆਈ ਨੇ ਲੌਕਡਾਊਨ ਦੀ ਸ਼ੁਰੂਆਤ ਤੋਂ ਬਾਅਦ ਵਾਧੂ ਰਾਜਾਂ ਤੋਂ 2.2 ਮਿਲੀਅਨ ਟਨ ਅਨਾਜ ਭੇਜਿਆ ਹੈ। ਇਸ ਨੇ ਪਹਿਲਾਂ ਹੀ ਪੀਐੱਮਜੀਕੇਏਵਾਈ (PMGKAY) ਸਕੀਮ ਤਹਿਤ ਮੁਫਤ ਵੰਡ ਲਈ ਰਾਜ ਸਰਕਾਰਾਂ ਨੂੰ ਲਗਭਗ 1 ਲੱਖ ਮਿਲੀਅਨ ਟਨ ਅਨਾਜ ਸੌਂਪਿਆ ਹੈ।
ਐੱਫਸੀਆਈ ਨੇ 24.03.2020 ਤੋਂ ਨਿਯਮਿਤ ਐੱਨਐੱਫਐੱਸਏ ਵੰਡ ਤਹਿਤ ਜ਼ਰੂਰਤਾਂ ਪੂਰੀਆਂ ਕਰਨ ਲਈ ਰਾਜ ਸਰਕਾਰਾਂ ਨੂੰ ਲਗਭਗ 3.2 ਮਿਲੀਅਨ ਟਨ ਅਨਾਜ ਦਿੱਤਾ ਹੈ। ਦੇਸ਼ ਦੇ ਹਰ ਰਾਜ/ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਅਨਾਜ ਦੇ ਭੰਡਾਰ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਅਤੇ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਸਾਰੀਆਂ ਥਾਵਾਂ 'ਤੇ ਲੋੜੀਂਦੇ ਸਟਾਕ ਉਪਲੱਬਧ ਕਰਵਾਏ ਜਾਣ। 07.04.2020 ਨੂੰ, ਐੱਫਸੀਆਈ ਕੋਲ 54.42 ਮਿਲੀਅਨ ਮੀਟ੍ਰਿਕ ਟਨ (ਐੱਮਐੱਮਟੀ) ਅਨਾਜ (30.62 ਐੱਮਐੱਮਟੀ ਚਾਵਲ ਅਤੇ 23.80 ਐੱਮਐੱਮਟੀ ਕਣਕ) ਹੈ। ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਅਤੇ ਹੋਰ ਸਰਕਾਰੀ ਯੋਜਨਾਵਾਂ ਲਈ ਲੋੜੀਂਦੇ ਅਨਾਜ ਦੀ ਸਪਲਾਈ ਸੁਨਿਸ਼ਚਿਤ ਕਰਨ ਦੇ ਨਾਲ ਹੀ, ਕੀਮਤਾਂ ਵਿੱਚ ਵਾਧੇ ਦੀ ਸਥਿਤੀ ਤੋਂ ਬਚਣ ਲਈ ਐੱਫਸੀਆਈ ਖੁੱਲ੍ਹੇ ਬਜ਼ਾਰ ਵਿੱਚ ਉਚਿਤ ਸਪਲਾਈ ਵੀ ਸੁਨਿਸ਼ਚਿਤ ਕਰ ਰਹੀ ਹੈ। ਸਪਲਾਈ ਅਤੇ ਕੀਮਤਾਂ ਨੂੰ ਸਥਿਰ ਕਰਨ ਲਈ ਸਬੰਧਿਤ ਡੀਐੱਮ/ਡੀਸੀ ਦੀਆਂ ਸਿਫਾਰਸ਼ਾਂ ਦੇ ਅਧਾਰ 'ਤੇ ਮੁਕਤ ਬਜ਼ਾਰ ਵਿਕਰੀ ਯੋਜਨਾ (ਓਐੱਮਐੱਸਐੱਸ) ਤਹਿਤ ਨਿਯਮਿਤ ਤੌਰ 'ਤੇ ਰਾਜ ਸਰਕਾਰਾਂ ਨੂੰ ਸਿੱਧੇ ਤੌਰ 'ਤੇ ਹੁਣ ਤੱਕ 1.45 ਐੱਲਐੱਮਟੀ ਕਣਕ ਅਤੇ 1.33 ਐੱਲਐੱਮਟੀ ਚਾਵਲ ਅਲਾਟ ਕੀਤੇ ਜਾ ਚੁੱਕੇ ਹਨ। ਲੌਕਡਾਊਨ ਦੇ ਅਰਸੇ ਦੌਰਾਨ ਦੇਸ਼ ਵਿੱਚ ਅਨਾਜ ਦੀ ਸਥਿਰ ਅਤੇ ਨਿਯਮਿਤ ਸਪਲਾਈ ਨੂੰ ਬਣਾਈ ਰੱਖਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ।
                            
 *****
ਏਪੀਐੱਸ/ਪੀਕੇ/ਐੱਮਐੱਸ/ਬੀਏ       

 



(Release ID: 1612439) Visitor Counter : 203