ਰਸਾਇਣ ਤੇ ਖਾਦ ਮੰਤਰਾਲਾ

ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਤਹਿਤ ਸਵਾਸਥ ਕੇ ਸਿਪਾਹੀ ਮਰੀਜ਼ਾਂ ਦੇ ਘਰਾਂ ਤੱਕ ਜ਼ਰੂਰੀ ਸੇਵਾਵਾਂ ਅਤੇ ਦਵਾਈਆਂ ਪਹੁੰਚਾ ਰਹੇ ਹਨ

Posted On: 07 APR 2020 4:24PM by PIB Chandigarh

ਪ੍ਰਧਾਨ ਮੰਤਰੀ ਜਨਔਸ਼ਧੀ ਕੇਂਦਰਾਂ ਦੇ "ਸਵਾਸਥ ਕੇ ਸਿਪਾਹੀ" ("Swasth ke Sipahi") ਵਜੋਂ ਜਾਣੇ ਜਾਂਦੇ, ਫਾਰਮਾਸਿਸਟ, ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਭਾਰਤੀਯ  ਜਨਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਤਹਿਤ ਮਰੀਜ਼ਾਂ ਅਤੇ ਬਜ਼ੁਰਗਾਂ ਦੇ ਘਰਾਂ ਤੱਕ ਜ਼ਰੂਰੀ ਵਸਤਾਂ ਅਤੇ ਦਵਾਈਆਂ ਪਹੁੰਚਾ ਰਹੇ ਹਨ। ਉਹ ਕੋਵਿਡ-19 ਮਹਾਮਾਰੀ ਨਾਲ ਜੰਗ ਵਿੱਚ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰਾਂ (ਪੀਐੱਮਜੇਏਕੇ) ਦੇ ਇੱਕ ਹਿੱਸੇ ਵਜੋਂ ਕੁਆਲਿਟੀ ਦੀਆਂ ਜੈਨੇਰਿਕ ਦਵਾਈਆਂ ਵਾਜਬ ਕੀਮਤ ਉੱਤੇ ਆਮ ਲੋਕਾਂ ਦੇ ਘਰਾਂ ਤੱਕ ਪਹੁੰਚਾ ਰਹੇ ਹਨ। ਇਹ ਸਰਕਾਰ ਦੀ ਸਮਾਜਿਕ ਦੂਰੀ ਦੀ ਪਹਿਲਕਦਮੀ ਦੀ ਹਿਮਾਇਤ ਵੀ ਹੈ।

 

ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰਾਂ (ਪੀਐੱਮਜੇਏਕੇ) ਦਾ ਸੰਚਾਲਨ ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟੀਕਲ ਵਿਭਾਗ ਤਹਿਤ ਬਿਊਰੋ ਆਵ੍ ਫਾਰਮਾ ਪੀਐੱਸਯੂਜ਼ ਆਵ੍ ਇੰਡੀਆ (ਬੀਪੀਪੀਆਈ)  (Bureau of Pharma PSUs of India- (BPPI) ਦੁਆਰਾ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਲੋੜਵੰਦਾਂ ਨੂੰ ਕੁਆਲਿਟੀ ਵਾਲੀ ਅਤੇ ਵਾਜਬ ਸਿਹਤ ਸੰਭਾਲ਼ ਪ੍ਰਦਾਨ ਕਰਨਾ ਹੈ। ਇਸ ਵੇਲੇ 6300 ਤੋਂ ਵੱਧ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਦੇਸ਼ ਦੇ 726 ਜ਼ਿਲ੍ਹਿਆਂ ਵਿੱਚ ਸਰਗਰਮ ਹਨ।

 

ਕੋਰੋਨਾ ਵਾਇਰਸ ਦੇ ਖਾਤਮੇ ਲਈ ਭਾਰਤ ਸਰਕਾਰ ਨੇ ਦੇਸ਼ ਵਿੱਚ 14 ਅਪ੍ਰੈਲ, 2020 ਤੱਕ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਹੋਇਆ ਹੈ।

 

ਅਜਿਹੇ ਸਮੇਂ ਵਿੱਚ ਸਾਰੇ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ (ਪੀਐੱਮਜੇਏਕੇ) ਲੋਕਾਂ ਨੂੰ ਉਨ੍ਹਾਂ ਦੇ ਦਰਵਾਜ਼ੇ ਉੱਤੇ ਜ਼ਰੂਰੀ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਬੀਪੀਪੀਆਈ ਦੁਆਰਾ ਦਿੱਤੀ ਗਈ ਸੂਚਨਾ ਅਨੁਸਾਰ ਹਾਲ ਹੀ ਵਿੱਚ ਇੱਕ "ਸਵਾਸਥ ਕੇ ਸਿਪਾਹੀ" ਨੇ ਆਪਣਾ ਅਨੁਭਵ ਸਾਂਝੇ ਕੀਤੇ। ਉਸ ਨੇ ਇੱਕ ਬਜ਼ੁਰਗ ਔਰਤ ਬਬੌਤ (Babout) ਬਾਰੇ ਦੱਸਿਆ ਜੋ ਕਿ ਉਸ ਨੂੰ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ, ਪਹਾੜੀਆ, ਵਾਰਾਣਸੀ ਵਿਖੇ ਮਦਦ ਲਈ ਮਿਲੀ ਸੀ। ਫਾਰਮਾਸਿਸਟ ਅਨੁਸਾਰ ਬਜ਼ੁਰਗ ਔਰਤ ਆਪਣੇ ਪਤੀ ਨਾਲ ਵਾਰਾਣਸੀ ਵਿੱਚ ਇਕੱਲੀ ਰਹਿੰਦੀ ਸੀ ਅਤੇ ਉਨ੍ਹਾਂ ਦਾ ਦਵਾਈਆਂ ਦਾ ਸਟਾਕ ਸਮਾਪਤ ਹੋ ਗਿਆ ਸੀ। ਇਨ੍ਹਾਂ ਦਵਾਈਆਂ ਦੀ ਰੋਜ਼ਾਨਾ ਵਰਤੋਂ ਉਨ੍ਹਾਂ ਦੀ ਸਿਹਤ ਠੀਕ ਰੱਖਣ ਲਈ ਜ਼ਰੂਰੀ ਸੀ। ਫਾਰਮਾਸਿਸਟ ਇਸ ਜੋੜੀ ਦੀ ਮਦਦ ਕੀਤੇ ਬਿਨਾ ਨਾ ਰਹਿ ਸਕਿਆ। ਉਸ ਨੇ ਇਸ ਔਰਤ ਦੁਆਰਾ ਮੰਗੀਆਂ ਦਵਾਈਆਂ ਇਕੱਠੀਆਂ ਕੀਤੀਆਂ ਅਤੇ ਉਸ ਦੇ ਘਰ ਦੇਣ ਲਈ ਚਲਾ ਗਿਆ। ਉਸ ਦਿਨ ਤੋਂ ਬਾਅਦ ਫਾਰਮਾਸਿਸਟ ਇਸ ਬਿਮਾਰ ਅਤੇ ਬਜ਼ੁਰਗ ਜੋੜੀ ਨੂੰ ਉਸ ਦੇ ਘਰ ਹੀ ਦਵਾਈਆਂ ਪਹੁੰਚਾ ਰਿਹਾ ਹੈ।

 

ਗੁਰੂਗ੍ਰਾਮ ਵਿਖੇ ਇੱਕ ਕੇਂਦਰੀ ਵੇਅਰਹਾਊਸ, ਗੁਵਾਹਾਟੀ ਅਤੇ ਚੇਨਈ ਵਿਖੇ ਦੋ ਖੇਤਰੀ ਵੇਅਰਹਾਊਸ ਅਤੇ ਤਕਰੀਬਨ 50 ਡਿਸਟ੍ਰੀਬਿਊਟਰ ਦੇਸ਼ ਭਰ ਵਿੱਚ ਸਾਰੇ ਕੇਂਦਰਾਂ ਵਿਖੇ ਦਵਾਈਆਂ ਦੀ ਸਰਪਲਸ ਸਪਲਾਈ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ। ਦਵਾਈਆਂ ਦੀ ਸਪਲਾਈ ਉੱਤੇ ਕੰਟਰੋਲ ਰੱਖਣ ਲਈ ਇੱਕ ਮਜ਼ਬੂਤ ਐੱਸਏਪੀ ਬੇਸਡ ਐਂਡ ਟੂ ਐੱਡ ਪੁਆਇੰਟ ਆਵ੍ ਸੇਲਜ਼ ਸੌਫਟਵੇਅਰ (SAP based end to end point of sales software) ਸਥਾਪਿਤ ਕੀਤਾ ਗਿਆ ਹੈ ਤਾਕਿ ਦਵਾਈਆਂ ਦੇ ਸਮਾਪਤ ਹੋਣ ਦੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਮੋਬਾਈਲ ਐਪਲੀਕੇਸ਼ਨ “ਜਨ ਔਸ਼ਧੀ ਸੁਗਮ” (“Jan Aushadhi Sugam”) ਵੀ ਆਮ ਜਨਤਾ ਲਈ ਉਪਲੱਬਧ ਹੈ ਤਾਕਿ ਜਨਤਾ ਦੇ ਨੇੜੇ ਦੇ ਕੇਂਦਰਾਂ ਦਾ ਪਤਾ ਲਗਾ ਕੇ ਲੋਕਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਆਈਫੋਨ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

 

ਲੌਕਡਾਊਨ ਦੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਜਨ ਔਸ਼ਧੀ ਪਰਿਯੋਜਨਾ (ਪੀਐੱਮ-ਬੀਜੇਪੀ) ਸੋਸ਼ਲ ਮੀਡੀਆ ਉੱਤੇ ਜਾਣਕਾਰੀ ਵਾਲੀਆਂ ਪੋਸਟਾਂ ਜ਼ਰੀਏ ਲੋਕਾਂ ਵਿੱਚ ਇਸ ਪ੍ਰਤੀ ਜਾਗਰੂਕਤਾ ਪੈਦਾ ਕਰ ਰਹੀ ਹੈ ਤਾਕਿ ਉਨ੍ਹਾਂ ਦਾ ਕੋਰੋਨਾਵਾਇਰਸ ਤੋਂ ਬਚਾਅ ਹੋ ਸਕੇ। ਤੁਸੀਂ @pmbjpbppi ਪਤੇ ਉੱਤੇ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਆਦਿ ਰਾਹੀਂ ਅੱਪਡੇਟ ਲੈ ਸਕਦੇ ਹੋ।

 

*****

 

ਆਰਸੀਜੇ/ਆਰਕੇਐੱਮ


(Release ID: 1612025) Visitor Counter : 252