ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਬਾਰੇ ਅੱਪਡੇਟ
Posted On:
03 APR 2020 6:43PM by PIB Chandigarh
ਭਾਰਤ ਸਰਕਾਰ ਦੁਆਰਾ ਦੇਸ਼ ਵਿੱਚ ਕੋਵਿਡ-19 ਤੋਂ ਬਚਾਅ, ਇਸ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਉੱਤੇ ਉੱਚ-ਪੱਧਰ ਉੱਤੇ ਲਗਾਤਰ ਨਿਗਰਾਨੀ ਰੱਖੀ ਜਾ ਰਹੀ ਹੈ।
ਮਾਣਯੋਗ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਰਾਜਾਂ ਦੇ ਰਾਜਪਾਲਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੈਫਟੀਨੈਂਟ ਗਵਰਨਰਾਂ ਨਾਲ ਅੱਜ ਇੱਥੇ ਵੀਡੀਓ ਕਾਨਫਰੰਸਿੰਗ ਕਰਕੇ ਸਿਵਲ ਸੁਸਾਇਟੀਆਂ/ ਸਵੈ-ਇੱਛੁਕ ਸੰਗਠਨਾਂ /ਨਿਜੀ ਖੇਤਰਾਂ ਅਤੇ ਰੈੱਡ ਕਰਾਸ ਦੀ ਭੂਮਿਕਾ ਬਾਰੇ ਚਰਚਾ ਕੀਤੀ।
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਵੇਰੇ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ਵਿੱਚ ਦੇਸ਼ ਦੀ ਇਸ ਗੱਲੋਂ ਪ੍ਰਸ਼ੰਸਾ ਕੀਤੀ ਕਿ ਉਸ ਨੇ ਇਸ ਸੰਕਟ ਦੀ ਘੜੀ ਵਿੱਚ ਬੇਮਿਸਾਲ ਅਨੁਸ਼ਾਸਨ ਅਤੇ ਸਮੂਹਿਕ ਭਾਵਨਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਸਮਾਜਿਕ ਦੂਰੀ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਅਤੇ ਹਰ ਨਾਗਰਿਕ ਨੂੰ ਸੱਦਾ ਦਿੱਤਾ ਕਿ ਉਹ ਲੌਕਡਾਊਨ ਨੂੰ ਲਾਗੂ ਕਰਨ ਵਿੱਚ ਸਹਿਯੋਗ ਦੇਵੇ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਡਾਕਟਰਾਂ ਅਤੇ ਹੋਰ ਸਿਹਤ ਵਰਕਰਾਂ ਦੇ ਕੰਮ ਵਿੱਚ ਰੁਕਾਵਟਾਂ ਨਾ ਪਾਉਣ। ਉਨ੍ਹਾਂ ਨੇ ਦੇਸ਼ ਭਰ ਵਿੱਚ ਫ੍ਰੰਟਲਾਈਨ ਵਰਕਰਾਂ ਨਾਲ ਕੀਤੇ ਗਏ ਮਾੜੇ ਵਤੀਰੇ ਉੱਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਉਹ ਕੋਰੋਨਾ ਵਾਰੀਅਰਸ ਹਨ ਜੋ ਕਿ ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਵਿੱਚ ਦੇਸ਼ ਦੀ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਦੇਣ ਦੀ ਪ੍ਰਸ਼ੰਸਾ ਪ੍ਰਧਾਨ ਮੰਤਰੀ ਨੇ ਵੀ ਕੀਤੀ ਹੈ। ਹੁਣ ਤੱਕ 156 ਹੋਰ ਮਰੀਜ਼ਾਂ ਦੀ ਪਹਿਚਾਣ ਕੀਤੀ ਗਈ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਸਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਕ ਸਲਾਹ ਜਾਰੀ ਕਰਕੇ 2 ਅਪ੍ਰੈਲ, 2020 ਨੂੰ ਕੋਵਿਡ-19 ਦੇ ਇਲਾਜ ਬਾਰੇ ਉਪਲੱਬਧ ਟ੍ਰੇਨਿੰਗ ਮੈਟੀਰੀਅਲ ਬਾਰੇ ਦੱਸਿਆ ਹੈ ਜੋ ਕਿ ਇਸ ਵੈਬਸਾਈਟ ਉੱਤੇ ਉਪਲੱਬਧ ਹੈ - https://www.mohfw.gov.in/pdf/AdvisoryforHRmanagement.pdf
ਇਸ ਵਿੱਚ ਫੀਲਡ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ ਸਮਰੱਥਾ ਵਧਾਊ ਕਦਮ, ਆਈਸੋਲੇਸ਼ਨ ਸੁਵਿਧਾਵਾਂ ਲਈ ਕਲੀਨੀਕਲ ਮੈਨੇਜਮੈਂਟ, ਕੁਆਰੰਟੀਨ, ਮਨੋ-ਸਮਾਜਿਕ ਸੰਭਾਲ਼, ਲੌਜਿਸਟਿਕਸ ਅਤੇ ਸਪਲਾਈ ਚੇਨ ਪ੍ਰਬੰਧਨ ਸ਼ਾਮਿਲ ਹਨ।
ਇਸ ਤੋਂ ਇਲਾਵਾ ਆਈਸੀਯੂ ਕੇਅਰ ਅਤੇ ਵੈਂਟੀਲੇਸ਼ਨ ਰਣਨੀਤੀ ਲਈ ਔਨਲਾਈਨ ਟ੍ਰੇਨਿੰਗ ਅਤੇ ਕੋਵਿਡ-19 ਮਰੀਜ਼ਾਂ ਦੀ ਦੇਖਭਾਲ਼ ਲਈ ਨਰਸਾਂ ਦੀ ਔਨਲਾਈਨ ਟ੍ਰੇਨਿੰਗ ਵੀ ਏਮਸ ਦੁਆਰਾ ਕੀਤੀ ਜਾ ਰਹੀ ਹੈ। ਸਿਹਤ ਮੰਤਰਾਲਾ ਦੀ ਵੈੱਬਸਾਈਟ ਉੱਤੇ ਸਾਰੇ ਵੈਬੀਨਰਾਂ ਦਾ ਸ਼ਡਿਊਲ ਅੱਗੇ ਦਿੱਤੀ ਵੈੱਬਸਾਈਟ ਉੱਤੇ ਉਪਲੱਬਧ ਹੈ - https://www.mohfw.gov.in/
ਹੁਣ ਤੱਕ ਕੋਵਿਡ-19 ਦੇ 2301 ਤਸਦੀਕਸ਼ੁਦਾ ਕੇਸ ਸਾਹਮਣੇ ਆਏ ਹਨ ਅਤੇ 56 ਮੌਤਾਂ ਹੋਈਆਂ ਹਨ। 156 ਵਿਅਕਤੀਆਂ ਨੂੰ ਠੀਕ ਹੋਣ ਉੱਤੇ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ।
ਕੋਵਿਡ-19 ਨਾਲ ਸਬੰਧਿਤ ਢੁਕਵੀਂ ਅਤੇ ਅੱਪਡੇਟ ਜਾਣਕਾਰੀ ਅਤੇ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹਾਂ ਲਈ ਕਿਰਪਾ ਕਰਕੇ https://www.mohfw.gov.in/. ਉੱਤੇ ਸੰਪਰਕ ਕਰੋ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਪੁੱਛਗਿੱਛ technicalquery.covid19[at]gov[dot]in ਉੱਤੇ ਈ-ਮੇਲ ਭੇਜ ਕੇ ਅਤੇ ਹੋਰ ਜਾਣਕਾਰੀਆਂ ncov2019[at]gov[dot]in ਤੋਂ ਲਈਆਂ ਜਾ ਸਕਦੀਆਂ ਹਨ।
ਕੋਵਿਡ-19 ਬਾਰੇ ਕਿਸੇ ਤਰ੍ਹਾਂ ਦੀ ਪੁੱਛਗਿੱਛ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਹੈਲਪਲਾਈਨ ਨੰਬਰ +91-11-23978046 ਜਾਂ 1075 (ਟੋਲ ਫਰੀ) ਨੰਬਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ-19 ਬਾਰੇ ਜਾਣਕਾਰੀ ਲਈ ਹੈਲਪਲਾਈਨ ਨੰਬਰਾਂ ਦੀ ਲਿਸਟ ਇੱਥੇ ਉਪਲੱਬਧ ਹੈ -- https://www.mohfw.gov.in/pdf/coronvavirushelplinenumber.pdf
******
ਐੱਮਵੀ
(Release ID: 1610895)
Visitor Counter : 178