ਕਈ ਪੀੜ੍ਹੀਆਂ ਨੂੰ ਪੜ੍ਹਾ ਕੇ ਭਵਿੱਖ ਸੰਵਾਰਨ ਵਾਲੇ ਅਧਿਆਪਕ ਜਦੋਂ ਬਦਲਦੀਆ ਕਲਾਸਾਂ ਅਤੇ ਨਵੀਂ ਸਿੱਖਿਆ ਪ੍ਰਣਾਲੀਆਂ ਦੇ ਨਾਲ ਕਦਮ ਨਾਲ ਕਦਮ ਬਿਠਾਉਣ ਵਿੱਚ ਮੁਸ਼ਕਲ ਮਹਿਸੂਸ ਕਰਨ ਲੱਗਦੇ ਹਨ ਤਾਂ ਕੀ ਹੁੰਦਾ ਹੈ? ਫਿਲਮਮੇਕਰ ਸਰਫਰਾਜ਼ ਆਲਮ ਦੀ ਪਹਿਲੀ ਹਿੰਦੀ ਫੀਚਰ ਫਿਲਮ ਕਬੀਰ ਸਰ ਕਾ ਆਖਰੀ ਪਾਠ ਦੇ ਕੇਂਦਰ ਵਿੱਚ ਇਹੋ ਸਵਾਲ ਹੈ। ਇਸ ਫਿਲਮ ਦਾ ਵਰਲਡ ਪ੍ਰੀਮੀਅਰ 57ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਵਸ –ਇੱਫੀ ਵਿੱਚ ਹੋਇਆ।
ਇਹ ਫਿਲਮ ਆਲਮ ਨੂੰ ਬਚਪਨ ਦੇ ਸਕੂਲ ਦੇ ਦੌਰੇ ਵਿੱਚ ਮਿਲੇ ਤਜ਼ਰਬੇ ਤੋਂ ਪ੍ਰੇਰਿਤ ਹੈ। ਬਿਹਾਰ ਦੇ ਨਾਲੰਦਾ ਜ਼ਿਲ੍ਹੇ ਵਿੱਚ ਸਥਿਤ ਇਸ ਸਕੂਲ ਵਿੱਚ ਉਨ੍ਹਾਂ ਨੇ ਦੇਖਿਆ ਕਿ ਰਵਾਇਤੀ ਬਲੈਕਬੋਰਡ ਦੀ ਥਾਂ ਹੁਣ ਸਮਾਰਟ ਬੋਰਡ ਆ ਗਿਆ ਹੈ, ਜਿਸ ਨਾਲ ਕਈ ਤਜ਼ਰਬੇਕਾਰ ਅਧਿਆਪਕ ਇਹ ਨਵੀਂ ਤਕਨੀਕ ਅਪਣਾਉਣ ਵਿੱਚ ਅਸਹਿਜ ਮਹਿਸੂਸ ਕਰ ਰਹੇ ਹਨ। ਸ਼੍ਰੀ ਆਲਮ ਨੂੰ ਮਿਲੇ ਇਸ ਤਜ਼ਰਬੇ ਨੇ ਉਨ੍ਹਾਂ ਨੂੰ ਅਧਿਆਪਨ ਦੇ ਪੇਸ਼ੇ ਵਿੱਚ ਬਦਲ ਰਹੀਆਂ ਸਥਿਤੀਆਂ ਅਤੇ ਅੱਜ ਦੇ ਅਧਿਆਪਕਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਸੋਚਣ ਅਤੇ ਇਸ ਨੂੰ ਪ੍ਰਗਟ ਕਰਨ ਲਈ ਪ੍ਰੇਰਿਤ ਕੀਤਾ।

ਪੱਤਰ ਸੂਚਨਾ ਦਫ਼ਤਰ ਦੁਆਰਾ ਅੱਜ ਗੋਆ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਵਿਖੇ ਆਪਣੇ ਇਸ ਅਨੁਭਵ ਨੂੰ ਯਾਦ ਕਰਦਿਆਂ ਸ਼੍ਰੀ ਆਲਮ ਨੇ ਕਿਹਾ ਕਿ ਦੋ ਸਾਲ ਪਹਿਲਾਂ ਜਦੋਂ ਉਹ ਆਪਣੇ ਸਕੂਲ ਪਹੁੰਚੇ ਤਾਂ ਦੇਖਿਆ ਕਿ ਬਲੈਕਬੋਰਡ ਦੀ ਥਾਂ ਹੁਣ ਸਮਾਰਟ ਬੋਰਡ ਨੇ ਲੈ ਲਈ ਹੈ ਅਤੇ ਉਨ੍ਹਾਂ ਦੇ ਅਧਿਆਪਕ ਨਵੀਆਂ ਤਕਨੀਕਾਂ ਨਾਲ ਤਾਲਮੇਲ ਬਿਠਾਉਣ ਲਈ ਸੰਘਰਸ਼ ਕਰ ਰਹੇ ਹਨ। ਇੱਥੋਂ ਹੀ ਉਨ੍ਹਾਂ ਦੇ ਮਨ ਵਿੱਚ ਇਸ ਫਿਲਮ ਦਾ ਵਿਚਾਰ ਆਇਆ। ਬਿਹਾਰ ਦੇ ਇੱਕ ਛੋਟੇ ਜਿਹੇ ਪਿੰਡ ਦੇ ਸਧਾਰਨ ਜਿਹੇ ਸਕੂਲ ਤੋਂ ਆਪਣੀ ਯਾਤਰਾ ਸ਼ੁਰੂ ਕਰਨ, ਰੂਸ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਅਤੇ ਬਾਅਦ ਵਿੱਚ ਨਿਊਯਾਰਕ ਫਿਲਮ ਅਕਾਦਮੀ ਤੋਂ ਫਿਲਮ ਨਿਰਮਾਣ ਦਾ ਅਧਿਐਨ ਕਰਨ ਤੱਕ ਦੇ ਆਪਣੇ ਇਸ ਸਫਰ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਆਲਮ ਨੇ ਦੱਸਿਆ ਕਿ ਉਨ੍ਹਾਂ ‘ਤੇ ਉਨ੍ਹਾਂ ਦੇ ਅਧਿਆਪਕ ਦਾ ਡੂੰਘਾ ਅਤੇ ਸਥਾਈ ਪ੍ਰਭਾਵ ਰਿਹਾ ਹੈ ਅਤੇ ਅੱਜ ਵੀ ਆਪਣੀਆਂ ਜੜ੍ਹਾਂ ਨਾਲ ਉਨ੍ਹਾਂ ਦਾ ਜੁੜਾਅ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਅਧਿਆਪਕਾਂ ਨੇ ਕਦੇ ਡਾਕਟਰਾਂ, ਇੰਜੀਨੀਅਰਾਂ ਅਤੇ ਆਈਏਐੱਸ ਅਧਿਕਾਰੀਆਂ ਦੀਆਂ ਪੀੜ੍ਹੀਆਂ ਦਾ ਮਾਰਗਦਰਸ਼ਨ ਕੀਤਾ ਉਹ ਅੱਜ ਤਕਨੀਕੀ ਰੁਕਾਵਟਾਂ ਅਤੇ ਅਧਿਆਪਨ ਦੇ ਪੇਸ਼ੇ ਪ੍ਰਤੀ ਬਦਲਦੇ ਨਜ਼ਰੀਏ ਦੇ ਵਿਚਕਾਰ ਖੁਦ ਨੂੰ ਢਾਲਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼੍ਰੀ ਆਲਮ ਨੇ ਕਿਹਾ ਕਿ ਇਹ ਫਿਲਮ ਅੱਜ ਅਧਿਆਪਕਾਂ ਦੇ ਸਾਹਮਣੇ ਆ ਰਹੀਆਂ ਚੁਣੌਤੀਆਂ ਅਤੇ ਉਨ੍ਹਾਂ ਨਾਲ ਕੀਤੇ ਜਾ ਰਹੇ ਵਿਵਹਾਰ ‘ਤੇ ਅਧਾਰਿਤ ਹੈ, ਜਿਸ ਨਾਲ ਦੇਸ਼ ਭਰ ਦੇ ਦਰਸ਼ਕ ਜੁੜ ਸਕਣਗੇ।
ਕਾਰਟਿਨਾ ਐਂਟਰਟੇਨਮੈਂਟ ਐਂਡ ਸਪੋਰਟਸ ਪ੍ਰਾਈਵੇਟ ਲਿਮਿਟੇਡ ਦੁਆਰਾ ਤਿਆਰ 103.52 ਮਿੰਟਾਂ ਦੀ ਇਸ ਹਿੰਦੀ ਡਰਾਮਾ ਫਿਲਮ ਵਿੱਚ ਮੰਨੇ-ਪ੍ਰਮੰਨੇ ਅਦਾਕਾਰ ਵਿਨੈ ਪਾਠਕ ਮੁੱਖ ਭੂਮਿਕਾ ਵਿੱਚ ਹਨ। ਸ਼੍ਰੀ ਆਲਮ ਨੇ ਅਦਾਕਾਰ ਵਿਨੈ ਪਾਠਕ ਦੀ ਬਿਹਤਰੀਨ ਅਦਾਕਾਰੀ ਦੀ ਸ਼ਲਾਘਾ ਕੀਤੀ ਅਤੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦਰਮਿਆਨ ਬਦਲਦੇ ਰਿਸ਼ਤਿਆਂ ‘ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਪਹਿਲਾਂ ਨੇੜਤਾ ਨਾਲ ਜੁੜੇ ਹੁੰਦੇ ਸਨ, ਪਰ ਆਧੁਨਿਕ ਸਿੱਖਿਆ ਵਿਵਸਥਾ ਵਿੱਚ ਇਹ ਹੌਲੀ-ਹੌਲੀ ਘੱਟ ਹੁੰਦੇ ਜਾ ਰਹੇ ਹਨ। ਉਨ੍ਹਾਂ ਨੇ ਵਿਚਾਰ ਪੂਰਵਕ ਸੰਵਾਦ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਨੌਜਵਾਨਾਂ ਨੂੰ ਕਿਹਾ ਕਿ ਉਹ ਦੂਜਿਆਂ ਬਾਰੇ ਬੁਰਾ ਬੋਲਣ ਦੀ ਥਾਂ ਧਿਆਨ ਨਾਲ ਦੇਖਣ ਅਤੇ ਉਨ੍ਹਾਂ ਦੀ ਗੱਲ ਸੁਣਨ।

ਬਿਹਾਰ ਦੀ ਚਰਚਾ ਕਰਦੇ ਹੋਏ ਸ਼੍ਰੀ ਆਲਮ ਨੇ ਰਾਜ ਵਿੱਚ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਹੋਈ ਤਰੱਕੀ ਦਾ ਜ਼ਿਕਰ ਕੀਤਾ। ਨਾਲ ਹੀ, ਉਨ੍ਹਾਂ ਨੇ ਰਾਜ ਦੇ ਵਿਕਾਸ ਅਤੇ ਪ੍ਰਾਪਤੀਆਂ ਨੂੰ ਵਿਆਪਕ ਦਰਸ਼ਕਾਂ ਤੱਕ ਪਹੁੰਚਾਉਣ ਵਿੱਚ ਸਿਨੇਮਾ ਦੀ ਸਾਰਥਕ ਭੂਮਿਕਾ ਨੂੰ ਉਜਾਗਰ ਕੀਤਾ।
ਕਬੀਰ ਸਰ ਕਾ ਆਖਰੀ ਪਾਠ ਬਲੈਕਬੋਰਡ ਤੋਂ ਸਮਾਰਟ ਬੋਰਡ ਤੱਕ ਦੇ ਬਦਲਾਅ ਤੋਂ ਅੱਗੇ ਵਧ ਕੇ ਸਨਮਾਨ, ਬਦਲਦੀਆਂ ਪੀੜ੍ਹੀਆਂ ਅਤੇ ਵਿਕਸਿਤ ਹੁੰਦੇ ਸਮਾਜ ਵਿੱਚ ਅਧਿਆਪਕਾਂ ਦੇ ਸਥਾਨ ਨਾਲ ਜੁੜੇ ਸਵਾਲ ਚੁੱਕਦੀ ਹੈ। ਇੱਕ ਫਿਲਮਮੇਕਰ ਦੇ ਨਿਜੀ ਤਜ਼ਰਬੇ ‘ਤੇ ਅਧਾਰਿਤ ਇਸ ਫਿਲਮ ਦੀ ਕਹਾਣੀ ਅਜਿਹੇ ਵਿਸ਼ਵ-ਵਿਆਪੀ ਰਿਸ਼ਤੇ ਨੂੰ ਦਰਸਾਉਂਦੀ ਹੈ, ਜੋ ਭੂਗੋਲਿਕ ਅਤੇ ਸੱਭਿਆਚਾਰਕ ਸੀਮਾਵਾਂ ਤੋਂ ਪਰੇ ਹੈ। ਇਹ ਫਿਲਮ 57ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ-ਇੱਫੀ ਦੀ ਵਿਸ਼ਾ ਵਸਤੂ ਸਰਹੱਦਾਂ ਤੋਂ ਪਰੇ ਕਹਾਣੀਆਂ ਨਾਲ ਹਮੇਸ਼ਾ ਮੇਲ ਖਾਂਦੀ ਹੈ। ਇਹ ਫਿਲਮ ਮਹੋਤਸਵ 20 ਤੋਂ 28 ਨਵੰਬਰ 2026 ਤੱਕ ਗੋਆ ਵਿਖੇ ਚੱਲ ਰਿਹਾ ਹੈ।
ਸ਼੍ਰੀ ਵਿਵੇਕ ਵਿਸ਼ਵਾਸ ਨੇ ਇਸ ਪ੍ਰੈੱਸ ਕਾਨਫਰੰਸ ਦਾ ਸੰਚਾਲਨ ਕੀਤਾ।
Watch the full press conference here:
Read IFFILOID here: https://www.pib.gov.in/iffi/57/iffiLoid.aspx?yr=2026&lang=1®=48
* * *
ਪੀਆਈਬੀ ਇੱਫੀ ਟੀਮ| ਰਜਿਤ/ ਸੁਪ੍ਰਿਆ / ਸਸਮਿਤਾ/ ਦਰਸ਼ਨਾ / ਏਕੇ | IFFI 57 - 114