ਦਸ ਫਿਕਸ਼ਨ ਫੀਚਰ ਫਿਲਮਾਂ 57ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ (ਇੱਫੀ) ਵਿੱਚ ਪ੍ਰਤਿਸ਼ਠਿਤ ਆਈਸੀਐਫਟੀ-ਯੂਨੈਸਕੋ ਗਾਂਧੀ ਮੈਡਲ (ICFT-UNESCO Gandhi Medal) ਲਈ ਮੁਕਾਬਲਾ ਕਰ ਰਹੀਆਂ ਹਨ, ਜੋ ਸ਼ਾਂਤੀ, ਸਹਿਣਸ਼ੀਲਤਾ, ਹਮਦਰਦੀ, ਸਮਾਜਿਕ ਨਿਆਂ ਅਤੇ ਅੰਤਰ-ਸੱਭਿਆਚਾਰਕ ਸੰਵਾਦ ਦੇ ਵਿਸ਼ਿਆਂ ਨੂੰ ਦਰਸਾਉਂਦੀਆਂ ਹਨ। ਫੈਸਟੀਵਲ ਤੋਂ ਇਲਾਵਾ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਵੱਲੋਂ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਵਿੱਚ ਆਈਸੀਐਫਟੀ-ਯੂਨੈਸਕੋ ਗਾਂਧੀ ਮੈਡਲ ਜਿਊਰੀ ਦੇ ਮੈਂਬਰ ਸ਼੍ਰੀ ਮਨੋਜ ਕਦਮ ਅਤੇ ਇੱਫੀ ਦੇ ਕ੍ਰਿਏਟਿਵ ਡਾਇਰੈਕਟਰ ਸ਼੍ਰੀ ਪੰਕਜ ਸਕਸੈਨਾ ਨੇ ਮੀਡੀਆ ਨਾਲ ਗੱਲਬਾਤ ਕੀਤੀ।
ਇਸ ਗੱਲਬਾਤ ਦੌਰਾਨ ਸ਼੍ਰੀ ਮਨੋਜ ਕਦਮ ਨੇ ਸਾਰਥਕ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਸ਼ਾਂਤੀ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸਿਨੇਮਾ ਨੂੰ ਇੱਕ ਮਾਧਿਅਮ ਵਜੋਂ ਵਰਤਣ ਪ੍ਰਤੀ ਚੁਣੀਆਂ ਗਈਆਂ ਫਿਲਮਾਂ ਦੀ ਸਾਂਝੀ ਵਚਨਬੱਧਤਾ 'ਤੇ ਚਾਨਣਾ ਪਾਇਆ।

ਫਿਲਮਾਂ ਦੇ ਮੁਲਾਂਕਣ ਪ੍ਰਤੀ ਜਿਊਰੀ ਦੇ ਦ੍ਰਿਸ਼ਟੀਕੋਣ ਨੂੰ ਸਮਝਾਉਂਦੇ ਹੋਏ ਕਦਮ ਨੇ ਕਿਹਾ ਕਿ ਸਭ ਤੋਂ ਪ੍ਰਮੁੱਖ ਵਿਚਾਰ ਕਹਾਣੀ ਦਾ ਮਨੁੱਖੀ ਚਰਿੱਤਰ ਅਤੇ ਗਾਂਧੀਵਾਦੀ ਆਦਰਸ਼ਾਂ, ਖਾਸ ਕਰਕੇ ਅਹਿੰਸਾ ਅਤੇ ਸਿਨੇਮਾ ਰਾਹੀਂ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਨਾਲ ਉਸ ਦਾ ਜੁੜਾਅ ਸੀ। ਉਨ੍ਹਾਂ ਨੇ ਕਿਹਾ ਕਿ ਫਿਲਮ ਦੀ ਕਲਾਤਮਕ ਅਤੇ ਤਕਨੀਕੀ ਗੁਣਵੱਤਾ ਦੇ ਨਾਲ-ਨਾਲ ਉਹ ਇਮਾਨਦਾਰੀ ਅਤੇ ਦ੍ਰਿੜ੍ਹ ਵਿਸ਼ਵਾਸ ਵੀ ਮਹੱਤਵਪੂਰਨ ਵਿਚਾਰ ਸਨ, ਜਿਸ ਨਾਲ ਫਿਲਮ ਨਿਰਮਾਤਾ ਆਪਣਾ ਲੋੜੀਂਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਂਦਾ ਹੈ।
ਇਸ ਸਾਲ ਦੇ ਇੱਫੀ ਦੇ ਵਿਸ਼ੇ 'ਸੀਮਾਵਾਂ ਤੋਂ ਪਰੇ ਕਹਾਣੀਆਂ' ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਚੁਣੀਆਂ ਗਈਆਂ ਫਿਲਮਾਂ ਨੇ ਦਰਸ਼ਕਾਂ ਨੂੰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੀ ਸੈਰ ਕਰਵਾਈ ਹੈ, ਜਿਸ ਨਾਲ ਅਣਜਾਣ ਸੱਭਿਆਚਾਰਾਂ ਅਤੇ ਦ੍ਰਿਸ਼ਟੀਕੋਣਾਂ ਦੀ ਡੂੰਘੀ ਸਮਝ ਮਿਲੀ ਹੈ। ਉਨ੍ਹਾਂ ਨੇ ਕਿਹਾ, "ਹਰੇਕ ਫਿਲਮ ਦੀ ਆਪਣੀ ਸਮਰੱਥਾ ਅਤੇ ਕਲਾਤਮਕ ਮੁੱਲ ਹੁੰਦੇ ਹਨ। ਇਹ ਉਸ ਦੇਸ਼ ਦੇ ਸਮਾਜਿਕ-ਆਰਥਿਕ ਅਤੇ ਸੱਭਿਆਚਾਰਕ ਪਹਿਲੂਆਂ ਨੂੰ ਦਰਸਾਉਂਦੀ ਹੈ। ਜੋ ਫਿਲਮਾਂ ਪੂਰੀ ਦੁਨੀਆ ਦੀ ਯਾਤਰਾ ਕਰ ਰਹੀਆਂ ਹਨ, ਉਹ ਜਿਊਰੀ ਨੂੰ ਵੀ ਉਨ੍ਹਾਂ ਦੇ ਸੱਭਿਆਚਾਰ ਨੂੰ ਜਾਣਨ ਲਈ ਆਪਣੇ ਨਾਲ ਯਾਤਰਾ ਕਰਵਾ ਰਹੀਆਂ ਹਨ। ਇਹੀ ਸਿਨੇਮਾ ਦੀ ਤਾਕਤ ਹੈ, ਜੋ ਤੁਹਾਨੂੰ ਦੁਨੀਆ ਨਾਲ ਜਾਣੂ ਕਰਵਾਉਂਦੀ ਹੈ।"
ਮੁਕਾਬਲੇ ਵਿੱਚ ਸ਼ਾਮਲ ਕੁਝ ਫਿਲਮਾਂ ‘ਤੇ ਚਾਨਣਾ ਪਾਉਂਦੇ ਹੋਏ ਕਦਮ ਨੇ ‘ਸਟ੍ਰਾਬੇਰੀਜ਼’ (Strawberries) ਦਾ ਹਵਾਲਾ ਦਿੱਤਾ, ਜੋ ਮਹਿਲਾਵਾਂ ਪ੍ਰਤੀ ਬੇਇਨਸਾਫ਼ੀ ਵਿਰੁੱਧ ਸੰਘਰਸ਼ ਦਾ ਚਿਤਰਣ ਹੈ ਅਤੇ ਨਾਰੀ ਸ਼ਕਤੀ ਦੀ ਪੁਸ਼ਟੀ ਕਰਦੀ ਹੈ। ਉਨ੍ਹਾਂ ਨੇ ‘ਦ ਫਾਲ ਆਫ ਦ ਕੁਈਨ’ (The Fall of the Queen) ਵੱਲ ਵੀ ਇਸ਼ਾਰਾ ਕੀਤਾ, ਜੋ ਦਵਾਈਆਂ ਦੇ ਪੇਟੈਂਟ ਅਤੇ ਸਿਹਤ ਸੇਵਾਵਾਂ ਤੱਕ ਪਹੁੰਚ ਨਾਲ ਜੁੜੀਆਂ ਚਿੰਤਾਵਾਂ ਨੂੰ ਉਠਾਉਂਦੀ ਹੈ ਅਤੇ ‘ਸਕ੍ਰੋਲ’ (Scroll) ਦਾ ਜ਼ਿਕਰ ਕੀਤਾ, ਜੋ ਨੌਜਵਾਨ ਪੀੜ੍ਹੀ ਲਈ ਇੱਕ ਮਹੱਤਵਪੂਰਨ ਸੰਦੇਸ਼ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਫਿਲਮਾਂ ਸਮਾਜਿਕ ਸਮੱਸਿਆਵਾਂ ਨੂੰ ਚਿਤਰਣ ਕਰਨ ਤੋਂ ਅੱਗੇ ਵਧ ਕੇ ਦਰਸ਼ਕਾਂ ਨੂੰ ਵਿਵਹਾਰਕ ਹੱਲਾਂ ਬਾਰੇ ਸੋਚਣ ਲਈ ਉਤਸ਼ਾਹਿਤ ਕਰਦੀਆਂ ਹਨ। ਉਨ੍ਹਾਂ ਨੇ ਇਹ ਵੀ ਰਾਏ ਪ੍ਰਗਟ ਕੀਤੀ ਕਿ ਸਿਰਫ਼ ਦਰਸ਼ਕਾਂ ਦੀਆਂ ਪ੍ਰਤੀਕਿਰਿਆਵਾਂ ਹੀ ਕਿਸੇ ਫਿਲਮ ਦੀ ਗੁਣਵੱਤਾ ਨਿਰਧਾਰਿਤ ਨਹੀਂ ਕਰ ਸਕਦੀਆਂ।

ਪ੍ਰੈੱਸ ਕਾਨਫਰੰਸ ਵਿੱਚ ਬੋਲਦਿਆਂ ਇੱਫੀ ਦੇ ਕਲਾ ਨਿਰਦੇਸ਼ਕ ਪੰਕਜ ਸਕਸੈਨਾ ਨੇ ਕਿਹਾ ਕਿ ਆਈਸੀਐਫਟੀ-ਯੂਨੈਸਕੋ ਦੇ ਮੈਂਡੇਟ (ਆਦੇਸ਼) ਨੇ ਸਹਿਣਸ਼ੀਲਤਾ, ਸ਼ਾਂਤੀ, ਸਮਝ ਅਤੇ ਅੰਤਰ-ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਵਾਲੀਆਂ ਫਿਲਮਾਂ ਦੀ ਚੋਣ ਲਈ ਇੱਕ ਸਪਸ਼ਟ ਰੂਪ-ਰੇਖਾ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਸਮਾਜ ਨੂੰ ਆਕਾਰ ਦੇਣ ਵਿੱਚ ਸਿਨੇਮਾ ਦੀ ਜ਼ਿੰਮੇਵਾਰੀ ‘ਤੇ ਚਾਨਣਾ ਪਾਇਆ ਅਤੇ ਸੁਚੇਤ ਕੀਤਾ ਕਿ ਇਸ ਮਾਧਿਅਮ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਇਸ ਦੇ ਅਧਾਰ ‘ਤੇ ਫਿਲਮਾਂ ਲਾਭਦਾਇਕ ਅਤੇ ਨੁਕਸਾਨਦਾਇਕ ਦੋਵੇਂ ਹੋ ਸਕਦੀਆਂ ਹਨ।
ਸਕਸੈਨਾ ਨੇ ਕਿਹਾ ਕਿ 'ਗਲੋਬਲ ਸਾਊਥ' ਦੇ ਸਮਾਜ, ਖਾਸ ਕਰਕੇ ਉਹ ਜੋ ਤੇਜ਼ੀ ਨਾਲ ਸਮਾਜਿਕ ਅਤੇ ਸੱਭਿਆਚਾਰਕ ਤਬਦੀਲੀਆਂ ਵਿੱਚੋਂ ਗੁਜ਼ਰ ਰਹੇ ਹਨ, ਸਿਨੇਮਾਈ ਰਚਨਾਤਮਕਤਾ ਲਈ ਉਪਜਾਊ ਜ਼ਮੀਨ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੀਨੀਆ, ਹੈਤੀ ਅਤੇ ਤੁਰਕੀ ਵਰਗੇ ਦੇਸ਼ਾਂ ਦੀਆਂ ਫਿਲਮਾਂ ਦਰਸ਼ਕਾਂ ਨੂੰ ਬਦਲਦੀਆਂ ਸਮਾਜਿਕ ਹਕੀਕਤਾਂ ਅਤੇ ਸੱਭਿਆਚਾਰਕ ਗਤੀਸ਼ੀਲਤਾ ਬਾਰੇ ਕੀਮਤੀ ਸੂਝ ਪ੍ਰਦਾਨ ਕਰਦੀਆਂ ਹਨ।

ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਫਿਲਮ ਨਿਰਮਾਤਾਵਾਂ ਲਈ ਸਮਾਜਿਕ ਸਮੱਸਿਆਵਾਂ ਦਾ ਹਮੇਸ਼ਾ ਨਿਸ਼ਚਿਤ ਹੱਲ ਪ੍ਰਦਾਨ ਕਰਨਾ ਜ਼ਰੂਰੀ ਨਹੀਂ ਹੈ, ਕਿਉਂਕਿ ਢੁਕਵੇਂ ਸਵਾਲ ਉਠਾਉਣਾ ਅਤੇ ਆਮ ਲੋਕਾਂ ਦੇ ਵਿਚਾਰਾਂ ਨੂੰ ਪ੍ਰੇਰਿਤ ਕਰਨਾ ਵੀ ਕਲਾ ਦੇ ਓਨੇ ਹੀ ਜ਼ਰੂਰੀ ਕਾਰਜ ਹਨ। ਉਨ੍ਹਾਂ ਨੇ ਕਿਹਾ, “ਇੱਕ ਕਲਾਕਾਰ ਦਾ ਕੰਮ ਹੱਲ ਪ੍ਰਦਾਨ ਕਰਨਾ ਹੋ ਸਕਦਾ ਹੈ, ਪਰ ਇਹ ਅਣਸੁਲਝੇ ਸਵਾਲ ਛੱਡਣਾ ਵੀ ਹੋ ਸਕਦਾ ਹੈ। ਇਹ ਬਿਲਕੁਲ ਠੀਕ ਹੈ, ਅਤੇ ਅਸੀਂ ਦੋਵਾਂ ਤਰ੍ਹਾਂ ਦੇ ਕਲਾਕਾਰਾਂ ਦਾ ਸਨਮਾਨ ਕਰਦੇ ਹਾਂ।“
ਕਹਾਣੀਆਂ ਨੂੰ ਭੂਗੋਲਿਕ ਅਤੇ ਸੱਭਿਆਚਾਰਕ ਸੀਮਾਵਾਂ ਤੋਂ ਪਰੇ ਜਾਣ ਦੇ ਯੋਗ ਕੀ ਬਣਾਉਂਦਾ ਹੈ, ਇਸ ਸਵਾਲ ਦਾ ਜਵਾਬ ਦਿੰਦੇ ਹੋਏ ਸਕਸੈਨਾ ਨੇ ਐਸਥੇਟਿਕ ਅਤੇ ਸਾਰਥਕਤਾ, ਜਾਂ ਰੂਪ ਅਤੇ ਵਿਸ਼ਾ-ਵਸਤੂ ਨੂੰ ਜ਼ਰੂਰੀ ਤੱਤਾਂ ਵਜੋਂ ਪਛਾਣਿਆ।
ਪ੍ਰੈੱਸ ਕਾਨਫਰੰਸ ਦਾ ਸੰਚਾਲਨ ਸ਼੍ਰੀ ਮਹੇਸ਼ ਕੁਮਾਰ ਨੇ ਕੀਤਾ।
ਆਈਸੀਐੱਫਟੀ-ਯੂਨੈਸਕੋ ਗਾਂਧੀ ਮੈਡਲ ਬਾਰੇ
ਯੂਨੈਸਕੋ ਦੀ ਸਰਪ੍ਰਸਤੀ ਹੇਠ ਪੈਰਿਸ ਸਥਿਤ ਇੰਟਰਨੈਸ਼ਨਲ ਕੌਂਸਲ ਫਾਰ ਫਿਲਮ, ਟੈਲੀਵਿਜ਼ਨ ਐਂਡ ਆਡੀਓਵਿਜ਼ੁਅਲ ਕਮਿਊਨੀਕੇਸ਼ਨ (ਆਈਸੀਐੱਫਟੀ) ਦੇ ਸਹਿਯੋਗ ਨਾਲ ਇੱਫੀ ਦੇ 46ਵੇਂ ਐਡੀਸ਼ਨ ਵਿੱਚ ਸਥਾਪਿਤ, ਆਈਸੀਐਫਟੀ-ਯੂਨੈਸਕੋ ਗਾਂਧੀ ਮੈਡਲ ਉਨ੍ਹਾਂ ਫਿਲਮਾਂ ਨੂੰ ਸਨਮਾਨਿਤ ਕਰਦਾ ਹੈ ਜੋ ਮਹਾਤਮਾ ਗਾਂਧੀ ਦੇ ਅਹਿੰਸਾ, ਸਹਿਣਸ਼ੀਲਤਾ, ਅੰਤਰ-ਸੱਭਿਆਚਾਰਕ ਸਮਝ ਅਤੇ ਸ਼ਾਂਤੀ ਦੇ ਸੱਭਿਆਚਾਰ ਦੇ ਆਦਰਸ਼ਾਂ ਨੂੰ ਦਰਸਾਉਂਦੀਆਂ ਹਨ। ਇਸ ਸਾਲ ਦੇ ਮੁਕਾਬਲੇ ਲਈ ਚੁਣੀਆਂ ਗਈਆਂ ਦਸ ਫਿਲਮਾਂ (ਸੱਤ ਅੰਤਰਰਾਸ਼ਟਰੀ ਅਤੇ ਤਿੰਨ ਭਾਰਤੀ) ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਦੀਆਂ ਕਹਾਣੀਆਂ ਨੂੰ ਇਕੱਠਿਆਂ ਲਿਆਉਂਦੀਆਂ ਹਨ, ਜੋ ਮਨੁੱਖੀ ਸਬੰਧਾਂ, ਸਮਾਜਿਕ ਚੁਣੌਤੀਆਂ ਅਤੇ ਸਾਂਝੀਆਂ ਕਦਰਾਂ-ਕੀਮਤਾਂ ਨੂੰ ਉਜਾਗਰ ਕਰਦੀਆਂ ਹਨ।
ਇੱਫੀਲੌਇਡ ਇੱਥੇ ਪੜ੍ਹੋ:
https://www.pib.gov.in/iffi/57/iffiLoid.aspx?yr=2026&lang=1®=48
* * *
ਪੀਆਈਬੀ ਇੱਫੀ ਟੀਮ/ਰਬੀਹਾਸ਼ਮੀ/ਲਕਸ਼ਮੀਪ੍ਰਿਆ/ਬਿਬਿਨ/ਦਰਸ਼ਨਾ/ ਏਕੇ| IFFI 57 – 111