57ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਵਿੱਚ ਆਲਮੀ ਪੱਧਰ 'ਤੇ ਇੱਕ ਫਿਲਮਾਂਕਣ ਅਤੇ ਫਿਲਮ ਨਿਰਮਾਣ ਕੇਂਦਰ ਵਜੋਂ ਭਾਰਤ ਦੀਆਂ ਵਧਦੀਆਂ ਸੰਭਾਵਨਾਵਾਂ 'ਤੇ ਚਰਚਾ ਹੋਈ। ਇਸ ਦੌਰਾਨ ਨੀਤੀ-ਨਿਰਮਾਤਾਵਾਂ ਅਤੇ ਫਿਲਮ ਉਦਯੋਗ ਦੇ ਦਿੱਗਜਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਫਿਲਮ ਨਿਰਮਾਣ ਦੇ ਖੇਤਰ ਵਿੱਚ ਭਾਰਤ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਦੇ ਮੌਕਿਆਂ 'ਤੇ ਵਿਚਾਰ-ਵਟਾਂਦਰਾ ਕੀਤਾ।
'ਫਿਲਮ ਨਿਰਮਾਣ ਹੋਇਆ ਅਸਾਨ: ਆਲਮੀ ਫਿਲਮਾਂਕਣ ਅਤੇ ਫਿਲਮ ਨਿਰਮਾਣ ਕੇਂਦਰ ਵਜੋਂ ਭਾਰਤ ਦਾ ਉਭਾਰ' ਵਿਸ਼ੇ 'ਤੇ ਆਯੋਜਿਤ ਇਸ ਪੈਨਲ ਚਰਚਾ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਪ੍ਰਿਥੁਲ ਕੁਮਾਰ, 'ਸਕ੍ਰੀਨ ਆਸਟ੍ਰੇਲੀਆ' ਦੀ ਮੁੱਖ ਸੰਚਾਲਨ ਅਧਿਕਾਰੀ ਸੁਸ਼੍ਰੀ ਗ੍ਰੇਨੀ ਬਰੰਡਸਨ ਅਤੇ ਉੱਘੇ ਅਦਾਕਾਰ, ਡਾਇਰੈਕਟਰ ਅਤੇ ਨਿਰਮਾਤਾ ਸ਼੍ਰੀ ਅਨੁਪਮ ਖੇਰ ਸ਼ਾਮਲ ਹੋਏ।
ਚਰਚਾ ਦੌਰਾਨ ਇਹ ਦੱਸਿਆ ਗਿਆ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਪਹਿਲ 'ਤੇ ਸ਼ੁਰੂ ਕੀਤਾ ਗਿਆ ਅਤੇ ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਦੁਆਰਾ ਸੰਚਾਲਿਤ 'ਇੰਡੀਆ ਸਿਨੇ ਹੱਬ' (ਆਈਸੀਐੱਚ) ਕਿਸ ਤਰ੍ਹਾਂ ਭਾਰਤ ਵਿੱਚ ਫਿਲਮ ਨਿਰਮਾਣ ਦੀ ਪ੍ਰਕਿਰਿਆ ਨੂੰ ਸਰਲ ਬਣਾ ਰਿਹਾ ਹੈ। ਇਸ ਸੈਸ਼ਨ ਦਾ ਸੰਚਾਲਨ ਫਿਲਮ ਸਮੀਖਿਅਕ ਅਤੇ ਪੱਤਰਕਾਰ ਰਾਜੀਵ ਮਸੰਦ ਨੇ ਕੀਤਾ।
ਚਰਚਾ ਦੀ ਸ਼ੁਰੂਆਤ ਕਰਦੇ ਹੋਏ ਸ਼੍ਰੀ ਪ੍ਰਿਥੁਲ ਕੁਮਾਰ ਨੇ ਕਿਹਾ ਕਿ 'ਇੰਡੀਆ ਸਿਨੇ ਹੱਬ' ਪੋਰਟਲ ਨਾਲ ਰਾਜ ਸਰਕਾਰਾਂ ਨੂੰ ਜੋੜਨਾ, ਫਿਲਮ ਨਿਰਮਾਣ ਦੀਆਂ ਮਨਜ਼ੂਰੀਆਂ ਨੂੰ ਸਰਲ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਹੁਣ ਫਿਲਮ ਨਿਰਮਾਤਾ ਇੱਕ ਹੀ ਡਿਜੀਟਲ ਪਲੈਟਫਾਰਮ ਰਾਹੀਂ ਵੱਖ-ਵੱਖ ਅਦਾਰਿਆਂ ਤੋਂ ਮਨਜ਼ੂਰੀਆਂ ਪ੍ਰਾਪਤ ਕਰਨ ਲਈ ਇੱਕ ਸਾਂਝੇ ਅਰਜ਼ੀ ਫਾਰਮ ਦੀ ਵਰਤੋਂ ਕਰ ਸਕਦੇ ਹਨ, ਜਿਨ੍ਹਾਂ ਵਿੱਚ ਨਗਰ ਨਿਗਮ, ਟ੍ਰੈਫਿਕ ਵਿਭਾਗ, ਭਾਰਤੀ ਰੇਲਵੇ ਅਤੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਆਦਿ ਸ਼ਾਮਲ ਹਨ।
ਉਨ੍ਹਾਂ ਨੇ ਦੱਸਿਆ ਕਿ ਇਸ ਪਲੈਟਫਾਰਮ 'ਤੇ ਲਗਭਗ 32 ਸੇਵਾਵਾਂ ਨੂੰ ਜੋੜਿਆ ਗਿਆ ਹੈ। ਬਿਨੈਕਾਰ ਇੱਕ ਡੈਸ਼ਬੋਰਡ ਰਾਹੀਂ ਆਪਣੀ ਅਰਜ਼ੀ ਦੀ ਸਥਿਤੀ 'ਤੇ ਨਜ਼ਰ ਰੱਖ ਸਕਦੇ ਹਨ ਅਤੇ ਜਿੱਥੇ ਵੀ ਭੁਗਤਾਨ ਦੀ ਜ਼ਰੂਰਤ ਹੋਵੇ, ਉੱਥੇ ਸੁਰੱਖਿਅਤ ਪੇਮੈਂਟ ਲਿੰਕ ਰਾਹੀਂ ਭੁਗਤਾਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, 'ਡਿਜੀਟਲ ਸਕਾਈ' ਪਲੈਟਫਾਰਮ ਰਾਹੀਂ ਮਿਲਣ ਵਾਲੀਆਂ ਡਰੋਨ-ਸਬੰਧੀ ਮਨਜ਼ੂਰੀਆਂ ਨੂੰ ਵੀ ਇਸ ਵਿੱਚ ਸ਼ਾਮਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਭਾਰਤ ਵਿੱਚ ਫਿਲਮ ਸ਼ੂਟਿੰਗ ਦੀ ਵਧਦੀ ਪਹੁੰਚਯੋਗਤਾ 'ਤੇ ਚਾਨਣਾ ਪਾਉਂਦੇ ਹੋਏ, ਸ਼੍ਰੀ ਕੁਮਾਰ ਨੇ ਜ਼ਿਕਰ ਕੀਤਾ ਕਿ ਅੰਤਰਰਾਸ਼ਟਰੀ ਫਿਲਮ ਸ਼ੂਟਿੰਗ ਦੀ ਮਨਜ਼ੂਰੀ, ਜਿਸ ਲਈ 28 ਦਿਨਾਂ ਦੀ ਪ੍ਰਕਿਰਿਆ ਨਿਰਧਾਰਿਤ ਹੈ, 2015 ਤੋਂ ਔਸਤਨ ਸਿਰਫ਼ 18 ਦਿਨਾਂ ਵਿੱਚ ਮਿਲ ਰਹੀ ਹੈ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਮੰਨੀ ਗਈ ਮਨਜ਼ੂਰੀ ('ਡੀਮਡ-ਅਪਰੂਵਲ') ਪ੍ਰਾਵਧਾਨ ਦਾ ਵੀ ਜ਼ਿਕਰ ਕੀਤਾ, ਜਿਸ ਦੇ ਤਹਿਤ ਜੇਕਰ 15 ਦਿਨਾਂ ਦੇ ਅੰਦਰ ਕੋਈ ਫੈਸਲਾ ਨਹੀਂ ਦੱਸਿਆ ਜਾਂਦਾ ਹੈ, ਤਾਂ ਅਰਜ਼ੀ ਨੂੰ ਮਨਜ਼ੂਰ ਮੰਨ ਲਿਆ ਜਾਂਦਾ ਹੈ।

ਫਿਲਮ ਨਿਰਮਾਣ ਅਤੇ ਸਹਿ-ਨਿਰਮਾਣ ਦੇ ਕੇਂਦਰ ਵਜੋਂ ਭਾਰਤ ਪ੍ਰਤੀ ਵਧਦੇ ਆਕਰਸ਼ਣ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਕੁਮਾਰ ਨੇ ਦੱਸਿਆ ਕਿ ਅਜਿਹੇ ਮੌਕਿਆਂ ਲਈ ਭਾਰਤ ਆਉਣ ਵਾਲੀਆਂ ਅੰਤਰਰਾਸ਼ਟਰੀ ਫਿਲਮ-ਨਿਰਮਾਣ ਕੰਪਨੀਆਂ ਦੀ ਗਿਣਤੀ ਸਲਾਨਾ 25–30 ਤੋਂ ਵਧ ਕੇ 100–200 ਹੋ ਗਈ ਹੈ। ਉਨ੍ਹਾਂ ਨੇ ਫਿਲਮ-ਨਿਰਮਾਣ ਪੇਸ਼ੇਵਰਾਂ ਅਤੇ ਸੇਵਾ ਪ੍ਰਦਾਤਾਵਾਂ ਨੂੰ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਨ ਲਈ ਉਤਸ਼ਾਹਿਤ ਕੀਤਾ, ਤਾਂ ਜੋ ਦੁਨੀਆ ਭਰ ਦੇ ਫਿਲਮ ਨਿਰਮਾਤਾ ਭਾਰਤ ਦੇ ਫਿਲਮ-ਨਿਰਮਾਣ ਸਰੋਤਾਂ ਨੂੰ ਲੱਭ ਸਕਣ ਅਤੇ ਉਨ੍ਹਾਂ ਦੀ ਵਰਤੋਂ ਕਰ ਸਕਣ।
ਭਾਰਤ-ਆਸਟ੍ਰੇਲੀਆ ਸਹਿਯੋਗ ਦੇ ਮੌਕਿਆਂ 'ਤੇ ਗੱਲ ਕਰਦੇ ਹੋਏ, ਸੁਸ਼੍ਰੀ ਬਰੰਡਸਨ ਨੇ ਕਿਹਾ ਕਿ ਭਾਰਤ ਦੇ ਵਿਭਿੰਨ ਸ਼ੂਟਿੰਗ ਸਥਾਨ, ਫਿਲਮ ਨਿਰਮਾਣ ਦੀ ਪ੍ਰਤਿਭਾ ਅਤੇ ਦਰਸ਼ਕਾਂ ਨਾਲ ਡੂੰਘਾ ਭਾਵਨਾਤਮਕ ਜੁੜਾਅ ਇਸ ਨੂੰ ਅੰਤਰਰਾਸ਼ਟਰੀ ਸਾਂਝੇਦਾਰੀ ਲਈ ਇੱਕ ਆਕਰਸ਼ਕ ਥਾਂ ਬਣਾਉਂਦੇ ਹਨ। ਉਨ੍ਹਾਂ ਨੇ ਆਸਟ੍ਰੇਲੀਆ ਵਿੱਚ ਭਾਰਤੀ ਸਿਨੇਮਾ ਦੀ ਵਧਦੀ ਲੋਕਪ੍ਰਿਅਤਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਪਿਛਲੇ ਸਾਲ ਉੱਥੋਂ ਦੇ ਲੋਕਾਂ ਨੇ ਆਸਟ੍ਰੇਲੀਆਈ ਫਿਲਮਾਂ ਦੇ ਮੁਕਾਬਲੇ ਭਾਰਤੀ ਫਿਲਮਾਂ ਜ਼ਿਆਦਾ ਦੇਖੀਆਂ। ਉਨ੍ਹਾਂ ਨੇ ਕਿਹਾ ਕਿ ਭਾਰਤੀ ਮੂਲ ਦੀ ਵਧਦੀ ਆਬਾਦੀ ਅਤੇ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਸੱਭਿਆਚਾਰਕ, ਵਿਦਿਅਕ, ਖੇਡ ਅਤੇ ਵਪਾਰਕ ਸਬੰਧ ਸਹਿਯੋਗ ਰਾਹੀਂ ਕਹਾਣੀਆਂ ਸੁਣਾਉਣ ਦੇ ਬਿਹਤਰੀਨ ਮੌਕੇ ਪ੍ਰਦਾਨ ਕਰਦੇ ਹਨ।
ਫਿਲਮ ਨਿਰਮਾਣ ਵਿੱਚ ਸਰਕਾਰੀ ਸਮਰਥਨ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ, ਸੁਸ਼੍ਰੀ ਬਰੰਡਸਨ ਨੇ ਕਿਹਾ, "ਹਰ ਫਿਲਮ ਇੱਕ ਸਟਾਰਟਅੱਪ ਅਤੇ ਇੱਕ ਚਮਤਕਾਰ ਦੀ ਤਰ੍ਹਾਂ ਹੁੰਦੀ ਹੈ। ਇਸ ਦੀ ਸ਼ੁਰੂਆਤ ਇੱਕ ਸੁਪਨੇ ਜਾਂ ਵਿਚਾਰ ਤੋਂ ਹੁੰਦੀ ਹੈ ਅਤੇ ਇਸ ਨੂੰ ਸਾਕਾਰ ਕਰਨ ਲਈ ਸਮਰਪਣ, ਜਨੂੰਨ ਅਤੇ ਦੂਜਿਆਂ ਦੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ।"
ਉਨ੍ਹਾਂ ਨੇ ਅੱਗੇ ਕਿਹਾ ਕਿ ਸਫਲ ਸਹਿ-ਨਿਰਮਾਣ ਸਿਰਫ਼ ਵਿੱਤੀ ਸਹਿਯੋਗ ਅਤੇ ਜੋਖਮ ਸਾਂਝਾ ਕਰਨ ਤੱਕ ਸੀਮਿਤ ਨਹੀਂ ਹੁੰਦੇ, ਸਗੋਂ ਇਹ ਰਚਨਾਤਮਕ ਅਦਾਨ-ਪ੍ਰਦਾਨ ਦੇ ਮੌਕੇ ਵੀ ਪੈਦਾ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਅਤੇ ਆਸਟ੍ਰੇਲੀਆਈ ਫਿਲਮ ਨਿਰਮਾਤਾ ਇੱਕ-ਦੂਜੇ ਦੀ ਕਹਾਣੀ ਕਹਿਣ ਦੀਆਂ ਪਰੰਪਰਾਵਾਂ ਤੋਂ ਸਿੱਖ ਸਕਦੇ ਹਨ ਅਤੇ ਸਾਂਝੇ ਅਨੁਭਵਾਂ—ਜਿਸ ਵਿੱਚ ਪ੍ਰਵਾਸੀ ਭਾਈਚਾਰਿਆਂ ਦੀਆਂ ਕਹਾਣੀਆਂ ਵੀ ਸ਼ਾਮਲ ਹਨ—ਦੀ ਪੜਤਾਲ ਕਰ ਸਕਦੇ ਹਨ, ਤਾਂ ਜੋ ਅਜਿਹੀਆਂ ਕਹਾਣੀਆਂ ਬਣਾਈਆਂ ਜਾ ਸਕਣ, ਜੋ ਦੋਵਾਂ ਦੇਸ਼ਾਂ ਦੇ ਦਰਸ਼ਕਾਂ ਨੂੰ ਪਸੰਦ ਆਉਂਦੀਆਂ ਹੋਣ।

'ਇੰਡੀਆ ਸਿਨੇ ਹੱਬ' ਪਲੈਟਫਾਰਮ ਸਥਾਪਿਤ ਕਰਨ ਦੀ ਭਾਰਤ ਸਰਕਾਰ ਦੀ ਪਹਿਲ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਅਨੁਪਮ ਖੇਰ ਨੇ ਕਿਹਾ ਕਿ ਫਿਲਮ ਸ਼ੂਟਿੰਗ ਦੀ ਮਨਜ਼ੂਰੀ ਲੈਣ ਦੀ ਪ੍ਰਕਿਰਿਆ ਵਿੱਚ ਕਾਫੀ ਸੁਧਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਵਿਭਿੰਨ ਦ੍ਰਿਸ਼, ਖਾਣ-ਪੀਣ, ਪਹਿਰਾਵੇ ਅਤੇ ਸੱਭਿਆਚਾਰਕ ਮਾਹੌਲ ਫਿਲਮ ਨਿਰਮਾਤਾਵਾਂ ਨੂੰ ਰਚਨਾਤਮਕ ਸੰਭਾਵਨਾਵਾਂ ਦਾ ਇੱਕ ਬੇਮਿਸਾਲ ਖੇਤਰ ਪ੍ਰਦਾਨ ਕਰਦੇ ਹਨ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸਿਨੇਮਾ ਭੂਗੋਲਿਕ ਸਰਹੱਦਾਂ ਤੋਂ ਪਰੇ ਹੈ, ਉਨ੍ਹਾਂ ਨੇ ਕਿਹਾ, “ਭਾਵਨਾਵਾਂ ਦੀ ਕੋਈ ਵੱਖਰੀ ਰਾਸ਼ਟਰੀਅਤਾ ਨਹੀਂ ਹੁੰਦੀ। ਤੁਹਾਨੂੰ ਬਸ ਸ਼ੂਟਿੰਗ ਕਰਨ ਦੇ ਮੌਕੇ ਦੀ ਜ਼ਰੂਰਤ ਹੁੰਦੀ ਹੈ।”
ਸ਼੍ਰੀ ਖੇਰ ਨੇ ਇਹ ਵੀ ਦੱਸਿਆ ਕਿ ਸਿੰਗਲ-ਵਿੰਡੋ ਸਿਸਟਮ ਨਾਲ ਨਾ ਸਿਰਫ਼ ਸਥਾਪਿਤ ਨਿਰਮਾਤਾਵਾਂ ਨੂੰ, ਸਗੋਂ ਨਵੇਂ ਲੋਕਾਂ, ਲੇਖਕਾਂ, ਫਿਲਮ-ਨਿਰਮਾਣ ਪੇਸ਼ੇਵਰਾਂ ਅਤੇ ਭਵਿੱਖ ਦੇ ਡਾਇਰੈਕਟਰਾਂ ਨੂੰ ਵੀ ਫਾਇਦਾ ਹੁੰਦਾ ਹੈ। ਉਨ੍ਹਾਂ ਨੇ ਵਿਚੌਲਿਆਂ ਦੇ ਆਉਣ ਨੂੰ ਲੈ ਕੇ ਸੁਚੇਤ ਕੀਤਾ, ਜੋ ਮਨਜ਼ੂਰੀਆਂ ਦਿਵਾਉਣ ਦੇ ਨਾਮ 'ਤੇ ਫਿਲਮ ਨਿਰਮਾਤਾਵਾਂ ਦਾ ਸ਼ੋਸ਼ਣ ਕਰ ਸਕਦੇ ਹਨ।
ਇਸ ਚਰਚਾ ਵਿੱਚ ਇਸ ਗੱਲ 'ਤੇ ਵਿਚਾਰ ਕੀਤਾ ਗਿਆ ਕਿ ਭਾਰਤ ਵਿੱਚ ਅੰਤਰਰਾਸ਼ਟਰੀ ਫਿਲਮ ਨਿਰਮਾਣ ਲਈ ਇੱਕ ਪਸੰਦੀਦਾ ਥਾਂ ਬਣਨ ਦੇ ਮੌਕੇ ਵਧ ਰਹੇ ਹਨ। ਇਸ ਵਿੱਚ ਅਸਾਨ ਮਨਜ਼ੂਰੀਆਂ, ਵੱਖ-ਵੱਖ ਤਰ੍ਹਾਂ ਦੇ ਸ਼ੂਟਿੰਗ-ਸਥਾਨ ਅਤੇ ਰਚਨਾਤਮਕ ਸਹਿਯੋਗ ਦੇ ਮੌਕੇ ਮਦਦਗਾਰ ਸਾਬਤ ਹੋ ਸਕਦੇ ਹਨ। ਆਲਮੀ ਸਿਨੇਮਾਈ ਅਦਾਨ-ਪ੍ਰਦਾਨ ਦੇ ਇੱਕ ਮੰਚ ਵਜੋਂ ਇੱਫੀ (IFFI) ਦੀ ਭੂਮਿਕਾ ਦੇ ਅਨੁਸਾਰ ਇਸ ਸੈਸ਼ਨ ਵਿੱਚ ਇਸ ਗੱਲ 'ਤੇ ਚਾਨਣਾ ਪਾਇਆ ਗਿਆ ਕਿ ਕਿਸ ਤਰ੍ਹਾਂ ਮਜ਼ਬੂਤ ਉਦਯੋਗ ਸਾਂਝੇਦਾਰੀਆਂ ਅਤੇ ਫਿਲਮ ਨਿਰਮਾਣ ਲਈ ਇੱਕ ਅਨੁਕੂਲ ਮਾਹੌਲ, ਵਿਸ਼ਵ ਮੰਚ 'ਤੇ ਭਾਰਤੀ ਸਿਨੇਮਾ ਲਈ ਨਵੇਂ ਮੌਕੇ ਖੋਲ੍ਹ ਸਕਦੇ ਹਨ।

ਇੱਥੇ IFFILOID ਪੜ੍ਹੋ:: https://www.pib.gov.in/iffi/57/iffiLoid.aspx?yr=2026&lang=1®=48
******************
ਪੀਆਈਬੀ ਇੱਫੀ ਟੀਮ/ ਰਜਿਤ/ਸੁਪ੍ਰਿਆ/ ਬਿਬਿਨ/ਦਰਸ਼ਨਾ/ਏਕੇ | IFFI 57 - 063