ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
Posted On:
20 NOV 2026 10:45AM by PIB Chandigarh
ਬੋਤਸਵਾਨਾ ਤੋਂ ਲਿਆਂਦੀ ਗਈ ਮਾਦਾ ਚੀਤਾ ਨੇ ਜੰਗਲ ਵਿੱਚ ਚਾਰ ਸਿਹਤਮੰਦ ਸ਼ਾਵਕਾਂ ਨੂੰ ਜਨਮ ਦਿੱਤਾ ਹੈ। ਇਹ ਭਾਰਤ ਵਿੱਚ ਚੀਤਿਆਂ ਦੀ ਆਬਾਦੀ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਮਿਲੀ ਨਵੀਂ ਸਫਲਤਾ ਅਤੇ ਪ੍ਰੋਜੈਕਟ ਚੀਤਾ ਲਈ ਵੱਡੀ ਪ੍ਰਾਪਤੀ ਹੈ। ਬੋਤਸਵਾਨਾ ਤੋਂ ਭਾਰਤ ਲਿਆਂਦੀ ਗਈ ਢਾਈ ਸਾਲ ਦੀ ਮਾਦਾ ਚੀਤਾ ਕੇਓਐੱਮਜੀ 3 ਨੇ ਅੱਜ ਜੰਗਲ ਵਿੱਚ ਚਾਰ ਸਿਹਤਮੰਦ ਸ਼ਾਵਕਾਂ ਨੂੰ ਜਨਮ ਦਿੱਤਾ। ਇਹ ਪ੍ਰਾਪਤੀ ਭਾਰਤ ਵਿੱਚ ਚੀਤਿਆਂ ਦੀ ਸੰਭਾਲ ਅਤੇ ਉਨ੍ਹਾਂ ਦੀ ਵਿਵਹਾਰਕ ਆਬਾਦੀ ਨੂੰ ਮੁੜ-ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਕੀਤੀ ਹੈ। ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕੇਓਐੱਮਜੀ 3 ਭਾਰਤ ਵਿੱਚ ਸ਼ਾਵਕਾਂ ਨੂੰ ਜਨਮ ਦੇਣ ਵਾਲੀ ਬੋਤਸਵਾਨਾ ਤੋਂ ਲਿਆਂਦੀ ਗਈ ਪਹਿਲੀ ਅਜਿਹੀ ਮਾਦਾ ਚੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਾਵਕਾਂ ਨੂੰ ਜਨਮ ਦੇਣ ਤੋਂ ਪਹਿਲਾਂ ਇਸ ਮਾਦਾ ਚੀਤਾ ਨੇ ਚਾਰ ਮਹੀਨਿਆਂ ਤੋਂ ਵੱਧ ਸਮੇਂ ਜੰਗਲ ਵਿੱਚ ਕੁਦਰਤੀ ਸਥਿਤੀਆਂ ਦਾ ਸਾਹਮਣਾ ਕਰਦੇ ਹੋਏ ਬਿਤਾਏ ਹਨ। ਇਸ ਤੋਂ ਬਾਅਦ ਉਸ ਨੇ ਜੰਗਲ ਵਿੱਚ ਹੀ ਚਾਰ ਸਿਹਤਮੰਦ ਸ਼ਾਵਕਾਂ ਨੂੰ ਜਨਮ ਦਿੱਤਾ। ਸਾਲ 2022 ਵਿੱਚ ਚੀਤਾ ਪੁਨਰਵਾਸ ਪ੍ਰੋਗਰਾਮ ਸ਼ੁਰੂ ਹੋਣ ਤੋਂ ਬਾਅਦ ਜੰਗਲ ਵਿੱਚ ਸ਼ਾਵਕਾਂ ਦੇ ਜਨਮ ਦੀ ਇਹ ਦੂਜੀ ਦਰਜ ਘਟਨਾ ਹੈ। ਇਹ ਸਫਲਤਾ ਦਰਸਾਉਂਦੀ ਹੈ ਕਿ ਭਾਰਤ ਵਿੱਚ ਚੀਤਿਆਂ ਨੂੰ ਕੁਦਰਤੀ ਵਾਤਾਵਰਣ ਅਨੁਕੂਲ ਬਣਾਉਣ ਅਤੇ ਉਨ੍ਹਾਂ ਦੀ ਸੰਭਾਲ ਦੀ ਕੋਸ਼ਿਸ਼ਾਂ ਅੱਗੇ ਵਧ ਰਹੀਆਂ ਹਨ। ਪ੍ਰੋਜੈਕਟ ਚੀਤਾ ਨਾਲ ਜੁੜੇ ਮਾਹਰਾਂ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦੇ ਸਮਰਪਣ, ਵਚਨਬੱਧਤਾ ਅਤੇ ਸਖਤ ਮਿਹਨਤ ਦੀ ਵੀ ਇਸ ਪ੍ਰਾਪਤੀ ਵਿੱਚ ਅਹਿਮ ਭੂਮਿਕਾ ਰਹੀ ਹੈ।
ਸ਼੍ਰੀ ਯਾਦਵ ਨੇ ਅੱਗੇ ਦੱਸਿਆ ਕਿ ਚਾਰ ਸ਼ਾਵਕਾਂ ਦੇ ਜਨਮ ਦੇ ਨਾਲ, ਭਾਰਤ ਵਿੱਚ ਚੀਤਿਆਂ ਦੀ ਗਿਣਤੀ ਵਧ ਕੇ 62 ਹੋ ਗਈ ਹੈ। ਇਨ੍ਹਾਂ ਵਿੱਚ ਭਾਰਤ ਵਿੱਚ ਜਨਮੇ 43 ਚੀਤੇ ਸ਼ਾਮਲ ਹਨ। ਉਨ੍ਹਾਂ ਨੇ ਇੱਸ ਘਟਨਾ ਨੂੰ ‘ਪ੍ਰੋਜੈਕਟ ਚੀਤਾ’ ਲਈ ਇੱਕ ਅਹਿਮ ਮੋੜ ਅਤੇ ਭਾਰਤ ਵਿੱਚ ਚੀਤਿਆਂ ਦੀ ਇੱਕ ਸਥਾਈ ਆਬਾਦੀ ਨੂੰ ਮੁੜ ਤੋਂ ਵਸਾਉਣ ਦੀ ਦਿਸ਼ਾ ਵਿੱਚ ਇੱਕ ਮਾਣਮੱਤੀ ਪ੍ਰਾਪਤੀ ਦੱਸਿਆ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਜਨਮ ਲੈਣ ਵਾਲਾ ਹਰੇਕ ਸ਼ਾਵਕ ਸਾਡੀਆਂ ਉਮੀਦਾਂ ਨੂੰ ਅੱਗੇ ਵਧਾਉਂਦਾ ਹੈ ਅਤੇ ਸੰਭਾਲ ਪ੍ਰਤੀ ਵਚਨਬੱਧਤਾ ਨੂੰ ਹੋਰ ਡੂੰਘਾ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸੰਭਾਲ ਲਈ ਧੀਰਜ, ਲਗਨ ਅਤੇ ਸਮੂਹਿਕ ਯਤਨਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ‘ਪ੍ਰੋਜੈਕਟ ਚੀਤਾ’ ਦੀ ਸਫਲਤਾ ਲਈ ਰਾਤ-ਦਿਨ ਕੰਮ ਕਰਨ ਵਾਲੇ ਪ੍ਰੋਜੈਕਟ ਮੈਨੇਜਰਾਂ, ਪਸ਼ੂ ਡਾਕਟਰਾਂ, ਜੰਗਲਾਤ ਵਿਭਾਗ ਦੇ ਮੈਦਾਨੀ ਕਰਮਚਾਰੀਆਂ ਅਤੇ ਹੋਰ ਸਾਰੇ ਲੋਕਾਂ ਦੇ ਸਮਰਪਣ, ਵਚਨਬੱਧਤਾ ਅਤੇ ਸਖਤ ਮਿਹਨਤ ਦੀ ਵੀ ਸ਼ਲਾਘਾ ਕੀਤੀ।
*****
ਵੀਐੱਮ/ਐੱਸਕੇ/ ਬਲਜੀਤ ਸਿੰਘ