Posted On:
16 NOV 2026 12:39PM by PIB Chandigarh
ਉਪ-ਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਭੁਵਨੇਸ਼ਵਰ ਵਿੱਚ ਉੜੀਸਾ ਦੀ 17ਵੀਂ ਉੜੀਸਾ ਵਿਧਾਨ ਸਭਾ ਦੇ ਮੈਂਬਰਾਂ ਲਈ ਆਯੋਜਿਤ ਓਰੀਐਂਟੇਸ਼ਨ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਵਿਧਾਇਕਾਂ ਨੂੰ ਭਾਰਤ ਦੀ ਖ਼ੁਸ਼ਹਾਲ ਲੋਕਤੰਤਰੀ ਪਰੰਪਰਾਵਾਂ ਨੂੰ ਬਣਾਈ ਰੱਖਣ ਦਾ ਸੱਦਾ ਦਿੰਦਿਆਂ, ਉਨ੍ਹਾਂ ਨੇ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਸਕਾਰਾਤਮਕ ਬਹਿਸ, ਵਿਚਾਰਪੂਰਨ ਚਰਚਾ, ਵਿਧਾਨਿਕ ਕਾਰਜਕੁਸ਼ਲਤਾ ਅਤੇ ਲੋਕ- ਕੇਂਦ੍ਰਿਤ ਸ਼ਾਸਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ।
ਉਪ-ਰਾਸ਼ਟਰਪਤੀ ਨੇ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕਰਨ ਲਈ ਵਿਧਾਨ ਸਭਾ ਸਪੀਕਰ ਸ਼੍ਰੀਮਤੀ ਸੁਰਮਾ ਪਾਧੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਅਤੇ ਵਿਧਾਇਕਾਂ ਨੂੰ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਦੇ ਯੋਗ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਭਾਰਤ ਦੀਆਂ ਪ੍ਰਾਚੀਨ ਲੋਕਤੰਤਰੀ ਪਰੰਪਰਾਵਾਂ ਦਾ ਜ਼ਿਕਰ ਕਰਦਿਆਂ ਉਪ-ਰਾਸ਼ਟਰਪਤੀ ਨੇ ਵੈਸ਼ਾਲੀ ਦੀਆਂ ਲੋਕਤੰਤਰੀ ਸੰਸਥਾਵਾਂ ਅਤੇ ਚੋਲ ਕਾਲ ਦੀ ‘ਕੁਡਵੋਲਾਈ’ ਪ੍ਰਣਾਲੀ ਦੀ ਉਦਾਹਰਣ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਸੱਭਿਅਤਾ ਦੇ ਇਤਿਹਾਸ ਵਿੱਚ ਲੋਕਤੰਤਰ ਦੀਆਂ ਜੜ੍ਹਾਂ ਡੂੰਘੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ‘ਲੋਕਤੰਤਰ ਦੀ ਜਨਨੀ’ ਹੋਣ ’ਤੇ ਮਾਣ ਹੈ। ਉਪ-ਰਾਸ਼ਟਰਪਤੀ ਨੇ ਉੜੀਸਾ ਦੇ ਵਿਧਾਇਕਾਂ ਨੂੰ ਇਸ ਮਾਣਮੱਤੇ ਵਿਰਸੇ ਦੇ ਅਨੁਸਾਰ ਆਪਣੇ ਫਰਜ਼ਾਂ ਨੂੰ ਨਿਭਾਉਣ ਦਾ ਸੱਦਾ ਦਿੱਤਾ।
ਉਪ-ਰਾਸ਼ਟਰਪਤੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਚੋਣ ਜਿੱਤ ਸਾਰਥਕ ਜਨਸੇਵਾ ਵਿੱਚ ਬਦਲਣੀ ਚਾਹੀਦੀ ਹੈ। ਉਨ੍ਹਾਂ ਕਿਹਾ, “ਅਸੀਂ ਚੋਣਾਂ ਵੋਟਾਂ ਨਾਲ ਜਿੱਤਦੇ ਹਾਂ, ਪਰ ਲੋਕਾਂ ਦਾ ਸਨਮਾਨ ਸਿਰਫ਼ ਆਪਣੀ ਸੇਵਾ ਨਾਲ ਹੀ ਹਾਸਲ ਕਰ ਸਕਦੇ ਹਾਂ।” ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸਿਰਫ਼ ਬਹਿਸ ਦਾ ਮੰਚ ਨਹੀਂ ਹੈ, ਸਗੋਂ ਇੱਥੇ ਬਣਾਈ ਗਈ ਹਰ ਨੀਤੀ, ਉਠਾਇਆ ਗਿਆ ਹਰ ਸਵਾਲ ਅਤੇ ਪਾਸ ਕੀਤਾ ਗਿਆ ਹਰ ਕਾਨੂੰਨ ਅਣਗਿਣਤ ਨਾਗਰਿਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਰੱਖਦਾ ਹੈ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਪੇਸ਼ ਕੀਤੇ ਗਏ ਵਿਕਸਿਤ ਭਾਰਤ @ 2047 ਦੇ ਦ੍ਰਿਸ਼ਟੀਕੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉੜੀਸਾ ਦੀ ਤਰੱਕੀ ਭਾਰਤ ਦੀ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਸਾਲ 2036 ਵਿੱਚ ਇੱਕ ਸੂਬੇ ਵਜੋਂ ਉੜੀਸਾ ਦੇ ਗਠਨ ਦੀ ਸ਼ਤਾਬਦੀ ਪੂਰੀ ਹੋਣ ਦੇ ਮੌਕੇ ਨੂੰ ਮੱਦੇਨਜ਼ਰ ਰੱਖਦਿਆਂ, ਉਨ੍ਹਾਂ ਇਸ ਰਾਜ ਨੂੰ ਵਿਕਸਤ, ਖ਼ੁਸ਼ਹਾਲ ਅਤੇ ਸਮਾਵੇਸ਼ੀ ਬਣਾਉਣ ਵਿੱਚ ‘ਵਿਜ਼ਨ ਉੜੀਸਾ 2036’ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਵਿਧਾਇਕ ਨੌਜਵਾਨਾਂ ਲਈ ਮੌਕੇ ਪੈਦਾ ਕਰਨ ਅਤੇ ਵਿਕਾਸ ਦਾ ਲਾਭ ਹਰ ਪਿੰਡ ਅਤੇ ਹਰ ਪਰਿਵਾਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਵਿਧਾਨ ਸਭਾ ਦੀ ਕਾਰਵਾਈ ਵਿੱਚ ਵਿਘਨ ਦੇ ਮੁੱਦੇ ’ਤੇ ਉਪ-ਰਾਸ਼ਟਰਪਤੀ ਨੇ ਕਿਹਾ ਕਿ ਵਿਚਾਰਾਂ ਵਿੱਚ ਮਤਭੇਦ ਲੋਕਾਂ ਅਤੇ ਸੰਵਿਧਾਨ ਪ੍ਰਤੀ ਵਿਆਪਕ ਵਚਨਬੱਧਤਾ ਦੇ ਰਾਹ ਵਿੱਚ ਨਹੀਂ ਆਉਣ ਚਾਹੀਦੇ। ਉਨ੍ਹਾਂ ਕਿਹਾ, “ਲੋਕਤੰਤਰ ਵਿੱਚ ਅਸੀਂ ਕਿਸੇ ਗੱਲ ’ਤੇ ਅਸਹਿਮਤ ਹੋ ਸਕਦੇ ਹਾਂ, ਪਰ ਇੱਕ ਗੱਲ ’ਤੇ ਅਸੀਂ ਸਾਰਿਆਂ ਨੂੰ ਸਹਿਮਤ ਹੋਣਾ ਚਾਹੀਦਾ ਹੈ ਅਤੇ ਉਹ ਹੈ ਲੋਕਾਂ ਅਤੇ ਸੰਵਿਧਾਨ ਪ੍ਰਤੀ ਸਾਡੀ ਵਚਨਬੱਧਤਾ।” ਉਨ੍ਹਾਂ ਕਿਹਾ ਕਿ “ਬਹਿਸ, ਚਰਚਾ ਜਾਂ ਕਦੇ-ਕਦੇ ਵਿਘਨ ਦਾ ਵੀ ਨਤੀਜਾ ਫ਼ੈਸਲੇ ਦੇ ਰੂਪ ਵਿੱਚ ਸਾਹਮਣੇ ਆਉਣਾ ਚਾਹੀਦਾ ਹੈ।” ਉਨ੍ਹਾਂ ਨੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਅਤੇ ਰਾਸ਼ਟਰੀ ਵਿਕਾਸ ਨੂੰ ਅੱਗੇ ਵਧਾਉਣ ਲਈ ਸਕਾਰਾਤਮਕ ਬਹਿਸ ਅਤੇ ਰਚਨਾਤਮਕ ਸਹਿਯੋਗ ਦਾ ਸੱਦਾ ਦਿੱਤਾ।
ਲਗਾਤਾਰ ਸਿੱਖਣ ਅਤੇ ਤਿਆਰੀ ਦੇ ਮਹੱਤਵ ਉੱਤੇ ਜ਼ੋਰ ਦਿੰਦੇ ਹੋਏ, ਉਪ-ਰਾਸ਼ਟਰਪਤੀ ਨੇ ਵਿਧਾਇਕਾਂ ਨੂੰ ਵਿਧਾਨਿਕ ਨਿਯਮਾਂ ਅਤੇ ਪ੍ਰਕਿਰਿਆਵਾਂ, ਬਜਟ ਪ੍ਰਕਿਰਿਆਵਾਂ, ਕਮੇਟੀ ਪ੍ਰਣਾਲੀ, ਸੰਸਦੀ ਪਰੰਪਰਾਵਾਂ ਅਤੇ ਨੈਤਿਕਤਾ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਦੀ ਅਪੀਲ ਕੀਤੀ।
ਉਪ-ਰਾਸ਼ਟਰਪਤੀ ਨੇ ਖ਼ਾਸ ਤੌਰ ’ਤੇ ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਇਨ੍ਹਾਂ ਨੂੰ ਹਰੇਕ ਵਿਧਾਇਕ ਲਈ ਆਪਣੇ ਹਲਕੇ ਨਾਲ ਸਬੰਧਿਤ ਮੁੱਦਿਆਂ ਅਤੇ ਮਹੱਤਵਪੂਰਨ ਨੀਤੀਗਤ ਵਿਸ਼ਿਆਂ ਨੂੰ ਉਠਾਉਣ ਦੇ ਅਹਿਮ ਮੌਕੇ ਦੱਸਿਆ। ਉਨ੍ਹਾਂ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮਹੱਤਵਪੂਰਨ ਸੰਸਦੀ ਪ੍ਰਕਿਰਿਆਵਾਂ ਦਾ ਸੁਚਾਰੂ ਸੰਚਾਲਨ ਯਕੀਨੀ ਬਣਾਉਣ ਲਈ ਸਪੀਕਰ ਨੂੰ ਸਹਿਯੋਗ ਦੇਣ।
ਉਪ-ਰਾਸ਼ਟਰਪਤੀ ਨੇ ਸਦਨ ਦੇ ਕੰਮਕਾਜ ਨਾਲ ਜੁੜੇ ਵਿਸ਼ਿਆਂ ’ਤੇ ਆਮ ਸਹਿਮਤੀ ਬਣਾਉਣ ਵਿੱਚ ਕਾਰੋਬਾਰ ਸਲਾਹਕਾਰ ਕਮੇਟੀ (ਬਿਜ਼ਨਸ ਐਡਵਾਈਜ਼ਰੀ ਕਮੇਟੀ-ਬੀ.ਏ.ਸੀ.) ਦੀ ਭੂਮਿਕਾ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਮੇਟੀ ਦੇ ਅੰਦਰ ਵਧੇਰੇ ਸਹਿਮਤੀ ਬਣਨ ਨਾਲ ਵਿਧਾਨਿਕ ਕਾਰਵਾਈ ਹੋਰ ਸੁਚਾਰੂ ਅਤੇ ਪ੍ਰਭਾਵਸ਼ਾਲੀ ਹੋਵੇਗੀ।
ਵਿਧਾਨਿਕ ਕੰਮਕਾਜ ਵਿੱਚ ਤਕਨਾਲੋਜੀ ਦੀ ਵਧਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਉਪ-ਰਾਸ਼ਟਰਪਤੀ ਨੇ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਦੇ ਤਹਿਤ ਉੜੀਸਾ ਵਿਧਾਨ ਸਭਾ ਵਿੱਚ ਡਿਜੀਟਲ ਸਦਨ ਦੇ ਉਦਘਾਟਨ ਦਾ ਸਵਾਗਤ ਕੀਤਾ। ਰਾਜ ਸਭਾ ਵਿੱਚ ਡਿਜੀਟਲ ਮੰਚਾਂ ਦੀ ਵੱਧ ਰਹੀ ਵਰਤੋਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਤਕਨਾਲੋਜੀ ਦੀ ਮਦਦ ਨਾਲ ਸੰਸਦੀ ਦਸਤਾਵੇਜ਼, ਪ੍ਰਸ਼ਨ ਅਤੇ ਬਹਿਸ ਹੁਣ ਕਈ ਭਾਸ਼ਾਵਾਂ ਵਿੱਚ ਉਪਲਬਧ ਹਨ। ਉਨ੍ਹਾਂ ਵਿਧਾਇਕਾਂ ਨੂੰ ਆਰਟੀਫੀਸ਼ਿਅਲ ਇੰਟੈਲੀਜੈਂਸ ਅਤੇ ਕੁਦਰਤੀ ਭਾਸ਼ਾ ਪ੍ਰੋਸੈਸਿੰਗ ਸਮੇਤ ਉੱਭਰ ਰਹੀਆਂ ਤਕਨਾਲੋਜੀਆਂ ਨੂੰ ਅਪਣਾਉਣ ਦੀ ਅਪੀਲ ਕੀਤੀ, ਤਾਂ ਜੋ ਵਿਧਾਨਿਕ ਸੰਸਥਾਵਾਂ ਨੂੰ ਭਵਿੱਖ ਦੀਆਂ ਲੋੜਾਂ ਅਨੁਸਾਰ ਤਿਆਰ ਕੀਤਾ ਜਾ ਸਕੇ।
ਆਪਣੇ ਸੰਬੋਧਨ ਦੇ ਅੰਤ ਵਿੱਚ ਉਪ-ਰਾਸ਼ਟਰਪਤੀ ਨੇ ਵਿਧਾਇਕਾਂ ਨੂੰ ਉਨ੍ਹਾਂ ਦੇ ਅਹੁਦੇ ਦੀ ਜ਼ਿੰਮੇਵਾਰੀ ਅਤੇ ਤਬਦੀਲੀ ਲਿਆਉਣ ਦੀ ਅਥਾਹ ਸਮਰੱਥਾ ਦੀ ਯਾਦ ਦਿਵਾਈ। ਉਨ੍ਹਾਂ ਕਿਹਾ ਕਿ ਤਰਕਸ਼ੀਲ ਦਖ਼ਲਅੰਦਾਜ਼ੀ ਨਾਲ ਨੀਤੀਆਂ ਵਿੱਚ ਤਬਦੀਲੀ ਆ ਸਕਦੀ ਹੈ, ਜਦੋਂ ਕਿ ਸੰਵੇਦਨਸ਼ੀਲ ਫ਼ੈਸਲੇ ਅਣਗਿਣਤ ਨਾਗਰਿਕਾਂ ਦੇ ਜੀਵਨ ਵਿੱਚ ਆਸ ਦਾ ਸੰਚਾਰ ਕਰ ਸਕਦੇ ਹਨ। ਉਨ੍ਹਾਂ 17ਵੀਂ ਉੜੀਸਾ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਸਫਲ ਓਰੀਐਂਟੇਸ਼ਨ ਪ੍ਰੋਗਰਾਮ ਅਤੇ ਖ਼ੁਸ਼ਹਾਲ ਵਿਧਾਨਿਕ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਸਮਾਗਮ ਵਿੱਚ ਉੜੀਸਾ ਦੇ ਰਾਜਪਾਲ ਸ਼੍ਰੀ ਬ੍ਰਜ ਮੋਹਨ ਰਾਮ, ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਝੀ, ਉੜੀਸਾ ਵਿਧਾਨ ਸਭਾ ਦੀ ਸਪੀਕਰ ਸ਼੍ਰੀਮਤੀ ਸੁਰਮਾ ਪਾਧੀ, ਉੜੀਸਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਭਵਾਨੀ ਸ਼ੰਕਰ ਭੋਈ ਅਤੇ 17ਵੀਂ ਉੜੀਸਾ ਵਿਧਾਨ ਸਭਾ ਦੇ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।
*****
ਪੀਆਰ/ਏਐਸਐਮ/ਵੀਐਮ