ਆਯੂਸ਼
azadi ka amrit mahotsav

ਨੈਚੁਰੋਪੈਥੀ ਡੇਅ 2026: ਵਿਗਿਆਨਕ ਖੋਜ ਨੇ ਭਾਰਤ ਦੀ ਕੁਦਰਤ-ਅਧਾਰਿਤ ਹੈਲਥਕੇਅਰ ਈਕੋਸਿਸਟਮ ਨੂੰ ਮਜ਼ਬੂਤ ਬਣਾਇਆ


‘ਪ੍ਰਾਕ੍ਰਿਤਿਕ ਚਿਕਿਤਸਾ, ਸਵਸਥ ਭਾਰਤ’ ਵਿਸ਼ੇ ਅਧੀਨ 18 ਨਵੰਬਰ ਨੂੰ ਕਰਨਾਟਕ ਦੇ ਨਾਗਮੰਗਲਾ ਵਿਖੇ 9ਵਾਂ ਨੈਸ਼ਨਲ ਨੈਚੁਰੋਪੈਥੀ ਡੇਅ ਮਨਾਇਆ ਜਾਵੇਗਾ

Posted On: 12 NOV 2026 12:12PM by PIB Chandigarh

ਭਾਰਤ ਵਿੱਚ ਨੈਚੁਰੋਪੈਥੀ ਹੌਲੀ-ਹੌਲੀ ਆਪਣੇ ਰਵਾਇਤੀ ਸਰੂਪ ਯਾਨੀ ਕੁਦਰਤ ਅਧਾਰਿਤ ਇਲਾਜ ਤੋਂ ਅੱਗੇ ਵਧ ਕੇ ਵਿਗਿਆਨਕ ਖੋਜ, ਕਲੀਨਿਕਲ ਮੁਲਾਂਕਣ ਅਤੇ ਰੋਕਥਾਮ ਵਾਲੀ ਸਿਹਤ ਸੰਭਾਲ ਦੀ ਇੱਕ ਵਧੇਰੇ ਯੋਜਨਾਬੱਧ ਪ੍ਰਣਾਲੀ ਵਜੋਂ ਵਿਕਸਿਤ ਹੋ ਰਹੀ ਹੈ। ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ, ਮੋਟਾਪੇ, ਤਣਾਅ ਅਤੇ ਸਿਹਤਮੰਦ ਬੁਢਾਪੇ ਵੱਲ ਵਧ ਰਹੇ ਧਿਆਨ ਦੇ ਵਿਚਕਾਰ, ਕੁਦਰਤੀ ਇਲਾਜ ਪ੍ਰਣਾਲੀਆਂ ਅਤੇ ਜੀਵਨਸ਼ੈਲੀ ਵਿੱਚ ਸੁਧਾਰ ‘ਤੇ ਅਧਾਰਿਤ ਕੁਦਰਤੀ ਚਿਕਿਤਸਾ ਦਾ ਮਹੱਤਵ ਫਿਰ ਤੋਂ ਵਧ ਰਿਹਾ ਹੈ।

9ਵਾਂ ਨੈਸ਼ਨਲ ਨੈਚੁਰੋਪੈਥੀ ਡੇਅ 18 ਨਵੰਬਰ 2026 ਨੂੰ ਕਰਨਾਟਕ ਦੇ ਨਾਗਮੰਗਲਾ ਸਥਿਤ ਕੇਂਦਰੀ ਯੋਗ ਅਤੇ ਨੈਚੁਰੋਪੈਥੀ ਸੰਸਥਾਨ ਵਿਖੇ ਮਨਾਇਆ ਜਾਵੇਗਾ। ਇਸ ਵਰ੍ਹੇ ਦੀ ਥੀਮ ‘ਪ੍ਰਾਕ੍ਰਿਤਿਕ ਚਿਕਿਤਸਾ, ਸਵਸਥ ਭਾਰਤ’ ਰੱਖੀ ਗਈ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਕੁਦਰਤੀ ਇਲਾਜ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਸਿਹਤ-ਪ੍ਰਚਾਰ, ਬਿਮਾਰੀਆਂ ਦੀ ਰੋਕਥਾਮ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਵਿੱਚ ਇਸ ਦੀ ਭੂਮਿਕਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਵਰ੍ਹੇ ਦੀ ਥੀਮ ਉਚਿਤ ਖਾਣਾ-ਪੀਣਾ, ਸਰੀਰਕ ਗਤੀਵਿਧੀਆਂ, ਯੋਗ, ਤਣਾਅ ਪ੍ਰਬੰਧਨ ਅਤੇ ਸਬੂਤ-ਅਧਾਰਿਤ ਕੁਦਰਤੀ ਇਲਾਜ ਵਿਧੀਆਂ ਰਾਹੀਂ ਰੋਕਥਾਮ ਅਤੇ ਸਿਹਤ ਨੂੰ ਉਤਸ਼ਾਹਿਤ ਕਰਨ ਵਾਲੀ ਦੇਖਭਾਲ 'ਤੇ ਵਿਸ਼ੇਸ਼ ਜ਼ੋਰ ਦਿੰਦੀਆਂ ਹਨ। ਇਸ ਤੋਂ ਇਲਾਵਾ, ਮੋਟਾਪੇ ਨੂੰ ਰੋਕਣ ਅਤੇ ਜੀਵਨ-ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਯਤਨ ਕੀਤੇ ਜਾਣਗੇ, ਤਾਂ ਜੋ ਵਿਅਕਤੀ ਅਤੇ ਸਮਾਜ ਵਧੇਰੇ ਸਿਹਤਮੰਦ ਅਤੇ ਟਿਕਾਊ ਜੀਵਨ-ਸ਼ੈਲੀ ਅਪਣਾ ਸਕਣ। ਇਹ ਪਹਿਲਕਦਮੀ ਪ੍ਰਧਾਨ ਮੰਤਰੀ ਦੇ 'ਫਿਟ ਇੰਡੀਆ ਅਤੇ ਹੈਲਦੀ ਭਾਰਤ' ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ। ਇਹ ਰੋਕਥਾਮ ਵਾਲੀ ਸਿਹਤ ਸੰਭਾਲ, ਸਿਹਤਮੰਦ ਜੀਵਨ-ਸ਼ੈਲੀ ਅਤੇ ਜਨਤਕ ਭਲਾਈ ਪ੍ਰਤੀ ਸਾਡੀ ਸਮੂਹਿਕ ਜ਼ਿੰਮੇਵਾਰੀ 'ਤੇ ਵਿਸ਼ੇਸ਼ ਜ਼ੋਰ ਦਿੰਦੀ ਹੈ।

ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਇਸ ਸਬੰਧ ਵਿੱਚ ਕਿਹਾ ਕਿ ਨੈਚੁਰੋਪੈਥੀ ਸਾਨੂੰ ਜੀਵਨਸ਼ੈਲੀ, ਕੁਦਰਤ ਅਤੇ ਸੰਪੂਰਨ ਸਿਹਤ ਦੇ ਵਿਚਕਾਰ ਡੂੰਘੇ ਸਬੰਧ ਨੂੰ ਸਮਝਣ ਲਈ ਪ੍ਰੇਰਿਤ ਕਰਦੀ ਹੈ। ਸਾਡਾ ਜ਼ੋਰ ਭਰੋਸੇਯੋਗ ਖੋਜ, ਗੁਣਵੱਤਾਪੂਰਨ ਸਿੱਖਿਆ ਅਤੇ ਰਵਾਇਤੀ ਰੋਕਥਾਮ ਵਿਧੀਆਂ ਦੇ ਨਾਲ ਜ਼ਿੰਮੇਵਾਰ ਏਕੀਕਰਣ ਰਾਹੀਂ ਇਸ ਦੇ ਵਿਗਿਆਨਕ ਨੀਂਹ ਪੱਥਰ ਨੂੰ ਮਜ਼ਬੂਤ ਕਰਨ ‘ਤੇ ਹੈ। ਇਹ ਦ੍ਰਿਸ਼ਟੀਕੋਣ ਰੋਕਥਾਮ-ਅਧਾਰਿਤ ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਇੱਕ ਤੰਦਰੁਸਤ ਅਤੇ ਸਿਹਤਮੰਦ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾ ਸਕਦਾ ਹੈ।

ਆਯੁਸ਼ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਕਿਹਾ ਕਿ ਕੁਦਰਤੀ ਇਲਾਜ (ਨੈਚੁਰੋਪੈਥੀ) ਦੀ ਭਰੋਸੇਯੋਗਤਾ ਅਤੇ ਇਸਨੂੰ ਵਿਆਪਕ ਪੱਧਰ 'ਤੇ ਅਪਣਾਏ ਜਾਣ ਨੂੰ ਯਕੀਨੀ ਬਣਾਉਣ ਲਈ ਵਿਗਿਆਨਕ ਪ੍ਰਮਾਣਿਕਤਾ ਬਹੁਤ ਜ਼ਰੂਰੀ ਹੈ। 'ਸੈਂਟਰਲ ਕੌਂਸਲ ਫਾਰ ਰਿਸਰਚ ਇਨ ਯੋਗਾ ਐਂਡ ਨੈਚੁਰੋਪੈਥੀ' (CCRYN) ਅਤੇ ਹੋਰ ਸੰਸਥਾਵਾਂ ਰਾਹੀਂ, ਅਸੀਂ ਯੋਜਨਾਬੱਧ ਖੋਜ, ਕਲੀਨਿਕਲ ਮੁਲਾਂਕਣ ਅਤੇ ਆਪਸੀ ਸਹਿਯੋਗ ਨੂੰ ਉਤਸ਼ਾਹਿਤ ਕਰ ਰਹੇ ਹਾਂ, ਤਾਂ ਜੋ ਕੁਦਰਤੀ ਇਲਾਜ ਵਿਧੀਆਂ ਦਾ ਉਚਿਤ ਵਿਗਿਆਨਕ ਢੰਗ ਨਾਲ ਮੁਲਾਂਕਣ ਕੀਤਾ ਜਾ ਸਕੇ ਅਤੇ ਉਹਨਾਂ ਨੂੰ ਜ਼ਿੰਮੇਵਾਰ ਸਿਹਤ ਸੰਭਾਲ ਪ੍ਰਣਾਲੀਆਂ ਵਜੋਂ ਵਿਕਸਿਤ ਕੀਤਾ ਜਾ ਸਕੇ।

'ਸੈਂਟਰਲ ਕੌਂਸਲ ਫਾਰ ਰਿਸਰਚ ਇਨ ਯੋਗਾ ਐਂਡ ਨੇਚੁਰੋਪੈਥੀ' ਨੇ ਵਿੱਤੀ ਸਾਲ 2025-26 ਦੌਰਾਨ, ਮਾਹਿਰਾਂ ਦੁਆਰਾ ਸਮੀਖਿਆ ਕੀਤੇ ਜਾਣ ਵਾਲੇ ਰਸਾਲਿਆਂ (peer-reviewed journals) ਵਿੱਚ ਕਈ ਖੋਜ ਪੱਤਰ ਪ੍ਰਕਾਸ਼ਿਤ ਕੀਤੇ। ਇਸ ਦੇ ਨਾਲ ਹੀ, ਆਯੁਸ਼ ਮੰਤਰਾਲੇ ਦੇ ਅਧੀਨ ਆਉਂਦੀਆਂ ਪੰਜ ਖੋਜ ਕੌਂਸਲਾਂ ਨੇ ਸਮੂਹਿਕ ਤੌਰ 'ਤੇ 653 ਖੋਜ ਪੱਤਰ ਪ੍ਰਕਾਸ਼ਿਤ ਕੀਤੇ। ਕੌਂਸਲ ਦੇਸ਼ ਭਰ ਵਿੱਚ 22 ਇਕਾਈਆਂ ਵੀ ਚਲਾਉਂਦੀ ਹੈ, ਜੋ ਖੋਜ, ਸਿੱਖਿਆ ਅਤੇ ਜਨਤਕ ਪਹੁੰਚ ਦੇ ਖੇਤਰਾਂ ਵਿੱਚ ਇਸ ਦੀ ਸੰਸਥਾਗਤ ਮੌਜੂਦਗੀ ਨੂੰ ਦਰਸਾਉਂਦੀਆਂ ਹਨ।

ਭਾਰਤ ਵਿੱਚ ਕੁਦਰਤੀ ਇਲਾਜ (ਨੈਚੁਰੋਪੈਥੀ) ਨਾਲ ਸਬੰਧਿਤ ਸੰਸਥਾਗਤ ਢਾਂਚੇ ਦਾ ਵੀ ਵਿਸਤਾਰ ਹੋਇਆ ਹੈ। ਇਸ ਵਿੱਚ ਯੋਗ ਅਤੇ ਕੁਦਰਤੀ ਇਲਾਜ ਦੇ ਖੇਤਰ ਵਿੱਚ ਸਿੱਖਿਆ ਅਤੇ ਖੋਜ ਨੂੰ ਸਮਰਪਿਤ ਪੋਸਟ-ਗ੍ਰੈਜੂਏਟ ਸੰਸਥਾਵਾਂ ਦੀ ਸਥਾਪਨਾ ਦੇ ਨਾਲ-ਨਾਲ ਝੱਜਰ (ਹਰਿਆਣਾ) ਅਤੇ ਨਾਗਮੰਗਲਾ (ਕਰਨਾਟਕ) ਵਿਖੇ 200 ਬੈੱਡਾਂ ਵਾਲੇ ਯੋਗ ਅਤੇ ਕੁਦਰਤੀ ਇਲਾਜ ਹਸਪਤਾਲ ਸਥਾਪਿਤ ਕੀਤੇ ਗਏ ਹਨ। ਪੁਣੇ ਸਥਿਤ 'ਨੈਸ਼ਨਲ ਇੰਸਟੀਟਿਊਟ ਆਫ਼ ਨੈਚੁਰੋਪੈਥੀ' ਦੇ ਹਿੱਸੇ ਵਜੋਂ 'ਨਿਸਰਗ ਗ੍ਰਾਮ' ਵਿਖੇ ਸਥਿਤ 'ਬੈਚਲਰ ਆਫ਼ ਨੈਚੁਰੋਪੈਥੀ ਐਂਡ ਯੋਗਿਕ ਸਾਇੰਸਿਜ਼' (BNYS) ਕਾਲਜ, ਕੇਂਦਰ ਸਰਕਾਰ ਅਧੀਨ ਸਥਾਪਿਤ ਅਜਿਹੀ ਪਹਿਲੀ ਸੰਸਥਾ ਹੈ। ਇਹ ਸੰਸਥਾ ਅਕਾਦਮਿਕ ਅਤੇ ਕਲੀਨਿਕਲ ਸਿਖਲਾਈ, ਖੋਜ-ਅਧਾਰਿਤ ਸਿੱਖਿਆ ਅਤੇ ਕੁਦਰਤੀ ਇਲਾਜ ਅਤੇ ਯੋਗ ਵਿੱਚ ਵਿਵਹਾਰਕ ਤਜ਼ਰਬੇ ਰਾਹੀਂ ਇਸ ਖੇਤਰ ਦੇ ਢਾਂਚੇ ਨੂੰ ਹੋਰ ਮਜ਼ਬੂਤ ​​ਕਰ ਰਹੀ ਹੈ। ਇੱਥੇ ਵਿਦਿਆਰਥੀਆਂ ਨੂੰ ਸਿਹਤ ਸੰਭਾਲ, ਖੋਜ, ਅਧਿਆਪਨ ਅਤੇ ਨਿਜੀ ਕਲੀਨਿਕਲ ਅਭਿਆਸ ਵਰਗੇ ਖੇਤਰਾਂ ਵਿੱਚ ਕਰੀਅਰ ਬਣਾਉਣ ਲਈ ਤਿਆਰ ਕੀਤਾ ਜਾਂਦਾ ਹੈ।

ਪੁਣੇ ਸਥਿਤ 'ਨੈਸ਼ਨਲ ਇੰਸਟੀਟਿਊਟ ਆਫ਼ ਨੈਚੁਰੋਪੈਥੀ' ਨੇ ਇੱਕ ਸਮਰਪਿਤ ਖੋਜ ਵਿਭਾਗ ਅਤੇ 'ਸਿਹਤ ਖੋਜ ਵਿਭਾਗ' ਵਿੱਚ ਰਜਿਸਟਰਡ ਇੱਕ ਸੰਸਥਾਗਤ ਨੈਤਿਕ ਕਮੇਟੀ (Institutional Ethics Committee) ਰਾਹੀਂ ਆਪਣੇ ਖੋਜ ਢਾਂਚੇ ਨੂੰ ਹੋਰ ਮਜ਼ਬੂਤ ​​ਕੀਤਾ ਹੈ। ਸੰਸਥਾ ਦੀਆਂ ਪ੍ਰਮੁੱਖ ਪਹਿਲਕਦਮੀਆਂ ਵਿੱਚ ਖੋਜ ਵਿਧੀ ਬਾਰੇ ਵਰਕਸ਼ਾਪਾਂ, 'ਗੁੱਡ ਕਲੀਨਿਕਲ ਪ੍ਰੈਕਟਿਸ'  ਵਿੱਚ ਸਿਖਲਾਈ, ਨਿਰੀਖਣ ਅਧਿਐਨ, ਯੋਜਨਾਬੱਧ ਸਮੀਖਿਆਵਾਂ ਅਤੇ ਸਹਿਯੋਗੀ ਖੋਜ ਸ਼ਾਮਲ ਹਨ।

ਨੈਚੁਰੋਪੈਥੀ ਵਿੱਚ ਖੋਜ 'ਤੇ ਜ਼ੋਰ ਖਾਸ ਤੌਰ 'ਤੇ ਮਹੱਤਵਪੂਰਨ ਹੈ, ਕਿਉਂਕਿ ਇਹ ਸਿਹਤਮੰਦ ਖੁਰਾਕ ਦੀਆਂ ਆਦਤਾਂ, ਸਰੀਰਕ ਗਤੀਵਿਧੀਆਂ, ਢੁਕਵਾਂ ਆਰਾਮ ਅਤੇ ਤਣਾਅ ਪ੍ਰਬੰਧਨ ਨੂੰ ਉਤਸ਼ਾਹਿਤ ਕਰਦੀ ਹੈ। ਇਹ ਜੀਵਨ ਸ਼ੈਲੀ ਨਾਲ ਸਬੰਧਿਤ ਅਭਿਆਸ ਵੱਖ-ਵੱਖ ਉਮਰ ਸਮੂਹਾਂ ਵਿੱਚ ਰੋਕਥਾਮ ਸਿਹਤ ਸੰਭਾਲ ਦਾ ਸਮਰਥਨ ਕਰ ਸਕਦੇ ਹਨ ਅਤੇ ਜੀਵਨ ਸ਼ੈਲੀ ਨਾਲ ਸਬੰਧਿਤ ਜੋਖਮ ਕਾਰਕਾਂ ਬਾਰੇ ਜਾਗਰੂਕਤਾ ਵਧਾਉਣ ਵਿੱਚ ਯੋਗਦਾਨ ਪਾ ਸਕਦੇ ਹਨ।

ਨੈਸ਼ਨਲ ਨੈਚੁਰੋਪੈਥੀ ਡੇਅ ਦੇ ਮੌਕੇ 'ਤੇ, ਨੈਚੁਰੋਪੈਥੀ ਦੀ ਵਿਗਿਆਨਕ ਨੀਂਹ ਨੂੰ ਮਜ਼ਬੂਤ ​​ਕਰਨ, ਸੰਸਥਾਗਤ ਸਮਰੱਥਾ ਦਾ ਵਿਸਥਾਰ ਕਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਨਿਰੰਤਰ ਖੋਜ, ਗੁਣਵੱਤਾ ਸਿੱਖਿਆ ਅਤੇ ਜਨਤਕ ਭਾਗੀਦਾਰੀ ਰਾਹੀਂ, ਭਾਰਤ ਇੱਕ ਭਰੋਸੇਮੰਦ ਅਤੇ ਪਹੁੰਚਯੋਗ ਨੈਚੁਰੋਪੈਥੀ ਪ੍ਰਣਾਲੀ ਨੂੰ ਹੋਰ ਵਿਕਸਿਤ ਕਰਨ ਦਾ ਉਦੇਸ਼ ਰੱਖਦਾ ਹੈ - ਇੱਕ ਜੋ ਵਿਆਪਕ ਰੋਕਥਾਮ ਸਿਹਤ ਸੰਭਾਲ ਯਤਨਾਂ ਦਾ ਸਮਰਥਨ ਕਰਦਾ ਹੈ ਅਤੇ 'ਪ੍ਰਾਕ੍ਰਿਤਿਕ ਚਿਕਿਤਸਾ-ਸਵਸਥ ਭਾਰਤ' ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਪਾਉਂਦਾ ਹੈ।

***

ਐੱਸਆਰ/ਐੱਸਵੀ/ਐੱਸਜੀ/ਬਲਜੀਤ ਸਿੰਘ


(Release ID: 2335679) ਵਿਜ਼ੀਟਰ ਕਾਊਂਟਰ : 2