ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਪੁਲਿਸ ਯਾਦਗਾਰੀ ਦਿਵਸ ਦੇ ਮੌਕੇ ’ਤੇ ਬੁੱਧਵਾਰ, 21 ਅਕਤੂਬਰ 2026 ਨੂੰ ਨਵੀਂ ਦਿੱਲੀ ਸਥਿਤ ਰਾਸ਼ਟਰੀ ਪੁਲਿਸ ਯਾਦਗਾਰ ਵਿਖੇ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕਰਨਗੇ
ਗ੍ਰਹਿ ਮੰਤਰੀ ‘Fight Against Drugs’ ਦੇ ਸੁਨੇਹੇ ‘ਤੇ ਆਯੋਜਿਤ ਇੱਕ ਦੇਸ਼ ਵਿਆਪੀ ਮੋਟਰਸਾਈਕਲ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ
ਇਸ ਰੈਲੀ ਵਿੱਚ ਦੇਸ਼ ਭਰ ਦੇ ਸਾਰੇ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਬਲਾਂ ਦੇ ਮੋਟਰਸਾਈਕਲ ਸਵਾਰ ਏਕਤਾ ਨਗਰ, ਗੁਜਰਾਤ ਪਹੁੰਚ ਕੇ ਏਕਤਾ ਪਰੇਡ-2026 ਵਿੱਚ ਸ਼ਾਮਲ ਹੋਣਗੇ
21 ਅਕਤੂਬਰ 1959 ਨੂੰ ਲੱਦਾਖ ਦੇ ਹੌਟ ਸਪਰਿੰਗ ਖੇਤਰ ਵਿੱਚ ਹਥਿਆਰਬੰਦ ਚੀਨੀ ਟੁਕੜੀ ਵੱਲੋਂ ਕੀਤੇ ਗਏ ਹਮਲੇ ਵਿੱਚ ਪੁਲਿਸ ਦੇ 10 ਵੀਰ ਜਵਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ
ਇਨ੍ਹਾਂ ਸ਼ਹੀਦਾਂ ਅਤੇ ਡਿਊਟੀ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਹੋਰ ਸਾਰੇ ਪੁਲਿਸ ਕਰਮਚਾਰੀਆਂ ਦੀ ਯਾਦ ਵਿੱਚ 21 ਅਕਤੂਬਰ ਨੂੰ ਪੁਲਿਸ ਯਾਦਗਾਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ
ਪੁਲਿਸ ਕਰਮਚਾਰੀਆਂ ਵੱਲੋਂ ਦਿੱਤੇ ਗਏ ਬਲੀਦਾਨ ਨੂੰ ਹਮੇਸ਼ਾ ਯਾਦ ਰੱਖਣਯੋਗ ਬਣਾਉਣ ਅਤੇ ਰਾਸ਼ਟਰੀ ਸੁਰੱਖਿਆ ਅਤੇ ਏਕਤਾ ਬਣਾਈ ਰੱਖਣ ਵਿੱਚ ਪੁਲਿਸ ਦੀ ਸ਼ਾਨਦਾਰ ਭੂਮਿਕਾ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ 2018 ਵਿੱਚ ਰਾਸ਼ਟਰੀ ਪੁਲਿਸ ਯਾਦਗਾਰ ਦੇਸ਼ ਨੂੰ ਸਮਰਪਿਤ ਕੀਤੀ ਸੀ
Posted On:
19 OCT 2026 5:50PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਪੁਲਿਸ ਯਾਦਗਾਰੀ ਦਿਵਸ ਦੇ ਮੌਕੇ ‘ਤੇ ਬੁੱਧਵਾਰ, 21 ਅਕਤੂਬਰ 2026 ਨੂੰ ਨਵੀਂ ਦਿੱਲੀ ਸਥਿਤ ਰਾਸ਼ਟਰੀ ਪੁਲਿਸ ਯਾਦਗਾਰ ‘ਤੇ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕਰਨਗੇ
ਗ੍ਰਹਿ ਮੰਤਰੀ ਇੱਕ ਮੋਟਰਸਾਈਕਲ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ, ਜਿਸ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਜੰਮੂ ਅਤੇ ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉਤਰਾਖੰਡ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ), ਕੇਂਦਰੀ ਹਥਿਆਰਬੰਦ ਬਲਾਂ (CRPF, CISF, BSF, SSB, ITBP ਅਤੇ NSG) ਅਤੇ ਕੁਝ ਕੇਂਦਰੀ ਪੁਲਿਸ ਸੰਗਠਨਾਂ (RPF, NDRF ਅਤੇ NIA) ਦੇ ਲਗਭਗ 90 ਪੁਲਿਸ ਰਾਈਡਰਸ ਸ਼ਾਮਲ ਹੋਣਗੇ। ਇਹ ਰੈਲੀ 'Fight Against Drugs' ਦੇ ਸੁਨੇਹੇ 'ਤੇ ਆਯੋਜਿਤ ਇੱਕ ਦੇਸ਼ ਵਿਆਪੀ ਰੈਲੀ ਦਾ ਹਿੱਸਾ ਹੈ, ਜਿਸ ਵਿੱਚ ਦੇਸ਼ ਭਰ ਦੇ ਸਾਰੇ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਬਲਾਂ ਦੇ ਮੋਟਰਸਾਈਕਲ ਸਵਾਰ ਏਕਤਾ ਨਗਰ, ਗੁਜਰਾਤ ਪਹੁੰਚ ਕੇ ਏਕਤਾ ਪਰੇਡ-2026 ਵਿੱਚ ਸ਼ਾਮਲ ਹੋਣਗੇ।
21 ਅਕਤੂਬਰ, 1959 ਨੂੰ ਲੱਦਾਖ ਦੇ ਹੌਟ ਸਪਰਿੰਗ ਖੇਤਰ ਵਿੱਚ ਹਥਿਆਰਬੰਦ ਚੀਨੀ ਟੁਕੜੀ ਵੱਲੋਂ ਘਾਤ ਲਗਾ ਕੇ ਕੀਤੇ ਹਮਲੇ ਵਿੱਚ ਪੁਲਿਸ ਦੇ 10 ਵੀਰ ਜਵਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਤਦ ਤੋਂ ਹਰ ਸਾਲ 21 ਅਕਤੂਬਰ ਨੂੰ ਪੁਲਿਸ ਯਾਦਗਾਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪੁਲਿਸ ਕਰਮਚਾਰੀਆਂ ਵੱਲੋਂ ਦਿੱਤੀ ਗਈ ਕੁਰਬਾਨੀ ਅਤੇ ਰਾਸ਼ਟਰੀ ਸੁਰੱਖਿਆ ਅਤੇ ਏਕਤਾ ਬਣਾਈ ਰੱਖਣ ਵਿੱਚ ਪੁਲਿਸ ਦੀ ਸ਼ਾਨਦਾਰ ਭੂਮਿਕਾ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਮੰਤਰੀ ਜੀ ਨੇ ਪੁਲਿਸ ਯਾਦਗਾਰੀ ਦਿਵਸ, 2018 ਦੇ ਮੌਕੇ 'ਤੇ ਚਾਣਕਿਆਪੁਰੀ, ਨਵੀਂ ਦਿੱਲੀ ਸਥਿਤ ਰਾਸ਼ਟਰੀ ਪੁਲਿਸ ਯਾਦਗਾਰ ਸਮਾਰਕ (NPM) ਦੇਸ਼ ਨੂੰ ਸਮਰਪਿਤ ਕੀਤੀ ਸੀ।
ਇਹ ਮੈਮੋਰੀਅਲ ਪੁਲਿਸ ਬਲਾਂ ਵਿੱਚ ਰਾਸ਼ਟਰੀ ਪਛਾਣ, ਮਾਣ, ਉਦੇਸ਼ਾਂ ਵਿੱਚ ਇੱਕਰੂਪਤਾ, ਇੱਕ ਸਮਾਨ ਇਤਿਹਾਸ ਅਤੇ ਭਵਿੱਖ ਦੀ ਭਾਵਨਾ ਭਰਨ ਦੇ ਨਾਲ-ਨਾਲ ਉਨ੍ਹਾਂ ਦੀ ਇਸ ਵਚਨਬੱਧਤਾ ਨੂੰ ਵੀ ਹੋਰ ਮਜ਼ਬੂਤ ਕਰਦੀ ਹੈ ਕਿ ਉਨ੍ਹਾਂ ਨੇ ਆਪਣੀ ਜਾਨ ਦੀ ਕੀਮਤ 'ਤੇ ਵੀ ਦੇਸ਼ ਦੀ ਰੱਖਿਆ ਕਰਨੀ ਹੈ। ਪੁਲਿਸ ਮੈਮੋਰੀਅਲ ਵਿੱਚ ਇੱਕ ਕੇਂਦਰੀ ਸ਼ਿਲਪਕ੍ਰਿਤੀ (ਕਲਾਕ੍ਰਿਤੀ) ਤੋਂ ਇਲਾਵਾ 'ਸ਼ੌਰਿਯ ਦੀ ਦੀਵਾਰ' ਅਤੇ ਇੱਕ ਮਿਊਜ਼ੀਅਮ ਵੀ ਮੌਜੂਦ ਹੈ। ਕੇਂਦਰੀ ਸ਼ਿਲਪਕ੍ਰਿਤੀ ਦੇ ਰੂਪ ਵਿੱਚ ਮੌਜੂਦ ਇੱਕ 30 ਫੁੱਟ ਉੱਚਾ ਗ੍ਰੇਨਾਈਟ ਦਾ ਇੱਕੋ ਪੱਥਰ ਦਾ ਖੰਡ ਪੁਲਿਸ ਕਰਮਚਾਰੀਆਂ ਦੀ ਸ਼ਕਤੀ, ਨਮਰਤਾ ਅਤੇ ਨਿਰਸੁਆਰਥ ਸੇਵਾ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ’ਸ਼ੌਰਿਯ ਦੀ ਦੀਵਾਰ’ ਜਿਸ 'ਤੇ ਸ਼ਹੀਦਾਂ ਦੇ ਨਾਮ ਉੱਕਰੇ ਹੋਏ ਹਨ, ਕਰਤੱਵ ਦੇ ਮਾਰਗ 'ਤੇ ਜਾਨਾਂ ਕੁਰਬਾਨ ਕਰਨ ਵਾਲੇ ਪੁਲਿਸ ਕਰਮਚਾਰੀਆਂ ਦੀ ਬਹਾਦਰੀ ਅਤੇ ਬਲੀਦਾਨ ਦੇ ਅਚਲ ਪ੍ਰਤੀਕ ਵਜੋਂ ਮੌਜੂਦ ਹੈ। ਮਿਊਜ਼ੀਅਮ ਦੀ ਕਲਪਨਾ ਵਿੱਚ ਭਾਰਤੀ ਪੁਲਿਸ ਵਿਵਸਥਾ ਦੇ ਇਤਿਹਾਸ ਅਤੇ ਵਿਕਾਸ ਯਾਤਰਾ ਦੇ ਦਰਸ਼ਨ ਹੁੰਦੇ ਹਨ। ਇਹ ਸਥਾਨ ਪੁਲਿਸ ਬਲ ਅਤੇ ਆਮ ਨਾਗਰਿਕਾਂ ਦੋਵਾਂ ਦੇ ਮਨ ਵਿੱਚ ਇੱਕ ਤੀਰਥ ਵਰਗਾ ਆਦਰ ਰੱਖਦਾ ਹੈ। ਨੈਸ਼ਨਲ ਪੁਲਿਸ ਮੈਮੋਰੀਅਲ ਆਮ ਜਨਤਾ ਲਈ ਸੋਮਵਾਰ ਤੋਂ ਇਲਾਵਾ ਬਾਕੀ ਸਾਰੇ ਦਿਨ ਖੁੱਲ੍ਹਿਆ ਰਹਿੰਦਾ ਹੈ। ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਵੱਲੋਂ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸੂਰਜ ਡੁੱਬਣ ਤੋਂ ਇੱਕ ਘੰਟਾ ਪਹਿਲਾਂ ਇੱਥੇ ਬੈਂਡ, ਪਰੇਡ ਅਤੇ ਰੀਟ੍ਰੀਟ ਸੈਰੇਮਨੀ ਦਾ ਆਯੋਜਨ ਵੀ ਕੀਤਾ ਜਾਂਦਾ ਹੈ।
ਪਿਛਲੇ ਵਰ੍ਹਿਆਂ ਵਾਂਗ ‘ਪੁਲਿਸ ਯਾਦਗਾਰੀ ਦਿਵਸ’ , ਯਾਨੀ 21 ਅਕਤੂਬਰ ਨੂੰ, ਦੇਸ਼ ਭਰ ਵਿੱਚ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਮੁੱਖ ਪ੍ਰੋਗਰਾਮ ਨੈਸ਼ਨਲ ਪੁਲਿਸ ਮੈਮੋਰੀਅਲ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿੱਥੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਦਿੱਲੀ ਪੁਲਿਸ ਦੀ ਇੱਕ ਸੰਯੁਕਤ ਪਰੇਡ ਦਾ ਆਯੋਜਨ ਕੀਤਾ ਜਾਵੇਗਾ। ਪਰੰਪਰਾ ਦੇ ਅਨੁਸਾਰ, ਇਸ ਪ੍ਰੋਗਰਾਮ ਦੀ ਪ੍ਰਧਾਨਗੀ ਗ੍ਰਹਿ ਮੰਤਰੀ ਜੀ ਵੱਲੋਂ ਕੀਤੀ ਜਾਵੇਗੀ। ਪ੍ਰੋਗਰਾਮ ਵਿੱਚ ਗ੍ਰਹਿ ਰਾਜ ਮੰਤਰੀ, ਪੁਲਿਸ ਪਿਛੋਕੜ ਦੇ ਸਾਂਸਦ, CAPFs/CPOs ਦੇ ਮੁਖੀ ਅਤੇ ਹੋਰ ਪਤਵੰਤੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਪ੍ਰੋਗਰਾਮ ਵਿੱਚ ਸੇਵਾ-ਮੁਕਤ ਡਾਇਰੈਕਟਰ ਜਨਰਲ, ਪੁਲਿਸ ਭਾਈਚਾਰੇ ਦੇ ਅਧਿਕਾਰੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ।
ਪ੍ਰੋਗਰਾਮ ਦੌਰਾਨ, ਗ੍ਰਹਿ ਮੰਤਰੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਇਲਾਵਾ ਮੌਜੂਦ ਜਨ ਸਮੂਹ ਨੂੰ ਸੰਬੋਧਨ ਕਰਨਗੇ। ਇਹ ਪ੍ਰੋਗਰਾਮ ਹੌਟ ਸਪਰਿੰਗਜ਼ ਦੇ ਸ਼ਹੀਦਾਂ ਨੂੰ ਸਮਰਪਿਤ ਵੇਦਿਕਾ 'ਤੇ ਮਾਣਯੋਗ ਗ੍ਰਹਿ ਮੰਤਰੀ ਵੱਲੋਂ ਸ਼ਰਧਾਂਜਲੀ ਭੇਟ ਕੀਤੇ ਜਾਣ ਨਾਲ ਸੰਪੰਨ ਹੋਵੇਗਾ। ਇਸ ਪ੍ਰੋਗਰਾਮ ਦਾ ਦੂਰਦਰਸ਼ਨ, AIR (ਆਲ ਇੰਡੀਆ ਰੇਡੀਓ) ਅਤੇ ਮੀਡੀਆ ਵਿੱਚ ਪ੍ਰਸਾਰਣ ਕਰਨ ਦੇ ਨਾਲ-ਨਾਲ ਪੁਲਿਸ ਬਲਾਂ ਦੀ ਵੈੱਬਸਾਈਟ 'ਤੇ ਵੈੱਬਕਾਸਟ ਵੀ ਕੀਤਾ ਜਾਵੇਗਾ।
ਸ਼ਹੀਦਾਂ ਦੀ ਯਾਦ ਵਿੱਚ 22 ਤੋਂ 30 ਅਕਤੂਬਰ ਦੇ ਦਰਮਿਆਨ CAPFs/CPOs ਵੱਲੋਂ NPM ਵਿਖੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ ਸ਼ਹੀਦਾਂ ਦੇ ਪਰਿਜਨਾਂ ਨੂੰ ਮੈਮੋਰੀਅਲ 'ਤੇ ਸੱਦਾ ਦੇਣਾ, ਪੁਲਿਸ ਬੈਂਡ ਡਿਸਪਲੇਅ, ਮੋਟਰਸਾਈਕਲ ਰੈਲੀ, ਸ਼ਹੀਦਾਂ ਦੇ ਨਮਿੱਤ ਦੌੜ ਆਦਿ ਦਾ ਆਯੋਜਨ ਕਰਨ ਦੇ ਨਾਲ-ਨਾਲ ਪੁਲਿਸ ਬਲ ਕਰਮਚਾਰੀਆਂ ਦੇ ਬਲੀਦਾਨ, ਵੀਰਤਾ ਅਤੇ ਸੇਵਾ ਨੂੰ ਦਰਸਾਉਣ ਵਾਲੀਆਂ ਵੀਡੀਓ ਫ਼ਿਲਮਾਂ ਦਿਖਾਉਣਾ ਸ਼ਾਮਲ ਹੈ। ਇਸ ਸਮੇਂ ਦੌਰਾਨ ਸਾਰੇ ਪੁਲਿਸ ਬਲਾਂ ਵੱਲੋਂ ਦੇਸ਼ ਭਰ ਵਿੱਚ ਇਸੇ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਰਾਸ਼ਟਰੀ ਪੁਲਿਸ ਯਾਦਗਾਰ
ਚਾਣਕਿਆਪੁਰੀ, ਨਵੀਂ ਦਿੱਲੀ
***********
ਆਰਕੇ/ਆਰਆਰ/ਪੀਐੱਸ/ਪੀਆਰ /ਏਕੇ
(Release ID: 2325296)
ਵਿਜ਼ੀਟਰ ਕਾਊਂਟਰ : 4