ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਮੇਰਾ ਯੁਵਾ ਭਾਰਤ ਨੇ 'ਨਸ਼ਾ ਮੁਕਤ ਯੁਵਾ, ਵਿਕਸਿਤ ਭਾਰਤ ਅਭਿਆਨ' ਦੇ ਤਹਿਤ 1,469 ਥਾਵਾਂ 'ਤੇ ਨੇਬਰਹੁੱਡ ਯੂਥ ਪਾਰਲੀਮੈਂਟ ਅਤੇ ਯੁਵਾ ਮੇਲੇ ਆਯੋਜਿਤ ਕੀਤੇ
Posted On:
12 OCT 2026 12:25PM by PIB Chandigarh
ਮੇਰਾ ਯੁਵਾ ਭਾਰਤ ਨੇ ‘ਨਸ਼ਾ ਮੁਕਤ ਯੁਵਾ, ਵਿਕਸਿਤ ਭਾਰਤ ਅਭਿਆਨ’ ਦੇ ਤਹਿਤ ਭਾਗੀਦਾਰ ਸੰਗਠਨਾਂ ਦੇ ਸਹਿਯੋਗ ਨਾਲ 10 ਅਕਤੂਬਰ 2026 ਨੂੰ ਨੇਬਰਹੁੱਡ ਯੂਥ ਪਾਰਲੀਮੈਂਟ ਅਤੇ ਯੂਵਾ ਮੇਲਿਆਂ ਦਾ ਆਯੋਜਨ ਕੀਤਾ। ਇਹ ਆਯੋਜਨ 100 ਹਫ਼ਤਿਆਂ ਦੇ ਅਭਿਆਨ ਦਾ ਹਿੱਸਾ ਸੀ, ਜਿਸ ਵਿੱਚ ਦੇਸ਼ ਭਰ ਦੇ 34 ਰਾਜਾਂ ਦੀਆਂ 1,469 ਥਾਵਾਂ ਸ਼ਾਮਲ ਰਹੀਆਂ। ਇਸ ਵਿਆਪਕ ਪਹਿਲਕਦਮੀ ਵਿੱਚ 3.65 ਲੱਖ ਤੋਂ ਵੱਧ ਨੌਜਵਾਨਾਂ ਅਤੇ ਨਾਗਰਿਕਾਂ ਨੇ ਹਿੱਸਾ ਲਿਆ, ਜਿਸ ਨਾਲ ਨਸ਼ਾ-ਮੁਕਤ ਭਾਰਤ ਬਣਾਉਣ ਦੇ ਸਾਂਝੇ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ ਗਿਆ।

ਇਸ ਪਹਿਲਕਦਮੀ ਦਾ ਮੰਤਵ ਜ਼ਮੀਨੀ ਪੱਧਰ 'ਤੇ ਨੌਜਵਾਨਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨਾ, ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਾਉਣਾ ਅਤੇ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਨਾ ਸੀ। ਬਲਾਕ ਪੱਧਰ 'ਤੇ ਆਯੋਜਿਤ ਨੇਬਰਹੁੱਡ ਯੂਥ ਪਾਰਲੀਮੈਂਟ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨਾਲ ਜੁੜੀਆਂ ਚੁਣੌਤੀਆਂ, ਜਾਗਰੂਕਤਾ ਨੂੰ ਕਾਰਵਾਈ ਵਿੱਚ ਬਦਲਣ ਦੀਆਂ ਰਣਨੀਤੀਆਂ ਅਤੇ ਬਦਲਾਅ ਦੀਆਂ ਪ੍ਰੇਰਣਾਦਾਇਕ ਕਹਾਣੀਆਂ 'ਤੇ ਚਰਚਾ ਕੀਤੀ ਗਈ, ਜਿਸ ਨਾਲ ਨੌਜਵਾਨਾਂ ਨੂੰ ਇੱਕ ਸਿਹਤਮੰਦ ਅਤੇ ਨਸ਼ਾ-ਮੁਕਤ ਸਮਾਜ ਲਈ ਪ੍ਰਚਾਰਕ ਬਣਨ ਦੀ ਪ੍ਰੇਰਣਾ ਮਿਲੀ।
ਇਨ੍ਹਾਂ ਪ੍ਰੋਗਰਾਮਾਂ ਵਿੱਚ ਨੌਜਵਾਨਾਂ ਵੱਲੋਂ ਸੰਚਾਲਿਤ ਕਈ ਗਤੀਵਿਧੀਆਂ ਸ਼ਾਮਲ ਸਨ, ਜਿਨ੍ਹਾਂ ਵਿੱਚ ਨਸ਼ਾ ਮੁਕਤ ਯੁਵਾ ਸਹੁੰ, ਨਾਅਰਾ ਲੇਖਣ ਮੁਕਾਬਲੇ, ਦਸਤਖ਼ਤ ਮੁਹਿੰਮ, ਵਾਦ-ਵਿਵਾਦ, ਨੁੱਕੜ ਨਾਟਕ ਅਤੇ ਵਿਚਾਰ-ਚਰਚਾਵਾਂ ਸ਼ਾਮਲ ਸਨ। ਇਨ੍ਹਾਂ ਗਤੀਵਿਧੀਆਂ ਨੇ ਭਾਗੀਦਾਰਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਰੋਕਥਾਮ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਲਈ ਉਤਸ਼ਾਹਿਤ ਕੀਤਾ। ਹਾਰਟਫੁਲਨੇਸ, ਪ੍ਰੋਜੈਕਟ ਪੁਆਇੰਟ, ਸੀ.ਆਈ.ਪੀ.ਯੂ., ਐਸੋਚੈਮ, ਫਿੱਕੀ ਅਤੇ ਬ੍ਰਹਮਾਕੁਮਾਰੀਜ਼ ਵਰਗੀਆਂ ਅਧਿਆਤਮਿਕ ਸੰਸਥਾਵਾਂ, ਯੂਨੀਵਰਸਿਟੀ ਸੰਘਾਂ ਅਤੇ ਉਦਯੋਗਿਕ ਸੰਘਾਂ ਦੇ ਸਹਿਯੋਗ ਨਾਲ ਯੂਵਾ ਮੇਲਿਆਂ ਦਾ ਆਯੋਜਨ ਕੀਤਾ ਗਿਆ। ਇਸ ਪਹਿਲਕਦਮੀ ਨੇ ਬਹੁ-ਹਿੱਸੇਦਾਰ ਭਾਗੀਦਾਰੀ ਨੂੰ ਉਤਸ਼ਾਹਿਤ ਕਰਦਿਆਂ ਮੁਹਿੰਮ ਦੀ ਪਹੁੰਚ ਅਤੇ ਪ੍ਰਭਾਵ ਨੂੰ ਹੋਰ ਵੀ ਵਿਆਪਕ ਬਣਾਉਣ ਵਿੱਚ ਮਦਦ ਕੀਤੀ।

ਇਸ ਪਹਿਲਕਦਮੀ ਵਿੱਚ ਲੋਕ ਨੁਮਾਇੰਦਿਆਂ ਦੀ ਵੀ ਭਾਗੀਦਾਰੀ ਦੇਖਣ ਨੂੰ ਮਿਲੀ, ਜਿਨ੍ਹਾਂ ਵਿੱਚ ਇੱਕ ਸੰਸਦ ਮੈਂਬਰ ਅਤੇ ਪੰਜ ਵਿਧਾਇਕਾਂ ਸਮੇਤ ਛੇ ਨੁਮਾਇੰਦਿਆਂ ਨੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਕੁੱਲ 4,552 ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ ਅਤੇ 4,568 ਨਾਅਰੇ ਇਕੱਠੇ ਕੀਤੇ ਗਏ, ਜੋ ਨਸ਼ਾ ਮੁਕਤ ਭਾਰਤ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨ ਵਿੱਚ ਭਾਗੀਦਾਰਾਂ ਦੀ ਵਿਆਪਕ ਸ਼ਮੂਲੀਅਤ ਨੂੰ ਦਰਸਾਉਂਦੇ ਹਨ।

100 ਹਫ਼ਤਿਆਂ ਦੇ ਇਸ ਅਭਿਆਨ ਦਾ ਉਦੇਸ਼ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨਾਲ ਨਜਿੱਠਣ ਲਈ ਦੇਸ਼ ਭਰ ਵਿੱਚ ਸਾਂਝੇ ਯਤਨਾਂ ਨੂੰ ਉਤਸ਼ਾਹਿਤ ਕਰਨਾ, ਭਾਈਚਾਰਕ ਸ਼ਮੂਲੀਅਤ ਨੂੰ ਹੱਲਾਸ਼ੇਰੀ ਦੇਣਾ ਅਤੇ ਨੌਜਵਾਨਾਂ ਦੀ ਅਗਵਾਈ ਕਰਨ ਦੀ ਸਮਰੱਥਾ ਨੂੰ ਉਜਾਗਰ ਕਰਨਾ ਹੈ। ਨੇਬਰਹੁੱਡ ਯੂਥ ਪਾਰਲੀਮੈਂਟ ਅਤੇ ਯੂਵਾ ਮੇਲਿਆਂ ਰਾਹੀਂ 'ਮੇਰਾ ਯੁਵਾ ਭਾਰਤ' ਲਗਾਤਾਰ ਨੌਜਵਾਨਾਂ ਨੂੰ ਸਮਾਜ ਵਿੱਚ ਬਦਲਾਅ ਲਿਆਉਣ ਦੀ ਜ਼ਿੰਮੇਵਾਰੀ ਚੁੱਕਣ ਅਤੇ 'ਨਸ਼ਾ ਮੁਕਤ ਯੁਵਾ, ਵਿਕਸਿਤ ਭਾਰਤ ਅਭਿਆਨ' ਦੇ ਟੀਚੇ ਨੂੰ ਪੂਰਾ ਕਰਨ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਦਾ ਹੈ।
************
ਪਵਨ ਸਿੰਘ ਫੌਜਦਾਰ
(Release ID: 2322644)
ਵਿਜ਼ੀਟਰ ਕਾਊਂਟਰ : 10