ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਸ਼੍ਰੀ ਸੀ ਪੀ ਰਾਧਾਕ੍ਰਿਸ਼ਨਨ ਨੇ ਮਹਾਤਮਾ ਗਾਂਧੀ ਜੀ, ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਅਤੇ ਥਿਰੂ ਕੇ ਕਾਮਰਾਜਜੀ ਨੂੰ ਸ਼ਰਧਾਂਜਲੀ ਭੇਟ ਕੀਤੀ


Posted On: 02 OCT 2026 12:24PM by PIB Chandigarh

ਉਪ-ਰਾਸ਼ਟਰਪਤੀ ਸ਼੍ਰੀ ਸੀ ਪੀ ਰਾਧਾਕ੍ਰਿਸ਼ਨਨ ਨੇ ਅੱਜ ਮਹਾਤਮਾ ਗਾਂਧੀ ਜੀ, ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਅਤੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਥਿਰੂ ਕੇ ਕਾਮਰਾਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਰਧਾਂਜਲੀ ਦਿੱਤੀ।

ਉਪ-ਰਾਸ਼ਟਰਪਤੀ ਨੇ ਮਹਾਤਮਾ ਗਾਂਧੀ ਜੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਰਾਜਘਾਟ ਜਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼੍ਰੀ ਸੀਪੀ ਰਾਧਾਕ੍ਰਿਸ਼ਨਨ ਨੇ ਮਹਾਤਮਾ ਗਾਂਧੀ ਜੀ ਦੀ ਸਦੀਵੀ ਵਿਰਾਸਤ ਨੂੰ ਯਾਦ ਕਰਦਿਆਂ  ਕਿਹਾ ਕਿ ਸੱਚ ਅਤੇ ਅਹਿੰਸਾ ਪ੍ਰਤੀ ਉਨ੍ਹਾਂ ਦਾ ਅਟੁੱਟ ਵਿਸ਼ਵਾਸ, ਨਿਆਂ ਪ੍ਰਤੀ ਦ੍ਰਿੜ੍ਹ ਇਰਾਦਾ ਅਤੇ ਹਰੇਕ ਵਿਅਕਤੀ ਦੀ ਸ਼ਾਨ ਵਿੱਚ ਉਨ੍ਹਾਂ ਦਾ ਡੂੰਘਾ ਵਿਸ਼ਵਾਸ ਸਮੁੱਚੀ ਮਨੁੱਖਤਾ ਨੂੰ ਨਿਰੰਤਰ ਪ੍ਰੇਰਿਤ ਕਰਦਾ ਹੈ ।

ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਦਾ ਜੀਵਨ ਅਤੇ ਸੰਦੇਸ਼ ਸ਼ਾਂਤੀ, ਦਇਆ, ਨਿਰਸਵਾਰਥ ਭਾਵਨਾ ਅਤੇ ਸੇਵਾ ਦਾ ਸਦੀਵੀ ਚਾਨਣ ਮੁਨਾਰਾ ਬਣਿਆ ਹੋਇਆ ਹੈ। ਉਨ੍ਹਾਂ ਸਾਰਿਆਂ ਨੂੰ ਮਹਾਤਮਾ ਗਾਂਧੀ ਦੇ ਮੁੱਲਾਂ ਪ੍ਰਤੀ ਆਪਣੀ ਵਚਨਬੱਧਤਾ  ਨੂੰ ਦੁਹਰਾਉਣ ਅਤੇ ਇੱਕ ਨਿਆਂਪੂਰਨ, ਬਰਾਬਰੀ ਵਾਲੇ ਅਤੇ ਸਮਾਵੇਸ਼ੀ ਸਮਾਜ ਦੇ ਨਿਰਮਾਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਸੱਦਾ ਦਿੱਤਾ।

ਉਪ-ਰਾਸ਼ਟਰਪਤੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਉਨ੍ਹਾਂ ਦੀ ਜਯੰਤੀ  ’ਤੇ ਵਿਜੇਘਾਟ ਜਾ ਕੇ ਉਨ੍ਹਾਂ ਨੂੰ ਫੁੱਲ ਭੇਟ ਕੀਤੇ ਅਤੇ ਸ਼ਰਧਾਂਜਲੀ ਦਿੱਤੀ ।

ਸ਼੍ਰੀ ਸੀ.ਪੀ.ਰਾਧਾਕ੍ਰਿਸ਼ਨਨ ਨੇ ਸ਼ਾਸਤਰੀ ਜੀ ਨੂੰ ਸ਼ਾਂਤ, ਸ਼ਕਤੀਸ਼ਾਲੀ ਅਤੇ ਅਸਾਧਾਰਨ ਦ੍ਰਿੜ੍ਹ ਇਰਾਦੇ ਵਾਲੇ ਨੇਤਾ ਦੇ ਰੂਪ ਵਿੱਚ ਦੱਸਦਿਆਂ ਕਿਹਾ ਕਿ ਉਹ ਨਿਮਰਤਾ, ਸੱਚਾਈ ਅਤੇ ਦੇਸ਼ ਪ੍ਰਤੀ ਅਟੁੱਟ ਸਮਰਪਣ ਦੀ ਮਿਸਾਲ ਸਨ। ਉਨ੍ਹਾਂ ਨੇ ਯਾਦ ਕੀਤਾ ਕਿ ਭਾਰਤ ਦੇ ਸਫ਼ਰ ਦੇ ਇੱਕ ਮਹੱਤਵਪੂਰਨ ਮੋੜ ’ਤੇ, ਸ਼ਾਸਤਰੀ ਜੀ ਦੀ ਅਗਵਾਈ ਨੇ ਲੋਕਾਂ ਵਿੱਚ ਭਰੋਸਾ ਅਤੇ ਏਕਤਾ ਜਗਾਈ, ਜਦਕਿ ਉਨ੍ਹਾਂ ਦੇ “ਜੈ ਜਵਾਨ, ਜੈ ਕਿਸਾਨ” ਦੇ ਨਾਅਰੇ ਨੇ ਦੇਸ਼ ਦੇ  ਜਵਾਨਾਂ ਦੀ ਕੁਰਬਾਨੀ ਅਤੇ ਕਿਸਾਨਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਸਥਾਈ ਪਛਾਣ ਦਿੱਤੀ।

 

ਉਪ-ਰਾਸ਼ਟਰਪਤੀ ਨੇ ਕਿਹਾ ਕਿ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜੀਵਨ ਇਸ ਗੱਲ ਦੀ ਇੱਕ ਮਜ਼ਬੂਤ ਯਾਦ  ਦਿਵਾਉਂਦਾ ਹੈ ਕਿ ਸੱਚੀ ਅਗਵਾਈ ਸਾਦਗੀ, ਹਿੰਮਤ ਅਤੇ ਦੇਸ਼ ਦੀ ਸੇਵਾ ਵਿੱਚ ਹੀ ਸਮਾਈ ਹੋਈ ਹੈ।

ਉਪ-ਰਾਸ਼ਟਰਪਤੀ ਭਵਨ ਵਿਖੇ, ਉਪ-ਰਾਸ਼ਟਰਪਤੀ ਨੇ ਥਿਰੂ ਕੇ. ਕਾਮਰਾਜ ਜੀ ਨੂੰ ਉਨ੍ਹਾਂ ਦੀ ਬਰਸੀ ’ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਜਨਤਕ ਜੀਵਨ ਅਤੇ ਦੇਸ਼ ਨਿਰਮਾਣ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਯਾਦ ਕੀਤਾ।

ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਾਮਰਾਜ ਜੀ ਨੂੰ ਇੱਕ ਮਹਾਨ ਰਾਜਨੇਤਾ ਅਤੇ ਇੱਕ ਸੱਚੇ ਲੋਕ ਨੇਤਾ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਜੀਵਨ ਦੇਸ਼ ਦੀ ਸੇਵਾ ਅਤੇ ਆਮ ਲੋਕਾਂ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਕਾਮਰਾਜ ਜੀ ਨੇ ਆਪਣਾ ਪੂਰਾ ਜੀਵਨ ਗਾਂਧੀਵਾਦੀ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਬਤੀਤ ਕੀਤਾ ਅਤੇ ਸੜਕਾਂ ਅਤੇ ਵਿੱਦਿਅਕ ਅਦਾਰਿਆਂ ਦਾ ਵਿਸਥਾਰ ਕਰਕੇ, ਮਿਡ-ਡੇਅ ਮੀਲ ਦੀ ਯੋਜਨਾ ਦੀ ਸ਼ੁਰੂਆਤ ਕਰਕੇ ਅਤੇ ਗ਼ਰੀਬਾਂ ਦੇ ਜੀਵਨ ਵਿੱਚ ਨਵੀਂ ਆਸ ਜਗਾ ਕੇ ਤਾਮਿਲਨਾਡੂ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।

ਉਪ-ਰਾਸ਼ਟਰਪਤੀ ਨੇ ਡੈਮਾਂ ਦੇ ਨਿਰਮਾਣ ਅਤੇ ਉਦਯੋਗਿਕ ਖੇਤਰਾਂ ਦੀ ਸਥਾਪਨਾ ਰਾਹੀਂ ਸਿੰਚਾਈ ਅਤੇ ਉਦਯੋਗਿਕ ਵਿਕਾਸ ਵਿੱਚ ਕਾਮਰਾਜ ਜੀ ਦੇ ਯੋਗਦਾਨ ਨੂੰ ਵੀ ਯਾਦ ਕੀਤਾ, ਜਿਸ ਨੇ ਤਾਮਿਲਨਾਡੂ ਵਿੱਚ ਖੇਤੀਬਾੜੀ ਅਤੇ ਉਦਯੋਗਿਕ ਵਿਕਾਸ ਦੀ ਨੀਂਹ ਰੱਖੀ।

******

ਪੀਆਰ/ਏਐਸਐਮ/ਵੀਐਮ


(Release ID: 2319019) ਵਿਜ਼ੀਟਰ ਕਾਊਂਟਰ : 2