ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਡਾ. ਅੰਗਮ ਪਾਮੇ (ਆਈਆਈਐੱਸ), ਐਡੀਸ਼ਨਲ ਡਾਇਰੈਕਟਰ ਜਨਰਲ (ਏਡੀਜੀ), ਸ਼੍ਰੀ ਨਾਂਪਿਬੌ ਮਾਰਿਨਮਈ (ਆਈਆਈਐੱਸ), ਡਾਇਰੈਕਟਰ ਅਤੇ ਸ਼੍ਰੀ ਐਚ. ਲਿਆਨਵੇਲਾ, ਐੱਮਟੀਐੱਸ ਦੇ ਬੇਵਕਤੀ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ
ਮਿਜ਼ੋਰਮ ਵਿੱਚ ਡਿਊਟੀ ਦੌਰਾਨ ਇੱਕ ਭਿਆਨਕ ਸੜਕ ਹਾਦਸੇ ਵਿੱਚ ਅਧਿਕਾਰੀਆਂ ਦੀ ਜਾਨ ਚਲੀ ਗਈ
Posted On:
02 OCT 2026 6:58PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਮਿਜ਼ੋਰਮ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਸੂਚਨਾ ਅਤੇ ਪ੍ਰਸਾਰਣ ਭਾਈਚਾਰੇ ਦੇ ਤਿੰਨ ਮੈਂਬਰਾਂ ਦੀ ਬੇਵਕਤੀ ਮੌਤ 'ਤੇ ਡੂੰਘਾ ਸੋਗ ਪ੍ਰਗਟ ਕੀਤਾ ਹੈ। 1 ਅਕਤੂਬਰ 2026 ਨੂੰ, ਸਰਕਾਰੀ ਡਿਊਟੀ 'ਤੇ ਤਾਇਨਾਤ ਅਧਿਕਾਰੀਆਂ ਨੂੰ ਲੈ ਕੇ ਜਾ ਰਿਹਾ ਵਾਹਨ ਡੂੰਘੀ ਖੱਡ ਵਿੱਚ ਡਿੱਗ ਗਿਆ।
ਮ੍ਰਿਤਕ ਅਧਿਕਾਰੀਆਂ ਵਿੱਚ ਡਾ. ਅੰਗਮ ਪਾਮੇ, ਆਈਆਈਐੱਸ, ਐਡੀਸ਼ਨਲ ਡਾਇਰੈਕਟਰ ਜਨਰਲ, ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਅਤੇ ਸੈਂਟਰਲ ਬਿਊਰੋ ਆਫ਼ ਕਮਿਊਨੀਕੇਸ਼ਨ (ਸੀਬੀਸੀ), ਇੰਫਾਲ ਸ਼੍ਰੀ ਨਾਂਪਿਬੌ ਮਾਰਿਨਮਈ ਆਈਆਈਐੱਸ, ਡਾਇਰੈਕਟਰ (ਨਿਊਜ਼), ਦੂਰਦਰਸ਼ਨ ਕੇਂਦਰ ਅਤੇ ਆਲ ਇੰਡੀਆ ਰੇਡੀਓ, ਆਈਜ਼ੌਲ; ਅਤੇ ਸ਼੍ਰੀ ਐੱਚ. ਲਿਆਨਵੇਲਾ, ਐੱਮਟੀਐੱਸ, ਸੈਂਟਰਲ ਕਮਿਊਨੀਕੇਸ਼ਨ ਬਿਊਰੋ, ਫੀਲਡ ਆਫਿਸ, ਆਈਜ਼ੌਲ ਸ਼ਾਮਲ ਹਨ।
ਮੰਤਰਾਲਾ ਤਿੰਨ ਸਹਿਯੋਗੀਆਂ ਦੇ ਦੇਹਾਂਤ 'ਤੇ ਬਹੁਤ ਦੁਖੀ ਹੈ। ਉਨ੍ਹਾਂ ਦਾ ਬੇਵਕਤੀ ਦੇਹਾਂਤ ਉਨ੍ਹਾਂ ਦੇ ਸਬੰਧਿਤ ਸੰਗਠਨਾਂ ਦੇ ਨਾਲ-ਨਾਲ ਦੇਸ਼ ਭਰ ਵਿੱਚ ਜਨ ਸੰਚਾਰ ਅਤੇ ਸੂਚਨਾ ਪ੍ਰਸਾਰ ਦੇ ਖੇਤਰ ਵਿੱਚ ਲੱਗੇ ਅਧਿਕਾਰੀਆਂ ਅਤੇ ਪੇਸ਼ੇਵਰਾਂ ਦੇ ਪਰਿਵਾਰਾਂ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।
58 ਸਾਲ ਦੇ ਡਾ. ਅੰਗਮ ਪਾਮੇ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਦੇ ਸਕੂਲ ਆਫ਼ ਸੋਸ਼ਲ ਸਾਇੰਸਜ਼ ਤੋਂ ਅੰਤਰਰਾਸ਼ਟਰੀ ਸਬੰਧਾਂ ਵਿੱਚ ਐੱਮਏ ਕਰਨ ਤੋਂ ਬਾਅਦ 1994 ਵਿੱਚ ਭਾਰਤੀ ਸੂਚਨਾ ਸੇਵਾ (IIS) ਵਿੱਚ ਸ਼ਾਮਲ ਹੋਏ। ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੇ ਆਪਣੇ ਕਰੀਅਰ ਦੌਰਾਨ, ਉਨ੍ਹਾਂ ਨੇ ਦਿੱਲੀ, ਇੰਫਾਲ, ਪੁਣੇ ਅਤੇ ਸ਼ਿਲੌਂਗ ਵਿੱਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ, ਸਰਕਾਰੀ ਸੰਚਾਰ, ਮੀਡੀਆ ਤਾਲਮੇਲ ਅਤੇ ਜਨ ਸੰਪਰਕ ਦੇ ਖੇਤਰਾਂ ਵਿੱਚ ਯੋਗਦਾਨ ਪਾਇਆ।

ਪੀਆਈਬੀ ਇੰਫਾਲ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਹੋਣ ਦੇ ਤੌਰ ‘ਤੇ ਡਾ. ਪਾਮੇ ਨੇ ਉੱਤਰ-ਪੂਰਬੀ ਖੇਤਰ ਵਿੱਚ ਮੀਡੀਆ ਸੰਗਠਨਾਂ ਅਤੇ ਸਰਕਾਰੀ ਵਿਭਾਗਾਂ ਨਾਲ ਸੰਚਾਰ ਅਤੇ ਤਾਲਮੇਲ ਨੂੰ ਮਜ਼ਬੂਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਉੱਤਰ-ਪੂਰਬ ਤੋਂ ਭਾਰਤੀ ਸੂਚਨਾ ਸੇਵਾ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਗਰੁੱਪ 'ਏ' ਅਧਿਕਾਰੀਆਂ ਵਿੱਚੋਂ ਇੱਕ, ਡਾ. ਪਾਮੇ ਨੇ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਵਿਆਪਕ ਖੇਤਰੀ ਅਨੁਭਵ ਅਤੇ ਖੇਤਰ ਦੇ ਵਿਭਿੰਨ ਸੰਚਾਰ ਦ੍ਰਿਸ਼ ਦੀ ਡੂੰਘੀ ਸਮਝ ਲਿਆਂਦੀ। ਡਾ. ਪਾਮੇ ਮਨੀਪੁਰ ਦੇ ਤਾਮੇਂਗਲੋਂਗ ਜ਼ਿਲ੍ਹੇ ਦੇ ਜ਼ੇਮੇ ਨਾਗਾ ਭਾਈਚਾਰੇ ਨਾਲ ਸਬੰਧਿਤ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ, ਅਜੁਨਾ ਪਾਮੇ, ਇੱਕ ਪੁੱਤਰ ਅਤੇ ਇੱਕ ਧੀ ਹੈ।
ਸ਼੍ਰੀ ਨਾਂਪਿਬੌ ਮਾਰਿਨਮਈ ਇੱਕ ਭਾਰਤੀ ਸੂਚਨਾ ਸੇਵਾ ਅਧਿਕਾਰੀ ਸਨ ਅਤੇ ਦੂਰਦਰਸ਼ਨ ਕੇਂਦਰ ਅਤੇ ਆਲ ਇੰਡੀਆ ਰੇਡੀਓ, ਆਈਜ਼ੌਲ ਵਿੱਚ ਡਾਇਰੈਕਟਰ (ਨਿਊਜ਼) ਵਜੋਂ ਤਾਇਨਾਤ ਸਨ। ਉਹ ਇੰਟਰਮੀਡੀਆ ਪਬਲੀਸਿਟੀ ਕੋਆਰਡੀਨੇਸ਼ਨ ਕਮੇਟੀ (IMPCC) ਦੇ ਚੇਅਰਮੈਨ ਵੀ ਸਨ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਵਿੱਚ ਲੋਕ ਸੰਪਰਕ ਅਧਿਕਾਰੀ ਵਜੋਂ ਸੇਵਾ ਨਿਭਾਈ ਸੀ, ਜਿੱਥੇ ਉਹ ਰੱਖਿਆ ਸਬੰਧੀ ਜਨ ਸੰਪਰਕ, ਮੀਡੀਆ ਰਿਪੋਰਟਿੰਗ ਅਤੇ ਸੰਚਾਰ ਵਿੱਚ ਸ਼ਾਮਲ ਰਹੇ ਸਨ।

ਸਮਾਚਾਰ ਅਤੇ ਜਨਤਕ ਪ੍ਰਸਾਰਣ ਨਾਲ ਆਪਣੇ ਲੰਬੇ ਸਮੇਂ ਦੇ ਸਬੰਧ ਦੌਰਾਨ, ਸ਼੍ਰੀ ਨਾਂਪਿਬੌ ਮਾਰਿਨਮਈ ਨੇ ਜਨ ਸੰਚਾਰ ਅਤੇ ਸੂਚਨਾ ਪ੍ਰਸਾਰਣ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਰੱਖਿਆ ਜਨਤਕ ਸਬੰਧਾਂ ਅਤੇ ਪ੍ਰਸਾਰਣ ਵਿੱਚ ਉਨ੍ਹਾਂ ਦੇ ਤਜ਼ਰਬੇ ਨੇ ਉਨ੍ਹਾਂ ਨੂੰ ਸੰਸਥਾਵਾਂ ਅਤੇ ਮੀਡੀਆ ਦਰਮਿਆਨ ਸੰਚਾਰ ਨੂੰ ਸੁਚਾਰੂ ਬਣਾਉਣ ਦੇ ਯੋਗ ਬਣਾਇਆ। ਉਨ੍ਹਾਂ ਦੀ ਪੇਸ਼ੇਵਰ ਵਚਨਬੱਧਤਾ, ਸਮਰਪਿਤ ਸੇਵਾ ਅਤੇ ਸਹਿਯੋਗੀਆਂ ਅਤੇ ਮੀਡੀਆ ਪੇਸ਼ੇਵਰਾਂ ਨਾਲ ਸੁਹਿਰਦ ਸਬੰਧਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਹੈ।
ਸ਼੍ਰੀ ਐੱਚ. ਲਿਆਨਵੇਲਾ, ਐੱਮਟੀਐੱਸ, ਸੈਂਟਰਲ ਬਿਊਰੋ ਆਫ਼ ਕਮਿਊਨੀਕੇਸ਼ਨਜ਼ (ਸੀਬੀਸੀ), ਫੀਲਡ ਆਫ਼ਿਸ, ਆਈਜ਼ੌਲ, 1998 ਵਿੱਚ ਸਰਕਾਰੀ ਸੇਵਾ ਵਿੱਚ ਸ਼ਾਮਲ ਹੋਏ। ਉਹ 52 ਵਰ੍ਹਿਆ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ, ਇੱਕ ਧੀ ਅਤੇ ਇੱਕ ਪੋਤਾ ਹੈ।

ਸ਼੍ਰੀ ਗੋਜੇਂਦਰ ਡੇ, ਡਰਾਈਵਰ, ਸੈਂਟਰਲ ਬਿਊਰੋ ਆਫ਼ ਕਮਿਊਨੀਕੇਸ਼ਨ, ਫੀਲਡ ਆਫ਼ਿਸ, ਆਈਜ਼ੌਲ, ਵੀ ਹਾਦਸੇ ਵਿੱਚ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਹ ਹੋਸ਼ ਵਿੱਚ ਹਨ ਅਤੇ ਡਾਕਟਰੀ ਨਿਗਰਾਨੀ ਹੇਠ ਹਨ।
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਇਸ ਦੁੱਖ ਦੀ ਘੜੀ ਵਿੱਚ ਤਿੰਨਾਂ ਅਧਿਕਾਰੀਆਂ ਦੇ ਸੋਗਗ੍ਰਸਤ ਪਰਿਵਾਰਾਂ, ਸਹਿਯੋਗੀਆਂ ਅਤੇ ਦੋਸਤਾਂ ਦੇ ਨਾਲ ਖੜ੍ਹਾ ਹੈ। ਸਰਕਾਰ ਪ੍ਰਤੀ ਉਨ੍ਹਾਂ ਦੀ ਵਰ੍ਹਿਆਂ ਦੀ ਸਮਰਪਿਤ ਸੇਵਾ ਅਤੇ ਜਨ ਸੰਚਾਰ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਤਿਕਾਰ ਅਤੇ ਸ਼ੁਕਰਗੁਜ਼ਾਰੀ ਨਾਲ ਯਾਦ ਕੀਤਾ ਜਾਵੇਗਾ।
*********
ਮਹੇਸ਼ ਕੁਮਾਰ/ ਵਿਵੇਕ ਵਿਸ਼ਵਾਸ਼/ਏਕੇ
(Release ID: 2318797)
ਵਿਜ਼ੀਟਰ ਕਾਊਂਟਰ : 6