ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਗੁਜਰਾਤ ਦੇ ਏਕਤਾ ਨਗਰ ਵਿੱਚ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕੀਤੇ
ਰਾਸ਼ਟਰਪਤੀ ਨੇ ਫਿਲਮ ਜਗਤ ਤੋਂ ਸਿਹਤਮੰਦ ਜੀਵਨ ਸ਼ੈਲੀ ਨੂੰ ਹੁਲਾਰਾ ਦੇਣ ਅਤੇ ਨੁਕਸਾਨਦੇਹ ਪਦਾਰਥਾਂ ਦਾ ਵਿਗਿਆਪਨ ਨਾ ਕਰਨ ਦੀ ਤਾਕੀਦ ਕੀਤੀ, ਕਿਉਂਕਿ ਉਹ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ
ਦਾਦਾਸਾਹੇਬ ਫਾਲਕੇ ਪੁਰਸਕਾਰ ਜੇਤੂ ਅਨੰਤ ਨਾਗ ਨੇ ਦੇਸ਼ ਦੇ ਅਣਗਿਣਤ ਲੋਕਾਂ ਤੋਂ ਮਿਲੇ ਅਥਾਹ ਪਿਆਰ ਲਈ ਧੰਨਵਾਦ ਪ੍ਰਗਟ ਕੀਤਾ
ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹਾਂ ਨੂੰ ਪ੍ਰਮੁੱਖ ਟੂਰਿਸਟ ਸਥਾਨਾਂ ‘ਤੇ ਆਯੋਜਿਤ ਕਰਕੇ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ: ਸ਼੍ਰੀ ਅਸ਼ਵਿਨੀ ਵੈਸ਼ਣਵ
ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਵੇਵਸ ਦੇ ਅਗਲੇ ਸੰਸਕਰਣ ਨੂੰ ਅਕਤੂਬਰ 2027 ਵਿੱਚ ਆਯੋਜਿਤ ਕਰਨ ਦਾ ਐਲਾਨ ਕੀਤਾ
Posted On:
22 SEP 2026 8:34PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕੀਤੇ ਅਤੇ ਸਾਰੇ ਪੁਰਸਕਾਰ ਜੇਤੂਆਂ ਨੂੰ ਉਨ੍ਹਾਂ ਪ੍ਰਤਿਭਾ, ਸਮਰਪਣ ਅਤੇ ਸਖ਼ਤ ਮਿਹਨਤ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਫਿਲਮ ਨਿਰਮਾਣ ਇੱਕ ਸਮੂਹਿਕ ਯਤਨ ਹੈ। ਉਨ੍ਹਾਂ ਨੇ ਪੁਰਸਕਾਰ ਜੇਤੂਆਂ ਨੂੰ ਆਪਣੀ-ਆਪਣੀ ਟੀਮ ਦੇ ਹਰ ਉਸ ਮੈਂਬਰ ਦਾ ਧੰਨਵਾਦ ਪ੍ਰਗਟ ਕਰਨ ਦੀ ਤਾਕੀਦ ਕੀਤੀ, ਜਿਸ ਦੀ ਮਿਹਨਤ ਅਤੇ ਯੋਗਦਾਨ ਨਾਲ ਇਹ ਫਿਲਮਾਂ ਸੰਭਵ ਹੋ ਪਾਈਆਂ।

ਰਾਸ਼ਟਰਪਤੀ ਨੇ ਥਿਏਟਰ ਅਤੇ ਸਿਨੇਮਾ ਵਿੱਚ ਸ਼ਾਨਦਾਰ ਯੋਗਦਾਨ ਲਈ ਦਾਦਾਸਾਹੇਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਸ਼੍ਰੀ ਅਨੰਤ ਨਾਗ ਨੂੰ ਵਧਾਈ ਦਿੱਤੀ
https://x.com/PIB_India/status/2102373134758461586
ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਸਿਨੇਮਾ ਦੇਸ਼ ਦੀਆਂ ਵਿਭਿੰਨ ਭਾਸ਼ਾਵਾਂ, ਪਰੰਪਰਾਵਾਂ, ਉਮੀਦਾਂ ਅਤੇ ਸੰਘਰਸ਼ਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਆਯੋਜਨ ਸਥਾਨ ਦੇ ਰੂਪ ਵਿੱਚ ਏਕਤਾ ਨਗਰ ਦੀ ਚੋਣ ਦੀ ਸ਼ਲਾਘਾ ਕੀਤੀ, ਜੋ ਭਾਰਤ ਦੀ ਸੱਭਿਆਚਾਰਕ ਅਤੇ ਰਾਸ਼ਟਰੀ ਏਕਤਾ ਦਾ ਪ੍ਰਤੀਕ ਹੈ।
ਕ੍ਰਿਏਟਿਵ ਇਕੌਨਮੀ ਵਿੱਚ ਸਨਮਾਨ ਅਤੇ ਸਮਾਜਿਕ ਸੁਰੱਖਿਆ ਦਾ ਸੱਦਾ ਦਿੰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਕ੍ਰਿਏਟਿਵ ਕਮਿਊਨਿਟੀ ਦੇ ਵਰਕਰ, ਛੋਟੇ ਕਲਾਕਾਰ, ਸਹਾਇਕ ਅਤੇ ਸੰਘਰਸ਼ ਕਰ ਰਹੇ ਮੈਂਬਰ ਸਨਮਾਨ ਅਤੇ ਸਮਾਜਿਕ ਸੁਰੱਖਿਆ ਦੇ ਹੱਕਦਾਰ ਹਨ। ਉਨ੍ਹਾਂ ਨੇ ਇੱਕ ਵਿਆਪਕ ਮਨੁੱਖੀ ਦ੍ਰਿਸ਼ਟੀਕੋਣ ਨੂੰ ਯਕੀਨੀ ਬਣਾਉਣ ਲਈ ਸਾਰੇ ਜਿਊਰੀ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਦੀ ਵੀ ਗੱਲ ਕਹੀ।

ਰਾਸ਼ਟਰਪਤੀ ਨੇ ਬੱਚਿਆਂ ਅਤੇ ਨੌਜਵਾਨਾਂ ‘ਤੇ ਪ੍ਰਸਿੱਧ ਕਲਾਕਾਰਾਂ ਦੇ ਡੂੰਘੇ ਪ੍ਰਭਾਵ ਨੂੰ ਰੇਖਾਂਕਿਤ ਕਰਦੇ ਹੋਏ, ਸਫਲ ਕਲਾਕਾਰਾਂ ਨੂੰ ਅਨੁਸ਼ਾਸਿਤ ਜੀਵਨ ਸ਼ੈਲੀ ਅਪਣਾਉਣ ਦੀ ਪ੍ਰੇਰਣਾ ਦੇਣ ਅਤੇ ਸਿਹਤ ਲਈ ਨੁਕਸਾਨਦੇਹ ਚੀਜ਼ਾਂ ਦਾ ਵਿਗਿਆਪਨ ਨਾ ਕਰਨ ਦੀ ਤਾਕੀਦ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਵਿੱਚ ਬਣ ਰਹੀਆਂ ਫਿਲਮਾਂ ਦੀ ਬਿਹਤਰੀਨ ਕੁਆਲਿਟੀ ਦੇਖ ਕੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਭਾਰਤੀ ਸਿਨੇਮਾ ਦੁਨੀਆ ਦੇ ਸਾਹਮਣੇ ਇੱਕ ਨਵਾਂ ਮਿਆਰ ਤੈਅ ਕਰ ਸਕਦਾ ਹੈ।

ਕਹਾਣੀਆਂ ਨਾਲ ਸਜਿਆ ਜੀਵਨ, ਸਿਨੇਮਾ ਦੀ ਜੀਵੰਤ ਵਿਰਾਸਤ: ਸ਼੍ਰੀ ਅਨੰਤ ਨਾਗ ਨੂੰ ਦਾਦਾਸਾਹੇਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ
ਜਦੋਂ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਸ਼੍ਰੀ ਅਨੰਤ ਨਾਗ ਨੂੰ ਪ੍ਰਤਿਸ਼ਠਿਤ ਦਾਦਾਸਾਹੇਬ ਫਾਲਕੇ ਪੁਰਸਕਾਰ (2024) ਨਾਲ ਸਨਮਾਨਿਤ ਕੀਤਾ, ਤਾਂ ਉਹ ਪਲ ਕਹਾਣੀਆਂ, ਰੰਗਮੰਚ ਅਤੇ ਸਿਨੇਮਾ ਦੇ ਪ੍ਰਤੀ ਉਨ੍ਹਾਂ ਦੇ ਜੀਵਨ ਭਰ ਦੇ ਸਮਰਪਣ ਦਾ ਉਤਸਵ ਬਣ ਗਿਆ। ਇਹ ਸਨਮਾਨ ਭਾਰਤੀ ਸਿਨੇਮਾ ਵਿੱਚ ਦਰਸ਼ਕਾਂ ਨੂੰ ਦਿੱਤੇ ਗਏ ਉਨ੍ਹਾਂ ਦੀ ਯਾਦਗਾਰੀ ਅਦਾਕਾਰੀ ਅਤੇ ਕੀਮਤੀ ਯੋਗਦਾਨ ਨੂੰ ਸਮਰਪਿਤ ਹੈ।

ਸ਼੍ਰੀ ਅਨੰਤ ਨਾਗ ਨੇ ਬੇਹੱਦ ਸਾਦਗੀ ਨਾਲ ਇਹ ਸਨਮਾਨ ਸਵੀਕਾਰ ਕੀਤਾ ਅਤੇ ਆਪਣੀ ਇਸ ਪੂਰੀ ਯਾਤਰਾ ਵਿੱਚ ਸਾਥ ਦੇਣ ਵਾਲੇ ਲੋਕਾਂ ਅਤੇ ਮਿਲੇ ਤਜ਼ਰਬਿਆਂ ਦਾ ਦਿਲ ਤੋਂ ਧੰਨਵਾਦ ਕੀਤਾ।

ਸ਼੍ਰੀ ਅਨੰਤ ਨਾਗ ਨੇ ਆਪਣੇ ਸ਼ੁਰੂਆਤੀ ਦੌਰ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਆਸ਼ਰਮ ਵਿੱਚ ਬਚਪਨ ਬਿਤਾਉਣ ਤੋਂ ਬਾਅਦ ਉਹ ਮੁੰਬਈ ਪਹੁੰਚੇ, ਜਿੱਥੇ ਨਾਟਕ ਦੇ ਮੰਚ ਤੋਂ ਉਨ੍ਹਾਂ ਦੀ ਅਦਾਕਾਰੀ ਦੀ ਸ਼ੁਰੂਆਤ ਹੋਈ। ਥੀਏਟਰ ਹੀ ਉਨ੍ਹਾਂ ਦੇ ਕਰੀਅਰ ਦਾ ਮੁੱਖ ਅਧਾਰ ਬਣਿਆ, ਜਿੱਥੇ ਉਨ੍ਹਾਂ ਨੇ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਲਗਭਗ 50 ਨਾਟਕਾਂ ਵਿੱਚ ਕੰਮ ਕੀਤਾ। ਬਾਅਦ ਵਿੱਚ ਉਨ੍ਹਾਂ ਨੂੰ ਮਸ਼ਹੂਰ ਫਿਲਮ ਨਿਰਮਾਤਾ ਸ਼ਯਾਮ ਬੇਨੇਗਲ ਜਿਹੇ ਦਿੱਗਜਾਂ ਦੇ ਨਾਲ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।
ਸ਼੍ਰੀ ਅਨੰਤ ਨਾਗ ਨੇ ਦੱਸਿਆ ਕਿ ਉਨ੍ਹਾਂ ਨੇ ਸਵੈ-ਇੱਛਾ ਨਾਲ ਕੰਨੜ ਸਿਨੇਮਾ ਨੂੰ ਚੁਣਿਆ ਅਤੇ ਬੰਗਲੁਰੂ ਨੂੰ ਆਪਣੀ ਕਰਮਭੂਮੀ ਬਣਾਇਆ। ਪਿਛਲੇ ਸਾਲ ਮਾਣਯੋਗ ਰਾਸ਼ਟਰਪਤੀ ਦੁਆਰਾ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤੇ ਜਾਣ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਇਸ ਸਾਲ ਵੀ ਰਾਸ਼ਟਰਪਤੀ ਦੇ ਕਰ-ਕਮਲਾਂ ਨਾਲ ਦਾਦਾ ਸਾਹੇਬ ਫਾਲਕੇ ਪੁਰਸਕਾਰ ਪ੍ਰਾਪਤ ਹੋਣ ‘ਤੇ ਆਪਣਾ ਡੂੰਘਾ ਧੰਨਵਾਦ ਪ੍ਰਗਟ ਕੀਤਾ।

ਗੁਜਰਾਤ ਨੇ ਕੀਤਾ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਸ਼ਾਨਦਾਰ ਸੁਆਗਤ
ਗੁਜਰਾਤ ਵਿੱਚ ਆਯੋਜਿਤ ਇਸ ਸਮਾਰੋਹ ਨੇ ਰਾਸ਼ਟਰੀ ਫਿਲਮ ਪੁਰਸਕਾਰਾਂ ਦੀ ਯਾਤਰਾ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕੀਤੀ।
ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵ੍ਰਤ ਨੇ ਦਿੱਲੀ ਤੋਂ ਬਾਹਰ ਰਾਸ਼ਟਰੀ ਫਿਲਮ ਪੁਰਸਕਾਰ ਆਯੋਜਿਤ ਕਰਨ ਦੀ ਨਵੀਂ ਪਰੰਪਰਾ ਸ਼ੁਰੂ ਕਰਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਦਾਰ ਵੱਲਭਭਾਈ ਪਟੇਲ ਦੀ ਵਿਰਾਸਤ ਅਤੇ ਸਮਰੱਥਾ ਨਾਲ ਜੁੜੇ ਕੇਵੜੀਆ ਸਥਿਤ ਏਕਤਾ ਨਗਰ ਵਿੱਚ ਇਸ ਪ੍ਰਤਿਸ਼ਠਿਤ ਪੁਰਸਕਾਰ ਸਮਾਰੋਹ ਦੀ ਮੇਜ਼ਬਾਨੀ ਕਰਨਾ ਗੁਜਰਾਤ ਲਈ ਮਾਣ ਦੀ ਗੱਲ ਹੈ।

72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਭਾਰਤੀ ਸਿਨੇਮਾ ਨੇ ਦੇਸ਼ ਦੀਆਂ ਵਿਭਿੰਨ ਭਾਸ਼ਾਵਾਂ ਵਿੱਚ ਸੱਭਿਆਚਾਰਾਂ ਨੂੰ ਸਮ੍ਰਿੱਧ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।
ਉਨ੍ਹਾਂ ਨੇ ਫਿਲਮ ਨਿਰਮਾਤਾਵਾਂ ਨੂੰ ਸੱਦਾ ਦਿੱਤਾ ਕਿ ਉਹ ਕੁਦਰਤੀ ਖੇਤੀ, ਸਿਹਤਮੰਦ ਜੀਵਨ ਸ਼ੈਲੀ ਅਤੇ ਵਾਤਾਵਰਣ ਜਾਗਰੂਕਤਾ ਨੂੰ ਹੁਲਾਰਾ ਦੇਣ ਅਤੇ ਪਿਆਰ, ਭਾਈਚਾਰੇ ਅਤੇ ਰਾਸ਼ਟਰੀ ਏਕਤਾ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਲਈ ਸਿਨੇਮਾ ਦੀ ਵਰਤੋਂ ਕਰਨ।

ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਨੇ 72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਮੌਕੇ ‘ਤੇ ਮਾਣਯੋਗ ਰਾਸ਼ਟਰਪਤੀ ਅਤੇ ਵਿਸ਼ੇਸ਼ ਮਹਿਮਾਨਾਂ ਦਾ ਗੁਜਰਾਤ ਵਿੱਚ ਸੁਆਗਤ ਕੀਤਾ ਅਤੇ ਏਕਤਾ ਨਗਰ ਵਿੱਚ ਇਸ ਸਮਾਰੋਹ ਦੀ ਮੇਜ਼ਬਾਨੀ ਨੂੰ ਰਾਜ ਦੇ ਲਈ ਮਾਣ ਦੀ ਗੱਲ ਦੱਸੀ।

ਉਨ੍ਹਾਂ ਨੇ ਸਿਨੇਮਾ ਨੂੰ ਸਮਾਜ ਦਾ ਦਰਪਣ, ਸੱਭਿਆਚਾਰ ਦਾ ਵਾਹਕ ਅਤੇ ਮਾਣਯੋਗ ਭਾਵਨਾਵਾਂ ਨੂੰ ਜੋੜਨ ਵਾਲਾ ਇੱਕ ਸ਼ਕਤੀਸ਼ਾਲੀ ਮਾਧਿਅਮ ਦੱਸਿਆ, ਜਿਸ ਵਿੱਚ ਭਾਰਤ ਦੀ ਗਲੋਬਲ ਪਛਾਣ ਅਤੇ ‘ਸੌਫਟ ਪਾਵਰ’ (ਸੱਭਿਆਚਾਰਕ ਪ੍ਰਭਾਵ) ਨੂੰ ਮਜ਼ਬੂਤ ਕਰਨ ਦੀ ਅਸੀਮ ਸਮਰੱਥਾ ਹੈ।
ਗੁਜਰਾਤ ਦੀ ਸਮ੍ਰਿੱਧ ਵਿਰਾਸਤ, ਵਿਭਿੰਨ ਦ੍ਰਿਸ਼ਾਂ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਨੇ ਭਾਰਤੀ ਅਤੇ ਅੰਤਰਰਾਸ਼ਟਰੀ ਫਿਲਮ ਨਿਰਮਾਤਾਵਾਂ ਨੂੰ ਸ਼ੂਟਿੰਗ ਲਈ ਗੁਜਰਾਤ ਚੁਣਨ ਦਾ ਸੱਦਾ ਦਿੱਤਾ ਅਤੇ ਇਸ ਪ੍ਰਤਿਸ਼ਠਿਤ ਸਮਾਰੋਹ ਦਾ ਆਯੋਜਨ ਰਾਜ ਵਿੱਚ ਕਰਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਧੰਨਵਾਦ ਕੀਤਾ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਏਕਤਾ ਨਗਰ (ਕੇਵੜੀਆ) ਵਿੱਚ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਦੀ ਸ਼ੋਭਾ ਵਧਾਉਣ ਲਈ ਮਾਣਯੋਗ ਰਾਸ਼ਟਰਪਤੀ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਭਾਰਤੀ ਸਿਨੇਮਾ ਵਿੱਚ ਸ਼ਾਨਦਾਰ ਉਪਲਬਧੀਆਂ ਲਈ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ।
ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਫਿਲਮ ਬਣਾਉਣਾ ਪੂਰੀ ਟੀਮ ਦੀ ਮਿਹਨਤ ਦਾ ਨਤੀਜਾ ਹੁੰਦਾ ਹੈ। ਇਹ ਰਾਸ਼ਟਰੀ ਪੁਰਸਕਾਰ ਪਰਦੇ ‘ਤੇ ਦਿਖਣ ਵਾਲੇ ਕਲਾਕਾਰਾਂ ਦੇ ਨਾਲ-ਨਾਲ ਪਰਦੇ ਦੇ ਪਿੱਛੇ ਮਿਹਨਤ ਕਰਨ ਵਾਲੇ ਟੈਕਨੀਸ਼ੀਅਨ ਅਤੇ ਕਲਾਕਾਰਾਂ ਦਾ ਵੀ ਸਨਮਾਨ ਕਰਦਾ ਹੈ। ਉਨ੍ਹਾਂ ਨੇ ਦਾਦਾ ਸਾਹੇਬ ਫਾਲਕੇ ਪੁਰਸਕਾਰ ਪਾਉਣ ਵਾਲੇ ਸ਼੍ਰੀ ਅਨੰਤ ਨਾਗ ਦੇ ਭਾਰਤੀ ਸਿਨੇਮਾ ਵਿੱਚ ਦਿੱਤੇ ਗਏ ਸ਼ਾਨਦਾਰ ਯੋਗਦਾਨ ਦੀ ਪ੍ਰਸ਼ੰਸਾ ਕੀਤੀ।

ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਮੁੱਖ ਉਦੇਸ਼ ਇਸ ਸਮਾਰੋਹ ਨੂੰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਮੁੱਖ ਟੂਰਿਸਟ ਸਥਾਨਾਂ ਤੱਕ ਲੈ ਜਾਣਾ ਹੈ, ਜਿਸ ਨਾਲ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਟੂਰਿਜ਼ਮ ਨੂੰ ਹੁਲਾਰਾ ਮਿਲ ਸਕੇ। ਉਨ੍ਹਾਂ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਾਕੀਦ ਕੀਤੀ ਕਿ ਉਹ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਭਵਿੱਖ ਦੇ ਸੰਸਕਰਣਾਂ ਦੇ ਆਯੋਜਨ ਸਥਾਨ ਦੇ ਤੌਰ ‘ਤੇ ਆਪਣੇ ਟੂਰਿਸਟ ਸਥਾਨਾਂ ਦਾ ਪ੍ਰਸਤਾਵ ਰੱਖਣ।
ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀਜ਼ (ਆਈਆਈਸੀਟੀ) ਨੂੰ ਨਵੇਂ ਹੁਨਰ ਦਾ ਵੱਡਾ ਕੇਂਦਰ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਇੰਡਸਟ੍ਰੀ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਤਿਆਰ ਕੀਤੇ ਗਏ 13 ਕੋਰਸਾਂ ਵਿੱਚ ਲਗਭਗ 380 ਵਿਦਿਆਰਥੀ ਦਾਖਲਾ ਲੈ ਚੁੱਕੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿੱਚ 15,000 ਕ੍ਰਿਏਟਿਵ ਲੈਬ ਸਥਾਪਿਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਨੌਜਵਾਨਾਂ ਨੂੰ ਨਵੀਆਂ ਤਕਨੀਕਾਂ ਨੂੰ ਸਿੱਖਣ ਅਤੇ ਭਾਰਤ ਦੇ ਵਿਭਿੰਨ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਦੇ ਨਵੇਂ ਮੌਕੇ ਮਿਲਣਗੇ।
ਸ਼੍ਰੀ ਵੈਸ਼ਣਵ ਨੇ ਪ੍ਰਸਾਰ ਭਾਰਤੀ ਦੇ ਚੇਅਰਮੈਨ ਸ਼੍ਰੀ ਪ੍ਰਸੂਨ ਜੋਸ਼ੀ ਦੀ ਅਗਵਾਈ ਹੇਠ ਫਿਲਮ ਮੇਕਰਸ ਅਤੇ ਪੂਰੀ ਫਿਲਮ ਇੰਡਸਟ੍ਰੀ ਨੂੰ ਅਪੀਲ ਕੀਤੀ ਕਿ ਉਹ ਛੋਟੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਛੁੱਪੇ ਹੋਏ ਹੁਨਰ ਨੂੰ ਲੱਭਣ, ਉਨ੍ਹਾਂ ਦਾ ਪਾਲਣ-ਪੋਸ਼ਣ ਕਰਨਅਤੇ ਅੱਗੇ ਵਧਾਉਣ ਦੇ ਕੰਮ ਵਿੱਚ ਸਹਿਯੋਗ ਕਰਨ।
ਉਨ੍ਹਾਂ ਨੇ ਇਸ ਗੱਲ ਨੂੰ ਦੁਹਰਾਇਆ ਕਿ ਸਰਕਾਰ ਅਤੇ ਕ੍ਰਿਏਟਿਵ ਜਗਤ ਦੇ ਸਾਂਝੇ ਯਤਨਾਂ ਨਾਲ ਭਾਰਤ ਦੀ ਅਸੀਮ ਰਚਨਾਤਮਕ ਸਮਰੱਥਾ ਨੂੰ ਨਿਖਾਰਿਆ ਜਾ ਸਕਦਾ ਹੈ ਅਤੇ ਭਾਰਤੀ ਪ੍ਰਤਿਭਾਵਾਂ ਨੂੰ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਅਗਲੇ ਵਰ੍ਹੇ ਅਕਤੂਬਰ ਵਿੱਚ ਆਯੋਜਿਤ ਹੋਣ ਵਾਲੇ ਵੇਵਸ 2027 ਲਈ ਸੁਝਾਅ ਅਤੇ ਵਿਚਾਰਾਂ ਦੀ ਵੀ ਮੰਗ ਕੀਤੀ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਚੰਚਲ ਕੁਮਾਰ ਨੇ ਦੱਸਿਆ ਕਿ 72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ 34 ਭਾਸ਼ਾਵਾਂ ਦੀਆਂ 400 ਫੀਚਰ ਫਿਲਮਾਂ ਅਤੇ 24 ਭਾਸ਼ਾਵਾਂ ਦੀਆਂ 161 ਨੌਨ-ਫੀਚਰ ਫਿਲਮਾਂ ਦੀਆਂ ਐਂਟਰੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 22 ਫੀਚਰ ਫਿਲਮ ਅਤੇ 23 ਨੌਨ-ਫੀਚਰ ਫਿਲਮ ਸ਼੍ਰੇਣੀਆਂ ਵਿੱਚ ਪੁਰਸਕਾਰ ਪ੍ਰਦਾਨ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸਿਨੇਮਾ ਸੱਭਿਆਚਾਰਕ ਪ੍ਰਗਟਾਵੇ ਅਤੇ ਗਲੋਬਲ ਸਟੋਰੀਟੈਲਿੰਗ ਦੇ ਇੱਕ ਸਸ਼ਕਤ ਮਾਧਿਅਮ ਦੇ ਰੂਪ ਵਿੱਚ ਲਗਾਤਾਰ ਸਮ੍ਰਿੱਧ ਹੋ ਰਿਹਾ ਹੈ।

ਸਕੱਤਰ ਚੰਚਲ ਕੁਮਾਰ ਨੇ ਕਿਹਾ ਕਿ ਦਿੱਲੀ ਤੋਂ ਬਾਹਰ ਏਕਤਾ ਨਗਰ ਵਿੱਚ ਰਾਸ਼ਟਰੀ ਫਿਲਮ ਪੁਰਸਕਾਰ ਆਯੋਜਿਤ ਕਰਨਾ ਇੱਕ ਮਹੱਤਵਪੂਰਨ ਪਹਿਲਕਦਮੀ ਹੈ, ਜੋ ਸਰਦਾਰ ਵੱਲਭਭਾਈ ਪਟੇਲ ਦੀ ਰਾਸ਼ਟਰੀ ਏਕਤਾ ਦੀ ਦ੍ਰਿਸ਼ਟੀ ਅਤੇ ਵਚਨਬੱਧਤਾ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਇਸ ਸਮਾਰੋਹ ਨੂੰ ਹੋਰ ਸ਼ਹਿਰਾਂ ਵਿੱਚ ਵੀ ਆਯੋਜਿਤ ਕਰਨ ਦੀ ਕਲਪਨਾ ਕੀਤੀ ਗਈ ਹੈ।
ਉੱਤਮਤਾ ਦਾ ਉਤਸਵ: ਭਾਰਤੀ ਸਿਨੇਮਾ ਦੀਆਂ ਕਹਾਣੀਆਂ, ਪ੍ਰਦਰਸ਼ਨ ਅਤੇ ਵਿਭਿੰਨ ਰੰਗ
ਬ੍ਰਮਾਯੁਗਮ ਲਈ ਮਮੂਟੀ ਅਤੇ ਚੰਦੂ ਚੈਂਪੀਅਨ ਲਈ ਕਾਰਤਿਕ ਆਰੀਅਨ ਨੂੰ ਸੰਯੁਕਤ ਤੌਰ ‘ਤੇ ਬੈਸਟ ਐਕਟਰ ਇਨ ਏ ਲੀਡਿੰਗ ਰੋਲ ਦਾ ਐਵਾਰਡ ਮਿਲਿਆ, ਜਦਕਿ ਆਰਟੀਕਲ 370 ਲਈ ਯਾਮੀ ਗੌਤਮ ਨੂੰ ਬੈਸਟ ਐਕਟਰੈਸ ਇਨ ਏ ਲੀਡਿੰਗ ਰੋਲ ਦਾ ਪੁਰਸਕਾਰ ਮਿਲਿਆ।

ਸਪੋਰਟਿੰਗ ਰੋਲ (ਸਹਾਇਕ ਭੂਮਿਕਾ) ਦੀ ਸ਼੍ਰੇਣੀ ਵਿੱਚ, ਸੰਜੈ ਮਿਸ਼ਰਾ ਨੂੰ ਫਿਲਮ ਭਕਸ਼ਕ ਲਈ ਬੈਸਟ ਸਪੋਰਟਿੰਗ ਐਕਟਰ ਚੁਣਿਆ ਗਿਆ। ਉੱਥੇ ਹੀ, ਬੈਸਟ ਸਪੋਰਟਿੰਗ ਐਕਟਰੈਸ ਦਾ ਐਵਾਰਡ ਫਿਲਮ ਮਹਾਰਾਜਾ ਲਈ ਸਚਨਾ ਨਾਮੀਦਾਸ ਅਤੇ ਮਿਥਯਾ ਲਈ ਰੂਪਾਸ਼੍ਰੀ ਵਰਕਡੀ ਨੂੰ ਸੰਯੁਕਤ ਤੌਰ ‘ਤੇ ਮਿਲਿਆ।

ਆਰਟੀਕਲ 370 ਨੂੰ ਸਰਬਸ਼੍ਰੇਸ਼ਠ ਫੀਚਰ ਫਿਲਮ ਦਾ ਪੁਰਸਕਾਰ ਮਿਲਿਆ, ਜਦਕਿ ਰਣਦੀਪ ਹੁੱਡਾ ਨੂੰ ਉਨ੍ਹਾਂ ਦੇ ਨਿਰਦੇਸ਼ਨ ਵਿੱਚ ਬਣੀ ਪਹਿਲੀ ਫਿਲਮ ਸਵਤੰਤਰ ਵੀਰ ਸਾਵਰਕਰ ਲਈ ਸਰਹਾਇਆ ਗਿਆ। ਕਲਕੀ 2898 ਏਡੀ ਨੂੰ ਸੰਪੂਰਨ ਮਨੋਰੰਜਨ ਪ੍ਰਦਾਨ ਕਰਨ ਵਾਲੀ ਸਰਬਸ਼੍ਰੇਸ਼ਠ ਪ੍ਰਸਿੱਧ ਫਿਲਮ ਐਲਾਨ ਕੀਤਾ ਗਿਆ, ਉੱਥੇ ਹੀ ਕੈਪਟਨ ਮਿਲਰ ਨੂੰ ਰਾਸ਼ਟਰੀ, ਸਮਾਜਿਕ ਅਤੇ ਵਾਤਾਵਰਣਿਕ ਕਦਰਾਂ-ਕੀਮਤਾਂ ਨੂੰ ਹੁਲਾਰਾ ਦੇਣ ਵਾਲੀ ਸਰਬਸ੍ਰੇਸ਼ਠ ਫੀਚਰ ਫਿਲਮ ਦਾ ਪੁਰਸਕਾਰ ਮਿਲਿਆ। ਰਾਜਕੁਮਾਰ ਪੇਰੀਆਸਾਮੀ ਨੂੰ ਫਿਲਮ ਅਮਰਨ ਲਈ ਸਰਬਸ਼੍ਰੇਸ਼ਠ ਨਿਰਦੇਸ਼ਨ ਦਾ ਪੁਰਸਕਾਰ ਪ੍ਰਾਪਤ ਹੋਇਆ।

ਕਈ ਭਾਸ਼ਾਵਾਂ ਦੀ ਗੂੰਜ, ਇੱਕ ਰਾਸ਼ਟਰੀ ਮੰਚ
ਇਨ੍ਹਾਂ ਪੁਰਸਕਾਰਾਂ ਨੇ ਭਾਰਤੀ ਸਿਨੇਮਾ ਦੀ ਭਾਸ਼ਾਈ ਵਿਭਿੰਨਤਾ ਨੂੰ ਵੀ ਰੇਖਾਂਕਿਤ ਕੀਤਾ। ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ ਭਾਸ਼ਾਵਾਂ ਦੇ ਇਲਾਵਾ, ਗੜ੍ਹਵਾਲੀ ਅਤੇ ਤੁਲੂ ਸਿਨੇਮਾ ਨੂੰ ਵੀ ਰਾਸ਼ਟਰੀ ਪੱਧਰ ‘ਤੇ ਪਛਾਣ ਮਿਲੀ।
ਐੱਸਸੀ ਫਾਰਮਾਕੇਮ ਪ੍ਰਾਇਵੇਟ ਲਿਮਿਟੇਡ ਦੁਆਰਾ ਨਿਰਮਿਤ ਅਤੇ ਦਿਨੇਸ਼ ਪੀ. ਭੋਂਸਲੇ ਦੁਆਰਾ ਨਿਰਦੇਸ਼ਿਤ ਢੋਲੀ ਨੂੰ ਸਰਬਸ਼੍ਰੇਸ਼ਠ ਗੜ੍ਹਵਾਲੀ ਫਿਲਮ ਦਾ ਪੁਰਸਕਾਰ ਮਿਲਿਆ, ਜਦਕਿ ਪਿਕਚਰ ਸਟੂਡੀਓ ਦੁਆਰਾ ਨਿਰਮਿਤ ਅਤੇ ਸ਼ਿਵਧਵਜ ਸ਼ੈੱਟੀ ਦੁਆਰਾ ਨਿਰਦੇਸ਼ਿਤ ਆਈਐੱਮਬੀਯੂ ਨੂੰ ਸਰਬਸ਼੍ਰੇਸ਼ਠ ਤੁਲੂ ਫਿਲਮ ਵਜੋਂ ਸਨਮਾਨਿਤ ਕੀਤਾ ਗਿਆ।

ਰਵੀ ਰਾਜ ਮੁਰਮੂ ਦੁਆਰਾ ਨਿਰਦੇਸ਼ਿਤ ਸੰਥਾਲੀ ਫਿਲਮ ਆਂਗੇਨ ਨੂੰ ਕਿਸੇ ਡਾਇਰੈਕਟਰ ਦੀ ਪਹਿਲੀ ਸਰਬਸ਼੍ਰੇਸ਼ਠ ਫਿਲਮ (ਬੈਸਟ ਡੈਬਿਊ ਫਿਲਮ ਆਫ਼ ਏ ਡਾਇਰੈਕਟਰ) ਦਾ ਪੁਰਸਕਾਰ ਪ੍ਰਦਾਨ ਕੀਤਾ ਗਿਆ।
ਗੜ੍ਹਵਾਲੀ, ਤੁਲੂ ਤੋਂ ਲੈ ਕੇ ਸੰਥਾਲੀ ਜਿਹੀਆਂ ਭਾਸ਼ਾਵਾਂ ਦੀ ਗੂੰਜ ਨੇ ਇਸ ਸ਼ਾਮ ਦੇਸ਼ ਦੀਆਂ ਵਿਭਿੰਨ ਸਿਨੇਮਾਈ ਪ੍ਰਤਿਭਾਵਾਂ ਨੂੰ ਇੱਕ ਹੀ ਮੰਚ ‘ਤੇ ਇਕੱਠਾ ਕਰ ਦਿੱਤਾ। ਇਸ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਹਰ ਭਾਸ਼ਾ ਭਾਰਤੀ ਸਿਨੇਮਾ ਦੇ ਇਸ ਖੂਬਸੂਰਤ ਕੈਨਵਾਸ ਵਿੱਚ ਇੱਕ ਨਵੀਂ ਕਹਾਣੀ ਅਤੇ ਰੰਗ ਭਰਦੀ ਹੈ।
ਭਾਰਤੀ ਸਿਨੇਮਾ ਦਾ ਉਤਸਵ
72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਮੰਚ ‘ਤੇ ਸਿਨੇਮਾ ਦੇ ਮਸ਼ਹੂਰ ਕਲਾਕਾਰਾਂ ਤੋਂ ਲੈ ਕੇ ਨਵੀਆਂ ਪ੍ਰਤਿਭਾਵਾਂ ਅਤੇ ਖੇਤਰੀ ਕਹਾਣੀਆਂ ਦਾ ਅਦਭੁੱਤ ਸੰਗਮ ਦੇਖਣ ਨੂੰ ਮਿਲਿਆ। ਏਕਤਾ ਨਗਰ ਵਿੱਚ ਇਹ ਸ਼ਾਮ ਭਾਰਤੀ ਸਿਨੇਮਾ ਦੀ ਆਤਮਾ ਦਾ ਇੱਕ ਉਤਸਵ ਬਣ ਗਈ- ਜਿੱਥੇ ਵੱਖ-ਵੱਖ ਭਾਸ਼ਾਵਾਂ, ਅਣਗਿਣਤ ਕਹਾਣੀਆਂ ਅਤੇ ਵਿਭਿੰਨ ਸੰਸਕ੍ਰਿਤੀਆਂ ਸਿਨੇਮਾ ਦੀ ਇੱਕ ਸਾਂਝੀ ਭਾਸ਼ਾ ਰਾਹੀਂ ਇਕੱਠੇ ਨਜ਼ਰ ਆਈਆਂ।

ਪੁਰਸਕਾਰ ਜੇਤੂਆਂ ਦੀ ਪੂਰੀ ਸੂਚੀ ਅਤੇ ਇਸ ਨਾਲ ਜੁੜੀ ਵਿਸਤ੍ਰਿਤ ਜਾਣਕਾਰੀ ਲਈ ਇੱਥੇ ਕਲਿੱਕ ਕਰੋ: ਜੇਤੂਆਂ ਦੀ ਪੂਰੀ ਸੂਚੀ
******
ਮਹੇਸ਼ ਕੁਮਾਰ/ਸੱਯਦ ਰਬੀਹਾਸ਼ਮੀ/ਵਿਵੇਕ ਵਿਸ਼ਵਾਸ/ਅਪਰਾਜਿਤਾ ਪ੍ਰਿਯਦਰਸ਼ਨੀ/ਏਕੇ
(Release ID: 2314039)
ਵਿਜ਼ੀਟਰ ਕਾਊਂਟਰ : 8
Read this release in:
Malayalam
,
English
,
Khasi
,
Urdu
,
हिन्दी
,
Marathi
,
Manipuri
,
Assamese
,
Gujarati
,
Odia
,
Tamil
,
Telugu
,
Kannada