ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਮੁੰਬਈ ਵਿੱਚ ਹਿੰਦੀ ਦਿਵਸ 2026 ਅਤੇ ਛੇਵੀਂ ਅਖਿਲ ਭਾਰਤੀ ਰਾਜਭਾਸ਼ਾ ਕਾਨਫਰੰਸ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਕਾਰਜਕਾਲ ਵਿੱਚ ਰਾਜਭਾਸ਼ਾ ਵਿਭਾਗ ਨੇ ਅਨੇਕਾਂ ਉਪਲਬਧੀਆਂ ਹਾਸਲ ਕੀਤੀਆਂ ਹਨ
'ਹਿੰਦੀ ਸ਼ਬਦ-ਸਿੰਧੂ' ਵਿੱਚ 50 ਹਜ਼ਾਰ ਤੋਂ ਵੱਧ ਸਥਾਨਕ ਭਾਸ਼ਾਵਾਂ ਦੇ ਸ਼ਬਦ ਜੁੜਨ ਨਾਲ ਰਾਜਭਾਸ਼ਾ ਹਿੰਦੀ ਹੋਰ ਲਚਕੀਲੀ ਬਣੀ
'ਹਿੰਦੀ ਸ਼ਬਦ-ਸਿੰਧੂ' ਹੁਣ 8 ਲੱਖ ਸ਼ਬਦਾਂ ਤੱਕ ਪਹੁੰਚਿਆ, 2029 ਤੱਕ ਇਹ ਵਿਸ਼ਵ ਦਾ ਸਭ ਤੋਂ ਵੱਡਾ ਸ਼ਬਦਕੋਸ਼ ਬਣੇਗਾ
ਭਾਸ਼ਾਈ ਵਿਵਾਦ ਖੜ੍ਹਾ ਕਰਨ ਵਾਲਿਆਂ ਨੂੰ ਗ੍ਰਹਿ ਮੰਤਰੀ ਦਾ ਸੰਦੇਸ਼ – ਬੱਚੇ ਆਪਣੀ ਮਾਤ੍ਰ-ਭਾਸ਼ਾ ਵਿੱਚ ਹੀ ਭਾਰਤ ਨੂੰ ਸਹੀ ਢੰਗ ਨਾਲ ਸਮਝ ਸਕਦੇ ਹਨ
ਮੋਦੀ ਸਰਕਾਰ ਭਾਰਤੀ ਭਾਸ਼ਾਵਾਂ ਨੂੰ ਸ਼ਾਸਨ, ਵਿਗਿਆਨ ਅਤੇ ਸਾਹਿਤ ਵਿੱਚ ਇੱਕ-ਦੂਜੇ ਨਾਲ ਜੋੜ ਕੇ ਉਨ੍ਹਾਂ ਨੂੰ ਹੋਰ ਸਮ੍ਰਿੱਧ ਬਣਾ ਰਹੀ ਹੈ
ਰਾਜਭਾਸ਼ਾ ਹਿੰਦੀ ਦਾ ਜੁੜਾਅ ਦੇਸ਼ ਭਰ ਦੀਆਂ ਸਾਰੀਆਂ ਭਾਸ਼ਾਵਾਂ ਨਾਲ ਹੈ, ਮੈਂ ਗੁਜਰਾਤੀ ਭਾਸ਼ੀ ਹਾਂ, ਫਿਰ ਵੀ ਰਾਸ਼ਟਰੀ ਪੱਧਰ 'ਤੇ ਕੰਮ ਕਰਨ ਵਿੱਚ ਹਿੰਦੀ ਦੇ ਕਾਰਨ ਕਦੇ ਕੋਈ ਮੁਸ਼ਕਲ ਨਹੀਂ ਆਈ
ਮਾਂ ਦੇ ਦੁਲਾਰ ਅਤੇ ਭੈਣ-ਭਰਾ ਦੇ ਪਿਆਰ ਨੂੰ ਮਾਤ੍ਰ-ਭਾਸ਼ਾ ਤੋਂ ਇਲਾਵਾ ਕੋਈ ਹੋਰ ਨਹੀਂ ਸਮਝ ਸਕਦਾ
ਮੋਦੀ ਸਰਕਾਰ ਨੇ ਮਾਤ੍ਰ-ਭਾਸ਼ਾ ਦੇ ਨਾਲ ਇੱਕ ਹੋਰ ਭਾਰਤੀ ਭਾਸ਼ਾ ਸਿੱਖਣ 'ਤੇ ਜ਼ੋਰ ਦਿੱਤਾ, ਕਿਉਂਕਿ ਦੂਜੀ ਭਾਰਤੀ ਭਾਸ਼ਾ ਸਿੱਖਣ ਦਾ ਅਰਥ ਹੈ 'ਏਕ ਭਾਰਤ, ਸ਼੍ਰੇਸ਼ਠ ਭਾਰਤ' ਨਾਲ ਜੁੜਨਾ
ਜਦੋਂ ਵਿਅਕਤੀ ਆਪਣੀ ਮਾਤ੍ਰ-ਭਾਸ਼ਾ ਵਿੱਚ ਸੋਚਦਾ, ਵਿਸ਼ਲੇਸ਼ਣ ਕਰਦਾ ਅਤੇ ਸਿਰਜਣਾ ਕਰਦਾ ਹੈ, ਤਾਂ ਉਸ ਦਾ ਨਤੀਜਾ ਹਮੇਸ਼ਾ ਬਿਹਤਰ ਹੁੰਦਾ ਹੈ
ਰਾਜਭਾਸ਼ਾ ਵਿਭਾਗ ਨੇ ਵੀਰ ਸਾਵਰਕਰ ਜੀ ਦੁਆਰਾ ਘੜ੍ਹੇ ਗਏ ਅਨੇਕਾਂ ਸ਼ਬਦਾਂ ਨੂੰ 'ਹਿੰਦੀ ਸ਼ਬਦ-ਸਿੰਧੂ' ਵਿੱਚ ਜੋੜਨ ਦਾ ਕੰਮ ਕੀਤਾ
ਭਾਸ਼ਾਵਾਂ ਅਨੇਕਾਂ ਰਹਿਣ, ਇਸ ਵਿੱਚ ਕੋਈ ਇਤਰਾਜ਼ ਨਹੀਂ, ਭਾਵਨਾ ਭਾਰਤੀ ਰਹਿਣੀ ਚਾਹੀਦੀ ਹੈ; ਬੋਲੀਆਂ ਅਨੇਕ ਰਹਿਣ, ਭਾਰਤ ਦੀ ਆਵਾਜ਼ ਇੱਕ ਰਹਿਣੀ ਚਾਹੀਦੀ ਹੈ
ਮੋਦੀ ਸਰਕਾਰ ਵਿੱਚ 2019 ਤੋਂ ਹੁਣ ਤੱਕ ਰਾਜਭਾਸ਼ਾ ਕਮੇਟੀ ਦੇ ਚਾਰ ਸੈਕਸ਼ਨ ਰਾਸ਼ਟਰਪਤੀ ਜੀ ਨੂੰ ਸੌਂਪ ਦਿੱਤੇ ਗਏ ਹਨ ਅਤੇ ਪੰਜਵਾਂ ਸੈਕਸ਼ਨ ਤਿਆਰ ਹੈ
ਏਆਈ (AI) ਅਧਾਰਿਤ ‘ਕੰਠਸਥ 2.0’ ਨੂੰ ਪੰਜ ਕਰੋੜ ਤੋਂ ਵੱਧ ਵਾਕਾਂ ਦੇ ਨਾਲ ਵਿਦੇਸ਼ੀਆਂ ਲਈ ਵੀ ਖੋਲ੍ਹਿਆ ਗਿਆ
ਕੇਂਦਰੀ ਗ੍ਰਹਿ ਮੰਤਰੀ ਨੇ ਰਾਜਭਾਸ਼ਾ ਕੀਰਤੀ ਅਤੇ ਰਾਜਭਾਸ਼ਾ ਗੌਰਵ ਪੁਰਸਕਾਰ ਵੀ ਪ੍ਰਦਾਨ ਕੀਤੇ
ਗ੍ਰਹਿ ਮੰਤਰੀ ਨੇ ‘ਸ਼ਿਵ ਅਨਾਦਿ ਹਨ, ਅਨੰਤ ਹਨ’, ‘ਭਾਰਤੀ ਗਿਆਨਤੰਤਰ : ਸਰੋਤ ਅਤੇ ਸਰੂਪ’, ‘ਅੰਧੇਰੋਂ ਸੇ ਉਜਾਲੋਂ ਤਕ’, ‘ਵੰਦੇ ਮਾਤ੍ਰਰਮ’ 'ਤੇ ਕੇਂਦ੍ਰਿਤ ‘ਰਾਜਭਾਸ਼ਾ ਭਾਰਤੀ’ ਦੀ ਵਿਸ਼ੇਸ਼ ਸਮਾਰਿਕਾ ਅਤੇ ‘ਵੰਦੇ ਮਾਤ੍ਰਰਮ ਦੇ 150 ਅਧਿਆਏ’ ਪ੍ਰਕਾਸ਼ਨਾਂ ਦਾ ਉਦਘਾਟਨ ਕੀਤਾ
Posted On:
14 SEP 2026 5:19PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਮੁੰਬਈ ਵਿੱਚ ਹਿੰਦੀ ਦਿਵਸ 2026 ਅਤੇ ਛੇਵੀਂ ਅਖਿਲ ਭਾਰਤੀ ਰਾਜਭਾਸ਼ਾ ਕਾਨਫਰੰਸ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਇਸ ਮੌਕੇ ‘ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ, ਉਪ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਅਤੇ ਸ਼੍ਰੀਮਤੀ ਸੁਨੇਤਰਾ ਪਵਾਰ, ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਅਤੇ ਸ਼੍ਰੀ ਬੰਡੀ ਸੰਜੈ ਕੁਮਾਰ ਅਤੇ ਰਾਜਭਾਸ਼ਾ ਵਿਭਾਗ ਦੀ ਸਕੱਤਰ ਸ਼੍ਰੀਮਤੀ ਅੰਸ਼ੁਲੀ ਆਰੀਆ ਸਮੇਤ ਕਈ ਪਤਵੰਤੇ ਮੌਜੂਦ ਸਨ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਹਿੰਦੀ ਦਿਵਸ ਅਤੇ ਗਣੇਸ਼ ਚਤੁਰਥੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਮਣੀਕੰਚਨ ਯੋਗ ਹੈ ਕਿ ਅੱਜ ਹਿੰਦੀ ਦਿਵਸ ਅਤੇ ਗਣੇਸ਼ ਚਤੁਰਥੀ ਦੋਵੇਂ ਹਨ। ਉਨ੍ਹਾਂ ਕਿਹਾ ਕਿ ਵਿਘਨਹਰਤਾ ਭਗਵਾਨ ਸ਼੍ਰੀ ਗਣੇਸ਼ ਭਾਰਤੀ ਭਾਸ਼ਾਵਾਂ ਦੇ ਵਿਕਾਸ ਦਾ ਰਾਹ ਪੱਧਰਾ ਕਰਨਗੇ ਅਤੇ ਮਾਰਗ ਦੀਆਂ ਰੁਕਾਵਟਾਂ ਨੂੰ ਦੂਰ ਕਰਨਗੇ। ਗ੍ਰਹਿ ਮੰਤਰੀ ਨੇ ਇਸ ਮੌਕੇ 'ਤੇ ਲੋਕਮਾਨਯ ਬਾਲ ਗੰਗਾਧਰ ਤਿਲਕ ਨੂੰ ਯਾਦ ਕਰਦੇ ਹੋਏ ਕਿਹਾ ਕਿ ਮਹਾਰਾਸ਼ਟਰ ਵਿੱਚ ਜਨਤਕ ਗਣੇਸ਼ ਉਤਸਵ ਦੀ ਸ਼ੁਰੂਆਤ 1893 ਵਿੱਚ ਲੋਕਮਾਨਯ ਬਾਲ ਗੰਗਾਧਰ ਤਿਲਕ ਮਹਾਰਾਜ ਨੇ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਤਿਲਕ ਮਹਾਰਾਜ ਨੇ ਇਸ ਦੇਸ਼ ਦੀ ਨਬਜ਼ ਸਹੀ ਫੜੀ ਸੀ। ਉਨ੍ਹਾਂ ਨੇ ਡੂੰਘਾਈ ਨਾਲ ਸਮਝਿਆ ਸੀ ਕਿ ਇਸ ਦੇਸ਼ ਵਿੱਚ ਜਾਗਰੂਕਤਾ ਅਤੇ ਸੱਭਿਆਚਾਰਕ ਰਾਸ਼ਟਰਵਾਦ ਇਸ ਦੀ ਸੰਸਕ੍ਰਿਤੀ ਅਤੇ ਇਸ ਦੇ ਇਤਿਹਾਸ ਰਾਹੀਂ ਹੀ ਲਿਆਂਦਾ ਜਾ ਸਕਦਾ ਹੈ। ਇਸ ਲਈ ਉਨ੍ਹਾਂ ਨੇ ਗਣੇਸ਼ ਉਤਸਵ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਯੰਤੀ ਮਨਾਉਣੀ ਸ਼ੁਰੂ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਖਦਿਆਂ-ਦੇਖਦਿਆਂ ਇਹ ਦੋਵੇਂ ਉਤਸਵ ਪੂਰੇ ਦੇਸ਼ ਵਿੱਚ ਮਨਾਏ ਜਾਣ ਲੱਗੇ। ਇਨ੍ਹਾਂ ਦੋਵਾਂ ਉਤਸਵਾਂ ਤੋਂ ਅੰਗ੍ਰੇਜਾਂ ਨੂੰ ਬਹੁਤ ਪਰੇਸ਼ਾਨੀ ਹੋਈ। ਤਿਲਕ ਮਹਾਰਾਜ ਨੇ ਇਨ੍ਹਾਂ ਦੋਵਾਂ ਉਤਸਵਾਂ ਰਾਹੀਂ ਦੇਸ਼ ਭਗਤੀ ਦਾ ਵੱਡਾ ਜਜ਼ਬਾ ਪੈਦਾ ਕੀਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਮਹਾਰਾਸ਼ਟਰ ਦੀ ਧਰਤੀ ਪਰੰਪਰਾਵਾਂ ਅਤੇ ਵਿਸ਼ਾਲ ਸੋਚ ਦੀ ਧਰਤੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਭਗਤੀ ਅੰਦੋਲਨ ਹੋਇਆ, ਤਦ ਮਹਾਰਾਸ਼ਟਰ ਦੀ ਧਰਤੀ ਦੇ ਅਨੇਕਾਂ ਸੰਤਾਂ ਨੇ ਅਜਿਹੀਆਂ ਰਚਨਾਵਾਂ ਕੀਤੀਆਂ, ਜਿਨ੍ਹਾਂ ਨਾਲ ਦੇਸ਼ ਭਰ ਵਿੱਚ ਭਗਤੀ ਅੰਦੋਲਨ ਨੂੰ ਬਲ ਮਿਲਿਆ। ਇਹ ਛਤਰਪਤੀ ਸ਼ਿਵਾਜੀ ਮਹਾਰਾਜ ਜੀ ਦੀ ਧਰਤੀ ਹੈ, ਜਿਨ੍ਹਾਂ ਨੇ ਸਵਰਾਜ, ਸਵਧਰਮ ਅਤੇ ਸਵਭਾਸ਼ਾ ਨੂੰ ਸਵਰਾਜ ਦਾ ਮੂਲ ਅੰਗ ਬਣਾਇਆ। ਸ਼ਾਸਨ ਵਿੱਚ ਮਰਾਠੀ ਨੂੰ ਮਹੱਤਵ ਦੇ ਕੇ ਉਨ੍ਹਾਂ ਨੇ ਆਪਣੀ ਭਾਸ਼ਾ ਦਾ ਕੋਸ਼ ਤਿਆਰ ਕੀਤਾ। ਇਸੇ ਮਾਧਿਅਮ ਨਾਲ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਹਿੰਦਵੀ ਸਵਰਾਜ ਦੇ ਕਾਲ ਤੱਕ ਇੱਥੋਂ ਦਾ ਸ਼ਾਸਨ ਚੱਲਦਾ ਰਿਹਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਪ੍ਰੋਗਰਾਮ ਵਿੱਚ ਹਿੰਦੀ ਸ਼ਬਦ ਸਰੋਤ, ਹਿੰਦੀ ਟਾਈਪਿੰਗ ਅਤੇ ਸ਼ਾਰਟਹੈਂਡ ਦੀ ਟ੍ਰੇਨਿੰਗ ਦੀ ਸ਼ੁਰੂਆਤ ਹੋਈ। ਗ੍ਰਹਿ ਮੰਤਰੀ ਨੇ ਰਾਜਭਾਸ਼ਾ ਕੀਰਤੀ ਅਤੇ ਰਾਜਭਾਸ਼ਾ ਗੌਰਵ ਪੁਰਸਕਾਰ ਵੀ ਪ੍ਰਦਾਨ ਕੀਤੇ। ਉਨ੍ਹਾਂ ਨੇ ਰਾਜਭਾਸ਼ਾ ਕੀਰਤੀ ਸਨਮਾਨ ਅਤੇ ਰਾਜਭਾਸ਼ਾ ਗੌਰਵ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੱਤੀ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ‘ਸ਼ਿਵ ਅਨਾਦਿ ਹਨ, ਅਨੰਤ ਹਨ’, ‘ਭਾਰਤੀ ਗਿਆਨਤੰਤਰ : ਸਰੋਤ ਅਤੇ ਸਰੂਪ’, ‘ਅੰਧੇਰੋਂ ਸੇ ਉਜਾਲੋਂ ਤਕ’, ਰਾਸ਼ਟਰੀ ਗੀਤ ‘ਵੰਦੇ ਮਾਤ੍ਰਰਮ’ 'ਤੇ ਕੇਂਦ੍ਰਿਤ ਰਾਜਭਾਸ਼ਾ ਵਿਭਾਗ ਦੀ ਪੱਤ੍ਰਿਕਾ ‘ਰਾਜਭਾਸ਼ਾ ਭਾਰਤੀ’ ਦੀ ਵਿਸ਼ੇਸ਼ ਸਮਾਰਿਕਾ ਅਤੇ ‘ਵੰਦੇ ਮਾਤ੍ਰਰਮ ਦੇ 150 ਅਧਿਆਏ’ ਵਰਗੇ ਪ੍ਰਕਾਸ਼ਨਾਂ ਦਾ ਉਦਘਾਟਨ ਕੀਤਾ ਗਿਆ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ‘ਵੰਦੇ ਮਾਤਰਮ’ ਕੋਈ ਸਧਾਰਨ ਗੀਤ ਨਹੀਂ ਹੈ। ਇਹ ਘੋਰ ਗੁਲਾਮੀ ਦੇ ਦੌਰ ਵਿੱਚ ਭਾਰਤੀ ਚੇਤਨਾ ਨੂੰ ਜਾਗ੍ਰਿਤ ਕਰਨ ਦਾ ਬੰਕਿਮਚੰਦਰ ਚੱਟੋਪਾਧਿਆਏ ਜੀ ਦਾ ਮਹਾਨ ਯਤਨ ਸੀ। ਉਨ੍ਹਾਂ ਨੇ ਆਪਣੀ ਕਵਿਤਾ ਨਾਲ ਭਾਰਤ ਦੀ ਸੁੱਤੀ ਹੋਈ ਚੇਤਨਾ ਨੂੰ ਝੰਜੋੜਨ ਦਾ ਕੰਮ ਕੀਤਾ। ‘ਆਨੰਦਮਠ’ ਵਿੱਚ ਲਿਖਿਆ ਗਿਆ ਉਨ੍ਹਾਂ ਦਾ ਗੀਤ ‘ਵੰਦੇ ਮਾਤਰਮ’ ਦੇਖਦਿਆਂ-ਦੇਖਦਿਆਂ ਪੂਰੇ ਭਾਰਤ ਵਿੱਚ ਸੁਤੰਤਰਤਾ ਦਾ ਐਲਾਨ ਬਣ ਗਿਆ। ‘ਵੰਦੇ ਮਾਤਰਮ’ ਦੇ ਇਸ ਐਲਾਨ ਰਾਹੀਂ ਬੰਕਿਮਚੰਦਰ ਜੀ ਨੇ ਨਾ ਸਿਰਫ਼ ਸੁਤੰਤਰਤਾ ਪ੍ਰਾਪਤੀ ਦੀ ਉਤਸੁਕਤਾ ਅਤੇ ਤੀਬਰ ਭਾਵਨਾ ਨੂੰ ਜਾਗ੍ਰਿਤ ਕੀਤਾ, ਸਗੋਂ ਭਾਰਤ ਦੇ ਸੱਭਿਆਚਾਰਕ ਰਾਸ਼ਟਰਵਾਦ ਦੀ ਨੀਂਹ ਵੀ ਰੱਖੀ। ਸ਼੍ਰੀ ਸ਼ਾਹ ਨੇ ਕਿਹਾ ਕਿ ਬਦਕਿਸਮਤੀ ਨਾਲ ਬਾਅਦ ਵਿੱਚ ‘ਵੰਦੇ ਮਾਤਰਮ’ ਦੇ ਟੁਕੜੇ ਕਰ ਦਿੱਤੇ ਗਏ। ਸੁਤੰਤਰਤਾ ਤੋਂ ਬਾਅਦ ਵੀ ਇਸ ਨੂੰ ਇਸ ਦੇ ਪੂਰਨ ਸਰੂਪ ਵਿੱਚ ਸਵੀਕਾਰ ਕਰਨ ਵਿੱਚ ਦੇਸ਼ ਦੀ ਸੰਸਦ ਨੂੰ ਲਗਭਗ 80 ਵਰ੍ਹੇ ਲੱਗ ਗਏ। ਉਨ੍ਹਾਂ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ‘ਵੰਦੇ ਮਾਤਰਮ’ ਨੂੰ ਮੁੜ ਉਸ ਦੇ ਪੂਰਨ ਸਰੂਪ ਅਤੇ ਪੂਰੇ ਗੌਰਵ ਨਾਲ ਸਰਕਾਰੀ ਸਮਾਗਮਾਂ ਵਿੱਚ ਗਾਏ ਜਾਣ ਦੀ ਪਹਿਲ ਕੀਤੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ‘ਵੰਦੇ ਮਾਤਰਮ’ ਦੇ 150 ਵਰ੍ਹੇ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਧਰਤੀ 'ਤੇ ਆਯੋਜਿਤ ਹਿੰਦੀ ਦਿਵਸ ਪ੍ਰੋਗਰਾਮ ਆਉਣ ਵਾਲੇ ਦਿਨਾਂ ਵਿੱਚ ਰਾਜਭਾਸ਼ਾ ਅਤੇ ਭਾਰਤੀ ਭਾਸ਼ਾਵਾਂ ਦੀ ਯਾਤਰਾ ਨੂੰ ਅੱਗੇ ਵਧਾਉਣਗੇ। ਮਹਾਰਾਸ਼ਟਰ ਦੀ ਬਹੁ-ਭਾਸ਼ੀ ਸੰਸਕ੍ਰਿਤੀ ਨੂੰ ਪ੍ਰਣਾਮ ਕਰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ ਇੱਥੇ ਮਰਾਠੀ ਦਾ ਸਨਮਾਨ ਹੈ ਅਤੇ ਹੋਣਾ ਵੀ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਹੀ ਸਭ ਤੋਂ ਪਹਿਲਾਂ ਮਰਾਠੀ ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਦਿੱਤਾ। ਮਹਾਰਾਸ਼ਟਰ ਦੀ ਧਰਤੀ 'ਤੇ ਕੋਂਕਣੀ, ਗੁਜਰਾਤੀ, ਸਿੰਧੀ, ਹਿੰਦੀ, ਕੰਨੜ, ਵਾਰਲੀ ਸਮੇਤ ਅਨੇਕਾਂ ਭਾਸ਼ਾਵਾਂ ਦਾ ਵੀ ਵਿਕਾਸ ਹੋਇਆ, ਉਨ੍ਹਾਂ ਨੂੰ ਸਨਮਾਨ ਅਤੇ ਸਵੀਕ੍ਰਿਤੀ ਵੀ ਮਿਲੀ। ਉਨ੍ਹਾਂ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਮਹਾਰਾਸ਼ਟਰ ਹੀ ਸਭ ਤੋਂ ਵੱਡਾ ਬਹੁ-ਭਾਸ਼ੀ ਪ੍ਰਦੇਸ਼ ਹੈ। ਉਨ੍ਹਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਉਪ-ਮੁੱਖ ਮੰਤਰੀਆਂ ਨੂੰ ਮਹਾਰਾਸ਼ਟਰ ਸ਼ਾਸਨ ਵਿੱਚ ਸਾਰਿਆਂ ਨੂੰ ਪ੍ਰਵਾਨ ਕਰਨ ਵਾਲਾ ਤੰਤਰ ਸਥਾਪਿਤ ਕਰਨ 'ਤੇ ਵਧਾਈ ਵੀ ਦਿੱਤੀ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਆਚਾਰਿਆ ਵਿਨੋਬਾ ਭਾਵੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ “ਜੇਕਰ ਮੈਂ ਹਿੰਦੀ ਦਾ ਸਹਾਰਾ ਨਾ ਲਿਆ ਹੁੰਦਾ, ਤਾਂ ਕਸ਼ਮੀਰ, ਅਸਾਮ ਅਤੇ ਕੇਰਲ ਦੇ ਪਿੰਡ-ਪਿੰਡ ਜਾ ਕੇ ਭੂਦਾਨ-ਗ੍ਰਾਮਦਾਨ ਦਾ ਕ੍ਰਾਂਤੀਕਾਰੀ ਸੰਦੇਸ਼ ਆਪਣੀ ਜਨਤਾ ਤੱਕ ਨਾ ਪਹੁੰਚਾ ਸਕਦਾ। ਜੇਕਰ ਮੈਂ ਕਿਸੇ ਹੋਰ ਭਾਸ਼ਾ ਦਾ ਸਹਾਰਾ ਲੈਂਦਾ, ਤਾਂ ਪਿੰਡਾਂ ਵਿੱਚ ਕੰਮ ਹੀ ਨਹੀਂ ਕਰ ਪਾਉਂਦਾ। ਰਾਜਭਾਸ਼ਾ ਹੀ ਸੀ ਜਿਸ ਨੇ ਮੈਨੂੰ ਹਰ ਪਿੰਡ ਨਾਲ ਸੰਵਾਦ ਕਰਨਾ ਸਿਖਾਇਆ।” ਗ੍ਰਹਿ ਮੰਤਰੀ ਨੇ ਕਿਹਾ ਕਿ ਰਾਜਭਾਸ਼ਾ ਦਾ ਇਹ ਜੁੜਾਅ ਦੇਸ਼ ਭਰ ਦੀਆਂ ਸਾਰੀਆਂ ਭਾਸ਼ਾਵਾਂ ਨਾਲ ਹੈ, ਕਿਉਂਕਿ ਇਹ ਸਾਰੀਆਂ ਭਾਸ਼ਾਵਾਂ ਸਦੀਆਂ ਤੋਂ ਦੇਸ਼ ਦੀ ਬੋਲਚਾਲ ਵਿੱਚ ਰਹੀਆਂ ਹਨ ਅਤੇ ਸੈਂਕੜੇ ਵਰ੍ਹਿਆਂ ਤੋਂ ਆਪਸੀ ਵਿਵਹਾਰ ਵਿੱਚ ਹਨ। ਉਨ੍ਹਾਂ ਕਿਹਾ ਕਿ ਉਹ ਖ਼ੁਦ ਗੁਜਰਾਤ ਤੋਂ ਆਉਂਦੇ ਹਨ ਅਤੇ ਗੁਜਰਾਤ ਵਿੱਚ ਹਿੰਦੀ ਨਹੀਂ, ਗੁਜਰਾਤੀ ਬੋਲੀ ਜਾਂਦੀ ਹੈ। ਪਰ ਜਦੋਂ ਉਨ੍ਹਾਂ ਨੂੰ ਰਾਸ਼ਟਰੀ ਪੱਧਰ 'ਤੇ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ, ਤਦ ਦੇਸ਼ ਭਰ ਵਿੱਚ ਕੰਮ ਕਰਨ ਵਿੱਚ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਈ, ਕਿਉਂਕਿ ਉਹ ਹਿੰਦੀ ਸਮਝਦੇ ਅਤੇ ਬੋਲਦੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜਭਾਸ਼ਾ ਨੇ ਉਨ੍ਹਾਂ ਨੂੰ ਦੇਸ਼ ਭਰ ਵਿੱਚ ਕੰਮ ਕਰਨ ਦਾ ਬਹੁਤ ਵੱਡਾ ਮੌਕਾ ਦਿੱਤਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮਹਾਰਾਸ਼ਟਰ ਵੀਰ ਸਾਵਰਕਰ ਦੀ ਧਰਤੀ ਹੈ। ਸਾਵਰਕਰ ਜੀ ਆਪਣੇ ਸਮੇਂ ਦੇ ਸਭ ਤੋਂ ਵਿਦਵਾਨ ਭਾਸ਼ਾ-ਸ਼ਾਸਤਰੀ ਸਨ। ਉਨ੍ਹਾਂ ਨੇ ਅਨੇਕਾਂ ਅਜਿਹੇ ਸ਼ਬਦਾਂ ਦੀ ਰਚਨਾ ਕੀਤੀ, ਜੋ ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੀ ਨਹੀਂ ਸਨ। ਉਨ੍ਹਾਂ ਸਾਰੇ ਸ਼ਬਦਾਂ ਨੂੰ ਮਰਾਠੀ, ਰਾਜਭਾਸ਼ਾ ਅਤੇ ਦੇਸ਼ ਦੀਆਂ ਹੋਰ ਭਾਸ਼ਾਵਾਂ ਵਿੱਚ ਸਹਿਜ ਪ੍ਰਵਾਨਗੀ ਮਿਲੀ। ਉਨ੍ਹਾਂ ਨੇ ਤਿਲਕ ਜੀ ਦੇ ਪੱਤਰ ਨੂੰ ਆਤਮਸਾਤ ਕਰ ਕੇ ਮਰਾਠੀ ਭਾਸ਼ਾ ਦਾ ਸ਼ੁੱਧੀਕਰਣ ਕਰਨ ਦਾ ਕੰਮ ਵੀ ਕੀਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਵੀਰ ਸਾਵਰਕਰ ਜੀ ਨੇ ਜਿੰਨੇ ਵੀ ਸ਼ਬਦ ਸੋਧੇ ਅਤੇ ਰਚੇ, ਰਾਜਭਾਸ਼ਾ ਵਿਭਾਗ ਨੇ ਉਨ੍ਹਾਂ ਸਾਰਿਆਂ ਨੂੰ ਔਨਲਾਈਨ ਸ਼ਬਦਕੋਸ਼ ‘ਹਿੰਦੀ ਸ਼ਬਦ-ਸਿੰਧੂ’ ਵਿੱਚ ਸਵੀਕਾਰ ਕਰ ਕੇ ਸਾਵਰਕਰ ਜੀ ਦਾ ਸਨਮਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਸੋਚ-ਸਮਝ ਕੇ ਹੀ 14 ਸਤੰਬਰ 1949 ਨੂੰ ਹਿੰਦੀ ਨੂੰ ਰਾਜਭਾਸ਼ਾ ਵਜੋਂ ਸਵੀਕਾਰ ਕਰਨ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਹਨ, ਤਦ ਤੋਂ ਰਾਜਭਾਸ਼ਾ ਵਿਭਾਗ ਨੇ ਬਹੁਤ ਸਾਰੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਸਭ ਤੋਂ ਵੱਡਾ ਕੰਮ ਨਵੀਂ ਸਿੱਖਿਆ ਨੀਤੀ ਵਿੱਚ ਕੀਤਾ ਹੈ। ਮੋਦੀ ਜੀ ਨੇ ਪ੍ਰਾਇਮਰੀ ਸਿੱਖਿਆ ਵਿੱਚ ਮਾਤ੍ਰ-ਭਾਸ਼ਾ ਸਿੱਖਣਾ ਲਾਜ਼ਮੀ ਕਰ ਦਿੱਤਾ ਹੈ। ਕੋਈ ਵੀ ਬੱਚਾ ਆਪਣੀ ਮਾਤ੍ਰ-ਭਾਸ਼ਾ ਸਿੱਖੇ ਬਿਨਾਂ ਵੱਡਾ ਵਿਅਕਤੀ ਨਹੀਂ ਬਣ ਸਕਦਾ, ਕਿਉਂਕਿ ਮਾਂ ਦੇ ਦੁਲਾਰ ਅਤੇ ਭੈਣ-ਭਰਾ ਦੇ ਪਿਆਰ ਨੂੰ ਉਹ ਮਾਤ੍ਰ-ਭਾਸ਼ਾ ਤੋਂ ਬਿਨਾਂ ਸਮਝ ਨਹੀਂ ਸਕਦਾ। ਆਪਣੀ ਧਰਤੀ, ਆਪਣੀ ਭਾਸ਼ਾ, ਆਪਣੇ ਧਰਮ, ਆਪਣੀਆਂ ਪਰੰਪਰਾਵਾਂ, ਆਪਣੀ ਸੰਸਕ੍ਰਿਤੀ ਅਤੇ ਸੰਸਕਾਰਾਂ ਨਾਲ ਉਸ ਦਾ ਲਗਾਅ ਮਾਤ੍ਰ-ਭਾਸ਼ਾ ਦੇ ਮਾਧਿਅਮ ਨਾਲ ਹੀ ਸੰਭਵ ਹੈ। ਇਸ ਲਈ ਮੋਦੀ ਜੀ ਨੇ ਪ੍ਰਾਇਮਰੀ ਸਿੱਖਿਆ ਵਿੱਚ ਮਾਤ੍ਰਭਾਸ਼ਾ ਨੂੰ ਲਾਜ਼ਮੀ ਕੀਤਾ। ਗ੍ਰਹਿ ਮੰਤਰੀ ਨੇ ਕਿਹਾ ਕਿ ਮਾਤ੍ਰ-ਭਾਸ਼ਾ ਸਿੱਖਣ ਤੋਂ ਬਾਅਦ ਹੀ ਬੱਚਾ ਅੱਗੇ ਵਧ ਸਕਦਾ ਹੈ। ਉਸ ਦੀ ਸੋਚਣ ਦੀ ਪ੍ਰਕਿਰਿਆ ਮਾਤ੍ਰ-ਭਾਸ਼ਾ ਵਿੱਚ ਸ਼ੁਰੂ ਹੁੰਦੀ ਹੈ। ਜਦੋਂ ਵਿਅਕਤੀ ਸੋਚਦਾ ਹੈ, ਵਿਸ਼ਲੇਸ਼ਣ ਕਰਦਾ ਹੈ ਅਤੇ ਫ਼ੈਸਲਾ ਕਰਦਾ ਹੈ, ਤਾਂ ਜੇਕਰ ਉਹ ਇਹ ਸਭ ਮਾਤ੍ਰ-ਭਾਸ਼ਾ ਵਿੱਚ ਕਰਦਾ ਹੈ, ਤਾਂ ਸੋਚ ਬਿਹਤਰ ਹੁੰਦੀ ਹੈ, ਵਿਸ਼ਲੇਸ਼ਣ ਬਿਹਤਰ ਹੁੰਦਾ ਹੈ ਅਤੇ ਫ਼ੈਸਲਾ ਵੀ ਬਿਹਤਰ ਹੁੰਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਦੇ ਨਾਲ-ਨਾਲ ਮੋਦੀ ਜੀ ਨੇ ਇੱਕ ਹੋਰ ਭਾਰਤੀ ਭਾਸ਼ਾ ਸਿੱਖਣਾ ਵੀ ਲਾਜ਼ਮੀ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਭਾਸ਼ਾ ਸਿੱਖਣ ਦਾ ਵਿਰੋਧ ਕਰਨ ਵਾਲਿਆਂ ਨੂੰ ਪਤਾ ਨਹੀਂ ਕਿ ਉਹ ਕਿੰਨਾ ਵੱਡਾ ਪਾਪ ਕਰ ਰਹੇ ਹਨ। ਬੱਚਿਆਂ ਨੂੰ ਭਾਰਤੀ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਦੂਜੀ ਭਾਰਤੀ ਭਾਸ਼ਾ ਸਿੱਖਣ ਦਾ ਅਰਥ ਹੈ ਕਿ ਉਹ ਬੱਚਾ ਆਪਣੇ ਆਪ ‘ਏਕ ਭਾਰਤ-ਸ਼੍ਰੇਸ਼ਠ ਭਾਰਤ’ ਦੇ ਟੀਚੇ ਨਾਲ ਜੁੜ ਜਾਵੇਗਾ। ਆਪਣੀ ਮਾਤ੍ਰ-ਭਾਸ਼ਾ ਸਿੱਖਣ ਦੇ ਨਾਲ-ਨਾਲ ਉਹ ਇੱਕ ਹੋਰ ਭਾਰਤੀ ਭਾਸ਼ਾ ਵੀ ਸਿੱਖੇਗਾ, ਤਾਂ ਉਹ ਭਾਰਤੀਅਤਾ ਨਾਲ ਆਪਣੇ ਆਪ ਜੁੜ ਜਾਵੇਗਾ ਅਤੇ ਸਾਰੇ ਤੰਗ ਸੋਚ ਤੋਂ ਮੁਕਤ ਹੋ ਕੇ ਭਾਰਤ ਦਾ ਸੱਚਾ ਸਿਪਾਹੀ ਬਣੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ ਦੀ ਹਰ ਭਾਸ਼ਾ ਨੂੰ ਸਮ੍ਰਿੱਧ ਬਣਾਉਣਾ ਚਾਹੁੰਦੇ ਹਾਂ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ 2019 ਵਿੱਚ ਤੈਅ ਕੀਤਾ ਸੀ ਕਿ ਅਖਿਲ ਭਾਰਤੀ ਰਾਜਭਾਸ਼ਾ ਕਾਨਫਰੰਸ ਦਾ ਆਯੋਜਨ ਦਿੱਲੀ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਦੇਸ਼ ਦੇ ਹਰ ਰਾਜ ਵਿੱਚ ਇਸ ਨੂੰ ਵਾਰੀ-ਵਾਰੀ ਆਯੋਜਿਤ ਕੀਤਾ ਜਾਵੇਗਾ ਅਤੇ ਉਦੋਂ ਤੋਂ ਅੱਜ ਇਹ ਛੇਵੀਂ ਕਾਨਫਰੰਸ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਦੀ ਅਗਵਾਈ ਵਿੱਚ 2019 ਤੋਂ ਹੁਣ ਤੱਕ ਰਾਜਭਾਸ਼ਾ ਕਮੇਟੀ ਦੇ ਚਾਰ ਵੌਲਿਅਮ (ਵੌਲਿਅਮ (Volumes)) ਰਾਸ਼ਟਰਪਤੀ ਜੀ ਨੂੰ ਸੌਂਪੇ ਜਾ ਚੁੱਕੇ ਹਨ, ਪੰਜਵਾਂ ਵੌਲਿਅਮ (Volumes) ਹੁਣ ਤਿਆਰ ਹੋ ਚੁੱਕਿਆ ਹੈ। ਹੁਣ ਤੱਕ ਕੁੱਲ 13 ਵੌਲਿਅਮ (Volumes) ਹੋਏ ਹਨ, ਜਿਨ੍ਹਾਂ ਵਿੱਚੋਂ 4 ਵੌਲਿਅਮ (Volumes) ਮੋਦੀ ਜੀ ਦੇ ਸ਼ਾਸਨਕਾਲ ਵਿੱਚ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਜਦੋਂ ਵੀ ਵਿਸ਼ਵ ਦੇ ਕਿਸੇ ਵੱਡੇ ਮੰਚ 'ਤੇ ਜਾਂ ਕਿਸੇ ਦੇਸ਼ ਵਿੱਚ ਗਏ ਅਤੇ ਉਨ੍ਹਾਂ ਨੇ ਭਾਸ਼ਣ ਦਿੱਤਾ, ਤਾਂ ਰਾਜਭਾਸ਼ਾ ਅਤੇ ਭਾਰਤੀ ਭਾਸ਼ਾਵਾਂ ਵਿੱਚ ਹੀ ਦਿੱਤਾ। ਵੱਡੇ-ਵੱਡੇ ਗਲੋਬਲ ਮੰਚਾਂ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵਿਦੇਸ਼ੀ ਭਾਸ਼ਾ ਦੀ ਜਗ੍ਹਾ ਆਪਣੀ ਭਾਸ਼ਾ ਵਿੱਚ ਬੋਲਦੇ ਸੁਣ ਕੇ ਹਰ ਭਾਰਤੀ ਦਾ ਸੀਨਾ ਮਾਣ ਨਾਲ ਚੌੜਾ ਹੁੰਦਾ ਹੈ। ਮੋਦੀ ਜੀ ਨੇ ਕਈ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿੱਚ ਵੀ ਰਾਜਭਾਸ਼ਾ ਪੜ੍ਹਾਉਣ ਦੀ ਵਿਵਸਥਾ ਕਰਵਾਈ ਹੈ। ਭਾਰਤ ਸਰਕਾਰ ਦੇ ਪੰਜ ਲੱਖ ਤੋਂ ਵੱਧ ਕਰਮਚਾਰੀਆਂ ਦੀ ਟ੍ਰੇਨਿੰਗ ਹੋ ਚੁੱਕੀ ਹੈ। ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਧਾਰਿਤ ‘ਕੰਠਸਥ 2.0’ ਨੂੰ ਪੰਜ ਕਰੋੜ ਤੋਂ ਵੱਧ ਵਾਕਾਂ ਦੇ ਨਾਲ ਵਿਦੇਸ਼ੀਆਂ ਲਈ ਵੀ ਖੋਲ੍ਹਿਆ ਹੈ।
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਲੀਲਾ ਰਾਜਭਾਸ਼ਾ ਅਤੇ ਲੀਲਾ ਪ੍ਰਵਾਹ (LILA - Learn Indian Languages through Artificial Intelligence) ਦੇ ਬਹੁਤ ਚੰਗੇ ਨਤੀਜੇ ਮਿਲੇ ਹਨ। 51,000 ਸ਼ਬਦਾਂ ਤੋਂ ਸ਼ੁਰੂ ਹੋਇਆ ‘ਹਿੰਦੀ ਸ਼ਬਦ-ਸਿੰਧੂ’ ਹੁਣ 8,00,000 ਸ਼ਬਦਾਂ ਤੱਕ ਪਹੁੰਚ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ 'ਹਿੰਦੀ ਸ਼ਬਦ ਸਿੰਧੂ' ਵਿੱਚ 50 ਹਜ਼ਾਰ ਤੋਂ ਵੱਧ ਸਥਾਨਕ ਭਾਸ਼ਾਵਾਂ ਦੇ ਸ਼ਬਦਾਂ ਨੂੰ ਜੋੜ ਕੇ ਹਿੰਦੀ ਨੂੰ ਹੋਰ ਲਚਕੀਲਾ ਬਣਾਇਆ ਗਿਆ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ 2029 ਤੱਕ ਇਹ ਸ਼ਬਦਕੋਸ਼ ਵਿਸ਼ਵ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਵੱਡਾ ਸ਼ਬਦਕੋਸ਼ ਬਣ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਜਿੱਥੇ-ਜਿੱਥੇ ਹਿੰਦੀ ਵਿੱਚ ਘਾਟ ਸੀ ਅਤੇ ਕਿਸੇ ਚੀਜ਼ ਲਈ ਸ਼ਬਦ ਨਹੀਂ ਸਨ, ਉੱਥੇ ਅਸੀਂ ਸਥਾਨਕ ਭਾਸ਼ਾਵਾਂ ਦੇ 50,000 ਤੋਂ ਵੱਧ ਸ਼ਬਦਾਂ ਨੂੰ ਸਵੀਕਾਰ ਕਰਕੇ ਰਾਜਭਾਸ਼ਾ ਨੂੰ ਲਚਕੀਲਾ ਬਣਾਇਆ ਹੈ। ਇਸ ਵਿੱਚ ਤਮਿਲ, ਤੇਲਗੂ, ਮਰਾਠੀ, ਗੁਜਰਾਤੀ, ਬੰਗਾਲੀ, ਉੜੀਆ ਸਮੇਤ ਹੋਰ ਭਾਸ਼ਾਵਾਂ ਹਨ। ਹਰ ਭਾਸ਼ਾ ਤੋਂ 50,000 ਤੋਂ ਵੱਧ ਸ਼ਬਦਾਂ ਨੂੰ ‘ਹਿੰਦੀ ਸ਼ਬਦ-ਸਿੰਧੂ’ ਵਿੱਚ ਜਗ੍ਹਾ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਰਾਜਭਾਸ਼ਾ ਵਿਭਾਗ ਨੇ ‘ਭਾਰਤੀ - ਬਹੁ-ਭਾਸ਼ੀ ਅਨੁਵਾਦ ਸਾਰਥੀ’ ਦਾ ਨਿਰਮਾਣ ਕੀਤਾ ਹੈ। ਨਾਲ ਹੀ, ‘ਭਾਰਤੀ ਭਾਸ਼ਾ ਅਨੁਭਾਗ’ ਦੀ ਸ਼ੁਰੂਆਤ ਕੀਤੀ ਗਈ ਹੈ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤੀ ਭਾਸ਼ਾਵਾਂ ਨੂੰ ਅਸੀਂ ਸ਼ਾਸਨ ਅਤੇ ਵਿਗਿਆਨ ਦੀ ਭਾਸ਼ਾ ਬਣਾਉਣਾ ਚਾਹੁੰਦੇ ਹਾਂ, ਸਾਹਿਤ ਨੂੰ ਸਮ੍ਰਿੱਧ ਕਰਨਾ ਚਾਹੁੰਦੇ ਹਾਂ ਅਤੇ ਭਾਰਤੀ ਭਾਸ਼ਾਵਾਂ ਨੂੰ ਇੱਕ-ਦੂਜੇ ਨਾਲ ਜੋੜ ਕੇ ਉਨ੍ਹਾਂ ਦਾ ਵੱਡਾ ਸਾਂਝਾ ਭਾਸ਼ਾਈ ਸਰੋਤ ਤਿਆਰ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਜੇਈਈ (JEE), ਨੀਟ (NEET) ਜਾਂ ਗ੍ਰੈਜੂਏਸ਼ਨ ਦਾਖ਼ਲਾ ਪ੍ਰੀਖਿਆ ਹੋਵੇ, ਇਨ੍ਹਾਂ ਪ੍ਰੀਖਿਆਵਾਂ ਨੂੰ 13 ਭਾਸ਼ਾਵਾਂ ਵਿੱਚ ਆਯੋਜਿਤ ਕਰਨ ਦਾ ਕੰਮ ਵੀ ਅਸੀਂ ਕੀਤਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਸ਼ਾਵਾਂ ਦੇ ਦਰਮਿਆਨ ਵਿਵਾਦ ਖੜ੍ਹਾ ਕਰਨ ਵਾਲਿਆਂ ਨੂੰ ਉਹ ਕਹਿਣਾ ਚਾਹੁੰਦੇ ਹਨ ਕਿ ਬੱਚਾ ਆਪਣੀ ਮਾਤ੍ਰ-ਭਾਸ਼ਾ ਵਿੱਚ ਹੀ ਭਾਰਤ ਨੂੰ ਸਹੀ ਸਮਝ ਸਕਦਾ ਹੈ। ਜੇਕਰ ਉਹ ਵਿਦੇਸ਼ੀ ਭਾਸ਼ਾ ਵਿੱਚ ਸਮਝਣ ਦਾ ਯਤਨ ਕਰੇਗਾ, ਤਾਂ ਭਾਰਤ ਨੂੰ ਸਮਝਣ ਵਿੱਚ ਭੁੱਲ ਕਰ ਬੈਠੇਗਾ। ਇਸ ਲਈ ਅਸੀਂ ਸਾਰੇ ਰਾਜਨੀਤਕ ਮਤਭੇਦ ਛੱਡ ਕੇ ਭਾਰਤੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦੇਈਏ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ ਦੇਸ਼ ਦੀ ਜਨਤਾ ਲਈ ਜੋ ‘ਪੰਚ ਪ੍ਰਣ’ ਰੱਖੇ ਹਨ, ਉਨ੍ਹਾਂ ਵਿੱਚ ਇੱਕ ਪ੍ਰਣ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਦਾ ਵੀ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਭਾਸ਼ਾਵਾਂ ਦੇ ਵਿਸ਼ੇ ਵਿੱਚ ਕਵੀਗੁਰੂ ਰਬੀਂਦਰਨਾਥ ਟੈਗੋਰ ਤੋਂ ਵੱਡੀ ਸ਼ਖ਼ਸੀਅਤ ਕੋਈ ਨਹੀਂ ਹੋ ਸਕਦੀ। ਉਨ੍ਹਾਂ ਨੇ ਕਿਹਾ ਸੀ - “ਭਾਰਤੀ ਸੱਭਿਆਚਾਰ ਅਤੇ ਭਾਰਤੀ ਸਾਹਿਤ ਇੱਕ ਵਿਕਸਿਤ ਛਤਦਲ (ਸੌ ਪੰਖੜੀਆਂ ਵਾਲੇ) ਕਮਲ ਵਾਂਗ ਹੈ, ਜਿਸ ਦੀ ਹਰੇਕ ਪੰਖੜੀ ਸਾਡੀਆਂ ਖੇਤਰੀ ਭਾਸ਼ਾਵਾਂ ਹਨ। ਕਿਸੇ ਵੀ ਇੱਕ ਪੰਖੜੀ ਦੇ ਨਸ਼ਟ ਹੋਣ ਨਾਲ ਕਮਲ ਦੀ ਸੁੰਦਰਤਾ ਨਸ਼ਟ ਹੋ ਜਾਵੇਗੀ। ਖੇਤਰੀ ਭਾਸ਼ਾਵਾਂ ਰਾਣੀ ਬਣ ਕੇ ਆਪਣੇ-ਆਪਣੇ ਪ੍ਰਾਂਤ ਵਿੱਚ ਬਿਰਾਜਮਾਨ ਰਹਿਣ ਅਤੇ ਇਨ੍ਹਾਂ ਸਾਰੀਆਂ ਭਾਸ਼ਾਵਾਂ ਦੇ ਦਰਮਿਆਨ ਹਿੰਦੀ ਮੱਧਮਣੀ ਬਣ ਕੇ ਇਸ ਛਤਦਲ ਕਮਲ ਦੀ ਸੁੰਦਰਤਾ ਵਧਾਉਂਦੀ ਰਹੇ।” ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕਵੀਵਰ ਰਬੀਂਦਰਨਾਥ ਟੈਗੋਰ ਨੇ ਬਹੁਤ ਸੋਚ-ਸਮਝ ਕੇ ਇਹ ਗੱਲ ਕਹੀ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀਆਂ ਭਾਸ਼ਾਵਾਂ ਵੱਖ-ਵੱਖ ਸੁਰ ਜ਼ਰੂਰ ਹਨ, ਪਰ ਗੀਤ ਇੱਕ ਹੀ ਹੈ — ਰਾਸ਼ਟਰਭਗਤੀ ਦਾ ਗੀਤ ਇੱਕ ਹੈ, ਸਾਡੇ ਸੱਭਿਆਚਾਰ ਦਾ ਗੀਤ ਇੱਕ ਹੈ। ਭਾਸ਼ਾਵਾਂ ਅਨੇਕਾਂ ਰਹਿਣ, ਇਸ ਵਿੱਚ ਕੋਈ ਇਤਰਾਜ਼ ਨਹੀਂ। ਭਾਵਨਾ ਭਾਰਤੀ ਰਹਿਣੀ ਚਾਹੀਦੀ ਹੈ। ਬੋਲੀਆਂ ਅਨੇਕਾਂ ਰਹਿਣ, ਪਰ ਭਾਰਤ ਦੀ ਆਵਾਜ਼ ਇੱਕ ਰਹਿਣੀ ਚਾਹੀਦੀ ਹੈ।
****
ਆਰਕੇ/ਆਰਆਰ/ਆਰਕੇਬੀ/ਪੀਐੱਸ/ਪੀਆਰ/ਏਕੇ
(Release ID: 2310290)
ਵਿਜ਼ੀਟਰ ਕਾਊਂਟਰ : 4